ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਸਿੰਘ ਮਹਿਦੂਦਾਂ
ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੀ ਪ੍ਰਤੀਕ ਬਣੀ ਗੌਰੀ ਲੰਕੇਸ਼ ਨਾਲ ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਨਿਰਾਜਗੀ
ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੀ ਪ੍ਰਤੀਕ ਬਣੀ ਗੌਰੀ ਲੰਕੇਸ਼ ਨਾਲ ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਨਿਰਾਜਗੀ
Page Visitors: 2574

ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਦੀ ਪ੍ਰਤੀਕ ਬਣੀ ਗੌਰੀ ਲੰਕੇਸ਼ ਨਾਲ ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਨਿਰਾਜਗੀ
Published On : Sep 22, 2017 12:00 AM

  • 5 ਸਤੰਬਰ ਤੋਂ ਬਾਅਦ ਪੱਤਰਕਾਰਤਾ ਨੂੰ ਲੈ ਕੇ ਮੇਰੇ ਮਨ 'ਚ ਅਜੀਬ ਜਿਹੀ ਬਚੈਨੀ ਪੈਦਾ ਹੋ ਗਈ ਜਿਸ ਵਿੱਚ ਪ੍ਰਤੀ ਦਿਨ ਇਜਾਫਾ ਹੁੰਦਾ ਗਿਆ। ਇਸ ਬੇਚੈਨੀ ਦੇ ਕਾਰਨ ਤੋਂ ਉੱਭਰਨ ਲਈ ਅਤੇ ਆਪਣੇ ਮਨ ਨੂੰ ਹਲਕਾ ਕਰਨ ਲਈ ਮੈਂ ਕਈ ਵਾਰ ਲਿਖਣ ਬੈਠਦਾ ਤੇ ਫੇਰ ਬੰਦ ਕਰ ਦਿੰਦਾ। ਕਈ ਵਾਰ ਰੋਜਮਰਾ ਦੀਆਂ ਖਬਰਾਂ ਲਿਖਦੇ ਦਾ ਮੇਰਾ ਮਨ ਏਸੇ ਬੇਚੈਨੀ ਦੇ ਕਾਰਨ ਦੇ ਚੱਲਦਿਆਂ ਖਬਰਾਂ ਲਿਖਣਾ ਬੰਦ ਕਰ ਦਿੰਦਾ ਅਤੇ ਇੱਕ ਸਿਰਲੇਖ ਲਿਖ ਕੇ ਉਸ ਨੂੰ ਤੱਕਦਾ ਰਹਿੰਦਾ, ਤੱਕਦਾ ਤੱਕਦਾ ਉਸ ਸਿਰਲੇਖ ਨੂੰ ਮਿਟਾ ਕੇ ਮੁੜ ਖਬਰਾਂ ਲਿਖਣ ਲੱਗ ਜਾਂਦਾ। ਅੱਧਾ ਮਹੀਨਾ ਬੀਤ ਗਿਆ ਅਜਿਹਾ ਹੀ ਕਰਦਿਆਂ, ਤੇ ਆਖਰਕਾਰ ਮਸ਼ਹੂਰ ਪੱਤਰਕਾਰ ਤੇ ਲੇਖਿਕਾ ਉਪਮਾ ਡਾਗਾ ਦੇ ਲੇਖ ਨੂੰ ਪੜ• ਕੇ ਲਿਖਣ ਬੈਠ ਗਿਆ ਕਈ ਦਿਨਾਂ ਦੀ ਬੇਚੈਨੀ ਨੂੰ ਖਤਮ ਕਰਨ ਲਈ। ਇਸਦੇ ਸਿਰਲੇਖ ਤੋਂ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਕਿ ਮੈਂ ਸਦਾ ਲਈ ਸਤਿਕਾਰਯੋਗ ਰਹਿਣ ਵਾਲੀ ਸ਼ਖਸੀਅਤ ਗੌਰਲ ਲੰਕੇਸ਼ ਬਾਰੇ ਲਿਖਣ ਜਾ ਰਿਹਾ ਹਾਂ ਪਰ ਏਹ ਮੇਰੀ ਬੇਚੈਨੀ ਨਹੀ ਜੋ ਮੈਨੂੰ ਵੱਢ ਵੱਢ ਖਾਂਦੀ ਰਹੀ, ਇਸਨੂੰ ਬੇਚੈਨੀ ਦਾ ਹਿੱਸਾ ਜਰੂਰ ਕਿਹਾ ਜਾ ਸਕਦਾ। 
    ਪਾਠਕੋ ਤੁਸੀਂ ਪੜ• ਚੁੱਕੋ ਹੋ ਅਤੇ ਜਾਣ ਚੁੱਕੇ ਹੋ ਕਿ 5 ਸਤੰਬਰ ਨੂੰ ਕੰਨੜ ਭਾਸ਼ਾ ਦੀ ਮਸ਼ਹੂਰ ਪੱਤਰਕਾਰ ਤੇ ਕ੍ਰਾਂਤੀਕਾਰੀ ਲੇਖਿਕਾ ਗੌਰੀ ਲੰਕੇਸ਼ ਨੂੰ ਦੋ ਅਣਪਛਾਤਿਆਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਪਿੱਛੇ ਦੇਸ਼ ਦੀ ਅੰਖਡਤਾ ਨੂੰ ਤਾਰ ਤਾਰ ਕਰਨ 'ਤੇ ਤੁਲੀਆਂ ਅਤੇ ਦੇਸ਼ ਦੀ ਏਕਤਾ ਦੀ ਦੁਸ਼ਮਣ ਬਣੀਆਂ ਹਿੰਦੂਤਵੀਂ ਤਾਕਤਾਂ ਦਾ ਹੱਥ ਹੋਣ ਦੀ ਗੱਲ ਪੂਰੇ ਦੇਸ਼ ਵਿੱਚੋਂ ਹਰ ਜਾਤ ਧਰਮ ਨਾਲ ਸਬੰਧਿਤ ਬੁੱਧੀਜੀਵੀ ਵਰਗ ਦੀ ਇੱਕ ਸਾਂਝੀ ਅਵਾਜ ਬਣ ਕੇ ਉੱਠੀ। ਹਿੰਦੂਵਾਦ ਪ੍ਰਤੀ ਦੋਸ਼ਾਂ ਨਾਲ ਭਰੀ ਇਸ ਤਰਕ ਸੰਗਤ ਅਵਾਜ ਨੂੰ ਕਿਸੇ ਵੀ ਕੀਮਤ ਤੇ ਨਕਾਰਿਆ ਨਹੀ ਜਾ ਸਕਦਾ ਕਿਉਂਕਿ ਗੌਰੀ ਲੰਕੇਸ਼ ਹੀ ਨਹੀ ਬਲਕਿ 20 ਅਗਸਤ 2013 ਨੂੰ ਕਤਲ ਕੀਤੇ ਡਾ: ਨਰਿੰਦਰ ਡਭੋਲਕਰ, 20 ਫਰਵਰੀ 2015 ਨੂੰ ਕਤਲ ਕੀਤੇ ਕਾਮਰੇਡ ਗੋਵਿੰਦ ਪਾਨਸਰੇ ਅਤੇ 30 ਅਗਸਤ 2015 ਨੂੰ ਕਤਲ ਕੀਤੇ ਪ੍ਰੋਫੈਸਰ ਐਮ ਐਮ ਕਲਬੁਰਗੀ ਦੀਆਂ ਲਿਖਤਾਂ ਇਸ ਵੰਡ ਪਾਊ ਤੇ ਵਰਣ ਅਤੇ ਜਾਤੀ ਵਿਵਸਥਾ ਨੂੰ ਮੁੜ ਤੋਂ ਮਜਬੂਤ ਕਰਨ ਲਈ ਤੇਜੀ ਨਾਲ ਕੰਮ ਕਰ ਰਹੀ ਹਿੰਦੂਵਾਦੀ ਸੋਚ ਦੇ ਪਾਜ ਉਦੇੜ ਰਹੀਆਂ ਹਨ।
    ਇਸਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਲਈ ਭਗਵਾਂ ਪਾਰਟੀ ਵੱਲੋਂ ਖੇਡੀ ਜਾ ਰਹੀ ਘਟੀਆ ਤੇ ਗੰਦੀ ਰਾਜਨੀਤੀ ਬਾਰੇ ਤਰਕਸੰਗਤ ਸੁਚੇਤ ਕਰ ਰਹੀਆਂ ਹਨ। ਕਿਸ ਪ੍ਰਕਾਰ ਏਹਨਾਂ ਦੁਆਰਾ ਬਣਾਇਆ ਜਾ ਰਿਹਾ ਹਿੰਦੂ ਰਾਸ਼ਟਰ ਭਵਿੱਖ ਵਿੱਚ ਦਲਿਤਾਂ, ਪਿਛੜਿਆਂ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਬਹੁਤ ਹੀ ਜਿਆਦਾ ਘਾਤਕ ਹੈ ਬਾਰੇ ਚਿੰਤਾ ਪ੍ਰਗਟਾ ਰਹੀਆਂ ਹਨ ਅਤੇ ਹੱਲ ਲਈ ਬੁੱਧੀਜੀਵੀ ਵਰਗ ਨੂੰ ਜਾਤੀ ਅਤੇ ਧਰਮ ਤੋਂ ਉੱਪਰ ਉੱਠ ਕੇ ਅੱਗੇ ਆਉਣ ਲਈ ਪ੍ਰੇਰਤ ਕਰ ਰਹੀਆਂ ਹਨ ਏਹ ਲਿਖਤਾਂ। ਦੇਸ਼ ਵਿੱਚ ਪਤਾ ਨਹੀ ਕੌਣ ਕੀ ਕੀ ਲਿਖੀ ਜਾ ਰਿਹਾ ਹੈ ਤੇ ਕੀ ਕੀ ਲਿਖ ਚੁੱਕਾ ਹੈ। ਅਜਿਹੀਆਂ ਲਿਖਤਾਂ ਪੜੀਆਂ, ਸੁਣੀਆਂ ਤੇ ਸਾਇਦ ਵਿਚਾਰੀਆਂ ਵੀ ਜਾਂਦੀਆਂ ਰਹੀਆਂ ਹੋਣ। ਜਿਨ•ਾਂ ਤੇ ਕਿਸੇ ਨੂੰ ਕੋਈ ਇਤਰਾਜ ਵੀ ਨਹੀ ਹੋਇਆ। ਪਰ ਗੌਰੀ ਲੰਕੇਸ਼ ਵਰਗੇ ਲੇਖਕਾਂ ਦੀਆਂ ਲਿਖਤਾਂ ਜੇਕਰ ਕਤਲ ਕੀਤੇ ਜਾਣ ਤੱਕ ਦੀ ਹੱਦ ਤੇ ਪਹੁੰਚ ਗਈਆਂ ਤਾਂ ਸਿੱਧਾ ਸਿੱਧਾ ਇਸਦਾ ਕੋਈ ਕਾਰਨ ਜਰੂਰ ਹੋਵੇਗਾ ਐਵੇਂ ਕੋਈ ਕਿਸੇ ਨੂੰ ਕਤਲ ਥੋੜੀ ਕਰ ਦੇਵੇਗਾ। ਏਹ ਕਤਲਾਂ ਸੰਬਧੀ ਪੈਦਾ ਹੋਇਆ ਅਜਿਹਾ ਸਵਾਲ ਹੈ ਜੋ ਏਸੇ ਸਵਾਲ ਦਾ ਖੁਦ ਹੀ ਉੱਤਰ ਵੀ ਹੈ ਕਿ ਹਿੰਦੂਰਾਸ਼ਟਰ ਦਾ ਨਿਰਮਾਣ ਕਰਨ ਤੁਰੀਆਂ ਤਾਕਤਾਂ ਨੂੰ ਅਜਿਹੇ ਲੇਖਿਕਾਂ ਦੀਆਂ ਲਿਖਤਾਂ ਕੰਮਜੋਰ ਕਰਦੀਆਂ ਹਨ ਜਾਂ ਇੰਝ ਕਹਿ ਲਵੋ ਕਿ ਏਹ ਅਜਿਹੀ ਕਿਰਿਆ ਹਨ ਜਿਸ ਤੋਂ ਖਿੱਝ ਕੇ ਹਿੰਦੂਵਾਦੀ ਤਾਕਤਾਂ ਪ੍ਰਤੀਕਿਰਿਆ ਕਰਨ ਲਈ ਮਜਬੂਰ ਹੋ ਰਹੀ ਹਨ। ਇਨ•ਾਂ ਹਿੰਦੂਵਾਦੀ ਤਾਕਤਾਂ ਦੇ ਅੱਖਾਂ ਵਿੱਚ ਰਵੀਸ਼ ਕੁਮਾਰ ਵਰਗਾ ਅਗਾਂਹ ਵਧੂ ਤੇ ਨਿਡਰ ਪੱਤਰਕਾਰ ਵੀ ਹੁਣ ਰੜਕਣ ਹੈ ਜੋ ਇੱਕ ਤੋਂ ਬਾਅਦ ਦੂਸਰੀ ਤਰਕਸੰਗਤ ਤਿੱਖੀ ਕਿਰਿਆ ਕਰ ਰਿਹਾ ਹੈ। ਜਿਸਨੂੰ ਹਿੰਦੂਵਾਦੀਆਂ ਦੀ ਕਿਸੇ ਵੀ ਪ੍ਰਕਾਰ ਦੀ ਪ੍ਰਤੀਕਿਰਿਆ ਤੋਂ ਬਚਾਉਣ ਲਈ ਸਾਨੂੰ ਹੁਣ ਤੋਂ ਹੀ ਸੁਚੇਤ ਹੋਣਾ ਹੋਵੇਗਾ। 
    ਗੌਰੀ ਲੰਕੇਸ਼ ਕੰਨੜ ਭਾਸ਼ਾ ਵਿੱਚ ਲਿਖਦੀ ਸੀ ਜਿਸ ਬਾਰੇ ਪੰਜਾਬ ਸਮੇਤ ਕੰਨੜ ਭਾਸ਼ਾ ਨੂੰ ਨਾ ਸਮਝਣ ਵਾਲੇ ਹੋਰਨਾਂ ਸੂਬਿਆਂ ਦਾ ਬੁੱਧੀਜੀਵੀ ਵਰਗ ਸਾਇਦ ਉਸਦੀਆਂ ਲਿਖਤਾਂ ਜੋ ਉਸ ਦੀ ਸੋਚ ਤੇ ਵਿਚਾਰਧਾਰਾ ਨੂੰ ਪ੍ਰਗਟ ਕਰਦੀਆਂ ਸਨ ਬਾਰੇ ਨਹੀ ਸੀ ਜਾਣਦਾ ਪਰ ਉਸਦੇ ਕਤਲ ਕੀਤੇ ਜਾਣ ਤੋਂ ਬਾਅਦ ਉਸਦੀ ਆਖਰੀ ਸੰਪਾਦਿਕੀ ਨੂੰ ਸ਼ੋਸਲ ਮੀਡੀਆ ਤੋਂ ਇਲਾਵਾ ਪੰਜਾਬ ਦੇ ਹਰ ਭਾਸ਼ਾ ਦੇ ਅਖਬਾਰ ਨੇ ਆਪਣੇ ਆਡੀਟੋਰੀਅਲ ਪੰਨੇ ਤੇ ਵਿਸ਼ੇਸ ਸਥਾਨ ਦਿੱਤਾ। ਏਸੇ ਕਾਰਨ ਗੌਰੀ ਲੰਕੇਸ਼ ਨੂੰ ਨਾ ਜਾਨਣ ਵਾਲੇ ਲੋਕ ਵੀ ਉਸਦੇ ਵਿਚਾਰਾਂ ਤੱਕ ਤੋਂ ਜਾਣੂ ਹੋ ਗਏ ਸਨ।
    ਕਰੋੜਾਂ ਲੋਕਾਂ ਦੁਆਰਾ ਪੜੀ ਜਾ ਚੁੱਕੀ ਉਸਦੀ ਇਸ ਸੰਪਾਦਿਕੀ ਵਿੱਚ ਅਜਿਹਾ ਕੁਝ ਨਹੀ ਸੀ ਜਿਸ ਕਾਰਨ ਆਮ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਦਾ ਤੇ ਉਹ ਗੌਰੀ ਲੰਕੇਸ਼ ਨੂੰ ਕਤਲ ਕਰ ਦਿੰਦੇ। ਪਰ ਉਸਦੀ ਸੰਪਾਦਿਕੀ ਵਿੱਚ ਅਜਿਹਾ ਬਹੁਤ ਕੁਝ ਸੀ ਜਿਸਨੇ ਹਿੰਦੂਵਾਦੀਆਂ ਦੀਆਂ ਜੜ•ਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਉਨ•ਾਂ ਵਿੱਚ ਪਹਿਲਾਂ ਹੀ ਪੈਦਾ ਹੋਈ ਘਬਰਾਹਟ ਵਿੱਚ ਹੋਰ ਵਾਧਾ ਕੀਤਾ। ਮੈਂ ਏਥੇ ਬੇਖੌਫ ਅਤੇ ਬਿਨ•ਾਂ ਕਿਸੇ ਨਤੀਜੇ ਦੀ ਪ੍ਰਵਾਹ ਕੀਤਿਆਂ ਲਿਖਾਂਗਾ ਕਿ ਏਹ ਘਬਰਾਹਟ ਹੀ ਉਸਦੀ ਸ਼ਹੀਦੀ ਦਾ ਕਾਰਨ ਬਣੀ ਜਿਸ ਤੋਂ ਭਗਵਾਂ ਰੰਗ ਹੁਣ ਮੁਨਕਰ ਹੋ ਰਿਹਾ ਹੈ। 
    ਪੰਜਾਬ ਦੇ ਲੋਕ ਚੰਗਾ ਖਾਣ ਪੀਣ ਦਾ ਸੌਂਕ ਤਾਂ ਰੱਖਦੇ ਹਨ ਪਰ ਪੜ•ਨ ਦਾ ਸੌਂਕ ਘੱਟ ਹੀ ਰੱਖਦੇ ਹਨ। ਪੜ•ਨ ਦਾ ਸੌਂਕ ਚਾਹੇ ਕਿਤਾਬਾਂ, ਰਸਾਲਿਆਂ ਦਾ ਹੋਵੇ ਜਾਂ ਅਖਬਾਰਾਂ ਦਾ, ਜਿਆਦਾ ਜਨ ਸੰਖਿਆ ਦੀ ਇਸਤੋਂ ਦੂਰੀ ਹੀ ਬਣੀ ਹੋਈ ਹੈ। ਜਿਆਦਾਤਰ ਲੇਖਕਾਂ ਦੀ ਕਲਮ ਵੀ ਗੌਰੀ ਲੰਕੇਸ਼ ਜਿਹੇ ਕਲਮਕਾਰਾਂ ਦੀ ਸੋਚ ਤੱਕ ਪਹੁੰਚਣੀ ਤਾਂ ਦੂਰ ਉਹ ਹੀਰ ਰਾਂਝਿਆਂ ਦੇ ਗਾਣਿਆਂ, ਚਿੜੀਆਂ ਕਬੂਤਰਾਂ ਦੀਆਂ ਕਹਾਣੀਆਂ, ਖਿਆਲੀ ਕੁਦਰਤੀ ਨਜਾਰਿਆਂ ਰੂਪੀ ਕਵਿਤਾਵਾਂ ਅਤੇ ਕਾਲਪਨਿਕ ਨਾਵਲਾਂ ਤੱਕ ਹੀ ਸੀਮਤ ਰਹੀ। ਜੇਕਰ ਪੱਤਰਕਾਰਾਂ ਦੀ ਗੱਲ ਕਰੀਏ ਤਾਂ ਬਹੁਤਿਆਂ ਨੂੰ ਦੂਸਰੇ ਅਖਬਾਰਾਂ ਦੀ ਤਾਂ ਛੱਡੋ ਆਪਣੇ ਅਖਬਾਰ ਵਿੱਚ ਕੀ ਛਪਿਆ ਬਾਰੇ ਵੀ ਪਤਾ ਨਹੀ  ਹੁੰਦਾ। ਆਪਣੀ ਇਸ ਕੰਮਜੋਰੀ ਤੇ ਪਰਦਾ ਪਾਉਣ ਦਾ ਇਨ•ਾਂ ਦਾ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਅੱਜ ਮੈਨੂੰ ਘਰੋਂ ਜਲਦੀ ਨਿਕਲਣਾ ਪੈ ਗਿਆ ਜਿਸ ਕਾਰਨ ਮੈਂ ਅਖਬਾਰ ਨਹੀ ਪੜ• ਸਕਿਆ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੱਤਰਕਾਰਾਂ ਨੇ ਆਪਣੇ ਹੀ ਅਖਬਾਰ ਦੀ ਸੰਪਾਦਿਕੀ ਤੱਕ ਨਹੀ ਪੜ•ੀ ਹੁੰਦੀ। ਏਸੇ ਕਾਰਨ ਹੀ ਪੰਜਾਬ ਵਿੱਚ ਅਜਿਹੇ ਪੱਤਰਕਾਰਾਂ ਜਾਂ ਲੇਖਕਾਂ ਦੀ ਬਹੁਤ ਘਾਟ ਹੈ ਜੋ ਗੌਰੀ ਲੰਕੇਸ਼ ਵਾਂਗ ਸਾਂਝੇ ਪੀੜੇ ਜਾਣ ਵਾਲੇ ਰਾਸ਼ਟਰੀ ਵਿਸ਼ਿਆਂ ਤੇ ਲਿਖਦੇ ਹੋਣ ਜੋ ਭਵਿੱਖ ਵਿੱਚ ਆਉਣ ਵਾਲੇ ਵੱਡੇ ਖਤਰਿਆਂ ਦੇ ਬਾਰੇ ਦੱਸਦੇ ਹੋਣ। ਅਜਿਹੇ ਖਤਰੇ ਜੋ ਸਮਾਜ ਤੋਂ ਹੱਲ ਹੋਣ ਦੀ ਚਾਹਨਾ ਰੱਖਦੇ ਹੋਣ। 
    ਆਪਣੀ ਬੇਚੈਨੀ ਬਾਰੇ ਦੱਸਣ ਤੋਂ ਪਹਿਲਾਂ ਉਪਰੋਕਤ ਜਾਣਕਾਰੀ ਦੇਣਾ ਬਹੁਤ ਜਰੂਰੀ ਸੀ ਕਿਉਂਕਿ ਏਹ ਲੇਖ ਲਿਖਣ ਦਾ ਮੇਰਾ ਮਕਸਦ ਹੰਕਾਰ ਤੇ ਫੌਕੀ ਹਉਮੇ ਦੀ ਗੂੜੀ ਨੀਂਦੇ ਸੁੱਤੇ ਪੱਤਰਕਾਰਾਂ ਅਤੇ ਲੇਖਕਾਂ ਨੂੰ ਉਨ•ਾਂ ਦੀ ਬਣਦੀ ਜਿੰਮੇਵਾਰੀ ਪ੍ਰਤੀ ਹਿਲੂਣਾ ਦੇਣਾ ਸੀ ਕਿ ਪਿਛਲੇ 3 ਸਾਲਾਂ ਵਿੱਚ ਹੀ 10 ਤੋਂ ਜਿਆਦਾ ਪੱਤਰਕਾਰ/ ਲੇਖਕ ਕਤਲ ਕੀਤੇ ਜਾ ਚੁੱਕੇ ਹਨ ਅਤੇ ਡੇਢ ਸੌ ਦੇ ਕਰੀਬ ਪੱਤਰਕਾਰਾਂ/ ਲੇਖਕਾਂ ਤੇ ਵੱਡੇ ਹਮਲੇ ਹੋ ਚੁੱਕੇ ਹਨ।
    ਛੋਟੇ ਹਮਲਿਆਂ ਅਤੇ ਆਮ ਹੀ ਜਲੀਲ ਕੀਤੇ ਜਾਣ ਵਾਲੇ ਕੇਸ਼ਾਂ ਦੀ ਤਾਂ ਕੋਈ ਗਿਣਤੀ ਹੀ ਨਹੀ।
    ਏਨ•ਾਂ ਕੁਝ ਹੋਣ ਤੇ ਵੀ ਮੇਰੇ ਸ਼ਹਿਰ ਦੇ ਪੱਤਰਕਾਰ (ਜੇਕਰ ਕਿਸੇ ਹੋਰ ਸ਼ਹਿਰ ਦੇ ਵੀ ਅਜਿਹੇ ਹਾਲਾਤ ਹਨ ਤਾਂ ਏਹ ਅਵਾਜ ਉਥੋਂ ਦੇ ਗੁਰਪ੍ਰੀਤ ਦੀ ਮੰਨੀ ਜਾ ਸਕਦੀ ਹੈ) ਗੌਰੀ ਲੰਕੇਸ਼ ਦੇ ਕਤਲ ਜਿਹੇ ਮਾਮਲਿਆਂ ਤੇ ਖਾਮੌਸ਼ ਕਿਉਂ ਹਨ ਜਦਕਿ ਏਹ ਵਿਚਾਰ ਦੇਸ਼ ਦੀ ਏਕਤਾ ਬਣਾਈ ਰੱਖਣ ਲਈ ਰੌਲਾ ਪਾ ਰਹੇ ਹਨ। ਗੌਰੀ ਲੰਕੇਸ਼ ਜਿਹੇ ਲੇਖਕਾਂ ਨੇ ਮੇਰੇ ਸ਼ਹਿਰ ਦੇ ਪੱਤਰਕਾਰਾਂ ਦਾ ਅਜਿਹਾ ਕੀ ਬਿਗਾੜ ਦਿੱਤਾ ਕਿ ਉਹ ਅਜਿਹੀ ਕਲਮ ਤੋਂ ਨਿਰਾਜਗੀ ਬਣਾਈ ਬੈਠੇ ਹਨ ਜੋ ਆਖੰਡ ਭਾਰਤ ਤੇ ਟੋਟੇ ਹੋਣ ਦੀ ਚਿੰਤਾ ਵਿੱਚ ਵਿਖਾਈ ਦੇ ਰਹੀ ਹੈ। ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਧਰਨੇ ਲੱਗੇ, ਜਲਸੇ ਜਲੂਸ ਨਿਕਲੇ, ਕਈਆਂ ਨੇ ਜਿਆਦਾ ਨਹੀ ਤਾਂ ਬਿਆਨਬਾਜੀ ਕਰ ਇਸ ਕਤਲ ਦੀ ਨਿੰਦਾ ਕੀਤੀ।
    ਪਰ ਮੇਰੇ ਸ਼ਹਿਰ ਦੇ 400 ਤੋਂ ਜਿਆਦਾ ਪੱਤਰਕਾਰਾਂ ਦੀ ਅਵਾਜ ਸੰਘੀ ਵਿੱਚ ਹੀ ਕਿਉਂ ਘੁੱਟੀ ਰਹਿ ਗਈ।
    ਏਹ ਜਿਲ•ੇ ਦੀ ਸਰਕਾਰੀ ਪ੍ਰੈਸ ਕਲੱਬ ਦੀ ਚੋਣ ਲਈ ਖੁਦ ਦੇ ਵੋਟਰ ਹੋਣ ਦੀਆਂ ਧਮਕੀਆਂ ਏਸੇ ਸੰਘ 'ਚੋਂ ਦੇ ਰਹੇ ਸਨ, ਏਸੇ ਸੰਘ 'ਚੋਂ ਉੱਚੀ  ਉੱਚੀ ਵੱਡੇ ਪੱਤਰਕਾਰ ਹੋਣ ਦਾ ਦਾਅਵਾ ਕਰ ਆਹੁਦੇਦਾਰੀਆਂ ਲਈ ਲ਼ਾਲ਼ਾਂ ਸੁੱਟ ਰਹੇ ਸਨ। ਹੁਣ ਤਾਂ ਅਜਿਹੇ ਪੱਤਰਕਾਰ ਏਹ ਕਹਿ ਕੇ ਵੀ ਪੱਲਾ ਨਹੀ ਛੁਡਾ ਸਕਦੇ ਕਿ ਉਨ•ਾਂ ਦਾ ਅਖਬਾਰ ਇਸ ਦੀ ਇਜਾਜਤ ਨਹੀ ਸੀ ਦਿੰਦਾ, ਕਿਉਂਕਿ ਏਨ•ਾਂ ਅਖਬਾਰਾਂ ਨੇ ਹੀ ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ, ਗੌਰੀ ਲੰਕੇਸ਼ ਨਾਲ ਸਬੰਧਿਤ ਵੱਖ ਵੱਖ ਲੇਖਕਾਂ ਦੇ ਹਾਂ ਦਾ ਨਾਅਰਾ ਮਾਰਦੇ ਲੇਖ ਅਤੇ ਵੱਖ ਸਥਾਨਾਂ ਤੇ ਪੱਤਰਕਾਰਾਂ ਅਤੇ ਵਿਚਾਰਾਂ ਦੀ ਅਜਾਦੀ ਦੇ ਹਾਮੀਂ ਸੰਗਠਨਾਂ ਦੁਆਰਾ ਕੀਤੇ ਪ੍ਰਦਰਸ਼ਨਾਂ ਦੀ ਕਵਰੇਜ ਬਿਨ•ਾਂ ਕਿਸੇ ਰੋਕ ਟੋਕ ਤੋਂ ਪ੍ਰਮੁੱਖਤਾ ਨਾਲ ਛਾਪੀ, ਜਿਨ•ਾਂ 'ਚ ਮੇਰੇ ਸ਼ਹਿਰ ਦੇ ਪੱਤਰਕਾਰਾਂ ਦੇ ਅਦਾਰਿਆਂ ਦੇ ਪੱਤਰਕਾਰ ਵੀ ਅੱਗੇ ਦਿਖਾਈ ਦਿੱਤੇ ਹਨ।
    ਕੀ ਫਾਇਦਾ ਪ੍ਰੈਸ ਕਲੱਬਾਂ ਬਣਾਉਣ ਦਾ ਜੇਕਰ ਅਸੀ ਆਪਣੇ ਭਾਈਚਾਰੇ ਤੇ ਹੋਏ ਕਤਲ ਵਰਗੇ ਹਮਲੇ ਤੇ ਮੂੰਹ ਹੀ ਨਹੀ ਖੋਲਣਾ।
    ਪਹਿਲਾਂ ਮੈਂ ਸੋਚਿਆ ਸੀ ਕਿ ਸਾਇਦ ਇਸਦੇ ਲਈ ਕਿਸੇ ਨੇ ਕੋਸ਼ਿਸ ਹੀ ਨਹੀ ਕੀਤੀ ਹੋਣੀ ਪਰ ਮੈਨੂੰ ਉਦੋਂ ਹੋਰ ਵੱਡੀ ਹੈਰਾਨੀ ਹੋਈ ਜਦੋਂ ਪਹਿਰੇਦਾਰ ਦੇ ਮੁੱਖ ਸੰਪਾਦਿਕ ਸ: ਜਸਪਾਲ ਸਿੰਘ ਹੇਰਾਂ ਨਾਲ ਉਪਰੋਕਤ ਵਿਸ਼ਾ ਸਾਂਝਾ ਕਰਨ ਤੇ ਉਨ•ਾਂ ਦੱਸਿਆ ਕਿ ਮੈਂ ਸ਼ਹਿਰ ਦੇ ਕਈ ਮੋਹਰੀ ਪੱਤਰਕਾਰਾਂ ਨਾਲ ਲੁਧਿਆਣਾ ਵਿਖੇ ਵੀ ਅਜਿਹਾ ਹੀ ਕੋਈ ਪ੍ਰਦਰਸ਼ਨ ਕਰਨ ਲਈ ਖੁਦ ਫੋਨ ਕਰਕੇ ਗੱਲ ਕੀਤੀ ਸੀ ਪਰ ਕਿਸੇ ਨੇ ਵੀ ਕੋਈ ਜਵਾਬ ਨਹੀ ਦਿੱਤਾ ਤੇ ਹੁਣ ਤੱਕ ਖਾਮੋਸ਼ ਹਨ। ਮੇਰੇ ਸ਼ਹਿਰ ਦੀ ਪੱਤਰਕਾਰਤਾ ਦੀ ਏਹ ਖਾਮੋਸ਼ੀ ਦੱਸ ਰਹੀ ਹੈ ਕਿ ਪ੍ਰੈਸ ਕਲੱਬਾਂ ਦਾ ਨਿਰਮਾਣ ਸਿਰਫ ਤੇ ਸਿਰਫ ਆਪਣੇ ਕਾਲੇ ਕਾਰਨਾਮੇ ਛੁਪਾਉਣ ਜਾਂ ਨਿੱਜੀ ਮਾਮਲਿਆਂ ਵਿੱਚ ਅਫਸਰਸ਼ਾਹੀ ਅਤੇ ਆਮ ਲੋਕਾਂ ਤੇ ਫੌਕਾ ਰੋਅਬ ਜਮਾਉਣ ਲਈ ਕੀਤੀ ਜਾ ਰਿਹਾ ਸੀ ਨਾ ਕਿ ਪੱਤਰਕਾਰਾਂ ਜਾਂ ਪੱਤਰਕਾਰਤਾ ਦੇ ਹਿੱਤ ਲਈ। ਮੇਰੀ ਬੇਚੈਨੀ ਏਹੀ ਸੀ ਕਿ ਮੇਰੇ ਸ਼ਹਿਰ ਵਿੱਚ ਅਜਿਹਾ ਕੁਝ ਨਹੀ ਹੋਇਆ ਜੋ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਹੁੰਦਾ ਅਤੇ ਭਵਿੱਖ ਵਿੱਚ ਵੀ ਅਜਿਹੀ ਕੋਈ ਆਸ ਨਹੀ ਦਿਖਾਈ ਦੇ ਰਹੀ ਜਿਸ ਕਾਰਨ ਮੇਰੀ ਬੇਚੈਨੀ ਹੋਰ ਵਧ ਰਹੀ ਹੈ। ਹੁਣ ਖਾਮੋਸ਼ ਪੱਤਰਕਾਰਤਾ ਨੂੰ ਆਪਣਾ ਮੂੰਹ ਖੋਲ ਕੇ ਏਹ ਦੱਸਣਾ ਹੋਵੇਗਾ ਕਿ ਕੀ ਗੌਰੀ ਲੰਕੇਸ਼ ਦੇ ਵਿਚਾਰ ਠੀਕ ਨਹੀ ਸਨ ਜਿਸ ਕਾਰਨ ਉਸਦੇ ਹੱਕ ਦੇ ਵਿੱਚ ਉਨ•ਾਂ ਮੂੰਹ ਨਹੀ ਖੋਲਿਆ। ਜਾਂ ਖਾਮੌਸ਼ ਪੱਤਰਕਾਰਤਾ ਨੂੰ ਏਹ ਮੰਨਣਾ ਹੋਵੇਗਾ ਕਿ ਅਸੀ ਸਾਰੇ (ਮੇਰੇ ਸਮੇਤ) ਅਜੇ ਨਾਸਮਝ ਹਾਂ ਅਤੇ ਸਾਨੂੰ ਸਾਰਿਆਂ ਨੂੰ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਤੇ ਮੰਡਰਾ ਰਹੇ ਝੱਪਟਮਾਰ ਬਾਜਾਂ ਤੋਂ ਬਚਾਓ ਲਈ ਇਕੱਠਿਆਂ ਰਲ ਕੇ ਚੱਲਣ ਤੇ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। 

    ਪੱਤਰਕਾਰ
    ਗੁਰਪ੍ਰੀਤ ਸਿੰਘ ਮਹਿਦੂਦਾਂ
    98889-75440

     

     

     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.