ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਵਿਰੋਧੀ ਧਿਰ, ਭਾਜਪਾ ਅਤੇ ਲੋਕ ਸਭਾ ਚੋਣਾਂ
ਵਿਰੋਧੀ ਧਿਰ, ਭਾਜਪਾ ਅਤੇ ਲੋਕ ਸਭਾ ਚੋਣਾਂ
Page Visitors: 2473

ਵਿਰੋਧੀ ਧਿਰ, ਭਾਜਪਾ ਅਤੇ ਲੋਕ ਸਭਾ ਚੋਣਾਂ
ਦੇਸ਼ ਦੇ ਵਿਕਾਸ, ਰੁਜ਼ਗਾਰ, ਸਿੱਖਿਆ, ਸਿਹਤ, ਨਾਗਰਿਕ ਸੁਰੱਖਿਆ, ਕਿਸਾਨਾਂ ਨੂੰ ਫ਼ਸਲ ਦਾ ਉਚਿਤ ਮੁੱਲ ਦੇਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦਿਆਂ ਨੂੰ ਛੱਡ ਕੇ ਅੱਜ ਲੋਕ ਚਰਚਾ ਵਿੱਚ ਸੰਪਰਦਾਇਕ ਮੁੱਦੇ ਹਨ। ਇਹਨਾਂ ਵਿੱਚ ਗੳੂ ਰੱਖਿਆ ਤੋਂ ਲੈ ਕੇ ਪਾਕਿਸਤਾਨ, ਸਕੂਲ ਸਿਲੇਬਸ ਤੋਂ ਲੈ ਕੇ ਕੀ ਪਹਿਨਣਾ ਚਾਹੀਦਾ ਹੈ ਅਤੇ ਕੀ ਨਹੀਂ ਅਤੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੀ ਵਿਵਸਥਾ ਤੋਂ ਛੁਟਕਾਰਾ ਕਿਵੇਂ ਦੁਆਇਆ ਜਾਵੇ ਆਦਿ ਸ਼ਾਮਲ ਹਨ। ਅਸਲ ਵਿੱਚ ਇਹ ਸੰਪਰਦਾਇਕ ਮੁੱਦੇ ਦੇਸ਼ ’ਤੇ ਰਾਜ ਕਰ ਰਹੀ ਸਿਆਸੀ ਪਾਰਟੀ ਭਾਜਪਾ ਦੇ ਹਰਮਨ-ਪਿਆਰੇ ਹਨ, ਜਿਹੜੀ ਅਸਲ ਮੁੱਦਿਆਂ ਬਾਰੇ ਚਰਚਾ ਹੀ ਨਹੀਂ ਕਰਨਾ ਚਾਹੁੰਦੀ, ਪਰ ਵਿਰੋਧੀ ਧਿਰ ਵੀ ਸਿਆਸੀ ਇੱਛਾ ਸ਼ਕਤੀ ਦੀ ਕਮੀ ਕਾਰਨ ਇਹਨਾਂ ਗੰਭੀਰ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆਉਣ ’ਚ ਕਾਮਯਾਬ ਨਹੀਂ ਹੋ ਰਹੀ।
  ਮੋਦੀ ਦੀ ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ। ਇਸ ਵੇਰ ਮੋਦੀ ਸਰਕਾਰ ਵੱਲੋਂ ਲਿਆਂਦਾ ਗਿਆ ਆਪਣਾ ਆਖਰੀ ਬੱਜਟ ਵੀ ਆਸ ਬੰਨਾਉਣ ਵਾਲਾ ਨਹੀਂ, ਕੇਵਲ ਵਾਅਦਿਆਂ ਦਾ ਪੁਲੰਦਾ ਹੀ ਹੈ। ਕੇਂਦਰ ਸਰਕਾਰ ਦੇ ਕੰਮ-ਕਾਰ ਦੀ ਸਮੀਖਿਆ ਇਸ ਆਧਾਰ ਉੱਤੇ ਕਰਨ ਦੀ ਲੋੜ ਹੈ ਕਿ ਇਹਨਾਂ ਸਾਲਾਂ ’ਚ ਉਸ ਨੇ ਕੀ-ਕੀ ਕੰਮ ਕੀਤੇ?  ਕਿੰਨੇ ਚੋਣ ਵਾਅਦੇ ਭਾਜਪਾ ਨੇ ਪੂਰੇ ਕੀਤੇ?
ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਘੋੜੇ ਉੱਤੇ ਸਵਾਰ ਹੋ ਕੇ ਆਈ ਸੀ, ਨਵੀਂਆਂ ਨੌਕਰੀਆਂ ਦਾ ਪਟਾਰਾ ਉਸ ਨੇ ਖੋਲਣਾ ਸੀ, ਲੋਕਾਂ ਦੇ ਜੀਵਨ ਦਾ ਪੱਧਰ ਉੱਚਾ ਉਸ ਨੇ ਚੁੱਕਣਾ ਸੀ, ਲੋਕਾਂ ਨੂੰ ਚੰਗੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣੀਆਂ ਸਨ, ਸਭ ਦਾ ਵਿਕਾਸ ਕਰਨਾ ਸੀ ਅਤੇ ਕਿਸੇ ਨੂੰ ਵੀ ਨਿਰਾਸ਼ ਨਹੀਂ ਸੀ ਕਰਨਾ, ਪਰ ਹੋਇਆ ਕੀ?  ਮੋਦੀ ਸਰਕਾਰ ਜੁਮਲਿਆਂ ਵਾਲੀ ਸਰਕਾਰ ਹੀ ਬਣ ਕੇ ਰਹਿ ਗਈ।
ਸਵਾਲ ਉੱਠਦਾ ਹੈ ਕਿ ਅੱਜ ਹਰ ਕੋਈ ਨਿਰਾਸ਼ ਕਿਉਂ ਹੈ? ਕੀ ਲੋਕਾਂ ਵਿੱਚ ਮੋਦੀ ਸਰਕਾਰ ਦਾ ਅਕਸ ਲੋਕ-ਹਿੱਤੂ, ਵਿਕਾਸਸ਼ੀਲ ਸਰਕਾਰ ਵਾਲਾ ਬਣ ਸਕਿਆ ਹੈ? ਭਾਜਪਾ ਤਾਂ ਆਪਣੀਆਂ ਪ੍ਰਾਪਤੀਆਂ ਨੂੰ ਗਿਣ-ਗਿਣ ਕੇ ਲੋਕਾਂ ਸਾਹਮਣੇ ਪੇਸ਼ ਕਰੇਗੀ। ‘ਬੇਟੀ-ਬਚਾਓ, ਬੇਟੀ ਪੜਾਉ’, ਸਵੱਛ ਭਾਰਤ, ਜਨ ਧਨ ਯੋਜਨਾ, ਆਦਰਸ਼ ਗ੍ਰਾਮ ਯੋਜਨਾ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਆਦਿ ਯੋਜਨਾਵਾਂ ਰਾਹੀਂ ਆਪਣੀ ਸਫ਼ਲਤਾ ਦੇ ਕਿੱਸੇ ਲੋਕਾਂ ਨੂੰ ਸੁਣਾਏਗੀ ਜਾਂ ਸੁਣਾ ਰਹੀ ਹੈ, ਪਰ ਕੀ ਦੇਸ਼ ਦੀ ਵਿਰੋਧੀ ਧਿਰ ਉਸ ਸੱਚ ਨੂੰ, ਜੋ ਇਹਨਾਂ ਯੋਜਨਾਵਾਂ ਦੇ ਅੰਦਰ ਲੁਕਿਆ ਪਿਆ ਹੈ, ਲੋਕਾਂ ਸਾਹਮਣੇ ਲਿਆਵੇਗੀ ਜਾਂ ਲਿਆਉਣ ’ਚ ਕਾਮਯਾਬ ਹੋਈ ਹੈ?
ਦੇਸ਼ ਦੀ ਸਿਆਸੀ ਤਸਵੀਰ ਵੇਖੋ : ਉੱਤਰੀ ਭਾਰਤ ਲੱਗਭੱਗ ਭਾਜਪਾ ਨੇ ਜਿੱਤ ਲਿਆ ਹੈ। ਉੱਤਰ ਪ੍ਰਦੇਸ਼ ’ਚ ਤਕੜੀ ਜਿੱਤ ਹਾਸਲ ਕਰ ਕੇ, ਬਿਹਾਰ ’ਚ ਹਾਰਨ ਤੋਂ ਬਾਅਦ ਨਿਤੀਸ਼ ਕੁਮਾਰ ਦੀ ਪਿੱਠ ਉੱਤੇ ਸਵਾਰ ਹੋ ਕੇ ਉਹ ਬਿਹਾਰ ਦੀ ਸੱਤਾ ਵਿੱਚ ਵੀ ਆਪਣੀ ਪਕੜ ਮਜ਼ਬੂਤ ਕਰਨ ਦੇ ਆਹਰ ਵਿੱਚ ਹੈ। ਨਿਤੀਸ਼ ਨਾਲੋਂ ਵੱਧ ਬਿਹਾਰ ਵਿੱਚ ਭਾਜਪਾ ਦੇ ਨੇਤਾਵਾਂ ਦੀ ਸਰਕਾਰੇ-ਦਰਬਾਰੇ ਜ਼ਿਆਦਾ ਪੁੱਛ-ਪ੍ਰਤੀਤ ਹੈ। ਜੇਕਰ ਕੁਝ ਸੂਬਿਆਂ ਨੂੰ ਛੱਡ ਵੀ ਦੇਈਏ, ਜਿਨਾਂ ’ਚ ਪੰਜਾਬ, ਕੇਰਲਾ, ਪੱਛਮੀ ਬੰਗਾਲ, ਉੜੀਸਾ, ਕਰਨਾਟਕਾ ਸ਼ਾਮਲ ਹਨ, ਬਾਕੀਆਂ ਸੂਬਿਆਂ ’ਚ ਭਾਜਪਾ ਜਾਂ ਉਸ ਦੇ ਸਹਿਯੋਗੀ ਸਰਕਾਰਾਂ ਬਣਾਈ ਬੈਠੇ ਹਨ, ਸਿਆਸੀ ਤੌਰ ’ਤੇ ਦੇਸ਼ ਭਰ ਵਿੱਚ ਭਾਜਪਾ ਦਾ ਬੋਲਬਾਲਾ ਹੈ ਅਤੇ ਨਰਿੰਦਰ ਮੋਦੀ ਦਾ ਰੌਲਾ ਹੈ।
2014 ਵਿੱਚ ਭਾਜਪਾ ਨੂੰ ਸਿਰਫ਼ ਇਕੱਤੀ ਫ਼ੀਸਦੀ ਵੋਟਾਂ ਮਿਲੀਆਂ ਸਨ। ਉਸ ਨੂੰ ਇਕੱਲਿਆਂ ਪੂਰਨ ਬਹੁਮੱਤ ਮਿਲ ਗਿਆ ਸੀ। ਸਰਕਾਰ ਬਣਾਉਣ ਲਈ ਚੋਣਾਂ ’ਚ ਗੱਠਜੋੜ ਵਾਲੀਆਂ ਸਿਆਸੀ ਪਾਰਟੀਆਂ ਦੀ ਉਸ ਨੂੰ ਲੋੜ ਹੀ ਨਹੀਂ ਸੀ। ਤਦ ਵੀ, ਉਸ ਨੇ ਇਹਨਾਂ ਸਿਆਸੀ ਪਾਰਟੀਆਂ ਦੇ ਨਾਲ ਨਾਂ-ਮਾਤਰ ਜਿਹੀ ਸਾਂਝ ਬਣਾਈ ਰੱਖੀ, ਪਰ ਨਿਸ਼ਾਨਾ ਇਹੀ ਸਾਧੀ ਰੱਖਿਆ ਕਿ ਆਉਣ ਵਾਲੀਆਂ 2019 ਦੀਆਂ ਚੋਣਾਂ, ਜੋ 2018 ਦੇ ਅਖੀਰ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਹ ਇਕੱਲਿਆਂ ਲੜੇ ਅਤੇ ਜਿੱਤੇ। ਸ਼ਾਇਦ ਭਾਜਪਾ ਵੱਲੋਂ ਆਪਣੇ ਸਹਿਯੋਗੀਆਂ ਪ੍ਰਤੀ ਵਿਖਾਈ ਜਾ ਰਹੀ ਉਦਾਸੀਨਤਾ ਦਾ ਹੀ ਸਿੱਟਾ ਹੈ ਕਿ ਸ਼ਿਵ ਸੈਨਾ ਉਸ ਨਾਲੋਂ ਤੋੜ ਵਿਛੋੜਾ ਕਰਨ ਦੇ ਰਾਹ ਪੈ ਗਈ ਹੈ। ਸ਼ੋ੍ਰਮਣੀ ਅਕਾਲੀ ਦਲ (ਬਾਦਲ) ਹਰਿਆਣੇ ’ਚ ਇਕੱਲਿਆਂ ਚੋਣ ਲੜਨ ਬਾਰੇ ਐਲਾਨ ਕਰ ਚੁੱਕਾ ਹੈ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦੇ ਕੇ ਭਾਜਪਾ ਇਕੱਲੀ-ਇਕਹਿਰੀ ਸਿਆਸੀ ਪਾਰਟੀ ਵਜੋਂ ਧੂਮ-ਧੜੱਕੇ ਅਤੇ ਮਨਮਰਜ਼ੀ ਨਾਲ ਦੇਸ਼ ਉੱਤੇ ਰਾਜ ਕਰਨ ਦੀ ਚਾਹਤ ਰੱਖਦੀ ਹੈ ਕਿ ਆਪਣੇ ਲੁਕਵੇਂ ਏਜੰਡੇ ‘ਹਿੰਦੂ ਰਾਸ਼ਟਰ’ ਨੂੰ ਉਹ ਲਾਗੂ ਕਰ ਸਕੇ।
ਇਹ ਚੋਣਾਂ, ਜਿਵੇਂ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਹਿਸ਼ ਪ੍ਰਗਟ ਕੀਤੀ ਹੈ, ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਹੋ ਸਕਦੀਆਂ ਹਨ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ, ਮਿਜ਼ੋਰਮ, ਕਰਨਾਟਕ, ਮੇਘਾਲਿਆ ਤੇ ਨਾਗਾਲੈਂਡ, ਜਿਨਾਂ ਦਾ ਕਾਰਜ ਕਾਲ 2018 ’ਚ ਪੂਰਾ ਹੋ ਰਿਹਾ ਹੈ, ਅਤੇ ਬਿਹਾਰ, ਮਹਾਰਾਸ਼ਟਰ, ਉੜੀਸਾ, ਆਂਧਰਾ ਪ੍ਰਦੇਸ਼, ਸਿੱਕਮ, ਤਿਲੰਗਾਨਾ, ਤਾਮਿਲ ਨਾਡੂ ’ਚ 2019 ’ਚ ਪੂਰਾ ਹੋਣਾ ਹੈ, ਲੋਕ ਸਭਾ ਚੋਣਾਂ ਨਾਲ ਚੋਣ ਮੈਦਾਨ ’ਚ ਜਾ ਸਕਦੇ ਹਨ।
ਭਾਜਪਾ ਦੇ ਵਿਰੋਧ ਵਿੱਚ ਦੇਸ਼ ਵਿੱਚ ਤਿੰਨ ਧਿਰਾਂ ਖੜੀਆਂ ਦਿੱਸ ਰਹੀਆਂ ਹਨ, ਜਿਨਾਂ ਵਿੱਚ ਆਪਸੀ ਦਰਾੜਾਂ ਹਨ। ਵੱਡੇ ਸੂਬੇ ਯੂ ਪੀ ’ਚ ਜਿੱਥੇ ਭਾਜਪਾ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕੀਤੀ, ਉਥੇ ਪ੍ਰਮੁੱਖ ਸਿਆਸੀ ਪਾਰਟੀਆਂ; ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਹਨ, ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਬੁਰੇ ਹਾਲੀਂ ਹਨ। ਉਹਨਾਂ ਕੋਲ ਵੋਟ ਬੈਂਕ ਤਾਂ ਹੈ, ਪਰ ਸਮਾਜਵਾਦੀ ਪਾਰਟੀ ’ਚ ਆਪਸੀ ਫੁੱਟ ਅਤੇ ਬਸਪਾ ਨਾਲ ਸਾਂਝ ਬਣਾਉਣ ’ਚ ਘੱਟ ਦਿਲਚਸਪੀ ਉਹਨਾਂ ਨੂੰ ਇੱਕ ਪਲੇਟਫਾਰਮ ਉੱਤੇ ਲਿਆਉਣ ’ਚ ਵੱਡੀ ਰੁਕਾਵਟ ਹੈ। ਕੇਂਦਰੀ ਜਾਂਚ ਏਜੰਸੀਆਂ ਦਾ ਦੋਹਾਂ ਪਾਰਟੀਆਂ ਦੇ ਨੇਤਾਵਾਂ ਉੱਤੇ ਘਪਲਿਆਂ ਦੇ ਦੋਸ਼ਾਂ ਪ੍ਰਤੀ ਦਬਾਅ ਵੀ ਉਹਨਾਂ ਦੀ ਰਾਜਨੀਤੀ ਉੱਤੇ ਅਸਰ ਪਾ ਰਿਹਾ ਹੈ।
ਵਿਰੋਧੀ ਧਿਰ ਵਿੱਚ ਬੈਠੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਪਸੀ ਰਿਸ਼ਤੇ ਸੁਖਾਵੇਂ ਨਹੀਂ ਹਨ। ਆਮ ਆਦਮੀ ਪਾਰਟੀ ਆਪਣੇ ਆਪ ਨੂੰ ਧਰਮ-ਨਿਰਪੱਖ ਮੰਨਦੀ ਹੈ ਅਤੇ ਕਾਂਗਰਸ ਨਾਲ ਉਸ ਦਾ ਟਕਰਾਅ ਇਸ ਕਰ ਕੇ ਵੀ ਹੈ। ਰਾਜਧਾਨੀ ਦਿੱਲੀ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ’ਚ ਚਾਰ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ, ਪਰ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਆਪਣਾ ਖੁੱਸਿਆ ਆਧਾਰ ਬਹਾਲ ਕਰ ਲਿਆ।
ਵਿਰੋਧੀ ਧਿਰ ਦੀ ਤੀਜੀ ਉਲਝਣ ਕਾਂਗਰਸ ਅਤੇ ਖੱਬੇ-ਪੱਖੀ ਪਾਰਟੀਆਂ ਦੇ ਆਪਸੀ ਰਿਸ਼ਤੇ ਹਨ। ਖੱਬੀਆਂ ਧਿਰਾਂ ਦੀ ਕੇਰਲਾ ਅਤੇ ਤਿ੍ਰਪੁਰਾ ਵਿੱਚ ਸਰਕਾਰ ਹੈ, ਪੱਛਮੀ ਬੰਗਾਲ ਵਿੱਚ ਉਹ ਮੁੱਖ ਵਿਰੋਧੀ ਪਾਰਟੀ ਹਨ, ਜਿੱਥੇ ਤਿ੍ਰਣਮੂਲ ਕਾਂਗਰਸ ਰਾਜ ਕਰਦੀ ਹੈ। ਕਾਂਗਰਸ ਦਾ ਵੀ ਪੱਛਮੀ ਬੰਗਾਲ ਵਿੱਚ ਆਪਣਾ ਕੁਝ ਆਧਾਰ ਹੈ। ਖੱਬੀਆਂ ਧਿਰਾਂ ਦਾ ਇੱਕ ਹਿੱਸਾ ਕਾਂਗਰਸ ਨਾਲ ਕੋਈ ਵੀ ਸਾਂਝ ਪਾਉਣ ਦੇ ਵਿਰੁੱਧ ਹੈ।
ਰਾਸ਼ਟਰੀ ਪੱਧਰ ਉੱਤੇ ਖੱਬੇ-ਪੱਖੀ ਧਿਰਾਂ ਹੀ ਇਸ ਵੇਲੇ ਇਹੋ ਜਿਹੀ ਸਥਿਤੀ ਵਿੱਚ ਹਨ, ਜੋ ਵਿਰੋਧੀ ਧਿਰਾਂ ਦੇ ਇਕੱਠ ਲਈ ਸਾਰਥਕ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੂੰ ਇੱਕ ਪਲੇਟਫਾਰਮ ਉੱਤੇ ਲਿਆ ਸਕਦੀਆਂ ਹਨ। ਜੇ ਕਾਂਗਰਸ ਅਤੇ ਖੱਬੇ-ਪੱਖੀ ਧਿਰਾਂ ਦੇ ਰਸਤੇ ਅੱਡੋ-ਅੱਡਰੇ ਰਹਿੰਦੇ ਹਨ ਤਾਂ ਵਿਰੋਧੀ ਦਲਾਂ ਦੀ ਏਕਤਾ ਔਖੀ ਹੋਵੇਗੀ।
ਵਿਰੋਧੀ ਧਿਰ, ਖ਼ਾਸ ਕਰ ਕੇ ਕਾਂਗਰਸ ਦੀ ਰਾਜਨੀਤੀ ਇਹ ਜਾਪਦੀ ਹੈ ਕਿ ਭਾਜਪਾ ਆਪਣੇ ਬੋਝ ਥੱਲੇ ਆਪ ਹੀ ਡਿੱਗ ਪਏਗੀ ਅਤੇ ਵਿਰੋਧੀ ਧਿਰ ਦੇ ਦਰਵਾਜ਼ੇ ‘ਸਿੰਮ-ਸਿੰਮ ਖੁੱਲ ਜਾ’ ਵਾਂਗ ਆਪੇ ਖੁੱਲ ਜਾਣਗੇ।
ਭਾਜਪਾ ਨੇ ਲੋਕਾਂ ਲਈ ਆਸਾਂ-ਉਮੀਦਾਂ ਦਾ ਇੱਕ ਜ਼ਬਰਦਸਤ ਮਾਹੌਲ ਬਣਾਇਆ ਸੀ। ਗੱਲੀਂ-ਬਾਤੀਂ ਤਾਂ ਭਾਜਪਾ ਨੇ ਲੋਕਾਂ ਦਾ ਬਥੇਰਾ ਢਿੱਡ ਭਰਿਆ ਹੈ, ਪਰ ਜ਼ਮੀਨੀ ਪੱਧਰ ਉੱਤੇ ਉਹ ਲੋਕਾਂ ਦੀਆਂ ਆਸਾਂ-ਉਮੀਦਾਂ ਨੂੰ ਪੂਰੇ ਕਰਨ ’ਚ ਨਾ-ਕਾਮਯਾਬ ਰਹੀ ਹੈ। ਭਾਜਪਾ ਦੀ ਇਹ ਗੱਲ ਜੇਕਰ ਲੋਕਾਂ ਤੱਕ ਵਿਰੋਧੀ ਧਿਰ ਨਹੀਂ ਪਹੁੰਚਾਏਗੀ ਤਾਂ ਫਿਰ ਹੋਰ ਕੌਣ ਪਹੁੰਚਾਏਗੀ? ਮਹਿੰਗਾਈ ਵਧ ਰਹੀ ਹੈ। ਡੀਜ਼ਲ ਤੇ ਪੈਟਰੋਲ ਨਿੱਤ ਮਹਿੰਗਾ ਹੋ ਰਿਹਾ ਹੈ। ਨੌਜਵਾਨਾਂ ਲਈ ਨੌਕਰੀਆਂ ਦੀ ਕਮੀ ਹੈ, ਬੁਨਿਆਦੀ ਢਾਂਚਾ ਉਸਾਰਨ ਲਈ ਨਵੇਂ ਪ੍ਰਾਜੈਕਟ ਆਰੰਭੇ ਨਹੀਂ ਜਾ ਰਹੇ, ਦੇਸ਼ ਵਿੱਚ ਚਾਰੇ ਪਾਸੇ ਨਿਰਾਸ਼ਤਾ ਦਾ ਆਲਮ ਹੈ। ਇਹ ਨਿਰਾਸ਼ਤਾ ਸਿਰਫ਼ ਦੇਸ਼ ਦੇ ਹਾਕਮਾਂ ਪ੍ਰਤੀ ਹੀ ਨਹੀਂ ਹੈ, ਸਗੋਂ ਸਮੁੱਚੇ ਪ੍ਰਬੰਧ ਪ੍ਰਤੀ ਵੀ ਹੈੇ।
ਭਾਜਪਾ ਵਿਰੁੱਧ ਵਿਰੋਧੀ ਧਿਰ ਦੀ ਇੱਕਮੁੱਠਤਾ ਸਮੇਂ ਦੀ ਲੋੜ ਹੈ। ਭਾਜਪਾ ਨੇ ਦੇਸ਼ ਨੂੰ ਜਿਸ ਦੋਰਾਹੇ ’ਤੇ ਖੜਾ ਕਰ ਦਿੱਤਾ ਹੈ, ਉਸ ਨਾਲ ਦੇਸ਼ ਦੀ ਭਾਈਚਾਰਕ ਏਕਤਾ ਨੂੰ ਤਾਂ ਖ਼ਤਰਾ ਬਣਿਆ ਹੀ ਹੈ, ਦੇਸ਼ ਦੀ ਆਰਥਿਕਤਾ ਨੂੰ ਵੀ ਭਾਜਪਾ ਦੀਆਂ ਕਾਰਪੋਰੇਟ ਘਰਾਣਿਆਂ ਹਿਤੈਸ਼ੀ ਨੀਤੀਆਂ ਕਾਰਨ ਖੋਰਾ ਲੱਗਾ ਹੈ।
ਦੇਸ਼ ਦਾ ਹਰ ਵਰਗ; ਕਿਸਾਨ, ਮਜ਼ਦੂਰ-ਮੁਲਾਜ਼ਮ ਪਹਿਲਾਂ ਨਾਲੋਂ ਔਖਾ ਹੋਇਆ ਹੈ; ਮਾਨਸਿਕ ਤੌਰ ’ਤੇ ਵੀ, ਆਰਥਿਕ ਤੌਰ ’ਤੇ ਵੀ ਅਤੇ ਸਮਾਜਿਕ ਤੌਰ ’ਤੇ ਵੀ। ਆਪਸੀ ਇੱਕਜੁੱਟਤਾ ਅਤੇ ਚੰਗੇਰੀ ਕਾਰਜਸ਼ੀਲ ਯੋਜਨਾ ਨਾਲ ਲੋਕਾਂ ਦੇ ਮੁੱਦੇ-ਮਸਲੇ ਉਠਾ ਕੇ ਆਮ ਚੋਣਾਂ ’ਚ ਵਿਰੋਧੀ ਧਿਰ 2014 ਵਾਲੀ ਆਪਣੀ ਗ਼ਲਤੀ ਨੂੰ ਦੁਹਰਾਉਣ ਤੋਂ ਬਚ ਸਕਦੀ ਹੈ।
ਗੁਰਮੀਤ ਪਲਾਹੀ , ਲੇਖਕ
ਫੋਨ ਨੰ:- 9815802070

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.