ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਘੜੀ ਘੜੀ ਹੁਣ ਨੇਤਾ ਇਹ ਇਹ ਸੋਚਦੇ ਨੇ, ਕਿਸਮਤ ਆਪਣੀ ਕਿਸ ਤਰ੍ਹਾਂ ਘੜੀ ਜਾਵੇ?
ਘੜੀ ਘੜੀ ਹੁਣ ਨੇਤਾ ਇਹ ਇਹ ਸੋਚਦੇ ਨੇ, ਕਿਸਮਤ ਆਪਣੀ ਕਿਸ ਤਰ੍ਹਾਂ ਘੜੀ ਜਾਵੇ?
Page Visitors: 2510

ਘੜੀ ਘੜੀ ਹੁਣ ਨੇਤਾ ਇਹ ਇਹ ਸੋਚਦੇ ਨੇ, ਕਿਸਮਤ ਆਪਣੀ ਕਿਸ ਤਰ੍ਹਾਂ ਘੜੀ ਜਾਵੇ?
ਡੰਗ ਅਤੇ ਚੋਭਾਂ

ਖ਼ਬਰ ਹੈ ਕਿ ਪੰਜਾਬ ਦੇ ਮੁੱਖ
ਮਾਰਗਾਂ ਉਤੇ ਧਰਨੇ ਲਗਾਕੇ ਕਾਨੂੰਨ ਦੀ ਉਲੰਘਣਾ ਕਰਨ  ਅਤੇ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਖਜ਼ਲ ਖੁਆਰ ਕਰਨ ਦੇ ਦੋਸ਼ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਤੇ ਪਾਰਟੀ ਵਰਕਰਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ਼ ਕੀਤੇ ਗਏ ਹਨ। ਦਰਜ ਕੀਤੇ ਗਏ ਕੇਸਾਂ ਦੀ ਕੁਲ ਗਿਣਤੀ 2032 ਹੈ, ਜਿਸ ਵਿੱਚ ਸਭ ਤੋਂ ਵੱਧ ਫਤਿਹਗੜ੍ਹ '417, ਸੰਗਰੂਰ '398 ਅਤੇ ਬਠਿੰਡਾ '279 ਹੈ। ਇਸ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅਕਾਲੀਆਂ ਦੀ ਲੱਖ ਸਵਾ ਲੱਖ ਦੀ ਫੌਜ ਤਿਆਰ ਕਰਨਗੇ, ਜਿਹੜੀ ਹਰ ਵੇਲੇ ਗ੍ਰਿਫਤਾਰੀਆਂ ਲਈ ਤਿਆਰ ਰਹੇਗੀ।

ਬਥੇਰੇ ਖਾਧੇ ਨੇ ਭਾਈ ਮਲ੍ਹਿਆਂ ਦੇ ਬੇਰ
, ਜੇ ਹੁਣ ਚਾਰ ਦਿਨ ਖਿੜਕਾਂ ਪਿੱਛੇ ਡੱਕੇ ਜਾਣਗੇ ਤਾਂ ਕਿਹੜਾ ਕੁਝ ਵਿਗੜ ਜਾਊ? ਉਂਜ ਛੋਟੇ ਬਾਦਲ ਦੀ ਫੌਜ ਵੀ ਨਿਰਾਲੀ ਆ, ਇਹਦੇ ' ਚਾਰ ਕੁ ਫੁਲਕੇ ਦਾਲ ਅਚਾਰ ਨਾਲ ਖਾਕੇ ਗੁਜ਼ਾਰਾ ਕਰਨ ਵਾਲੇ ਵੀ ਆ, ਅਤੇ ਲੋਕਾਂ ਦੀਆਂ ਜਾਇਦਾਦਾਂ ਹੜੱਪਣ ਵਾਲੇ ਵੀ ਦੜੇ ਬੈਠੇ ਆ। ਇਸ ਫੌਜ 'ਚ ਵੱਡੇ-ਵੱਡੇ ਕਾਰੋਬਾਰੀਏ ਵੀ ਆ ਅਤੇ ਦਲਾਲੀਆਂ ਖਾ-ਖਾਕੇ ਵੱਡੀਆਂ ਵੱਡੀਆਂ ਗੋਗੜਾਂ ਵਧਾਈ ਬੈਠੇ ਸਰਦਾਰ ਵੀ ਆ।
ਕੋਈ ਨਾ
ਭਾਈ, ਛੋਟੇ ਬਾਦਲ ਨੇ ਜਦੋਂ ਹੋਕਾ ਦੇਣਾ ਆ ਜਾਉ ਭਾਈ ਜੇਲ੍ਹਾਂ ਭਰੀਏ, ਤਾਂ ਇਹਨਾ ਹਸਪਤਾਲੀਂ ਦਾਖਲ ਹੋ ਜਾਣਾ ਅਤੇ ਆਪਣੇ ਦਸ ਕੁ ਬੰਦੇ ਦਿਹਾੜੀਦਾਰ 'ਕੁਰਬਾਨੀ' ਲਈ ਤੋਰ ਦੇਣੇ ਆ। ਉਹਨਾ ਬਥੇਰੇ ਇਹੋ ਜਿਹੇ ਬੰਦੇ ਭਰਤੀ ਕੀਤੇ ਹੋਏ ਆ, ਜਿਹੜੇ ਉਹਨਾ ਦੀ ਅੱਖ ਦੇ ਇਕੋ ਇਸ਼ਾਰੇ ਬੰਦਾ ਵੀ ਉਡਾ ਸਕਦੇ ਆ, ਵਿਰੋਧੀਆਂ ਨੂੰ ਖਿੱਲਾਂ ਵੀ ਪਾ ਸਕਦੇ ਆ।
ਉਂਜ ਭਾਈ
ਆਹ ਆਪਣੇ ਬਾਦਲਕਿਆਂ ਦਾ ਹਾਲ ਲੋਕਾਂ ਡਾਹਢਾ ਹੀ ਮਾੜਾ ਕਰਤਾ ਚੋਣਾਂ ', ਤਦੇ ਹੁਣ ਉਹ ਆਨੇ-ਬਹਾਨੇ ਢਿੱਡ ਅੜਿੱਕਾ ਲੈਂਦੇ ਫਿਰਦੇ ਆ, ਸੋਚਦੇ ਆ ਕਿਸੇ ਨਾ ਕਿਸੇ ਬਹਾਨੇ ਭਾਈ ਸੂਤ ਹੀ ਆ ਜਾਏ। ਕਿਸੇ ਕਵੀ ਦੇ ਆਖਣ ਵਾਗੂ, "ਘੜੀ ਘੜੀ ਹੁਣ ਨੇਤਾ ਇਹ ਸੋਚਦੇ ਨੇ, ਕਿਸਮਤ ਆਪਣੀ ਕਿਵੇਂ ਅਜਮਾਈ ਜਾਵੇ"। ਪਰ ਭਾਈ ਰਤਾ ਕੁ ਦਮ ਤਾਂ ਕਰੋ, ਸਿਆਣੇ ਆਂਹਦੇ ਆ ਸਬਰ ਦਾ ਫਲ ਮਿੱਠਾ ਹੁੰਦਾ, ਆਹ ਆਪਣੀ ਮੋਤੀਆਂ ਵਾਲੀ ਸਰਕਾਰ ਨੂੰ ਕੁਝ ਚਿਰ ਤਾਂ ਰਾਜ ਕਰਨ ਦਿਉ, ਮਸਾਂ ਤਾਂ ਉਹਦੀ ਵਾਰੀ ਆਈ ਆ।

ਤਿੜਕੀ ਧਰਤੀ ਵਿਹੁਲਾ ਪਾਣੀ
, ਚਿੜੀ ਵਿਚਾਰੀ ਕੀ ਕਰੇ?

ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ
ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਇਸ ਸਾਲ ਅਕਤੂਬਰ ਤੱਕ ਇਸ਼ਤਿਹਾਰਾਂ 'ਤੇ ਲਗਭਗ 3735 ਕਰੋੜ ਰੁਪਏ ਖਰਚੇ ਹਨ। ਪ੍ਰਾਪਤ ਸੂਚਨਾ ਮੁਤਾਬਿਕ ਕਮਿਊਨਿਟੀ ਰੇਡੀਓ, ਡਿਜ਼ੀਟਲ ਸਿਨੇਮਾ, ਦੂਰਦਰਸ਼ਨ,ਇੰਟਰਨੈਟ, ਐਸ.ਐਮ.ਐਸ. ਦੇ ਇਸ਼ਤਿਹਾਰਾਂ 'ਤੇ 1656 ਕਰੋੜ ਅਤੇ ਪ੍ਰਿੰਟ ਮੀਡੀਆ ਉਤੇ 1698 ਕਰੋੜ ਖਰਚੇ ਗਏ ਹਨ। ਇਹਨਾ ਸਾਰੇ ਇਸ਼ਤਿਹਾਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵਿਖਾਇਆ ਗਿਆ ਹੈ।

ਭਾਈਓ ਔਰ ਬਹਿਨੋ
, ਜਦ ਰਾਜ ਮੋਦੀ ਦਾ ਹੈ ਤਾਂ ਗੁਣ ਵੀ ਮੋਦੀ ਦੇ ਹੀ ਗਾਏ ਜਾਣੇ ਹਨ। ਇਤਰਾਜ ਕਾਹਦਾ?
ਭਾਈਓ ਔਰ ਬਹਿਨੋ, ਜਦ ਰਾਜ ਮੋਦੀ ਦਾ ਹੈ ਤਾਂ ਮੋਦੀ ਦੇ ਬੰਦਿਆਂ ਹੀ ਲੋਕਾਂ ਨੂੰ ਕੁੱਟਣਾ ਹੈ, ਮਾਰਨਾ ਹੈ, ਉਹਨਾ ਨਾਲ ਧੋਖਾ ਕਰਨਾ ਹੈ, ਉਹਨਾ ਨਾਲ ਬੇਇਮਾਨੀ ਕਰਨੀ ਹੈ। ਇਤਰਾਜ ਕਾਹਦਾ?
ਭਾਈਓ ਔਰ ਬਹਿਨੋ, ਜਦ ਰਾਜ ਮੋਦੀ ਦਾ ਹੈ ਤਾਂ ਉਹਨੇ ਹੀ ਵੇਖਣਾ ਹੈ ਕਿ ਕੌਣ ਭੁੱਖਾ ਮਰੇ, ਕੌਣ ਰੱਜੇ?
ਜੇਬਾਂ ਗਰੀਬਾਂ ਦੀਆਂ ਖਾਲੀ ਕਰਨੀਆਂ ਹਨ ਤੇ ਕਾਰਪੋਰੇਟੀਆਂ ਦੀਆਂ ਭਰਨੀਆਂ ਹਨ। ਇਤਰਾਜ਼ ਕਾਹਦਾ?
ਭਾਈਓ ਔਰ ਬਹਿਨੋ, ਮੋਦੀ ਜੀ ਚਾਹ ਪੀਣ ਜਾਂ ਲੱਸੀ! ਮੋਦੀ ਜੀ ਕੁੜਤਾ ਪਾਉਣ ਜਾਂ ਪੈਂਟ ਸੂਟ! ਮੋਦੀ ਜੀ ਪ੍ਰਧਾਨ ਮੰਤਰੀ ਨਿਵਾਸ ਰਹਿਣ ਜਾਂ ਕਿਸੇ ਵੱਡੇ ਸੇਠ ਦੇ ਮਹੱਲ। ਮੋਦੀ ਜੀ ਟਰੰਪ ਨਾਲ ਬੈਠਣ ਜਾਂ ਰੂਸ ਦੇ ਪੁਤਿਨ ਨਾਲ ਗਲਵਕੜੀ ਪਾਉਣ! ਇਤਰਾਜ਼ ਕਾਹਦਾ?
ਮੋਦੀ ਜੀ, ਭਾਈਓ ਔਰ ਬਹਿਨੋ, ਤੁਹਾਡੀ ਰਸੋਈ ਵਿੱਚ ਝਾਕਣ ਜਾਂ ਡਰਾਇੰਗ ਰੂਮ ', ਤੁਹਾਡੇ ਹੱਕ ਖੋਹਣ, ਜਾਂ ਤੁਹਾਨੂੰ ਲੁੱਟਣ, ਮੋਦੀ ਜੀ ਹਰ ਟੇਸ਼ਨ 'ਤੇ ਹਰ ਪਿੰਡ 'ਚ ਹਰ ਸ਼ਹਿਰ ', ਹਰ ਕੇਬਲ ਟੀਵੀ ਤੇ ਦਿਸਣ ਜਾਂ ਫੇਸ ਬੁੱਕ ਤੇ ਇਤਰਾਜ਼ ਕਾਹਦਾ?
ਪਰ ਇਤਰਾਜ ਤਾਂ ਭਾਈ ਇਹ ਹੈ ਕਿ ਦੇਸ਼ ਲੁਟਿਆ ਜਾ ਰਿਹਾ ਹੈ! ਪਿਆਰੀ ਧਰਤੀ ਤਿੜਕ ਰਹੀ ਹੈ, ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਤੇ ਸੋਨੇ ਦੀ ਚਿੜੀ ਕਹਾਉਂਦੀ ਵਿਚਾਰੀ ਬਣੀ ਚਿੜੀ ਹੁਣ ਬਿਨਾਂ ਪਾਣੀਓ ਆਖਿਰ ਕੀ ਕਰੇ?

ਨੀਲੇ ਰੰਗ ਦਾ ਜ਼ਹਿਰ ਏ! ਵਰਤਾਂਦਾ ਪਿਆ ਕਹਿਰ ਏ!

ਖ਼ਬਰ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਚੋਣ ਹਲਫ਼ਨਾਮਿਆਂ ਦਾ
ਵਿਸ਼ਲੇਸ਼ਨ ਕਰਨ ਵਾਲੇ ਦੋ ਗੈਰ-ਸਰਕਾਰੀ ਸੰਗਠਨਾਂ ਨੇ ਦੱਸਿਆ ਕਿ ਚੋਣ ਮੈਦਾਨ 'ਚ ਉਤਰੇ 397 ਉਮੀਦਵਾਰ ਕਰੋੜਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਗੁਜਰਾਤ ਇਲੈਕਸ਼ਨ ਵਾਚ (ਜੀ ਈ ਡਬਲਿਊ) ਅਨੁਸਾਰ ਕੁਲ 1828 ਉਮੀਦਵਾਰਾਂ ਵਿਚੋਂ 1098 ਨੇ ਜਾਂ ਤਾਂ ਬਾਹਰਵੀਂ ਜਾਂ ਉਸ ਤੋਂ ਘੱਟ ਪੜ੍ਹਾਈ ਕੀਤੀ ਹੈ। ਭਾਜਪਾ ਦੇ 142 ਉਮੀਦਵਾਰ ਕਰੋੜਪਾਤੀ ਹਨ। ਕਾਂਗਰਸ ਦੇ ਕਰੋੜਪਤੀ ਉਮੀਦਵਾਰਾਂ ਦੀ ਗਿਣਤੀ 127 ਹੈ। ਸਭ ਤੋਂ ਅਮੀਰ ਕਾਂਗਰਸ ਦੇ ਉਮੀਦਵਾਰ ਪੰਕਜ ਪਟੇਲ ਦੀ ਕੁਲ 231.93 ਕਰੋੜ ਦੀ ਜਾਇਦਾਦ ਹੈ।
ਬਿਨ ਭਿਣਕੇ ਕੱਟਣ ਵਾਲੇ ਮੋਟੇ ਮੱਛਰ ਨੇ ਦੇਸ਼ ਦੇ ਇਹ ਨੇਤਾ
, ਜਿਹੜੇ ਪੈਸੇ ਦਾ ਆਹੂ ਲਾਹੀ ਜਾਂਦੇ ਨੇ! ਲੋਕਾਂ ਨੂੰ ਕੰਗਾਲ ਕਰੀ ਜਾਂਦੇ ਨੇ ਅਤੇ ਆਪ ਗੁਲਛਰੇ ਉਡਾਉਂਦੇ ਨੇ। ਕਈ ਦਹਾਕੇ ਚਿੱਟਿਆਂ ਚੱਟਿਆ, ਹੁਣ ਭਗਵੇਂ, ਬੂਟੇ ਤੋਂ ਬਚਦੇ ਟਮਾਟਰ ਖਾਣ ਦੇ ਰਾਹ ਪਏ ਹੋਏ ਨੇ। ਵੇਖੋ ਨਾ, ਵੱਡਾ ਨੇਤਾ ਟਾਹਰਾਂ ਮਾਰਦਾ ਏ, ਦੇਸ਼ ਨੂੰ ਬਚਾਉਣ ਦੀਆਂ, ਦੇਸ਼ ਨੂੰ ਦੁਨੀਆਂ 'ਚ ਸਭ ਤੋਂ ਅੱਗੇ ਲਿਆਉਣ ਦੀਆਂ, ਤਸਕਰਾਂ, ਨਸ਼ੇੜੀਆਂ, ਧਨਾਢਾਂ, ਭ੍ਰਿਸ਼ਟਾਚਾਰੀਆਂ ਨੂੰ ਅੰਦਰੀ ਡੱਕਣ ਦੀਆਂ 'ਤੇ ਉਹੀ ਗੁਰਗੇ ਭਾਈ ਜੇਲ ਕੋਠੀ ਦੇ ਠੰਡੇ ਕਮਰੇ 'ਚ ਬੈਠੇ ਅਖਬਾਰ ਪੜ੍ਹਦੇ ਹਨ, ਲੋਕਾਂ ਦੇ ਲਹੂ ਨਾਲ ਨਹਾਤੇ ਸੱਜਰੇ ਚਿੱਟੇ ਦੁੱਧ ਦੀਆਂ ਬਾਤਾਂ ਆਪਣਿਆਂ ਨਾਲ ਪਾਉਂਦੇ! ਉਹੀ ਜਿਹੜੇ ਵਿਰੋਧੀ ਪਾਰਟੀ 'ਚ ਤਸਕਰ ਹਨ। ਜਿਹੜੇ ਵਿਰੋਧੀ ਪਾਰਟੀ 'ਚ ਲੁਟੇਰੇ ਹਨ। ਜਿਹੜੇ ਵਿਰੋਧੀ ਪਾਰਟੀ 'ਚ ਬੇਇਮਾਨ ਹਨ। ਉਹੀ ਆਪਣੀ ਪਾਰਟੀ 'ਚ ਆਉਣ ਨਾਲ ਸ਼ਰੀਫ ਬਣ ਜਾਂਦੇ ਹਨ। ਇਮਾਨਦਾਰ ਬਣ ਜਾਂਦੇ ਹਨ ਅਤੇ ਵੱਡਿਆਂ ਦੇ ਗੁੱਗੇ ਗਾਕੇ ਦੇਸ਼ ਦੇ ਨੇਤਾ ਬਣ, ਲੋਕਾਂ ਦੇ ਨੁਮਾਇੰਦੇ ਬਣ ਖੜੋਂਦੇ ਨੇ। ਭਾਈ ਇਹੀ ਨੀਲੇ ਰੰਗ ਦਾ ਜ਼ਹਿਰ ਹੈ। ਜੋ ਦੇਸ਼ ਉਤੇ ਵਰਤਾਂਦਾ ਪਿਆ ਕਹਿਰ ਏ।

ਮਰ ਜਾਏ ਜ਼ਮੀਰ ਇਨਸਾਨ ਦੀ ਜਦ
,
ਛਿੱਕੇ ਟੰਗਕੇ ਸ਼ਰਮ ਉਹ ਢੋਰ ਬਣਦਾ
ਖ਼ਬਰ ਹੈ ਕਿ ਦੀਵਾਲੀ ਤੱਕ ਰਾਮ ਜਨਮ ਭੂਮੀ ਦੀ ਨੀਂਹ ਰੱਖਣ ਦਾ ਦਾਅਵਾ ਕਰਦਿਆਂ ਮੱਧ
ਪ੍ਰਦੇਸ਼ ਦੇ ਇੱਕ ਵੱਡੇ ਭਾਜਪਾ ਨੇਤਾ ਨੇ ਕਿਹਾ ਕਿ ਵਿਵਾਦਪ੍ਰਸਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਦਾ ਫੈਸਲਾ ਹਿੰਦੂਆਂ ਦੇ ਪੱਖ ਵਿੱਚ ਹੀ ਹੋਵੇਗਾ ਅਤੇ ਜੇ ਨਾ ਹੋਇਆ ਤਾਂ ਕਰਵਾ ਲਿਆ ਜਾਵੇਗਾ। ਭਾਜਪਾ ਨੇਤਾ ਤਪਨ ਨੇ ਕਿਹਾ ਕਿ ਅਦਾਲਤ ਤੋਂ ਬਾਅਦ ਲੋਕ ਸਭਾ ਵਿੱਚ ਭਾਜਪਾ ਦੇ ਲੋਕ ਬੈਠੇ ਹਨ ਅਤੇ ਇਹ ਲੋਕ ਆਯੁਧਿਆ ਮੰਦਰ ਲਈ ਕਾਨੂੰਨ ਬਣਾਉਣਗੇ ਅਤੇ ਇਹਨਾ ਨੂੰ ਪਾਸ ਕਰਵਾਉਣਗੇ। ਤਪਨ ਨੇ ਕਿਹਾ ਕਿ ਅਦਾਲਤ ਵਿੱਚ ਪਿਛਲੇ 25 ਸਾਲਾਂ ਤੋਂ ਮੰਦਿਰ ਦਾ ਮਾਮਲਾ ਲਟਕ ਰਿਹਾ ਹੈ ਅਤੇ ਇਹ ਇਕ ਤਰ੍ਹਾਂ ਹਿੰਦੂਆਂ ਦਾ ਅਪਮਾਨ ਹੈ। ਉਹਨਾ ਕਿਹਾ ਕਿ ਰਾਮ ਜਨਮ ਭੂਮੀ ਮੰਦਰ ਦਾ ਅੰਦੋਲਨ ਸਾਲ 1500 ਈਸਵੀ 'ਚ ਸ਼ੁਰੂ ਹੋਇਆ ਸੀ ਅਤੇ ਇਸ ਲਈ 77 ਅੰਦੋਲਨ ਹੋ ਚੁੱਕੇ ਹਨ। ਉਸਨੇ ਇਹ ਵੀ ਕਿਹਾ ਕਿ ਹਾਲੇ ਤਾਂ ਆਯੋਧਿਆ ਮੰਦਰ ਲਈ ਅੰਦੋਲਨ ਹੋਇਆ ਹੈ, ਮਥੁਰਾ ਤੇ ਕਾਸ਼ੀ ਦੇ ਮੰਦਰਾਂ ਲਈ ਅੰਦੋਲਨ ਹੋਣਾ ਬਾਕੀ ਹੈ।

ਅਸੀਂ ਤਾਂ ਸੁਣਿਆ ਸੀ ਕਿ ਦੇਸ਼ ਮਹਾਨ ਸਭਨਾ ਦਾ ਹੈ
, ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਇਸਾਈਆਂ ਦਾ!
ਅਸੀਂ ਤਾਂ ਸੁਣਿਆ ਸੀ ਕਿ ਦੇਸ਼ ਮਹਾਨ ਤਾਂ ਸਾਰੀਆਂ ਬੋਲੀਆਂ ਬੋਲਣ ਵਾਲੇ ਭਾਰਤੀਆਂ ਦਾ ਹੈ।
ਅਸੀਂ ਤਾਂ ਸੁਣਿਆ ਸੀ ਕਿ ਇਹਨਾ ਸਾਰੇ ਧਰਮਾਂ, ਬੋਲੀਆਂ, ਵੱਖਰੀ ਪਹਿਚਾਣ ਵਾਲੇ ਲੋਕਾਂ ਦੇ ਹੱਕ ਇਕੋ ਜਿਹੇ ਹਨ!
ਅਸੀਂ ਤਾਂ ਸੁਣਿਆ ਸੀ ਹਰ ਕੋਈ ਇਥੇ ਬੋਲ ਸਕਦਾ ਹੈ, ਆਪਣੀ ਗੱਲ ਕਹਿ ਸਕਦਾ ਹੈ, ਜਿਵੇਂ ਚਾਹੇ ਤੇ ਜਿਥੇ ਚਾਹੇ ਰਹਿ ਸਕਦਾ ਹੈ।
ਅਸੀਂ ਤਾਂ ਇਹ ਵੀ ਸੁਣਿਆ ਸੀ ਕਿ ਇਸ ਦੇਸ਼ ਮਹਾਨ ਦੇ ਕੋਨੇ-ਕੋਨੇ ਕਥਿਤ ਰੱਬ ਵੱਸਦਾ ਹੈ!
ਪਰ ਇਹਨਾ ਨੇਤਾਵਾਂ ਨੇ ਸਮਝਾ  ਦਿੱਤਾ ਭਾਈ ਕਿ ਦੇਸ਼ ਤਾਂ ਸਿਰਫ ਮਰੀ ਹੋਈ ਜ਼ਮੀਰ ਵਾਲੇ ਢੋਰਾਂ ਦਾ ਆ, ਜਿਹੜੇ ਮੰਦਰਾਂ, ਮਸਜਿਦਾਂ 'ਚ "ਉਪਰਲੇ ਰੱਬ" ਦੇ ਦਰਸ਼ਨ ਲੱਭਦੇ ਆ। ਤਦੇ ਤਾਂ ਪੰਜਾਬੀ ਦਾ ਇੱਕ ਕਵੀ ਇਹੋ ਜਿਹੇ ਲੋਕਾਂ ਬਾਰੇ ਇਹ ਸਤਰਾਂ ਕਹਿਣ ਲੱਗਾ ਵੀ ਨਹੀਂ ਡਰਦਾ,

"ਮਰ ਜਾਏ ਜ਼ਮੀਰ ਇਨਸਾਨ ਦੀ ਜਦ, ਛਿੱਕੇ ਟੰਗਕੇ ਸ਼ਰਮ ਉਹ ਢੋਰ ਬਣਦਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ

·       2017 ਵਿੱਚ ਗਊ ਦੇ ਨਾਮ ਉਤੇ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਸੰਖਿਆ 11 ਪੁੱਜ ਗਈ ਹੈ। ਸਾਲ 2012 ਤੋਂ 2017 ਤੱਕ ਗਊ ਰੱਖਿਆ ਦੇ ਨਾਮ ਉਤੇ 29 ਲੋਕਾਂ ਦੀ ਹੱਤਿਆ ਹੋ ਚੁੱਕੀ ਹੈ ਅਤੇ ਇਸ ਵਿਚੋਂ 25 ਮੁਸਲਿਮ ਭਾਈਚਾਰੇ ਦੇ ਲੋਕ ਹਨ।
ਇੱਕ ਵਿਚਾਰ

ਅੱਜ ਨੂੰ ਟਾਲ ਕੇ ਤੁਸੀਂ ਕੱਲ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ............ ਅਬਰਾਹਮ ਲਿੰਕਨ

ਗੁਰਮੀਤ ਪਲਾਹੀ , ਲੇਖਕ
 
9815802070

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.