ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਗੁਰਮਤਿ ਅਨੁਸਾਰੀ ਭਗਤੀ ਕੀ ਹੈ ?
ਗੁਰਮਤਿ ਅਨੁਸਾਰੀ ਭਗਤੀ ਕੀ ਹੈ ?
Page Visitors: 2497

ਗੁਰਮਤਿ ਅਨੁਸਾਰੀ ਭਗਤੀ ਕੀ ਹੈ ?
 ਆਤਮਜੀਤ ਸਿੰਘ, ਕਾਨਪੁਰ
ਅੱਜ ਮਨੁੱਖ ਦੇਖਾ ਦੇਖੀ ਬਹੁਤ ਕੁੱਝ ਰਿਹਾ, ਪਰ ਉਹ ਦੇਖਾ ਦੇਖੀ ਕਰਕੇ ਕਿਸ ਦਿਸ਼ਾ ਵੱਲ ਵੱਧ ਰਿਹਾ ਹੁੰਦਾ ਹੈ ਉਸ ਨੂੰ ਪਤਾ ਨਹੀਂ ਹੁੰਦਾ ..
ਐਸੇ ਮਨੁੱਖਾਂ ਲਈ ਗੁਰਬਾਣੀ ਦਾ ਫੁਰਮਾਣ ਹੈ ..
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ {ਪੰਨਾ ੨੮}
ਅੱਜ ਮਨੁੱਖ ਦੇਖਾ ਦੇਖੀ ਅੱਖਾਂ ਮੀਚੱਣ ਨੂੰ ਨੱਕ ਫੜਨ ਨੂੰ ਹੀ ਭਗਤੀ ਸਮਝੀ ਬੈਠਾ ਹੈ, ਅਸਲ 'ਚ ਭਗਤੀ ਪਰਮਾਤਮਾ ਦੇ ਗੁਣਾ ਨੂੰ ਚੇਤੇ ਕਰਣਾ ਹੈ 'ਤੇ ਚੇਤ ਕੇ ਉਸ ਨੂੰ ਅਪਣੇ ਜੀਵਨ 'ਚ ਵਸਾਣਾ ਹੈ .. 'ਨਾ ਕੀ ਘੰਟਾ ਬੱਧੀ ਅੱਖਾਂ ਮੀਚ ਕੇ ਬਹਿਣਾ ਭਗਤੀ ਹੈ । ਜਿਹੜੇ ਲੋਕ ਅੱਖਾਂ ਮੀਟਦੇ ਹਨ, ਨੱਕ ਵੀ ਫੜਦੇ ਹਨ, ਉਹ ਲੋਕ ਇਸ ਜਗਤ ਨੂੰ ਭੁਲੇਖਿਆਂ ਵਿੱਚ ਲਾ ਕੇ ਠੱਗਣ ਲਈ ਕਰਦੇ ਹਨ, ਇਹ ਭਗਤੀ ਨਹੀਂ, ਤੇ ਨਾ ਹੀ ਇਹ ਕੋਈ ਸ੍ਰੇਸ਼ਟ ਧਾਰਮਿਕ ਕੰਮ ਹੈ ।
ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ (ਪੰਨਾ ੬੬੨-੬੬੩)
ਇਹ ਮਨੁੱਖਾ ਜਨਮ ਦਾ ਸਮਾਂ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ, ਅਜੇਹਾ ਕਰਨ ਨਾਲ ਅਕਾਲ ਪੁਰਖੁ ਦਾ ਮੇਲ ਨਹੀਂ ਹੁੰਦਾ, ਬਗੁਲਾ ਅੱਖਾਂ ਮੀਟ ਕੇ ਸਮਾਧੀ ਲਾਉਂਦਾ ਹੈ ਪਰ ਉਸ ਨੂੰ ਉਸਦਾ ਕੋਈ ਲਾਭ ਨਹੀਂ ਹੁੰਦਾ ਕਿਉਂਕੀ ਉਸ ਕੋਲ ਹੰਸ ਵਾਲਾ ਗੁਣ ਨਹੀਂ । ਗੁਰਮਤਿ ਅਨੁਸਾਰ ਅੱਖਾਂ ਮੀਟ ਕੇ ਬੈਠਣਾਂ ਵੀ ਪਰਵਾਨ ਨਹੀਂ। ਇਕ ਗੱਲ ਦਾ ਧਿਆਨ ਰੱਖਣਾਂ ਹੈ ਕਿ, ਅੱਖਾਂ ਮੀਟ ਕੇ ਬਗਲੇ ਵਾਗੂੰ ਲੁਟਣ ਵਾਲੇ ਪੱਬਾਂ ਜਾ ਸ਼ਰਾਬਖਾਨਿਆਂ ਵਿੱਚ ਨਹੀਂ ਬੈਠੇ ਹੁੰਦੇ ਹਨ, ਇਹ ਤਾਂ ਧਰਮ ਅਸਥਾਨਾਂ ਤੇ ਬੈਠੇ ਹੁੰਦੇ ਹਨ, ਇਸ ਲਈ ਇਨ੍ਹਾਂ ਕੋਲੋ ਬਚ ਕੇ ਰਹਿੰਣਾਂ ਹੈ।
ਲੋਕਾਚਾਰੀ ਰਸਮਾਂ ਕਰੀ ਜਾਣੀਆਂ, ਧਰਮ ਦੇ ਨਾਂਅ 'ਤੇ ਕਿਸੇ ਲਿਬਾਸ ਜਾਂ ਚਿੰਨ ਨੂੰ ਧਾਰਨ ਕਰ ਲੈਣਾ ਅਤੇ ਆਮ ਮਾਨਤਾ ਵਿੱਚ ਆਏ ਵਰਤਾਰੇ ਨੂੰ ਅਪਣਾ ਲੈਣਾ ਸਾਨੂੰ ਸੱਚੇ ਧਰਮ ਦੇ ਪਾਂਧੀ ਨਹੀਂ ਬਣਾਏਗਾ । ਧਰਮ ਦੇ ਨਾਂਅ ਤੇ ਕੀਤੇ ਬੇਅੰਤ ਕਰਮ ਕਾਂਡ ਸਾਨੂੰ ਕਿਸੇ ਮੰਜਿਲ ਤੇ ਨਹੀਂ ਲੈ ਕੇ ਜਾਣਗੇ ।
ਅਕਾਲ ਪੁਰਖ ਨਾਲ ਮੇਲ ਦਾ ਰਸਤਾ 'ਗੁਰ ਨਾਨਕ' ਸਾਹਿਬ ਨੇ 'ਜਪੁ' ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਹੀ ਦਸ ਦਿੱਤਾ ਸੀ ..
"ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ"
ਸਾਰੀ ਸ੍ਰਿਸ਼ਟੀ ਵਿੱਚ ਅਕਾਲ ਪੁਰਖੁ ਨੂੰ ਰਮਿਆ ਹੋਇਆ ਵੇਖਣਾ ਹੈ । ਸਾਰੀ ਸ੍ਰਿਸ਼ਟੀ ਉਸ ਦਾ ਸਰਗੁਣ ਰੂਪ ਹੈ । ਸਾਰੀ ਸ੍ਰਿਸ਼ਟੀ ਵਿੱਚ ਉਸ ਅਕਾਲ ਪੁਰਖੁ ਦਾ ਨਾਮੁ ਵੀ ਚਲ ਰਿਹਾ ਹੈ ਤੇ ਉਸ ਦਾ ਹੁਕਮੁ ਵੀ ਚਲ ਰਿਹਾ ਹੈ ।
ਇਸ ਲਈ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿੱਚ ਅਪਨਾਉਣਾ ਹੀ "ਭਗਤੀ" ਹੈ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.