ਕੈਟੇਗਰੀ

ਤੁਹਾਡੀ ਰਾਇ



ਸਾਵਣ ਸਿੰਘ
ਗੁਰਬਾਣੀ ਸੁਚੱਜੇ ਵਾਰਤਾਲਾਪ ਲਈ ਪ੍ਰੇਰਦੀ ਹੈ
ਗੁਰਬਾਣੀ ਸੁਚੱਜੇ ਵਾਰਤਾਲਾਪ ਲਈ ਪ੍ਰੇਰਦੀ ਹੈ
Page Visitors: 2492

ਗੁਰਬਾਣੀ ਸੁਚੱਜੇ ਵਾਰਤਾਲਾਪ ਲਈ ਪ੍ਰੇਰਦੀ ਹੈ
ਗੁਰਬਾਣੀ ਕੇਵਲ ਰੂਹਾਨੀ ਖੇਤਰ ਵਿੱਚ ਹੀ ਨਹੀਂ ਸਗੋਂ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਸਾਡੀ ਅਗਵਾਈ ਕਰਦੀ ਹੈ। ਜੇਕਰ ਵਿਚਾਰੀਏ ਤਾਂ ਗੁਰਬਾਣੀ ਜੀਵਨ ਦੇ ਹਰ ਖੇਤਰ ਜਿਵੇਂ ਕਿ ਜ਼ਾਤਪਾਤ, ਸੰਸਾਰ ਉਤਪਤੀ, ਮੌਤ, ਵਿਭਚਾਰ, ਤਿਆਗ, ਗ੍ਰਿਹਸਤ, ਮੁਕਤੀ, ਧੀਰਜ, ਲਾਲਚ, ਚਾਲ-ਚਲਣ, ਖਾਣਾਪੀਣਾ, ਉੱਦਮ, ਆਲਸ, ਪਖੰਡ ਤੇ ਮੂਰਤੀ ਪੂਜਾ ਵਰਗੇ ਮਸਲਿਆਂ ਵਿੱਚ ਵੀ ਅਸਾਨੂੰ ਸਿੱਧੇ ਰਾਹ ਪਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸ਼ਬਦ ਅਸਾਨੂੰ ਪਿਆਰ ਭਰੀ ਵਾਰਤਾਲਾਪ ਲਈ ਪ੍ਰੇਰਦੇ ਹਨ ਤੇ ਅਪਮਾਨਜਨਕ ਤੇ ਅਸੱਭਯ ਵਾਰਤਾਲਤਪ ਤੋਂ ਦੂਰ ਰਹਿਣ ਦੀ ਸਿੱਖਿਆ ਦੇਂਦੇ ਹਨ। ਡਾਕਟਰ ਦੇ ਮਿੱਠੇ ਬੋਲ ਰੋਗੀ ਲਈ ਦਵਾਈ ਦਾ ਕੰਮ ਕਰਦੇ ਹਨ। ਪਿਆਰੇ ਵਾਰਤਾਲਾਪ ਨਾਲ ਔਖੇ ਤੋਂ ਔਖੇ ਮਸਲੇ ਹਲ ਹੋ ਜਾਂਦੇ ਹਨ। ਮਿੱਠੇ ਬੋਲ ਜ਼ਿੰਦਗੀ ਦੇ ਹਰ ਜੰਦਰੇ ਨੂੰ ਖੋਲ੍ਹਣ ਲਈ ਮਾਸਟਰ ਕੁੰਜੀ ਹਨ। ਰੁੱਖੇ ਤੇ ਮਾੜੇ ਬੋਲ ਹਮੇਸ਼ਾ ਲਈ ਰਿਸ਼ਤਿਆਂ ਵਿੱਚ ਤਰੇੜਾਂ ਪਾ ਦੇਂਦੇ ਹਨ ਤੇ ਪੱਕੇ ਵੈਰ ਵਿਰੋਧ ਦਾ ਕਾਰਣ ਬਣਦੇ ਹਨ।
ਗੁਰਬਾਣੀ ਅਨੁਸਾਰ ਪ੍ਰਮਾਤਮਾ ਮਿਠ ਬੋਲੜਾ ਹੈ ਤੇ ਅਸੀਂ ਉਸ ਦੀ ਰਚਨਾ ਹਾਂ ਸੋ ਸਾਨੂੰ ਵੀ ਇਹ ਇਲਾਹੀ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਫਰਮਾਇਆ ਹੈ:-
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ
।। ਪੰਨਾ ੭੮੪
ਭਾਵ:- ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਹੈ ਤੇ ਮੇਰਾ ਮਿਤ੍ਰ ਹੈ। ਮੈਂ ਚੇਤੇ ਕਰਕੇ ਥਕ ਗਈ ਹਾਂ, ਪਰ ਉਹ ਕਦੇ ਕੌੜਾ ਬੋਲ ਨਹੀਂ ਬੋਲਦਾ`। ਗੁਰੂ ਜੀ ਅਨੁਸਾਰ ਪਿਆਰਾ ਵਾਰਤਾਲਾਪ ਮਨੁੱਖ ਦਾ ਅਨਮੋਲ ਗਹਿਣਾ ਹੈ ਜਿਸ ਨਾਲ ਸੁਖ ਤੇ ਸੰਤੋਖ ਮਿਲਦਾ ਹੈ, ਪਿਆਰ ਵਧਦਾ ਹੈ ਤੇ ਰਿਸ਼ਤੇ ਪੱਕੇ ਹੁਂਦੇ ਹਨ। ਆਪ ਲਿਖਦੇ ਹਨ:-
ਕੋਮਲ ਬਾਣੀ ਸਭ ਕਉ ਸੰਤੋਖੈ।। ਪੰਨਾ੨੯੯ ‘|
ਮਿੱਠੇ ਬਚਨ ਹਰ ਕਿਸੇ ਨੂੰ ਨਰਮ ਕਰ ਦਿੰਦੇ ਹਨ`।
ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫਟ ਭਰ ਜਾਂਦਾ ਹੈ ਪਰ ਜ਼ਬਾਨ ਦਾ ਫਟ ਨਹੀਂ ਮਿਟਦਾ। ਰੁੱਖੇ ਤੇ ਕੌੜੇ ਬੋਲ ਬੋਲਣ ਵਾਲੇ ਦੀ ਸਿਹਤ ਤੇ ਵੀ ਮਾੜਾ ਅਸਰ ਪਾਂਉਦੇ ਹਨ। ਉਸ ਦਾ ਸੁਭਾਉ ਚਿੜਚਿੜਾ ਤੇ ਝਗੜਾਲੂ ਬਣ ਜਾਂਦਾ ਹੈ ਤੇ ਲੋਕ ਉਸ ਨੂੰ ਘਿਰਣਾ ਕਰਦੇ ਹਨ। ਜਿਥੋਂ ਤਕ ਹੋ ਸਕੇ ਅਸਾਨੂੰ ਆਪਣੀ ਵਾਰਤਾਲਾਪ ਵਿੱਚ ਮਿਠਾਸ ਜ਼ਰੂਰ ਰਖਣੀ ਚਾਹੀਦੀ ਹੈ। ਹੇਠ ਲਿਖਿਆਂ ਤੁਕਾਂ ਵਿੱਚ ਗੁਰੂ ਨਾਨਕ ਜੀ ਫਿੱਕਾ ਤੇ ਰੁੱਖਾ ਬੋਲਣ ਦੇ ਨੁਕਸਾਨ ਦਸਦੇ ਹਨ:-
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।। ਪੰਨਾ ੧੫ ‘
   ਹੇ ਮੂਰਖ ਮਨ! ਧਿਅਨ ਨਾਲ ਸੁਣ ਕਿ ਫਿਕਾ ਬੋਲਣ ਨਾਲ ਨੁਕਸਾਨ ਹੁੰਦਾ ਹੈ`।
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ
।। ਪੰਨਾ ੪੭੩
ਭਾਵ:- ਹੇ ਨਾਨਕ! ਰੁੱਖਾ ਬੋਲਣ ਨਾਲ ਜੀਵ ਦਾ ਮਨ ਤੇ ਸਰੀਰ ਰੁੱਖੇ ਹੋ ਜਾਂਦੇ ਹਨ। ਰੁੱਖੇ ਬੋਲਣ ਵਾਲੇ ਨੂੰ ਰੁੱਖਾ ਅਖਿਆ ਜਾਂਦਾ ਹੈ ਤੇ ਲੋਕਾਂ ਦੀ ਰਾਏ ਵਿੱਚ ਉਹ ਰੁੱਖਾ ਸਮਝਿਆ ਜਾਂਦਾ ਹੈ। ਆਪ ਅਗੇ ਲਿਖਦੇ ਹਨ:-
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ
।। ਪੰਨਾ ੪੭੩
‘ਰੁੱਖਾ ਬੋਲਣ ਵਾਲਾ ਰੱਬ ਦੇ ਦਰਬਾਰ ਵਿੱਚ ਦੁਰਕਾਰਿਆ ਜਾਂਦਾ ਹੈ ਤੇ ਉਸ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਹਨ। ਉਸ ਨੂੰ ਬੇਵਕੂਫ ਕਿਹਾ ਜਾਂਦਾ ਹੈ ਤੇ ਉਸ ਨੂੰ ਜੁਤੀਆਂ ਦੀ ਮਾਰ ਪੈਂਦੀ ਹੈ`। ਆਪ ਨੇ ਇਹ ਵੀ ਫਰਮਾਇਆ ਹੈ:-
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ।। ਪੰਨਾ ੭੯੧ ‘
ਜੋ ਆਪਣੀ ਜ਼ਬਾਨ ਨਾਲ ਰੁੱਖੇ ਬੋਲ ਬੋਲਦੇ ਹਨ ਉਨ੍ਹਾਂ ਦੀ ਹਮੇਸ਼ਾਂ ਬੇਇਜ਼ਤੀ ਹੁੰਦੀ ਹੈ`।
ਆਪਣੇ ਇੱਕ ਸਲੋਕ ਵਿੱਚ ਮਸ਼ਹੂਰ ਸੂਫੀ ਕਵੀ ਸ਼ੇਖ ਫਰੀਦ ਜੀ ਨੇ ਵੀ ਸਾਨੂੰ ਤਾੜਨਾ ਕੀਤੀ ਹੈ ਕਿ ਫਿਕਾ ਬੋਲਣ ਨਾਲ ਵਾਹਿਗੁਰੂ ਨਾਰਾਜ਼ ਹੁੰਦਾ ਹੈ:-
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।। ਪੰਨਾ ੧੩੮੪
ਭਾਵ:- ਤੂੰ ਇੱਕ ਰੁੱਖਾ ਬਚਨ ਵੀ ਨ ਬੋਲ ਕਿਉਂਕਿ ਸਭ ਵਿੱਚ ਸੱਚਾ ਰੱਬ ਵਸਦਾ ਹੈ।
ਵਾਰਤਾਲਾਪ ਵਿੱਚ ਸੱਚ ਤੋਂ ਦੂਰ ਨਹੀਂ ਜਾਣਾ ਚਾਹੀਦਾ ਤੇ ਝੂਠ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਝੂਠੇ ਦਾ ਪੋਲ ਆਖਰ ਖੁਲ੍ਹ ਜਾਂਦਾ ਹੈ। ਸ਼ੇਖ ਫਰੀਦ ਜੀ ਨੇ ਵੀ ਕਿਹਾ ਹੈ:-
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।। ਪੰਨਾ ੪੮੮
ਕਈ ਮੋਨਧਾਰੀ ਹਮੇਸ਼ਾ ਚੁੱਪ ਰਹਿੰਦੇ ਹਨ ਤੇ ਸਮਝਦੇ ਹਨ ਕਿ ਇਸ ਤਰ੍ਹਾਂ ਰੱਬ ਨੂੰ ਮਿਲਣਾ ਸੌਖਾ ਹੋ ਜਾਂਦਾ ਹੈ, ਪਰ ਗੁਰੂ ਨਾਨਕ ਦੇਵ ਜੀ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਆਪ ਲਿਖਦੇ ਹਨ:-
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।। ਪੰਨਾ ੬੬੧
ਗੁਰਬਾਣੀ ਵਾਧੂ ਬੋਲਣ ਤੇ ਬਕਵਾਸ ਕਰਨ ਤੋਂ ਵੀ ਕਿਨਾਰਾ ਕਰਨ ਦੀ ਸਿੱਖਿਆ ਦਿੰਦੀ ਹੈ। ਗੁਰੂ ਜੀ ਲਿਖਦੇ ਹਨ:-
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।। ਪੰਨਾ ੧੫
ਭਾਵ:- ਉਹ ਬੋਲ ਬੋਲਿਆ ਕਬੂਲ ਹੈ ਜਿਸ ਦੇ ਬੋਲਣ ਨਾਲ ਇੱਜ਼ਤ ਮਿਲਦੀ ਹੈ।
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।। ਪੰਨਾ ੧੪੯
ਭਾਵ: ਜਿੱਥੇ ਬੋਲਣ ਨਾਲ ਨੁਕਸਾਨ ਉਥੇ ਚੁੱਪ ਰਹਿਣਾ ਹੀ ਚੰਗਾ ਹੈ।
ਬਹੁਤਾ ਬੋਲਣੁ ਝਖਣੁ ਹੋਇ।। ਪੰਨਾ ੬੬੧
ਭਾਵ:- ਜ਼ਿਆਦਾ ਬੋਲਣਾ ਬੇਫਾਇਦਾ ਹੈ।
ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ।। ਪੰਨਾ ੧੨੪੬ `
ਕਈ ਐਸੇ ਹਨ ਜੋ ਗੱਲ ਬਾਤ ਕਰਨਾ ਜਾਣਦੇ ਹਨ ਤੇ ਜੋ ਕੁੱਝ ਕਹਿੰਦੇ ਹਨ ਉਸ ਨੂੰ ਸਮਝਦੇ ਵੀ ਹਨ। ਉਹ ਜੀਵ ਸੁੱਚਜੇ ਤੇ ਸੁੰਦਰ ਹਨ। `
ਭਗਤ ਕਬੀਰ ਜੀ ਦਾ ਵਿਚਾਰ ਹੈ ਕਿ ਨੇਕ ਪੁਰਸ਼ਾਂ ਨਾਲ ਵਾਰਤਾਲਾਪ ਕਰਨੀ ਚਾਹੀਦਾ ਹੈ ਤੇ ਭੈੜੇ ਬੰਦਿਆਂ ਤੋਂ ਦੂਰ ਰਹਿਣਾ ਹੀ ਚੰਗਾ ਹੈ। ਆਪ ਲਿਖਦੇ ਹਨ:- ਸੰਤੁ ਮਿਲੈ ਕਿਛੁ ਸੁਨੀਐ ਕਹੀਐ।। ਮਿਲੈ ਅਸੰਤੁ ਮਸਟਿ ਕਰਿ ਰਹੀਐ।। ਪੰਨਾ ੮੭੦ ਆਪ ਅਗੇ ਲਿਖਦੇ ਹਨ:-
ਸੰਤਨ ਸਿਉ ਬੋਲੇ ਉਪਕਾਰੀ।। ਮੂਰਖ ਸਿਉ ਬੋਲੇ ਝਖ ਮਾਰੀ।। ਪਨਾ ੮੭੦
ਭਾਵ:- ਸਾਧੂਆਂ ਨਾਲ ਗੱਲ ਬਾਤ ਕੀਤਿਆਂ ਕੋਈ ਚੰਗੀ ਗੱਲ ਨਿਕਲੇ ਗੀ, ਪਰ ਮੂਰਖ ਨਾਲ ਬੋਲਣਾ ਵਿਅਰਥ ਬਕਵਾਸ ਹੀ ਹੈ।
ਆਪ ਬੋਲਣ ਤੋਂ ਪਹਿਲੇ ਵਿਚਾਰ ਕਰਨ ਦੀ ਸਲਾਹ ਦਿੰਦੇ ਹਨ ਅਤੇ ਉਸ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਵੀ ਖਿਆਲ ਰਖਣਾ ਚਾਹੀਦਾ ਹੈ। ਵਾਰਤਾਲਾਪ ਗੰਭੀਰ ਹੋਵੇ ਤੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਆਪ ਦਾ ਕਥਨ ਹੈ:-
ਕਹੁ ਕਬੀਰ ਛੂਛਾ ਘਟੁ ਬੋਲੈ।। ਭਰਿਆ ਹੋਇ ਸੁ ਕਬਹੁ ਨ ਡੋਲੈ।। ਪੰਨਾ ੮੭੦
ਭਾਵ:- ਕਬੀਰ ਜੀ ਅਖਦੇ ਹਨ ਕਿ ਖਾਲੀ ਘੜਾ ਰੌਲਾ ਪਾੳਂਦਾ ਹੈ, ਪਰ ਜਿਹੜਾ ਪਾਣੀ ਨਾਲ ਭਰਿਆ ਹੋਇਆ ਹੁੰਦਾ ਹੈ ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
ਅਸਾਨੂੰ ਕਿਸੇ ਦੇ ਪਿੱਠ ਪਿਛੇ ਉਸ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਇਸ ਨਾਲ ਕੜਵਾਹਟ ਤੇ ਦੁਸ਼ਮਣੀ ਪੈਦਾ ਹੁੰਦੀ ਹੈ ਅਤੇ ਜਿਥੋਂ ਤਕ ਹੋ ਸਕੇ ਮੂਰਖਾਂ ਨਾਲ ਵਾਦ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ। ਗੁਰੂ ਨਾਨਕ ਜੀ ਨੇ ਵੀ ਹੇਠ ਲਿਖੀਆਂ ਪੰਗਤੀਆਂ ਵਿੱਚ ਫਰਮਾਇਆ ਹੈ:-
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।। ਮੂਰਖੈ ਨਾਲਿ ਨ ਲੁਝੀਐ।। ਪੰਨਾ ੪੭੩
ਭਾਵ:-ਇਨ੍ਹਾਂ ਸ਼ਬਦਾਂ (ਅਖਰਾਂ) ਨੂੰ ਪੜ੍ਹ ਕੇ ਇਹ ਸਮਝ ਲਵੋ ਕਿ ਮੂਰਖ ਨਾਲ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ ਤੇ ਕਿਸੇ ਨੂੰ ਵੀ ਬੁਰਾ ਨਾ ਕਹੋ।
ਟੂਟੈ ਨੇਹੁ ਕਿ ਬੋਲਹਿ ਸਹੀ।। ਟੂਟੈ ਬਾਹ ਦੁਹੂ ਦਿਸ ਗਹੀ।। ਟੂਟਿ ਪਰੀਤਿ ਗਈ ਬੁਰ ਬੋਲਿ।। ਪੰਨਾ ੯੩੩
ਭਾਵ:-ਕਿਸੇ ਨੂੰ ਸਾਹਮਣੇ (ਲਾ ਕੇ) ਗੱਲ ਆਖਿਆਂ ਪਿਆਰ ਟੁੱਟ ਜਾਂਦਾ ਹੈ ਜਿਵੇਂ ਕਿ ਦੋਹਾਂ ਪਾਸਿਆਂ ਤੋਂ ਫੜਿਆਂ ਬਾਂਹ ਟੁੱਟ ਜਾਂਦੀ ਹੈ ਤੇ ਮੰਦੇ ਬੋਲ ਬੋਲਿਆਂ ਪ੍ਰੀਤ ਟ+ੱਟ ਜਾਂਦੀ ਹੈ।
ਹੇਠ ਲਿਖੀ ਤੁਕ ਵਿੱਚ ਗੁਰੂ ਅਮਰ ਦਾਸ ਜੀ ਨੇ ਵੀ ਲਿਖਿਆ ਹੈ ਕਿ ਵਾਧੂ ਨਹੀਂ ਬੋਲਣਾ ਚਾਹੀਦਾ:-
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ।। ਪੰਨਾ ੯੧੮
ਭਾਵ:-ਲਾਲਚ, ਹੰਕਾਰ ਤੇ ਮਾਇਆ ਦੀ ਖਾਹਿਸ਼ ਨੂੰ ਛੱਡਣਾ ਚਾਹੀਦਾ ਹੈ ਤੇ ਬਹੁਤਾ ਨਹੀਂ ਬੋਲਣਾ ਚਾਹੀਦਾ।
ਭਗਤ ਨਾਮ ਦੇਵ ਜੀ ਨੇ ਵੀ ਫਰਮਾਇਆ ਹੈ ਕਿ ਕਿਸੇ ਨਾਲ ਫਜ਼ੂਲ ਬਹਿਸ ਨਹੀਂ ਕਰਨੀ ਚਾਹੀਦੀ:-
ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ।। ਰਸਨਾ ਰਾਮ ਰਸਾਇਨੁ ਪੀਜੈ।। ਪੰਨਾ ੧੧੬੪
ਭਾਵ:-ਕਿਸੇ ਨਾਲ ਫਜ਼ੂਲ ਬਹਿਸ ਮੁਬਾਹਿਸਾ ਨਹੀਂ ਕਰਨਾ, ਸਗੋਂ ਜੀਭ ਨਾਲ ਵਾਹਿਗੁਰੂ ਦੇ ਸ੍ਰੇਸ਼ਟ ਰਸ (ਨਾਮ) ਨੂੰ ਪੀਣਾ ਚਾਹੀਦਾ ਹੈ।
ਗੁਰੂ ਨਾਨਕ ਜੀ ਨੇ ਵੀ ਲਿਖਿਆ ਹੈ ਕਿ ਸਾਡੇ ਕੌੜੇ ਤੇ ਰੁੱਖੇ ਬੋਲ ਗੱਲ ਨੂੰ ਵਿਗਾੜ ਦਿੰਦੇ ਹਨ:-
ਅਸੀ ਬੋਲਵਿਗਾੜ ਵਿਗਾੜਹ ਬੋਲ।। ਪੰਨਾ ੨੫
ਭਾਵ:-ਅਸੀਂ ਬੜਬੋਲੇ ਹਾਂ ਤੇ ਰੁੱਖੇ ਬਚਨ ਨਾਲ ਵਿਗਾੜ ਪਾਉਂਦੇ ਹਾਂ।
ਕਈ ਲੋਕ ਭਗਤੀ ਕਰਣ ਵੇਲੇ ਜਾਂ ਵਾਹਿਗੁਰੂ ਤੋਂ ਕੁੱਝ ਮੰਗਣ ਸਮੇਂ ਬਹੁਤ ਉੱਚਾ ਬੋਲਦੇ ਹਨ। ਗੁਰੂ ਨਾਨਕ ਜੀ ਅਜਿਹੇ ਬੰਦਿਆਂ ਲਈ ਲਿਖਦੇ ਹਨ:-
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ।। ਪੰਨਾ ੮੭੭
‘ਤੂੰ ਡੰਡ ਨਾ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਵਾਹਿਗੁਰੂ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਛ ਕਰਦਾ ਹੈ`।
ਸਾਵਣ ਸਿੰਘ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.