ਇੱਕ '' ਉਲਟੀ ਗੰਗਾ '' ਜੋ ਅਸੀਂ ਵਹਾ ਰਹੇ ਹਾਂ ,,,
ਆਰੀਆ ਸਮਾਜ ਦੇ ਮੁਖੀ ਲਾਲਾ ਦੌਲਤ ਰਾਏ ਲਿਖਦੇ ਨੇ ,,ਮੈਂ ਉਲਟੀ ਗੰਗਾ ਵਹਿੰਦੀ ਸੁਣਿਆ ਸੀ ,ਪਰ ਕਦੇ ਦੇਖੀ ਨਹੀਂ ਸੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੜ ਕੇ ਉਲਟੀ ਗੰਗਾ ਵਹਿੰਦੀ ਦੇ ਅਰਥ ਸਪੱਸ਼ਟ ਹੋ ਗਏ ਨੇ।
ਯੇ ਤੋਂ ਸੁਣਾ ਥਾ,ਕਾਤਲ ਮਕਤੂਲ ਕੇ ਪਾਸ ਜਾਏ ।
ਯਿਹ ਨਹੀਂ ,ਕਿ ਮਕਤੂਲ ਕਾਤਲ ਕੇ ਪਾਸ ਆਏ। ( ਮਕਤੂਲ - ਕਤਲ ਹੋਣ ਵਾਲਾ )
ਅੱਜ ਇੱਕ ਉਲਟੀ ਗੰਗਾ ਅਸੀਂ ਵਹਾਅ ਰਹੇ ਹਾਂ। ਜਿਸ ਦਾ ਜਿਕਰ ਮੈਂ ਇੱਥੇ ਕਰਨਾ ਹੈ।
ਮੈਂ ਹੈਰਾਨ ਹਾਂ, ਕਿ ਦੇਵੀ ਦੇਵਤਿਆਂ ਨੂੰ ਆਪਣਾ ਇਸਟ ਮੰਨਣ ਵਾਲੀ ਤੇ ਬ੍ਰਾਹਮਣ ਨੂੰ ਆਪਣਾ ਗੁਰੂ ਮੰਨਣ ਵਾਲੀ ਪਰਜਾ ਤੇ ਖੁਦ ਬ੍ਰਾਹਮਣ ਉੁੱਤੇ ਜਦੋਂ ਵੀ ਕੋਈ ਭਾਰੀ ਸੰਕਟ ਆਇਆ, ਤਾਂ ਉਨ੍ਹਾਂ ਨੇ ਆਪਣੇ ਬਚਾ ਲਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਰਵਾਜਾ ਖੜਕਾਇਆ ਹੈ।
ਗਵਾਲੀਅਰ ਦੇ ਕਿਲ੍ਹੇ ਵਿੱਚੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋਣ ਲੱਗੇ ਤਾਂ 52 ਰਿਆਸਤਾਂ ਦੇ ਹਿੰਦੂ ਰਾਜੇ ਜਿੰਨਾ ਨੂੰ ਉਮਰ ਕੈਦ ਹੋਈ ਸੀ, ਗੁਰੂ ਜੀ ਦੇ ਅੱਗੇ ਹੱਥ ਜੋਡ਼ ਕੇ ਖਲੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਇਸ ਨਰਕ ਕੁੰਡ ਵਿਚੋਂ ਨਹੀਂ ਕੱਢ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ।
ਪਹਾੜੀ ਰਾਜਿਆਂ ਨੇ ਮੁਗ਼ਲ ਹਕੂਮਤ ਨੂੰ ਟੈਕਸ ਭਰਨ ਤੋਂ ਮਨਾ ਕਰਕੇ ਪੰਗਾ ਤਾਂ ਲੈ ਲਿਆ, ਫਿਰ ਜਦੋਂ ਜੰਗ ਦੇ ਮੈਦਾਨ ਵਿੱਚ ਔਰੰਗਜ਼ੇਬ ਦੀ ਫੌਜ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਪਈ, ਤਾਂ ਗੁਰੂ ਗੋਬਿੰਦ ਸਿੰਘ ਜੀ ਅਾ ਗਏ, ਪਹਿਲਾਂ ਤਾਂ ਆਪਣੇ ਵਲੋਂ ਗੁਰੂ ਜੀ ਤੇ ਥੋਪੀ ਗਈ ਭੰਗਾਣੀ ਦੀ ਜੰਗ ਲਈ ਮੁਆਫੀ ਮੰਗੀ, ਫਿਰ ਮਦਦ ਕਰਨ ਲਈ ਬੇਨਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੁੱਝ ਸੂਰਮੇ ਭੇਜੇ, ਤਾ ਜਾ ਕੇ ਜੰਗ ਦਾ ਮੈਦਾਨ ਜਿੱਤਿਆ ਗਿਆ।
ਔਰੰਗਜ਼ੇਬ ਵਲੋਂ ਅਪਣਾਏ ਗਏ ਧਰਮ ਪਰਚਾਰ ਦੇ ਗਲਤ ਤਰੀਕੇ ਕਾਰਨ ਜਦੋਂ ਸਮੁੱਚੇ ਹਿੰਦੂ ਸਮਾਜ ( ਪੰਡਤਾਂ, ਬ੍ਰਾਹਮਣਾਂ ਸਮੇਤ ) ਤੇ ਜੁਲਮ ਦਾ ਕਹਿਰ ਟੁੱਟਿਆ ਤਾਂ ਇਹਨਾਂ ਨੇ ਆਪਣੇ ਅਪਨਾਏ ਹੋਏ ਝੂਠੇ ਵਿਸ਼ਵਾਸ ਅਧੀਨ
ਹਵਨ ਕੀਤੇ , ਜਗ ਕਰਵਾਏ , ਬਲੀਆਂ ਦਿੱਤੀਆਂ , ਮੰਦਿਰਾਂ ਵਿੱਚ ਘੰਟਿਆਂ ਬੱਧੀ ਟੱਲ ਖੜਕਾਏ ਪੂਜਾ ਪਾਠ ਦਾਨ ਆਦਿ ਆਪਣੇ ਧਾਰਮਿਕ ਖਿਆਲਾਂ ਮੁਤਾਬਿਕ ਜੋ ਵੀ ਕਰਮ ਆਪਣੇ ਬਚਾ ਲਈ ਠੀਕ ਲੱਗੇ, ਸਾਰੇ ਕੀਤੇ। ਸਾਰਾ ਕੁੱਝ ਕਰਨ ਦੇ ਬਾਵਜੂਦ ਵੀ ਜਦੋਂ ਜਮੀਨ ਪੈਰਾਂ ਹੇਠੋਂ ਖਿਸਕਦੀ ਨਜ਼ਰ ਆਈ ਤਾਂ, ਹਿੰਦੂਆਂ ਦੇ ਪੰਡਤਾਂ ਨੇ ਨੌਵੇਂ ਪਾਤਸ਼ਾਹ ਦੇ ਅੱਗੇ ਆਪਣੇ ਬਚਾ ਲਈ ਬੇਨਤੀ ਕੀਤੀ ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇ ਵੀ ਇਹ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਆਉਂਦੇ ਰਹੇ।
ਨਾਦਰ ਸ਼ਾਹ ਨੇ ਜਦੋਂ ਦਿੱਲੀ ਉੱਤੇ ਹਮਲਾ ਕੀਤਾ, ਉਸਨੇ ਕੋਹਿਨੂਰ ਹੀਰਾ ,ਤਖਤੇ ਤਾਉਸ, ਧਨ ਦੌਲਤ, ਹਾਥੀ ਘੋਡ਼ੇ ਤੇ ਹੋਰ ਬੇਅੰਤ ਸਮਾਨ ਦੇ ਨਾਲ ਇੱਥੋਂ ਦੀਆਂ ਹਜ਼ਾਰਾਂ ਧੀਆਂ ਭੈਣਾਂ, ਨੌਜਵਾਨਾਂ ਤੇ ਚੰਗੇ ਕਾਰੀਗਰਾਂ ਨੂੰ ਵੀ ਲੁੱਟ ਦੇ ਸਮਾਨ ਵਿੱਚ ਸ਼ਾਮਲ ਕਰ ਲਿਆ।
ਇੱਥੋਂ ਦੇ ਕੁੱਝ ਕੁ ਬ੍ਰਾਹਮਣ ਜਿੰਨਾ ਦੇ ਅੰਦਰ ਥੋੜੀ ਬਹੁਤੀ ਅਣਖ ਸੀ, ਉਹ ਸਿੱਖ ਸਰਦਾਰਾਂ ਕੋਲ ਜਾ ਕੇ ਰੋਏ, ਕਿ ਅਸੀਂ ਹੋਰ ਸਾਰਾ ਕੁੱਝ ਬਰਦਾਸ਼ਤ ਕਰ ਸਕਦੇ ਹਾਂ, ਪਰ ਕੋਈ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਵੇ, ਇਹ ਸਾਡੇ ਕੋਲੋਂ ਨਹੀਂ ਜਰਿਆ ਜਾਂ ਰਿਹਾ। ਤਾਂ ਸਿੰਘ ਸੂਰਮਿਆਂ ਨੇ ਆਪਣੀ ਜਾਨ ਤੇ ਖੇਡ ਕੇ ਨਾਦਰ ਸ਼ਾਹ ਕੋਲੋਂ ਕੁੜੀਆਂ ਛਡਵਾਈਆਂ ।
ਅਬਦਾਲੀ ਦੇ ਸਮੇਂ ਵੀ ਸਿੰਘਾਂ ਨੇ ਹਜ਼ਾਰਾਂ ਬੰਦੀ ਕੁੜੀਆਂ ਅਬਦਾਲੀ ਦੀ ਸੈਨਾ ਤੋਂ ਛਡਵਾਈਆਂ। ਇਸੇ ਕਰਕੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਵੀ ''ਬੰਦੀ ਛੋੜ'' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਇਤਿਹਾਸ ਅੰਦਰ ਹੋਰ ਵੀ ਬੇਅੰਤ ਘਟਨਾਵਾਂ ਹੋਣਗੀਆਂ ,ਜਿੰਨਾ ਬਾਰੇ ਸ਼ਾਇਦ ਮੈਨੂੰ ਗਿਆਨ ਨਾ ਹੋਵੇ ।
ਮੇਰਾ ਇਹ ਸਾਰਾ ਕੁੱਝ ਦੱਸਣ ਦਾ ਮਤਲਬ ਹਿੰਦੂਆਂ ਨੂੰ ਜਲੀਲ ਕਰਨਾ ਨਹੀ ਹੈ।
ਮੈਂ ਤਾਂ ਆਪਣੇ ਸਿੱਖ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ,
ਕਿ ਕਰਾਮਾਤੀ ਮੰਨੇ ਜਾਂਦੇ ਦੇਵੀ ਦੇਵਤਿਆਂ ਨੂੰ ਆਪਣਾ ਇਸਟ ਮੰਨਣ ਵਾਲੇ ਬ੍ਰਾਹਮਣ ਪੰਡਿਤ ਦੇ ਆਪਣੇ ਉੁੱਤੇ ਜਾਂ ਉਨ੍ਹਾਂ ਦੀ ਪਰਜਾ ਤੇ ਜਦੋਂ ਵੀ ਕੋਈ ਮੁਸ਼ਕਿਲ ਮੁਸੀਬਤ ਆਈ,
ਤਾਂ ਉਹ ਸਿੱਖ ਗੁਰੂ ਸਾਹਿਬਾਨਾਂ ਜਾਂ ਸਿੱਖਾਂ ਦੇ ਕੋਲੇ ਆਪਣੀ ਮੁਸੀਬਤ ਨੂੰ ਦੂਰ ਕਰਨ ਲਈ ਆਉਂਦੇ ਰਹੇ।
ਪਰ ਅੱਜ ਦੇ ਬਹੁਤ ਸਾਰੇ ਅਗਿਆਨੀ ਸਿੱਖ ਆਪਣੀਆਂ ਮੁਸੀਬਤਾਂ ਦੇ ਹੱਲ ਲਈ ਪੰਡਤਾਂ, ਬ੍ਰਾਹਮਣਾਂ ਦਾ ਦਰਵਾਜ਼ਾ ਖੜਕਾ ਰਹੇ ਨੇ।
ਪੰਡਤਾਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਨਗਾਂ ਵਾਲੀਆਂ ਮੁੰਦਰੀਆਂ ਆਪਣੇ ਭਾਗ ਬਦਲਣ ਲਈ, ਹਨੂੰਮਾਨ ਯੰਤਰ ਆਪਣੀ ਸੁਰੱਖਸ਼ਾ ਲਈ, ਲੱਛਮੀ ਤੇ ਕਬੇਰ ਯੰਤਰ ਧਨ ਪ੍ਰਾਪਤੀ ਲਈ ਤੇ ਹੋਰ ਕਈ ਤਰ੍ਹਾਂ ਦੇ ਧਾਗੇ ਤਵੀਤ ,ਰੱਖਾਂ ਤੇ ਮੌਲੀਆਂ ਆਦਿ ਆਪਣੀਆਂ ਪਰੇਸ਼ਾਨੀਆਂ ਦੂਰ ਕਰਨ ਆਪਣੇ ਗਲ , ਗੁੱਟਾਂ ਤੇ ਡੌਲਿਆਂ ਤੇ ਬੰਨੀ ਫਿਰਦੇ ਆ ।
ਜਿੰਨਾਂ ਵਿੱਚ ਆਮ ਪਬਲਿਕ ਦੇ ਨਾਲ ਨਾਲ ਸਾਡੇ ਕੁੱਝ ਕੁ ਰਾਗੀ, ਢਾਡੀ, ਕਥਾਵਾਚਕ ਵੀ ਸ਼ਾਮਿਲ ਨੇ।
ਬਹੁਤ ਸਾਰੇ ਅਖੌਤੀ ਸਿੱਖ ਪੰਡਤਾਂ ਵਲੋਂ ਗ੍ਰਹਿ, ਪੈਂਚਕਾਂ, ਪੁੰਨਿਆ, ਮੱਸਿਆ, ਸੰਗਰਾਂਦਾਂ, ਵਰਤਾਂ, ਸਰਾਧਾਂ ਭਵਿੱਖਬਾਣੀਆਂ ਤੇ ਚੰਗੇ ਮਾੜੇ ਦਿਨਾਂ ਦੇ ਫੈਲਾਏ ਗਏ ਭਰਮਜਾਲ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਨੇ ।
ਰਾਸ਼ੀਫਲ਼ ਦੇਖੇ ਬਿਨਾਂ ਘਰੋਂ ਬਾਹਰ ਪੈਰ ਨਹੀ ਪੁਟਦੇ।
ਬਹੁਤ ਸਾਰੇ ਸਿੱਖ ਕਹਾਉਣ ਵਾਲਿਆਂ ਦੇ ਘਰ ਮੰਦਰਾਂ ਦਾ ਰੂਪ ਧਾਰਨ ਕਰ ਚੁੱਕੇ ਨੇ, ਹਿੰਦੂਆਂ ਦੇ ਘਰਾਂ ਨਾਲੋਂ ਜਿਆਦਾ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਪੂਜਾ ਦੀ ਸਮੱਗਰੀ ਇਹਨਾਂ ਦੇ ਘਰੋਂ ਮਿਲਦੀ ਹੈ । ਮੰਦਿਰਾਂ ਵਿੱਚ ਜਾ ਕੇ ਟੱਲ ਖੜਕਾਉਣ ਤੇ ਟਿੱਕੇ ਲਾਉਣ ਨੂੰ ਬਹੁਤ ਸਾਰੇ ਸਿੱਖ ਸ਼ਕਲਾਂ ਵਾਲੇ ਸ਼ੁਭ ਕਰਮ ਸਮਝਦੇ ਹਨ।
ਜਿਆਦਾਤਰ ਸ਼ਹਿਰਾਂ ਵਿੱਚ ਜਨਮ ਤੋ ਲੈ ਕੇ ਮਰਨ ਤੱਕ ਹੋਣ ਵਾਲੇ ਸੰਸਕਾਰਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪੰਡਿਤ ਨੂੰ ਸ਼ਾਮਿਲ ਜਰੂਰ ਕੀਤਾ ਜਾਂਦਾ ਹੈ, ਜਿਵੇਂ ਦਿੱਲੀ ਵਿੱਚ ਮੁਰਦੇ ਨੂੰ ਸਾੜਨ ਤੇ ਅੰਗੀਠੇ ਦੀ ਸੰਭਾਲ ਸਮੇਂ ਪੰਡਤਾਂ ਵਲੋਂ ਹਿੰਦੂ ਧਰਮ ਵਾਲੇ ਸਾਰੇ ਕਰਮਕਾਂਡ ਕੀਤੇ ਜਾਂਦੇ ਨੇ ।
ਮੁਰਦੇ ਦੇ ਮੂੰਹ ਵਿੱਚ ਗੰਗਾ ਦਾ ਜਲ, ਸ਼ਹਿਦ, ਦੇਸੀ ਘਿਉ ਪਾਇਆ ਜਾਂਦਾ ਹੈ , ਚੰਦਨ ਦੀਆਂ ਪੰਜ ਲੱਕੜ ਪਾਈਆਂ ਜਾਂਦੀਆਂ ਨੇ, ਮੁਰਦੇ ਦੀ ਰਾਖ ਨੂੰ ਹੱਡੀਆਂ ਸਮੇਤ ਚੁੱਕਣ ਦੀ ਜਗ੍ਹਾ ਤੇ ਕੱਲੀ ਕੱਲੀ ਹੱਡੀ ਨੂੰ ਚੁੱਕ ਕੇ ਪੰਡਿਤ ਦੇ ਕਹੇ ਅਨੁਸਾਰ ਕੱਚੀ ਲੱਸੀ ਵਿੱਚ ਪਾ ਕੇ ਧੋਣ ਉਪਰੰਤ , ਪੋਟਲੀ ਵਿੱਚ ਪਾ ਕੇ ਨਾਲ ਟੁੱਟੇ ਰੁਪੈ ਪਾਏ ਜਾਂਦੇ ਨੇ , ਫਿਰ ਪੋਟਲੀ ਨੂੰ ਹਾਰ ਪਵਾਇਆ ਜਾਂਦਾ ਤੇ ਮੱਥੇ ਟਿਕਾਏ ਜਾਂਦੇ ਨੇ, ਫਿਰ ਜਿੱਥੇ ਸਸਕਾਰ ਕੀਤਾ ਹੁੰਦਾ ਹੈ, ਓੱਥੇ ਫਲ ਫਰੂਟ ਤੇ ਮਠਿਆਈ ਰੱਖੀ ਜਾਂਦੀ ਏ, ਧੂਪਾਂ ਧੁਖਾਈਆਂ ਜਾਂਦੀਆਂ ਨੇ, ਲੱਕਡ਼ਾਂ ਗੱਡ ਕੇ ਉਪਰ ਕੱਪਡ਼ਾ ਬੰਨ ਕੇ ਬੇਬੇ ਜਾਂ ਬਾਪੂ ਦੇ ਰਹਿਣ ਲਈ ਘਰ ਬਣਾਏ ਜਾਂਦੇ ਨੇ।
ਆਪਣੇ ਆਪ ਨੂੰ ਕੌਮ ਦੇ ਲੰਬਰਦਾਰ ਕਹਾਉਣ ਵਾਲੇ ਮੂਕ ਦਰਸ਼ਕ ਬਣ ਕੇ ਖੜੇ ਰਹਿੰਦੇ ਨੇ। ਜਿਹਡ਼ਾ ਪੰਡਿਤ ਖੁਦ ਹਜਾਰਾਂ ਸਾਲ ਵਿਦੇਸ਼ੀਆਂ ਦੀ ਗੁਲਾਮੀ ਵਿੱਚ ਨਰਕ ਵਰਗੀ ਜਿੰਦਗੀ ਜੀਉਂਦਾ ਰਿਹਾ ਹੈ, ਜਿਸਨੂੰ ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖਾਂ ਸਰਦਾਰਾਂ ਨੇ ਬਾਹਰ ਕੱਢਿਆ ਹੈ,
ਅੱਜ ਦਾ ਅਗਿਆਨੀ ਸਿੱਖ ਉਸੇ ਨੂੰ ਆਪਣੇ ਵਡੇਰਿਆਂ ਨੂੰ ਸਵਰਗ ਵਿੱਚ ਪਹੁੰਚਾਉਣ ਦਾ ਠੇਕੇਦਾਰ ਸਮਝੀ ਬੈਠਾ ਹੈ।
ਜਿਹਡ਼ੇ ਲੋਕ ਬੋਦੀ ਤੇ ਧੋਤੀ ਵਾਲੇ ਬ੍ਰਾਹਮਣ ਤੋਂ ਬੱਚ ਗਏ, ਉਹ ਸਾਡੇ ਸਿੱਖ ਸਮਾਜ ਵਿੱਚ ਪੈਦਾ ਹੋਏ ਹੋਏ ਕੇਸਾਧਾਰੀ ਬ੍ਰਾਹਮਣਾਂ ਅੱਗੇ ਨੱਕ ਗੋਡੇ ਰਗੜ ਰਹੇ ਨੇ, ਕੁਝ ਕੁ ਨੂੰ ਛੱਡ ਕੇ ਜਿੰਨਾਂ ਦੀਆਂ ਬਾਕੀ ਸਾਰੀਆਂ ਮਨੌਤਾਂ ਧੋਤੀ ਵਾਲੇ ਬ੍ਰਾਹਮਣ ਵਰਗੀਆਂ ਹੀ ਹਨ ।
ਇਹ ਵੀ ਧਾਗਿਆਂ ਤਵੀਤਾਂ, ਗਿਣਤੀ ਦੇ ਪਾਠਾਂ ਤੇ ਕੁਝ ਸ਼ਬਦਾਂ ਦੇ ਮੰਤਰ ਜਾਪ ਰਾਹੀਂ ਘਰ ਵਿੱਚ ਸੁੱਖਸ਼ਾਂਤੀ ਆਉਣ ਤੇ ਸਵਰਗਾਂ ਵਿੱਚ ਸੀਟ ਪੱਕੀ ਹੋਣ ਦੇ ਸਬਜਬਾਗ ਦਿਖਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਂ ਆਸੇ ਪਾਸੇ ਲੋਕਾਂ ਤੋਂ ਮੱਥਾ ਟਿਕਾਉਂਦੇ ਨੇ। ਕਿਸੇ ਦੁੱਖ ਤਕਲੀਫ਼ ਸਮੇਂ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਜਗ੍ਹਾ ਜਾਂ ਉਹਨਾਂ ਦੀ ਬਣਦੀ ਮਦਦ ਕਰਨ ਦੀ ਥਾਂ ਤੇ ਇਹ ਕਹਿਣ ਦੀ ਜਗ੍ਹਾ ਤੇ ਕਿ ਬਾਣੀ ਆਪ ਪੜੋ ਤੇ ਸਮਝੋ, ਤਾਂ ਕਿ ਤੁਹਾਡਾ ਭਲਾ ਹੋ ਸਕੇ।
ਆਪਣੇ ਚੇਲਿਆਂ ਨੂੰ ਆਪਣੇ ਡੇਰੇ ਤੇ ਜਾਂ ਆਪਣੇ ਡੇਰੇ ਦੇ ਸਿੰਘਾਂ ਕੋਲੋਂ ਆਪਣੀ ਘਡ਼ੀ ਹੋਈ ਮਰਯਾਦਾ ਵਾਲਾ ਪਾਠ ਕਰਵਾਉਣ ਲਈ ਕਹਿੰਦੇ ਨੇ ।
ਇਹ ਆਪ ਤੇ ਇਹਨਾਂ ਦੇ ਚੇਲੇ ਚਾਟੜੇ ਰੱਬ ਤੇ ਗੁਰੂ ਨੂੰ ਛੱਡ ਕੇ ਆਪਣੇ ਹੀ ਬਾਬਿਆਂ ਦਾ ਗੁਣ ਗਾਉਂਦੇ ਨੇ। ਅਨੇਕਾਂ ਤਰ੍ਹਾਂ ਦੀਆਂ ਝੂਠੀਆਂ ਕਥਾ ਕਹਾਣੀਆਂ ਰਾਹੀਂ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਬਾਬਾ ਜੀ ਹੀ ਰੱਬ ਹਨ। ਇਨ੍ਹਾਂ ਦੇ ਪਰਚਾਰ ਦਾ ਮੁੱਖ ਵਿਸ਼ਾ ਇਹੋ ਹੀ ਹੁੰਦਾ ਹੈ ਕਿ ਬਾਬਾ ਜੀ ਨੇ ਇਹਨੂੰ ਤਾਰਿਆਂ, ਉਹਨੂੰ ਤਾਰਿਆਂ, ਇਹਦਾ ਭਲਾ ਕੀਤਾ ਉਹਦਾ ਭਲਾ ਕੀਤਾ ਆਦਿ ਆਦਿ।
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਥਾਏ ਕਿਸੇ ਕਵੀ ਦਾ ਇੱਕ ਬਚਨ ਪੜਦੇ ਹਾਂ ,,
ਜਬ ਲਗ ਖਾਲਸਾ ਰਹੇ ਨਿਆਰਾ , ਤਬ ਲੱਗ ਤੇਜ ਦੀਊਂ ਮੈ ਸਾਰਾ ।
ਜਬ ਇਹ ਗਹੇ ਬਿਪਰਨ ਕੀ ਰੀਤ , ਮੈਂ ਨਾਂ ਕਰੂੰ ਇਨ ਕੀ ਪਰਤੀਤ ।
ਮੈਨੂੰ ਤਾਂ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਅੱਜ ਸਮਾਜ ਦੇ ਅੰਦਰ ਸਿੱਖਾਂ ਦੀ ਹਾਲਤ ਬੜੀ ਤਰਸਯੋਗ ਆ।
ਕਿਉਂਕਿ ਅਸੀਂ ਆਪਣੇ ਜੀਵਨ ਅੰਦਰ ਅਕਾਲ ਪੁਰਖ ਤੇ ਗੁਰਬਾਣੀ ਦੀ ਓਟ ਛੱਡ ਕੇ ਬ੍ਰਾਹਮਣਵਾਦ ਵਲੋਂ ਫੈਲਾਏ ਕਰਮਕਾਂਡਾਂ ਵਿੱਚ ਕਿਸੇ ਨ ਕਿਸੇ ਰੂਪ ਵਿੱਚ ਉਲਝੇ ਹੋਏ ਆ। ਅਕਾਲ ਪੁਰਖ ਤੇ ਗੁਰਬਾਣੀ ਦੀ ਓਟ ਛੱਡ ਕੇ ਖੁਦ ਬੇਅੰਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਵਿੱਚ ਘਿਰੇ ਹੱਡ ਮਾਸ ਦੇ ਪੁਤਲੇ ਇਨਸਾਨਾਂ ਨੂੰ ਰੱਬ ਸਮਝਣ ਦਾ ਗੁਨਾਹ ਕਰ ਰਹੇ ਹਾਂ।
ਆਉ , ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਬਾਣੀ ਪੜੀਏ, ਵਿਚਾਰੀਏ ਤੇ ਸਮਝੀਏ।
ਅਸੀਂ ਪਾਖੰਡ ਤੇ ਪਾਖੰਡੀਆਂ ਤੋਂ, ਬਿਨਾਂ ਕਿਸੇ ਦੇ ਕਹੇ ਬਚ ਜਾਵਾਂਗੇ ।
ਵਾਹਿਗੁਰੂ ਭਲੀ ਕਰੇ ।
ਹਰਪਾਲ ਸਿੰਘ ਫਿਰੋਜ਼ਪੁਰੀਆ
88722-19051
ਹਰਪਾਲ ਸਿੰਘ ਫਿਰੋਜ਼ਪੁਰੀਆ
ਇੱਕ ' ਉਲਟੀ ਗੰਗਾ ' ਜੋ ਅਸੀਂ ਵਹਾ ਰਹੇ ਹਾਂ ,,,
Page Visitors: 2536