ਕੈਟੇਗਰੀ

ਤੁਹਾਡੀ ਰਾਇ



ਹਰਮਿੰਦਰ ਸਿੰਘ ਭੱਟ
ਸਕੂਲਾਂ ਵਿਚ ਪੜਾਈ ਤੋ ਬਾਅਦ ਵੀ ਕੀ ਟਿਊਸ਼ਨ ਲੈਣਾ ਸਹੀ
ਸਕੂਲਾਂ ਵਿਚ ਪੜਾਈ ਤੋ ਬਾਅਦ ਵੀ ਕੀ ਟਿਊਸ਼ਨ ਲੈਣਾ ਸਹੀ
Page Visitors: 2489

ਸਕੂਲਾਂ ਵਿਚ ਪੜਾਈ ਤੋ ਬਾਅਦ ਵੀ ਕੀ ਟਿਊਸ਼ਨ ਲੈਣਾ ਸਹੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
 ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਵੇਂ ਸਕੂਲਾਂ ਜਾਂ ਕਾਲਜਾਂ ਵਿਚ ਪੜਾ ਰਹੇ ਸਰਕਾਰੀ ਅਧਿਆਪਕਾਂ ਨੂੰ ਛੁੱਟੀ ਤੋ ਬਾਅਦ ਵਿਦਿਆਰਥੀਆਂ ਨੂੰ  ਘਰਾਂ ਵਿਚ ਜਾਂ ਹੋਰ ਦਫ਼ਤਰਾਂ ਵਿਚ ਟਿਊਸ਼ਨਾਂ ਪੜਾਏ ਜਾਣ ਤੇ ਸਖ਼ਤ ਮਨਾਹੀ ਲਗਾਈ ਹੋਈ ਹੈ। ਸੱਚ ਤਾਂ ਹੈ ਕਿ ਕਈ ਮੁਸ਼ਕਿਲ ਵਿਸੇ ਜਿਵੇਂ ਇੰਗਲਿਸ਼, ਸਾਇੰਸ ਅਤੇ ਗਣਿਤ ਨਾਲ ਸਬੰਧਿਤ ਵਿਸਿਆਂ ਨੂੰ ਬਗੈਰ ਮਿਹਨਤ ਦੁਆਰਾ ਸਮਝਣਾ ਨਾਮੁਮਕਨ ਹੈ ਪਰ ਕੁੱਝ ਅਧਿਆਪਕਾਂ ਨੂੰ ਛੱਡ ਕੇ  ਬਹੁਗਿਣਤੀ ਵਿਚ ਅਧਿਆਪਕਾਂ ਦੁਆਰਾ ਸਕੂਲ ਵਿਚ ਮਨ ਲਗਾ ਕੇ ਪੜਾਉਣਾ ਤਾਂ ਦੂਰ ਹੋ ਗਿਆ ਹੈ ਕਿਉਂਕਿ ਜੋ ਆਮਦਨ ਟਿਊਸ਼ਨ ਤੋ ਹੋ ਰਹੀ ਹੈ ਉਸ ਅੱਗੇ ਤਾਂ ਸਰਕਾਰੀ ਤਨਖ਼ਾਹ ਬਹੁਤ ਥੋੜ੍ਹੀ ਪ੍ਰਤੀਤ ਹੁੰਦੀ ਹੈ।ਇਸੇ ਕਰ ਕੇ ਅਧਿਆਪਕਾਂ ਦਾ ਸਕੂਲ ਵਿਚ ਬੱਚਿਆਂ ਦੀ ਪੜਾਈ ਵੱਲ ਧਿਆਨ ਘੱਟ ਹੋਣਾ ਸੁਭਾਵਿਕ ਹੈ।
 ਪੜੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਇਹ ਵੀ ਇੱਕ ਕਾਰਨ ਬਣਦਾ ਜਾ ਰਿਹਾ ਹੈ ਅੱਜ ਕੱਲ੍ਹ ਬੱਚਿਆਂ ਵਿਚ ਵਿੱਦਿਆ ਪ੍ਰਤੀ ਘਟਦੀ ਰੁਚੀ ਦਾ ਆਖ਼ਿਰ ਕਿਉਂ ਸਰਕਾਰਾਂ ਸਭ ਕੁੱਝ ਜਾਣਦੇ ਹੋਏ ਕੁੰਭਕਰਨੀ ਨੀਂਦ ਵਿਚ ਸੌ ਰਹੀਆਂ ਹਨ।
ਸਰਕਾਰਾਂ  ਦੁਆਰਾ ਦਿੱਤੀਆਂ ਜਾ ਰਹੀਆਂ ਤਨਖ਼ਾਹਾਂ ਜੋ ਕਿ ਹੁਣ ਅੱਧੇ ਲੱਖ ਤੋ ਵੀ ਵੱਧ ਹਨ ਜ਼ਿਆਦਾਤਰ ਤਾਂ ਦੇਖਿਆ ਗਿਆ ਹੈ ਕਿ ਇੱਕੋ ਪਰਿਵਾਰ ਦੇ ਦੋਨੇਂ ਜੀ ਸਰਕਾਰੀ ਕਿੱਤੇ ਤੇ ਨਿਯੁਕਤ ਹੁੰਦੇ ਹਨ ਫਿਰ ਤਾਂ ਇਹ ਆਮਦਨ ਲੱਖ ਤੋਂ ਵੀ ਵੱਧ ਜਾਂਦੀ ਹੈ ਪਰ ਫਿਰ ਵੀ ਕਹਿੰਦੇ ਸੁਣਿਆ ਜਾਂਦਾ ਹੈ ਕਿ "ਇੰਨੀ ਕਿ ਤਨਖ਼ਾਹ ਨਾਲ ਬਣਦਾ ਕੀ ਏ"।  ਅਧਿਆਪਕਾਂ ਲਈ ਇਹ ਤਨਖ਼ਾਹਾਂ ਵੀ ਘੱਟ ਹਨ ਫਿਰ ਸੋਚਿਆ ਜਾਵੇ ਤਾਂ ਕਿਵੇਂ ਇੱਕ ਮਜ਼ਦੂਰ ਸਿਰਫ਼ 250/-ਰੁਪਏ ਦਿਹਾੜੀ ਵਿਚ ਆਪਣੇ ਪਰਿਵਾਰ ਨੂੰ ਕਿਵੇਂ ਪਾਲ ਲੈਂਦਾ ਹੈ।                     ਇਸੇ ਕਰ ਕੇ ਇਸ ਆਮਦਨ ਨੂੰ  ਹੋਰ ਦੁੱਗਣਾ ਕਰਨ ਲਈ ਇਸ ਸਰਕਾਰੀ ਡਿਊਟੀ ਟਾਈਮ ਤੋ ਬਾਅਦ ਟਿਊਸ਼ਨਾਂ ਪੜਾਈਆਂ ਜਾਂਦੀਆਂ ਹਨ। ਫਿਰ ਸਰਕਾਰੀ ਸਕੂਲਾਂ ਵਿਚ ਡਿਊਟੀ ਟਾਈਮ ਦਾ ਅਫ਼ਸਰੀ ਹੋਣਾ ਵੀ ਸੁਭਾਵਿਕ ਹੈ।  ਪਰ ਜੇਕਰ ਸਰਕਾਰਾਂ ਦੁਆਰਾ ਕੋਈ ਸਖ਼ਤੀ ਸਿਰਫ਼ ਗਲ਼ਾਂ ਨਾਲ ਨਾ ਕਰ ਕੇ ਅਮਲੀ ਰੂਪ ਵਿਚ ਲਿਆ ਕਿ ਛੁੱਟੀ ਤੋ ਬਾਅਦ ਉਪਰੋਕਤ ਮੁਸ਼ਕਿਲ ਵਿਸਿਆਂ ਦੀ ਸਿੱਖਿਆ
ਸਕੂਲਾਂ ਵਿਚ ਹੀ ਮਿਹਨਤ ਦੁਆਰਾ ਕਰਵਾਈ ਜਾਵੇ ਤਾਂ ਵਿਦਿਆਰਥੀਆਂ ਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਹੀ ਨ ਆਵੇ ਜ਼ਿਆਦਾਤਰ ਦੇਖਣ ਵਿਚ ਇਹ ਹੀ ਆਉਂਦਾ ਹੈ ਕਿ ਟਿਊਸ਼ਨ ਵੀ ਉਹੀ ਅਧਿਆਪਕ ਕੋਲ ਰੱਖੀ ਜਾਂਦੀ ਹੈ ਜੋ ਕਿ ਸਕੂਲ ਵਿਚ ਪੜਾ ਰਿਹਾ ਹੋਵੇ ਉਸੇ ਅਧਿਆਪਕ ਦੁਆਰਾ ਇਹ ਕਾਰਜ ਇੱਕ ਸੇਵਾ ਦੀ ਭਾਵਨਾ ਨਾਲ ਵੀ ਕੀਤਾ ਜਾ ਸਕਦਾ ਹੈ ਪਰ ਇਹ ਕਾਰਜ ਵੀ ਇੱਕ ਆਮਦਨ
ਦਾ ਸਾਧਨ ਹੋ ਕੇ ਕਿੱਤਾ ਰੂਪੀ ਬਿਜ਼ਨੈੱਸ ਬਣਦਾ ਜਾ ਰਿਹਾ ਹੈ ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਿਊਸ਼ਨਾਂ ਨਾ ਕਰਨ ਦੀਆਂ ਹਦਾਇਤਾਂ ਅਤੇ ਛਾਪੇਮਾਰੀ ਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੋਇਆ ਪ੍ਰਤੀਤ ਹੋ ਰਿਹਾ ਹੈ ਜਿਵੇਂ ਲੱਗਦਾ ਹੋਵੇ ਕਿ ਇਸ ਵਿਚ ਵੀ ਕਈ ਮਹਿਕਮਿਆਂ ਦੁਆਰਾ ਮਿਲੀ ਭੁਗਤ ਦਾ ਕੋਈ ਅਸਰ ਹੋਵੇ।ਜਿਸ ਕਰ ਕੇ ਟਿਊਸ਼ਨਾਂ ਦਾ ਕਾਰੋਬਾਰ ਅਮਰਵੇਲ ਵਾਂਗ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਹਰ ਗਲੀ ਮੁਹੱਲੇ ਵਿਚ ਖੁੱਲ੍ਹੇ ਨਿੱਜੀ ਸੈਂਟਰਾਂ ਅਤੇ ਅਧਿਆਪਕਾਂ ਦੀਆਂ ਕੋਠੀਆਂ ਅੱਗੇ ਵਾਰੀ ਦੇ ਇੰਤਜ਼ਾਰ ਵਿਚ ਖੜੇ ਵਿਦਿਆਰਥੀਆਂ ਦੀਆਂ ਲੰਬੀਆਂ ਡਾਰਾਂ ਅਤੇ ਘਰਾਂ ਦੇ ਬਾਹਰ ਖੜੇ ਮੋਟਰ ਸਾਈਕਲ, ਸਕੂਟਰਾਂ ਦੀ ਗਿਣਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ।ਇਸ ਸਬੰਧੀ ਕੀਤੇ ਇੱਕ ਸਰਵੇਖਣ ਦੇ ਤਹਿਤ ਵੱਖ ਵੱਖ ਇਲਾਕੇ ਦੇ ਪਤਵੰਤਿਆਂ ਸੱਜਣਾਂ  ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ:-
   ਆਮ ਵਿਅਕਤੀ ਦੇ ਅਨੁਸਾਰ:- ਸਰਮਾਏਦਾਰ ਅਤੇ ਅਫ਼ਸਰਾਂ ਦੇ ਬੱਚੇ ਤਾਂ ਪੈਸੇ ਅਤੇ ਸਿਫ਼ਾਰਸ਼ਾਂ ਦੇ ਜ਼ੋਰ ਤੇ ਚੰਗੇ ਨੰਬਰ ਲੈ ਲੈਂਦੇ ਹਨ ਪਰ ਮੱਧ ਅਤੇ ਗ਼ਰੀਬ ਵਰਗ ਦੇ ਲੋਕਾਂ ਦੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣ ਲਈ ਟਿਊਸ਼ਨਾਂ ਵਾਲਿਆਂ ਤੋਂ ਲੁੱਟ ਦਾ ਸ਼ਿਕਾਰ
ਹੋਣਾ ਪੈ ਰਿਹਾ ਹੈ।ਗ਼ਰੀਬ ਲੋਕ ਨਿੱਜੀ ਸੰਸਥਾਵਾਂ ਦੇ ਸਕੂਲਾਂ ਦੇ ਖ਼ਰਚੇ ਝੱਲਣ ਤੋਂ ਅਸਮਰਥ ਹਾਂ ਪਰ ਸਰਕਾਰੀ ਸਕੂਲਾਂ ਵਿਚ ਅਧਿਆਪਕ ਉਨ੍ਹਾਂ ਬੱਚਿਆਂ ਨੂੰ ਹੀ ਤਰਜੀਹ ਦਿੰਦੇ ਹਨ ਜੋ ਉਨ੍ਹਾਂ ਕੋਲ ਟਿਊਸ਼ਨ ਪੜ੍ਹਦੇ ਹਨ।ਜੇ ਸਰਕਾਰੀ ਅਧਿਆਪਕ ਆਪਣਾ ਨਿੱਜੀ ਲਾਲਚ ਤਿਆਗ ਕੇ ਸਰਕਾਰੀ ਤਨਖ਼ਾਹ ਤੇ ਅਸਲ ਵਿੱਦਿਆ ਪ੍ਰਦਾਨ ਕਰਨ ਤਾਂ ਗ਼ਰੀਬਾਂ ਦੇ ਬੱਚੇ ਵੀ ਆਪਣਾ ਮੁਕਾਮ ਹਾਸਲ ਕਰਦਿਆਂ ਆਪਣੇ ਮਾਂ-ਬਾਪ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ।
  ਸਰਕਾਰੀ ਅਧਿਆਪਕ  ਦੇ ਅਨੁਸਾਰ:- ਟਿਊਸ਼ਨ ਨਾ ਵਰ ਹੈ ਅਤੇ ਨਾ ਸਰਾਪ ।ਇਸ ਪਿਰਤ ਦੀ ਸ਼ੁਰੂਆਤ ਉਨ੍ਹਾਂ ਅਧਿਆਪਕਾਂ ਵੱਲੋਂ ਮਜਬੂਰੀ ਵੱਸ ਹੋ ਕੇ ਕੀਤੀ ਗਈ ਸੀ, ਜਿਨ੍ਹਾਂ ਦੀ ਲੁੱਟ ਸਰਮਾਏਦਾਰਾਂ ਵੱਲੋਂ ਖੋਲੇ ਗਏ ਸਕੂਲਾਂ ਵਿਚ ਨਿਗੂਣੀਆਂ ਤਨਖ਼ਾਹਾਂ ਦੇ ਕੇ ਕੀਤੀ ਜਾਂਦੀ ਹੈ।ਦੂਜੀ ਮਜਬੂਰੀ ਉਨ੍ਹਾਂ ਨੰਨੇ ਮੁੰਨੇ ਬੱਚਿਆਂ ਦੀ ਹੈ ਜਿਨ੍ਹਾਂ ਦੇ ਸਿਰ ਤੇ ਸਿਲੇਬਸ ਦਾ ਪਹਾੜ ਜਿਨ੍ਹਾਂ ਬੋਝ ਹੁੰਦਾ ਹੈ।ਅੱਜ ਕੱਲ੍ਹ ਤਾਂ ਵੈਸੇ ਟਿਊਸ਼ਨ ਪੜ੍ਹਨਾ ਸਟੇਟਸ ਸਿੰਬਲ ਨਾਲ ਜੁੜਦਾ ਜਾ ਰਿਹਾ ਹੈ।ਮੈਂ ਖ਼ੁਦ ਜ਼ਿੰਦਗੀ ਵਿਚ ਦੋ ਸਾਲ ਟਿਊਸ਼ਨ ਪੜ੍ਹੀ ਹੈ।ਪਰ ਦੋਨੋਂ ਵਾਰ ਸਾਰੇ ਵਿਸਿਆਂ ਚੋਂ ਟਿਊਸ਼ਨ ਰੱਖੇ ਵਿਸਿਆਂ ઠਦੇ ਅੰਕ ਘੱਟ ਸਨ।ਇਸ ਕਰ ਕੇ ਮੈਂ ਮੁੜ ਕਦੇ ਟਿਊਸ਼ਨ ਨਹੀਂ ਰੱਖੀ ਅਤੇ ਅੱਜ ਤੱਕ ਕਦੇ ਕਿਸੇ ਬੱਚੇ ਨੂੰ ਨਾ ਟਿਊਸ਼ਨ ਪੜਾਈ ਹੈ ਨਾ ਹੀ ਕਦੇ ਕਿਸੇ ਨੂੰ ਪ੍ਰੇਰਨਾ ਦਿੱਤੀ ਹੈ।ਮੈਂ ਸਮਝਦਾ ਹਾਂ ਕਿ ਅਗਰ ਬੱਚੇ
ਅਧਿਆਪਕ ਵੱਲੋਂ ਦਿੱਤਾ ਸਕੂਲ ਦਾ ਕੰਮ ਰੈਗੂਲਰ ਕਰਦੇ ਰਹਿਣ ਤੇ ਲੋੜ ਪੈਣ ਤੇ ਅਧਿਆਪਕਾਂ ਤੋਂ ਪੁੱਛਦੇ ਰਹਿਣ ਅਤੇ ਅਧਿਆਪਕ ਵੀ ਤਨਖ਼ਾਹ ਤੇ ਸਬਰ ਸੰਤੋਖ ਰੱਖ ਕੇ (ਪ੍ਰਾਈਵੇਟ ਅਧਿਆਪਕਾਂ ਨੂੰ ਛੱਡ ਕੇ) ਨੇਕ ਨੀਤੀ ਨਾਲ ਬੱਚਿਆਂ ਦੀ ਅਗਵਾਈ ਕਰਨ ਤਾਂ ਟਿਊਸ਼ਨ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪੈ ਸਕਦੀ ਹੈ।
  ਇੱਕ ਉੱਘੇ ਸਮਾਜਸੇਵੀ ਦੇ ਅਨੁਸਾਰ:-
ਟਿਊਸ਼ਨ ਬਾਰੇ ਸਭਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਅੱਜ ਸੋਚਣ ਵਾਲੀ ਗੱਲ ਹੈ ਕਿ 15-20 ਸਾਲ ਪਹਿਲਾਂ ਕਿੰਨੇ ਕੁ ਵਿਦਿਆਰਥੀ ਟਿਊਸ਼ਨ ਵਿਚ ਰੁਚੀ ਰੱਖਦੇ ਸਨ ਜਿਵੇਂ ਕਿ ਸਮਾਜ ਵਿਚ ਤਬਦੀਲੀ ਆ ਰਹੀ ਹੈ ਨਾ ਤਾਂ ਮਾਂ-ਬਾਪ ਕੋਲ ਸਮਾਂ ਹੈ ।ਇੱਕ ਦੂਜੇ ਨੂੰ ਵੇਖ ਮਾਪਿਆਂ ਅਤੇ ਵਿਦਿਆਰਥੀਆਂ ਵਿਚ ਟਿਊਸ਼ਨ ਵਿਚ ਰੁਚੀ ਵਧ ਰਹੀ ਹੈ।ਚੰਗੇ ਨੰਬਰ ਲੈਣ ਦੀ ਦੌੜ ਲੱਗੀ ਹੋਈ ਹੈ।ਜੇ ਅੱਜ ਵਿਦਿਆਰਥੀ ਸਕੂਲ ਵਿਚ ਦਿਲ ਲਗਾ ਕੇ ਅਧਿਆਪਕ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਟਿਊਸ਼ਨ ਦੀ ਲੋੜ ਬਹੁਤ ਘੱਟ ਜਾਵੇਗੀ ਜਦ ਤੱਕ ਟਿਊਸ਼ਨ ਪੜ੍ਹਨ ਦੀ ਪ੍ਰਵਿਰਤੀ ਬੱਚਿਆਂ ਦੇ ਮਨਾਂ ਵਿਚ ਹੈ ਉਨ੍ਹਾਂ ਚਿਰ ਬੱਚਿਆਂ ਦਾ ਸ਼ੋਸ਼ਣ ਹੁੰਦਾ ਰਹੇਗਾ।
  ਬਹੁਤੀਆਂ ਵਿਚਾਰਾਂ ਅੱਗੇ ਨਾ ਲੈ ਕੇ ਜਾਂਦਾ ਹੋਇਆ ਜੇਕਰ ਅੰਤ ਵਿਚ ਆਵਾਂ ਤਾਂ ਹਰੇਕ ਸੋਚ ਇੱਕ ਤਾਂ ਨਹੀਂ ਹੋ ਸਕਦੀ ਪਰ ਅੱਜ ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਖ਼ੁਦ ਟਿਊਸ਼ਨ ਰੱਖਣ ਲਈ ਪ੍ਰੇਰਿਤ ਕਰਦੇ ਹਨ ਪਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਉਹ ਬੱਚਿਆਂ ਦੀ ਪੜਾਈ ਤੇ ਇੰਨੇ ਪੈਸੇ ਖ਼ਰਚ ਕੇ ਵੀ ਉਨ੍ਹਾਂ ਨੂੰ ਟਿਊਸ਼ਨ ਜਾਣ ਲਈ ਮਜਬੂਰ ਕਿਉਂ ਕਰਦੇ ਹਨ ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਅੱਜਕੱਲ੍ਹ ਦੇ ਮੁਕਾਬਲੇ ਵਾਲੇ ਯੁੱਗ ਵਿਚ ਜ਼ਿਆਦਾਤਰ ਮਾਪੇ ਰੀਸੋ ਰੀਸ ਆਪਣੇ ਬੱਚੇ ਨੂੰ ਟਿਊਸ਼ਨ ਲਈ ਭੇਜਦੇ ਹਨ ਮੇਰੇ ਖ਼ਿਆਲ ਮੁਤਾਬਿਕ ਟਿਊਸ਼ਨ ਕਲਚਰ ਨੂੰ ਪ੍ਰਫੁਲਿਤ ਕਰਨ ਵਿਚ ਸਭ ਤੋਂ ਵੱਡਾ ਹੱਥ ਮਾਪਿਆਂ ਦਾ ਵੀ ਹੈ ਪਰ ਜੇਕਰ ਉਹ ਵੀ ਉਨ੍ਹਾਂ ਦੇ ਅਧਿਆਪਕਾਂ ਨਾਲ ਸਮੇਂ ਸਮੇਂ ਸਿਰ ਮਿਲ ਕੇ ਆਪਣੇ ਬੱਚੇ ਦੀ ਪੜਾਈ ਬਾਰੇ ਜਾਣੂ ਹੋਣ ਅਤੇ ਬੱਚੇ ਤੋ ਵੀ ਪੁੱਛਦੇ ਰਹਿਣ ਕਿ ਕੀ ਸਕੂਲ ਵਿਚ ਉਨ੍ਹਾਂ ਦੇ ਅਧਿਆਪਕ ਉੱਤਮ ਸਿਖਲਾਈ ਦੇ ਰਹੇ ਹਨ ਕਿ ਨਹੀਂ। ਇੰਨੇ ਹੀ ਵਿਚਾਰਾਂ ਨਾਲ ਖਿਮਾ ਦਾ ਜਾਚਕ ਹਾਂ
ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਦੇ ਮਨ ਕੋਈ ਠੇਸ ਪਹੁੰਚੀ ਹੋਵੇ ਤਾਂ ਅਣਜਾਣ ਸਮਝ ਕੇ ਖਿਮਾ ਕਰਨਾ ਪਰ ਉਨ੍ਹਾਂ ਰੱਬ ਰੂਪ ਅਧਿਆਪਕਾਂ ਨੂੰ ਸੈਲੂਉਟ ਜੋ ਆਪਣੀ ਡਿਊਟੀ ਨੂੰ ਸੇਵਾ ਦੀ ਭਾਵਨਾ ਜਾਣ ਕੇ ਵਿਦਿਆਰਥੀਆਂ ਦਾ ਜੀਵਨ ਤੇ ਭਵਿੱਖ ਉੱਜਵਲ ਬਣਾਉਣ ਦਾ ਯਤਨ ਆਪਣੇ ਰਹਿੰਦੇ ਸੁਆਸਾਂ ਤੱਕ ਕਰਦੇ ਰਹਿੰਦੇ ਹਨ।
ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ "ਭੱਟ"
ਬਿਸਨਗੜ੍ਹ (ਸੰਗਰੂਰ)
9914062205

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.