ਕੈਟੇਗਰੀ

ਤੁਹਾਡੀ ਰਾਇ



ਲਖਵਿੰਦਰ ਸਿੰਘ ਗੰਭੀਰ ਕਥਾਵਾਚਕ
ਜੱਦੋ ਭੁੱਬਾਂ ਮਾਰ ਰੋਏ ਗੁਰ-ਸਿਧਾਂਤ
ਜੱਦੋ ਭੁੱਬਾਂ ਮਾਰ ਰੋਏ ਗੁਰ-ਸਿਧਾਂਤ
Page Visitors: 2570

ਜੱਦੋ ਭੁੱਬਾਂ ਮਾਰ ਰੋਏ ਗੁਰ-ਸਿਧਾਂਤ 
ਲਖਵਿੰਦਰ ਸਿੰਘ ਗੰਭੀਰ ਕਥਾਵਾਚਕ
ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ, ਹਰ ਕੌਮ ਆਪਣਾਂ ਸਫਰ ਇਤਿਹਾਸ ਦੇ ਸਹਾਰੇ ਹੀ ਤੈਅ ਕਰਦੀ ਹੈ। ਇਤਿਹਾਸ ਦੀ ਖੋਜ ਦੇ ਆਧਾਰ 'ਤੇ ਹੀ ਫਿਰ ਕੌਮੀ ਘਰ ਤਿਆਰ ਕੀਤੇ ਜਾਂਦੇ ਹਨ, ਯਾਦਗਾਰਾਂ ਉਸਾਰੀਆਂ ਜਾਦੀਆਂ ਨੇ, ਜੋ ਆਉਣ ਵਾਲੀ ਪੀੜੀ ਲਈ ਰੌਸ਼ਨ ਮੁਨਾਰਿਆਂ ਦਾ ਕੰਮ ਕਰਦੀਆਂ ਹਨ। ਮੈਂ ਗੱਲ ਆਪਣੀ ਕੌਮ ਦੀ ਕਰਨ ਲੱਗਾ, ਜਿਸਦਾ ਇਤਿਹਾਸ ਦੁਨੀਆਂ ਲਈ ਇੱਕ ਹੈਰਾਨ ਕਰ ਦੇਣ ਵਾਲਾ ਕ੍ਰਿਸ਼ਮਾ ਹੈ। ਉਸੇ ਇਤਿਹਾਸ ਨੂੰ ਸੁਰਜੀਤ ਕਰਦੀਆਂ ਸਾਡੇ ਗੁਰਧਾਮਾਂ ਦੀਆਂ ਆਲੀਸ਼ਾਨ ਬਿਲਡਿੰਗਾਂ ਦੁਨੀਆਂ ਦੇ ਹਰ ਇਨਸਾਨ ਨੂੰ ਹੈਰਾਨ ਕਰ ਦਿੰਦੀਆਂ ਨੇ ਤੇ ਲੱਗਦੀਆਂ ਵੀ ਬਹੁਤ ਖ਼ੂਬਸੂਰਤ ਹਨ।
ਬਹੁਤ ਸਾਰੇ ਇਤਿਹਾਸਕ ਗੁਰਧਾਮਾਂ ਦੀ ਜ਼ੁੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ, ਜਿਸਨੇ ਸੁਚੱਜਾ ਪ੍ਰਬੰਧ ਸਾਭਦਿਆਂ ਹੋਇਆਂ ਅਜੋਕੀ ਤੇ ਆਉਣ ਵਾਲੀ ਪੀੜੀ ਲਈ ਗੁਰਬਾਣੀ/ਇਤਿਹਾਸ ਦੁਆਰਾ ਰਾਹ ਰੌਸ਼ਨ ਕਰਨਾਂ ਸੀ। ਪਰ ਜਦੋਂ ਮੈਂ ਉਹਨਾਂ ਸਭ ਗੁਰਧਾਮਾਂ ਦੀ ਅੰਦਰਲੀ ਹਾਲਤ ਦੇਖਦਾਂ ਹਾਂ ਤਾਂ ਮਨ ਬਹੁਤ ਉਦਾਸ ਹੁੰਦਾ ਹੈ। ਅਸਲ ਇਤਿਹਾਸ ਤੇ ਗੁਰਸਿੱਖੀ ਸਿਧਾਂਤ ਇੱਕ ਨੁਕਰੇ ਲੱਗੇ ਹੋਏ ਰੋਂਦੇ ਦਿੱਸਦੇ ਨੇ, ਉਹਨਾਂ ਦੀ ਤਰਸਯੋਗ ਹਾਲਤ ਦੇਖ ਰਿਹਾ ਨਹੀਂ ਜਾਂਦਾ, ਜਦੋਂ ਉਹਨਾਂ ਕੋਲ ਜਾਕੇ ਮੈਂ ਉਹਨਾਂ ਦੀ ਇਸ ਹਾਲਤ ਬਾਰੇ ਪੁੱਛਦਾ ਕਿ ਤੁਸੀਂ ਤਾਂ ਇਸ ਥਾਂ ਦੇ ਅਸਲ ਮਾਲਕ ਹੋ ਫਿਰ ਤੁਹਾਨੂੰ ਗੇਟ ਤੋਂ ਬਾਹਰ ਕਿੰਨੇ ਕੱਢ ਦਿੱਤਾ ਤੇ ਕਿਓਂ ਤੁਹਾਡੀ ਆ ਹਾਲਤ ਹੋਈ ਪਈ ਹੈ? ਤੇ ਜੋ ਜੁਵਾਬ ਉਨਾਂ ਮੈਨੂੰ ਦਿੱਤਾ ਉਹ ਹੈਰਾਨ ਕਰ ਦੇਣ ਵਾਲਾ ਸੀ।
ਕਹਿਣ ਲੱਗੇ ਵੀਰਾ ਕਿਸੇ ਟਾਈਮ ਇਥੇ ਸਾਡੀ ਹੀ ਸਰਦਾਰੀ ਸੀ, ਪਰ ਆਹ ਜਦੋਂ ਦੇ ਚੌਧਰੀ ਆ ਗਏ ਨੇ ਗੋਲਕਾਂ 'ਤੇ ਕਬਜ਼ਾ ਕਰਨ ਵਾਲੇ, ਇਹਨਾਂ ਦੇ ਨਾਲ ਸਾਡੀ ਬਣ ਨਹੀਂ ਸਕੀ। ਅਸੀਂ ਤਾਂ ਕੇਵਲ ਇੱਕ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਦੀ ਸੋਚ ਨਾਲ ਜੋੜਦੇ ਸੀ, ਪਰ ਇਹ ਕਹਿਣ ਲੱਗੇ ਅਸੀਂ ਲੋਕਾਂ ਨੂੰ ਜੋੜਨਾ ਹੈ ਤੋੜਨਾ ਨਹੀਂ, ਇਸ ਕਰਕੇ ਅੱਜ ਤੋਂ ਬਾਅਦ ਤੁਹਾਡੀ ਸਾਨੂੰ ਜ਼ਰੂਰਤ ਨਹੀਂ, ਬੱਸ ਫਿਰ ਕੀ ਸੀ ਇੱਕ ਬੋਦੀ ਵਾਲੇ ਨੂੰ ਸਿੱਖਾਂ ਵਾਲਾ ਬਾਣਾ ਪੁਆਕੇ ਲਿਆ ਖੜਾ ਕੀਤਾ ਇਹਨਾਂ ਨੇ। ਫਿਰ ਜਿਵੇਂ ਬੋਦੀ ਆਲਾ ਬ੍ਰਾਹਮਣ ਕਹਿੰਦਾ ਗਿਆ ਇਹ ਇਤਿਹਾਸ ਬਦਲਦੇ ਗਏ, ਅਸਲ ਇਤਿਹਾਸ ਅਸਲ ਸਿਧਾਂਤਾਂ ਨੂੰ ਨੁਕਰੇ ਲਾਕੇ ਨਕਲੀ ਸਿਧਾਂਤ ਤੇ ਨਕਲੀ ਇਤਿਹਾਸ ਨੂੰ ਭੋਲੀਆਂ ਸੰਗਤਾਂ ਮੂਹਰੇ ਪੇਸ਼ ਕਰ ਦਿੱਤਾ ਗਿਆ।
ਫਿਰ ਮੈਂ ਉਹਨਾਂ ਨੂੰ ਟੋਕਦਿਆਂ ਕਿਹਾ ਕੋਈ ਉਦਾਹਰਨ ਤਾਂ ਦਿਓ ਮੈਂ ਫਿਰ ਹੀ ਮੰਨੂਗਾਂ ਨਾ।
ਉਹਨਾਂ ਨੇ ਫਿਰ ਬੋਲਦਿਆਂ ਕਿਹਾ ਵੀਰਾ ਕਮਾਲ ਕਰਦੇ ਓ ਤੁਹਾਨੂੰ ਨਹੀਂ ਦਿੱਸਦਾ ਕਿ ਕਿਵੇਂ ਇਹਨਾਂ ਪਹਿਲਾਂ ਪੁਰਾਤਨ ਅਸਲ ਇਮਾਰਤਾਂ ਜੋ ਤਵਾਰੀਖ ਸੀ ਤੁਹਾਡੀ ਉਹ ਕਾਰ ਸੇਵਾ ਦੇ ਨਾਂ 'ਤੇ ਖਤਮ ਕਰਕੇ ਉਥੇ ਸੰਗਮਰਮਰ ਲਾਕੇ ਤਵਾਰੀਖ ਦਾ ਕਤਲ ਕਰ ਦਿੱਤਾ? ਜਦੋਂ ਅਗਾਂਹ ਤੁਹਾਡੇ ਬੱਚੇ ਪੁੱਛਣਗੇ ਕਿ ਦੱਸੋ ਕਿਥੇ ਆ ਕੱਚੀ ਗੜੀ, ਕਿੱਥੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਕਿੱਲਾ ਅਨੰਦਗੜ, ਕਿੱਥੇ ਆ ਪੰਜ ਕਿਲੇ, ਕਿੱਥੇ ਆ ਬੇਬੇ ਨਾਨਕੀ ਦਾ ਉਹ ਪੁਰਾਣਾਂ ਸੁੰਦਰ ਘਰ, ਕਿੱਥੇ ਚਲਾ ਗਿਆ ਅਸਲ ਠੰਢਾ ਬੁਰਜ ਤੇ ਕੀ ਜੁਵਾਬ ਦਿਉਗੇ?? ਮੈਂ ਅਜੇ ਸੋਚ ਹੀ ਰਿਹਾ ਸੀ ਕਿ ਕਹਿਣ ਲੱਗੇ ਕਦੇ ਸੰਨ ਸਾਹਿਬ ਗਏ ਓ, ਬਾਸਰਕੇ ਗਿੱਲਾਂ ਜੋ ਗੁਰੂ ਅਮਰਦਾਸ ਜੀ ਦਾ ਪਿੰਡ ਸੀ। ਮੈਂ ਕਿਹਾ ਹਾਂ ਗਿਆ ਹਾਂ ਬਹੁਤ ਵਾਰੀ। ਕਹਿੰਦੇ ਕਮਲਿਓ ਕਦੇ ਨੋਟ ਕਰਿਓ ਕਿ ਇਹਨਾਂ ਕਮੀਨਿਆਂ ਨੇ ਕਿਵੇਂ ਉਥੇ ਇੱਕ ਗੋਲ ਪੱਥਰ ਕੱਟਕੇ 'ਤੇ ਬਾਹਰ ਲਿਖ ਮਾਰਿਆ ਹੈ ਕਿ ਜੋ ਇਹਦੇ ਵਿੱਚੋਂ ਨਿਕਲੇਗਾ ਉਸਦੀ ਚੌਰਾਸੀ ਕੱਟੀ ਜਾਵੇਗੀ, ਜਦੋਂ ਗੁਰਬਾਣੀ ਕਿਸੇ ਬਾਮਣ ਦੀ ਚੌਰਾਸੀ ਮੰਨਦੀ ਹੀ ਨਹੀਂ ਤਾਂ ਫਿਰ ਕੱਟੀ ਕਿੱਥੋਂ ਜਾਣੀ ਆਂ?
ਗੁਰਮਤਿ ਨੇ ਤਾਂ ਸਗੋਂ ਫੈਸਲਾਂ ਹੀ ਆਹ ਦਿੱਤਾ ਹੈ ,,
ਅਸੰਖ ਨਾਵ ਅਸੰਖ ਥਾਵ।। ਅਗੰਮ ਅਗੰਮ ਅਸੰਖ ਲੋਅ।। (ਜਪੁ)
ਜਾਂ
ਕਰਤੇ ਕੈ ਕਰਣੈ ਨਾਹੀ ਸੁਮਾਰੁ।। (ਜਪੁ)
ਜੱਦ ਉਸਦੀ ਵਿਸ਼ਾਲ ਕੁਦਰਤ ਦੀ ਕੋਈ ਗਿਣਤੀ ਮਿਣਤੀ ਹੀ ਨਹੀਂ ਹੋ ਸਕਦੀ ਤਾਂ ਫਿਰ ਆਹ ਚੌਰਾਸੀ ਲੱਖ ਵਾਲਾ ਫ਼ਾਰਮੂਲਾ ਕਿੱਥੋਂ ਆ ਗਿਆ?
ਇਹੋ ਕੰਮ ਇਹਨਾਂ ਗੋਇੰਦਵਾਲ ਕਰ ਮਾਰਿਆ, ਅਸੀਂ ਤੜਫਦੇ ਵਿਲਕਦੇ ਰਹਿ ਗਏ ਪਰ ਇਹਨਾਂ ਕੰਬਖਤਾਂ ਸਾਡੀ ਇੱਕ ਨਾਂ ਮੰਨੀ, ਬੋਦੀ ਆਲੇ ਬਾਮਣ ਦੀ ਸਾਰੀ ਫਿਲਾਸਫੀ ਨਾਲ ਇਹਨਾਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਖੋਰਾ ਲਾ ਦਿੱਤਾ, ਅਸੀਂ ਜਦ ਵੀ ਸੱਚ ਦੀ ਗੱਲ ਕਰਦੇ ਆਂ, ਇਹ ਲੋਕ ਸਾਡੇ ਦੁਆਲੇ ਡਾਂਗਾਂ ਲੈਕੇ ਖੜੇ ਹੋ ਜਾਂਦੇ ਆਂ, ਅਸੀਂ ਤਾਂ ਲੱਖ ਵਾਰੀ ਦਰਬਾਰ ਸਾਹਿਬ 'ਚ ਲਾਈ ਗਈ ਅਖੌਤੀ ਦੁੱਖ ਭੰਜਨੀ ਬੇਰੀ ਦਾ ਵੀ ਵਿਰੋਧ ਕੀਤਾ ਸੀ ਤੇ ਹਜ਼ਾਰਾਂ ਵਾਰ ਕਿਹਾ ਵੀ ਸੀ
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ॥ (218)
ਪਰ ਇਹਨਾਂ ਨੇ ਇੱਕ ਦਰੱਖਤ ਨੂੰ ਜੋ ਆਪ ਨਾਂ ਬੋਲ ਸਕਦਾ ਨਾਂ ਸੁਣ ਸਕਦਾ ਨਾਂ ਚੱਲ ਸਕਦਾ ਨਾਂ ਕੁਦਰਤੀ ਆਫਤਾਂ ਤੋਂ ਖੁੱਦ ਨੂੰ ਬਚਾ ਸਕਦਾ ਉਹਨੂੰ ਹੀ ਦੁੱਖ ਭੰਜਨੀ ਬਣਾਂ ਮਾਰਿਆ, ਫਿਰ ਤੀਜੇ ਕੁ ਦਿਨ ਕੋਈ ਨਾਂ ਕੋਈ ਕਰਾਮਾਤੀ ਕਹਾਣੀ ਬਣਾਕੇ ਲੋਕਾਂ ਮੂਹਰੇ ਪੇਸ਼ ਕਰ ਦਿੰਦੇ ਨੇ ਤੇ ਬਾਬੇ ਨਾਨਕ ਨੂੰ ਮਖੌਲਾਂ ਕਰਦੇ ਨੇ, ਕਿ ਲੈ ਬਾਬਾ ਤੂੰ ਤਾਂ ਸਾਨੂੰ ਬੋਦੀ ਆਲੇ ਬਾਮਣ ਤੋਂ ਵੱਖਰਾ ਕਰ ਗਿਆ ਸੀ, ਪਰ ਅਸੀਂ ਫਿਰ ਤੇਰੇ ਇਸ ਵੱਖਰੇ ਨਿਰਮਲ ਰਾਹ ਨੂੰ ਹਰਿਦੁਆਰ ਨਾਲ ਜੋੜ ਦਿੱਤਾ
ਮੈਂ ਉਹਨਾਂ ਗੁਰਮਤਿ ਸਿਧਾਂਤਾਂ ਦੀਆਂ ਕਹੀਆਂ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਤੇ ਅੰਦਰੋਂ ਅੰਦਰੀ ਸ਼ਰਮ ਵੀ ਮਹਿਸੂਸ ਕਰ ਰਿਹਾ ਸਾਂ ਕਿ ਮੈਂ ਕਿਹੜਾ ਮੂੰਹ ਲੈਕੇ ਬਾਬੇ ਦੇ ਦਰ ਜਾਵਾਂ। ਵਾਕਿਆ ਹੀ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਬਾਬਾ ਨਾਨਕ ਤੇਰੀ ਸਿੱਖੀ ਦਾ, ਅਸੀਂ ਆਪਣੀਆਂ ਕੁਰਸੀਆਂ ਬਚਾਉਣ ਖ਼ਾਤਰ ਲੱਖਾਂ ਗੁਰਸਿੱਖ ਬੱਚੇ ਬੱਚੀਆਂ ਦੇ ਕਾਤਲ ਬਣ ਗਏ, ਅਸੀਂ ਆਪਣੀ ਵਾਸ਼ਨਾਂ ਪੂਰਤੀ ਖਾਤਰ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਖੋਰਾ ਲਾਇਆ, ਅਸੀਂ ਸ਼ਹੀਦਾਂ ਦੇ ਦਿਹਾੜੇ ਗੁਰੂਆਂ ਦੇ ਗੁਰਪੁਰਬ ਸਭ ਭੁੱਲ ਗਏ ਤੇ ਯਾਦ ਰਹਿ ਗ਼ਈਆਂ ਮੱਸਿਆ ਪੂਰਨਮਾਸ਼ੀ ਤੇ ਸੰਗਰਾਂਦਾਂ, ਅਸੀਂ ਸਰਦੀਆਂ 'ਚ ਹੀਟਰ ਤੇ ਗਰਮੀਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਏ ਸੀ ਤਾਂ ਲਾ ਦਿੱਤਾ, ਪਰ ਉਹਦੇ ਅੰਦਰ ਲਿਖਿਆ ਕੀ ਸੀ ਉਹ ਨਾਂ ਖੁੱਦ ਸਮਝਿਆ ਤੇ ਨਾਂ ਸਮਝਾਉਣ ਹੀ ਦਿੱਤਾ। ਜੇ ਕਿਸੇ ਨੇ ਕੋਈ ਹੀਲਾ ਕੀਤਾ ਸੱਚ ਬੋਲਣ ਦਾ ਤਾਂ ਅਸੀਂ ਉਸਨੂੰ ਗੱਦਾਰ ਤੇ ਪੰਥ ਦੋਖੀ ਕਹਿ ਦਿੱਤਾ...
ਵੀਰੋ ਆਓ ਏਕਤਾ ਦੇ ਧਾਗੇ 'ਚ ਖੁੱਦ ਨੂੰ ਪਰੋਈਏ। ਸਾਡੇ ਨੇੜੇ ਤੇੜੇ ਜਿੱਥੇ ਵੀ ਕਿਤੇ ਗੁਰੂ ਸਿਧਾਂਤਾਂ ਦਾ ਕਤਲ ਹੋ ਰਿਹਾ ਹੈ, ਉਥੇ ਡਟੀਏ ਤੇ ਗੁਰੂ ਸਿਧਾਂਤਾਂ ਦੀ ਮਰਿਆਦਾ ਨੂੰ ਬਹਾਲ ਕਰਾਈਏ....
ਭੁੱਲ ਚੁੱਕ ਦੀ ਖਿਮਾਂ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.