ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ
(ਭਾਗ 3)
ਅਰਥ :- ਉਸ ਦਾ ਸੁਖਕਾਰੀ ਪੁਤਰ ਗੁਰੂ ਅਰਜਨ ਜੋ ਵੇਖਣ ਨੂੰ ਮੇਰਾ ਹੀ ਰੂਪ ਹੈ । ਉਹ ਮੇਰਾ ਮੰਦਰ ਬਣਾਉਣ ਦੇ ਨਾਲ ਵੱਡਿਆਂ ਭਾਗਾਂ ਵਾਲਾ ਇਕ ਅੰਮ੍ਰਿਤ ਸਰੋਵਰ ਵੀ ਬਣਾ ਰਿਹਾ ਹੈ ।33।
ਵਿਸ਼ਨੂੰ ਜੀ ਆਪਣੀ ਪਤਨੀ ਲਛਮੀ ਨੂੰ ਕਹਿੰਦੇ ਹਨ ਕਿ ਚਲੋ ਅਸੀਂ ਵੀ ਚਲ ਵੇਖੀਏ ਕਿ ਉਹ ਅਜੇਹੇ ਉਪਕਾਰ ਵਾਲਾ ਕੰਮ ਕਿਵੇਂ ਕਰਵਾ ਰਹੇ ਹਨ ? ਜਿਸ ਬੇਅੰਤ ਪ੍ਰਭੂ ਦਾ ਜਸ ਵੇਦ ਵੀ ਗਾ ਰਹੇ ਹਨ, ਉਸ ਹਰਿ ਜੀ ਨੇ ਲਛਮੀ ਨੂੰ ਆਖਿਆ ਕਿ, ਸਾਨੂੰ ਆਪਣੇ ਏਸੇ ਰੂਪ ਵਿਚ ਉਸ ਥਾਂ ਨਹੀਂ ਜਾਣਾ ਚਾਹੀਦਾ । ਸੋ ਭਗਵਾਨ ਜੀ ਨੇ ਮਜ਼ਦੂਰਾਂ ਵਾਲਾ ਵੇਸ ਬਣਾ ਲਿਆ ਅਤੇ ਲਛਮੀ ਜੀ ਨੇ ਵੀ ਹੋਰ ਰੂਪ ਧਾਰਨ ਕਰ ਲਿਆ।
ਏਕ ਠੋਰ ਲਛਮੀ ਬੈਠਾਈ । ਕੌਤਕ ਕੀਨੁ ਆਪਿ ਸਾਂਈ ।
ਕਹੀ ਕੰਧ ਟੋਕੀ ਸਿਰਿ ਧਾਰੈ । ਮਜੂਰ ਬਨਯੋ ਇਹ ਭਾਤ ਮੁਰਾਰੇ । 36 ।
ਜਗਤ ਦੇ ਭਗਵਾਨ ਜੀ ਨੇ ਮੋਢੇ ਤੇ ਕਹੀ ਤੇ ਸਿਰ ਤੇ ਟੋਕਰੀ ਚੁੱਕੀ ਤੇ ਸਰੋਵਰ ਵਿਚੋਂ ਮਿੱਟੀ ਪੁਟਣ ਜਾ ਲੱਗੇ । ਉਹ ਦੂਜਿਆਂ ਮਜ਼ਦੂਰਾਂ ਨਾਲੋਂ ਸੌ ਗੁਣਾ ਵੱਧ ਮਿੱਟੀ ਪੁੱਟ ਕੇ ਇਕ ਛਿਣ ਵਿਚ ਟੋਕਰੀ ਭਰ ਰਹੇ ਸਨ । ਭਗਤਾਂ ਦੇ ਵੱਸ ਵਿਚ ਆ ਟਿਕਣ ਵਾਲਾ ਭਗਵਾਨ ਕਿਵੇਂ ਕੌਤਕ ਆ ਕਰਦਾ ਹੈ ? (ਚੌਪਈ 34 ਤੋਂ 39 ਤੱਕ)
ਚੌਪਈ ।
ਗੁਰ ਅਰਜਨ ਦਿਖਿ ਬਿਸਮੈ ਪਾਯੋ । ਇਹ ਮਜੂਰ ਨੌਤਨ ਆਯੋ ।
ਯਾ ਕੇ ਤਨ ਛਾਯਾ ਨਹਿ ਪਰੈ। ਇਹਭਗਵੰਤ ਹੈ ਔਰੁ ਨ ਨਰੈ । 40 ।
ਅਰਥ :- ਗੁਰੂ ਅਰਜਨ ਜੀ ਵੇਖ ਕੇ ਹੈਰਾਨ ਹੋਏ ਕਿ, ਇਹ ਨਵਾਂ ਮਜ਼ਦੂਰ ਜਿਸ ਦਾ ਪਰਛਾਵਾਂ ਨਹੀਂ ਪੈ ਰਿਹਾ, ਸਿਵਾਏ ਭਗਵੰਤ ਦੇ ਕੋਈ ਮਨੁੱਖ ਤਾਂ ਹੋ ਹੀ ਨਹੀਂ ਸਕਦਾ ।40।
ਇਹ ਕਹਿਣਾ ਕਿ ਨਜ਼ਰਾਂ ਨਾਲ ਵੇਖੇ ਜਾ ਰਹੇ ਕਿਸੇ ਅਕਾਰ ਦਾ ਪ੍ਰਛਾਵਾਂ ਨਾ ਹੋਵੇ ਕੁਦਰਤ ਵਿਰੋਧੀ ਫ਼ਜ਼ੂਲ ਭਰਮ ਹੈ ।
ਤਬ ਭਗਵੰਤ ਕੀ ਉਸਤਤਿ ਗਾਏ । ਦਸਵਾਂ ਛੰਤ ਸੂਹੀ ਉਚਰਾਏ ।
ਸੰਤਨ ਕਾਰਜ ਆਪਿ ਖਲੋਆ । ਕੰਮ ਪਰਾਵਣ ਕਾਮਾ ਹੋਆ । 41 ।
ਅਚੁਤ ਪੁਰਖ ਬੇਦ ਜਸੁ ਗਾਵੈ । ਆਪਨਾ ਬਿਰਦ ਆਪ ਇਹ ਭਾਵੈ ।
ਭਗਵੰਤ ਸੁਨੀ ਉਸਤਤਿ ਸੁਖੁ ਪਾਏ । ਅਨੰਦ ਵਸਿ ਹੈ ਦੇਹ ਭੁਲਾਏ । 42 ।
ਜਿਹੜਾ ਗੁਰੂ ਸ਼ਬਦ ਪਹਿਲਾਂ ਹੁਕਮਨਾਮੇ ਵਜੋਂ ਦਰਸਾਇਆ ਸੀ, ਉਸੇ ਦਾ ਨਵਾਂ ਰੂਪ ਭਾਵ, ਗੁਰੂ ਬਾਣੀ ਦੀ ਦੋਬਾਰਾ ਖੰਡਨਾ ? ਇਤਿਹਾਸ ਤਾਂ ਲਿਖਿਆ ਜਾ ਰਿਹਾ ਹੈ ਗਰਬਾਣੀ ਵਿਚੋਂ ਖੋਟ ਦੂਰ ਕਰਕੇ ਸ਼ੁੱਧ ਸਰੂਪ ਵਿਚ ਇਕੱਤ੍ਰ ਕਰਨ ਦਾ, ਪਰ ਕੁਟਲ ਲਿਖਾਰੀ ਆਪ ਗੁਰੂਬਾਣੀ ਦਾ ਰੂਪ ਵਿਗਾੜ ਰਿਹਾ ਹੈ । ਹਰਮਿੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਹਿਬ (ਅਜੋਕੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਸੰਬਰ 2002) ਗੁਰਬਾਣੀ ਤੋਂ ਅਗਿਆਨੀ ਪਾਠਕਾਂ ਨੂੰ ਭੁਲੇਖੇ ਵਿਚ ਪੈ ਜਾਣ ਤੋਂ ਰੋਕਣ ਲਈ ਕੋਈ ਉਚੇਚਾ ਨੋਟ ਨਹੀਂ ਦੇ ਰਹੇ । ਟੂਕ ਵਿਚ 4 ਲਫ਼ਜਾਂ ਦੇ ਪਦ ਅਰਥ ਲਿਖ ਕੇ ਸਗੋਂ ਅਣਜਾਣ ਪਾਠਕਾਂ ਲਈ ਇਨ੍ਹਾਂ ਚੌਪਈਆਂ ਦੀ ਲਿਖਤ ਨੂੰ ਵੀ ਗੁਰਬਾਣੀ ਹੀ ਬਣਾ ਰਹੇ ਹਨ ।
ਪਟਿਆਲੇ ਵਾਲੀ ਪੁਸਤਕ ਵਿਚ – “ਸੂਹੀ ਮਹਲਾ 5 ਛੰਦ” –ਸਿਰਲੇਖ ਦੇ “ਛੰਦ” ਪਦ ਤੋਂ ਬਿਨਾਂ ਬਾਕੀ ਸੂਹੀ ਰਾਗ ਦੇ ਦਸਵੇਂ ਗੁਰੂ ਸ਼ਬਦ ਦਾ ਪਹਿਲਾ ਛੰਤ ਲਿਖਿਆ ਹੈ । ਸ੍ਰੀ ਗੁਰੂ ਗ੍ਰੰਥ ਸਹਿਬ ਅਨੁਸਾਰ ਉਹ ਪਾਵਨ ਛੰਤ ਇਉਂ ਹੈ :
ਸੂਹੀ ਮਹਲਾ 5 ॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥1॥ (783)
ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ ।
ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)
ਸੰਪਰਕ ਨੰ. +971-50-8954294