ਕੈਟੇਗਰੀ

ਤੁਹਾਡੀ ਰਾਇ



ਗੁਰਇੰਦਰ ਸਿੰਘ ਪਾਲ
ਸੁਣਿ ਪੰਡਿਤ ਕਰਮਾਕਾਰੀ॥(ਭਾਗ1)
ਸੁਣਿ ਪੰਡਿਤ ਕਰਮਾਕਾਰੀ॥(ਭਾਗ1)
Page Visitors: 2506

ਸੁਣਿ ਪੰਡਿਤ ਕਰਮਾਕਾਰੀ॥(ਭਾਗ1) 
ਇਤਿਹਾਸ ਗਵਾਹ ਹੈ ਕਿ ਬਾਬਾ ਆਦਮ ਦੇ ਸਮੇਂ ਤੋਂ ਹੀ ਮਾਇਆਮੂਠਾ ਪੁਜਾਰੀ ਰੱਬ ਦੀ ਅਗਿਆਨਮਤੀ ਰਿਆਇਆ ਨੂੰ ਰੱਬ ਦੇ ਹੀ ਨਾਂ `ਤੇ ਛਲ-ਕਪਟ ਨਾਲ ਠੱਗ ਠੱਗ ਕੇ ਆਪ ਮਾਇਕ ਮੌਜਾਂ ਮਾਣ ਰਿਹਾ ਹੈ। ਮੱਧਕਾਲ ਵਿੱਚ ਵਿਚਰੇ ਮਾਨਵ-ਹਿਤੈਸ਼ੀ ਮਹਾਂਪੁਰਖਾਂ ਤੋਂ ਪੁਜਾਰੀਆਂ ਦਾ ਇਨਸਾਨੀਅਤ ਤੋਂ ਗਿਰਿਆ ਹੋਇਆ ਇਹ ਕਾਰਾ ਬਰਦਾਸ਼ਤ ਨਹੀਂ ਹੋਇਆ; ਸੋ, ਉਨ੍ਹਾ ਨੇ ਗੁਰਬਾਣੀ ਰਾਹੀਂ ਹੱਡਰੱਖ ਛਲੀਏ ਪੁਜਾਰੀਆਂ ਨੂੰ ਠੱਗੀ ਦਾ ਅਮਾਨਵੀ ਰਾਹ ਤਿਆਗ ਕੇ ਪ੍ਰਭੂ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਦੂਜਾ, ਉਨ੍ਹਾਂ ਨੇ, ਸੱਚ ਦਾ ਗਿਆਨ ਬਿਖੇਰਦੀ ਰੱਬੀ ਬਾਣੀ ਦੇ ਇਲਾਹੀ ਚਾਨਣ ਨਾਲ, ਧਰਮ ਦੇ ਨਾਮ `ਤੇ ਠੱਗੇ ਜਾ ਰਹੇ ਮਾਸੂਮ ਲੋਕਾਂ ਨੂੰ ਵੀ ਅਗਿਆਨਤਾ ਦੀ ਘਾਤਿਕ ਖਾਈ ਵਿੱਚੋਂ ਕੱਢਣ ਤੇ ਪੁਜਾਰੀਆਂ ਦੇ ਚੁੰਗਲ ਵਿੱਚੋਂ ਛੁੜਾਉਣ ਲਈ ਨਿਸ਼ਕਾਮ ਤੇ ਪਰਮਾਰਥੀ ਉਪਰਾਲਾ ਕੀਤਾ। ਗੁਰਬਾਣੀ ਅਧਿਐਨ ਤੋਂ ਇਹ ਸੱਚ ਵੀ ਸਪਸ਼ਟ ਹੁੰਦਾ ਹੈ ਕਿ ਬਹੁਤੀ ਬਾਣੀ ਮਾਇਆ ਦੇ ਮੁਰੀਦ ਪਾਖੰਡੀ ਪੁਜਾਰੀਆਂ ਦੇ ਲੋਟੂ ਟੋਲੇ ਨੂੰ ਸੰਬੋਧਿਤ ਹੋ ਕੇ ਹੀ ਲਿਖੀ ਗਈ ਹੈ। ਇਸੇ ਪ੍ਰਸੰਗ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਪੰਡਿਤ/ਪੁਜਾਰੀ ਨੂੰ ਸੰਬੋਧਿਤ ਹੋ ਕੇ ਰਾਗੁ ਸੋਰਠਿ ਵਿੱਚ ਰਚੀ ਇੱਕ ਅਸਟਪਦੀ ਦੀ ਵਿਚਾਰ ਕਰਦੇ ਹਾਂ।
ਸੋਰਠਿ ਮ: ੧ ਤਿਤੁਕੀ॥
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ
॥ ੧॥|
(ਤਿਤੁਕੀ: ਤ੍ਰਿਤੁਕੀ: ਉਹ ਸ਼ਬਦ ਜਿਸ ਦੇ ਹਰ ਬੰਦ ਵਿੱਚ ਤਿੰਨ ਤੁਕਾਂ ਹੋਣ।)
ਸ਼ਬਦ ਅਰਥ:- ਆਸਾ: ਮਾਇਕ/ਪਦਾਰਥਕ ਪ੍ਰਾਪਤੀ ਦੀ ਖ਼ਾਹਸ਼। ਮਨਸਾ: ਮਨੋਕਾਮਨਾ, ਮਨ ਦੀ ਇੱਛਾ। ਬੰਧਨੀ: ਬੰਨ੍ਹਣ ਵਾਲੇ। ਭਾਈ: ਮੰਦਰਾਂ ਵਿੱਚ ਲੋਕਾਂ ਸਾਹਮਨੇ ਧਰਮ-ਗ੍ਰੰਥਾਂ ਦਾ ਵਖਿਆਨ ਕਰਨ ਵਾਲਾ ਪੰਡਿਤ/ਪੁਜਾਰੀ। ਕਰਮ ਧਰਮ: (ਪੁਜਾਰੀਆਂ ਦੁਆਰਾ ਨਿਰਧਾਰਤ) ਧਰਮ-ਕਰਮ, ਕਰਮਕਾਂਡ, ਸੰਸਾਰਕ ਸੰਸਕਾਰ। ਬੰਧਕਾਰੀ: ਬੰਨ੍ਹਣ ਵਾਲੇ। ਪਾਪ: ਕੁਕਰਮ, ਅਨੈਤਿਕ ਬੁਰੇ ਕੰਮ। ਪੁੰਨ: ਨੇਕੀ ਦੇ ਕੰਮ। ਜਗੁ: ਜਗਤ, ਜੀਵ, ਲੋਕ। ਬਿਨਸੈ: ਵਿਨਾਸ਼ ਹੁੰਦਾ ਹੈ। ਵੇਕਾਰੀ: ਬੇਅਰਥ, ਬੇਕਾਰ। ੧।
ਭਾਵ ਅਰਥ:-ਪਦਾਰਥਕ ਪ੍ਰਾਪਤੀਆਂ ਦੀ ਇੱਛਾ ਤੇ ਮਨੋਕਾਮਨਾਵਾਂ ਮਨੁੱਖ ਵਾਸਤੇ (ਮਾਇਆ ਦੇ) ਬੰਧਨ ਹਨ। (ਅਤੇ, ਪਦਾਰਥਕ ਪ੍ਰਾਪਤੀਆਂ ਤੇ ਮਾਇਕ ਮਨੋਕਾਮਨਾਵਾਂ ਦੀ ਪ੍ਰਾਪਤੀ ਲਈ ਕੀਤੇ/ਕਰਾਏ ਜਾਂਦੇ ਨਿਰਧਾਰਤ) ਧਰਮ-ਕਰਮ/ਕਰਮਕਾਂਡ ਵੀ ਮਾਇਆ ਦਾ ਜੰਜਾਲ ਹੀ ਹਨ। ਹੇ ਭਾਈ ਪੰਡਿਤ! ਕੀਤੇ ਹੋਏ ਪਾਪ ਤੇ ਪੁੰਨ ਕਰਮਾਂ ਅਨੁਸਾਰ ਜੀਵ/ਮਨੁੱਖ ਜਗਤ ਵਿੱਚ ਜਨਮਦਾ ਹੈ, ਅਤੇ ਜੀਵਨ ਵਿੱਚ ਵਿਚਰਦਿਆਂ ਨਾਮ ਵਿਸਾਰ ਕੇ ਆਤਮਿਕ ਮੌਤੇ ਮਰ ਜਾਂਦਾ ਹੈ। ਇਹ ਮਾਇਆ (ਜਿਸ ਦੀ ਖ਼ਾਤਿਰ ਮਨੁੱਖ ਨਾਮ ਵਿਸਾਰਦਾ ਹੈ) ਲੋਕਾਂ ਨੂੰ ਆਪਣੇ ਮੋਹ ਵਿੱਚ ਫਸਾ ਕੇ ਰੱਖਦੀ ਹੈ। ਹੇ ਪੰਡਿਤ! (ਮਾਇਆ ਲਈ ਕੀਤੇ ਤੇਰੇ) ਸਾਰੇ ਕਰਮਕਾਂਡ ਬੇਅਰਥ/ਨਿਸ਼ਫ਼ਲ ਹੀ ਸਾਬਤ ਹੁੰਦੇ ਹਨ। ੧।
ਸੁਣਿ ਪੰਡਿਤ ਕਰਮਾਕਾਰੀ॥
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ
॥ ਰਹਾਉ॥
ਸ਼ਬਦ ਅਰਥ:- ਪੰਡਿਤ: ਭਾਈ, ਪੁਜਾਰੀ, ਪਾਂਡਾ, ਪੰਡੀਆ, ਪਾਧਾ, ਗਿਆਨੀ। ਕਰਮਾਕਾਰੀ: ਕਰਮਕਾਂਡੀ, ਮਿਥੇ ਹੋਏ ਧਰਮ-ਕਰਮ ਕਰਨ/ਕਰਵਾਉਣ ਵਾਲਾ। ਜਿਤੁ: ਜਿਸ ਕਰਕੇ। ਸੁ: ਉਹ। ਆਤਮ ਤਤੁ: ਆਤਮਾ ਦਾ ਮੂਲ ਤੱਤ, ਪਰਮਾਤਮਾ। ਬੀਚਾਰੀ: ਵਿਚਾਰ ਕੇ, ਵਿਚਾਰਵਾਨ। ਰਹਾਉ।
ਭਾਵ ਅਰਥ:- ਦਿਖਾਵੇ ਦੇ ਧਰਮ-ਕਰਮ ਕਰਨ ਵਾਲੇ ਭਾਈ/ਪੰਡਿਤ! ਇਸ ਸੱਚ ਨੂੰ ਧਿਆਨ ਨਾਲ ਸੁਣ-ਵਿਚਾਰ: ਜਿਸ ਧਰਮ-ਕਰਮ ਰਾਹੀਂ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਹੈ, ਜੀਵ-ਆਤਮਾ ਦੇ ਮੂਲ ਪਰਮ ਤੱਤ ਪਰਮਾਤਮਾ ਦੇ ਦੈਵੀ ਗੁਣਾਂ ਦੀ ਵਿਚਾਰ/ਚਿੰਤਨ ਕਰਨਾ। ਰਹਾਉ।
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ॥
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥
ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ
॥ ੨॥
ਸ਼ਬਦ ਅਰਥ:- ਸਾਸਤੁ: ਸ਼ਾਸਤ੍ਰ: ਗ੍ਰੰਥ ਜਿਸ ਵਿੱਚ ਲਿਖੇ ਹੁਕਮਾਂ ਉੱਤੇ ਚੱਲਣਾ ਚਾਹੀਏ, ਧਰਮ-ਗ੍ਰੰਥ। ਬੇਦੁ: ਹਿੰਦੂ ਮਤਿ ਦੇ ਗ੍ਰੰਥ (ਰਿਗ, ਯਜੁਰ, ਸਾਮ ਤੇ ਅਥਰਵ), ਅਧਿਆਤਮਿਕ ਗਿਆਨ, ਇਲਾਹੀ ਇਲਮ। ਬਕ: ਬਗੁਲਾ; ਬਕਣਾ/ਬਕ ਬਕ ਕਰਨਾ: ਬਗੁਲੇ ਵਾਂਙ ਰੌਲਾ ਪਾਉਣਾ ਜਿਸ ਦੀ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਅਤੇ ਨਾ ਹੀ ਕੋਈ ਫ਼ਾਇਦਾ ਹੁੰਦਾ ਹੈ; ਬਕੈ: ਬੇਅਰਥ ਬਕ-ਬਕ/ਬਕਬਾਦ ਕਰਦਾ ਹੈਂ। ਸੰਸਾਰੀ: ਦੁਨਿਆਵੀ, ਜਿਨ੍ਹਾਂ ਦਾ ਆਤਮਗਿਆਨ ਨਾਲ ਕੋਈ ਸੰਬੰਧ ਨਹੀਂ। ਅੰਤਰਿ: ਮਨ/ਹਿਰਦੇ/ਅੰਤਹਕਰਣ ਵਿੱਚ। ਮੈਲੁ ਵਿਕਾਰੀ: ਵਿਕਾਰਾਂ ਦੀ ਮੈਲ/ਗੰਦਗੀ। ਨ ਚੂਕਈ: ਖ਼ਤਮ ਨਹੀਂ ਹੁੰਦੀ। ਬਿਧਿ: ਤਰੀਕਾ, ਜੁਗਤ। ਮਾਕੁਰੀ: ਮੱਕੜੀ। ਊਂਡੀ: ਉਲਟੀ, ਪੁੱਠੀ। ੨।
ਭਾਵ ਅਰਥ:- ਹੇ ਪੰਡਿਤ! ਲੋਕਾਂ ਸਾਹਮਣੇ ਖੜੋ ਕੇ ਤਾਂ ਤੂੰ ਧਰਮ-ਗ੍ਰੰਥ ਤੇ ਵੇਦਾਂ ਦਾ ਉਚਾਰਣ ਕਰਦਾ ਹੈਂ (ਜੋ ਬਗੁਲੇ ਦੀ ਬਕ-ਬਕ ਤੋਂ ਵੱਧ ਕੁੱਝ ਨਹੀਂ ਹੁੰਦਾ; ਕਿਉਂਕਿ, ਤੇਰੀ ਇਸ ਬਕਬਾਦ ਸੁਣਨ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਅਤੇ ਨਾ ਹੀ ਕੋਈ ਫ਼ਾਇਦਾ ਹੁੰਦਾ ਹੈ।) ਪਰੰਤੂ ਤੇਰੇ ਆਪਣੇ ਕਰਮ ਸੰਸਾਰੀਆਂ ਵਾਲੇ ਹੀ ਹਨ। ਅਰੇ ਪੰਡਿਤ! (ਇਸ ਤਰ੍ਹਾਂ ਪਾਖੰਡ ਕਰਨ ਨਾਲ) ਤੇਰੇ ਅੰਦਰ ਦੀ ਵਿਕਾਰਾਂ ਦੀ ਮੈਲ ਖ਼ਤਮ ਨਹੀਂ ਹੁੰਦੀ। ਤੇਰੇ ਵਾਲੀ (ਦੂਜਿਆਂ ਨੂੰ ਛਲ-ਕਪਟ ਨਾਲ ਫਾਹ ਕੇ ਖਾਣ ਵਾਲੀ) ਇਸ ਜੁਗਤ ਕਾਰਣ ਹੀ ਮੱਕੜੀ ਆਪਣੇ ਹੀ ਉਣੇ ਜਾਲ ਵਿੱਚ ਉਲਝ ਕੇ ਸਿਰ ਭਾਰ ਡਿਗ ਕੇ ਮਰਦੀ ਹੈ। (ਹੇ ਪੰਡਿਤ! ਤੂੰ ਵੀ ਮਾਇਆ-ਜਾਲ ਵਿੱਚ ਉਲਝ ਕੇ ਆਤਮਿਕ ਮੌਤੇ ਮਰ ਰਿਹਾ ਹੈਂ।)। ੨।
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ॥
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ॥
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ
॥ ੩॥
ਸ਼ਬਦ ਅਰਥ:- ਦੁਰਮਤਿ: ਬੁਰੀ ਮਤਿ, ਗੁਰਮਤਿ ਦੇ ਉਲਟ ਮੂਰਖਾਂ ਵਾਲੀ ਮਨਮਤਿ। ਘਣੀ: ਬਹੁਤੀ। ਵਿਗੂਤੀ: ਵਿਗਤ: ਤਬਾਹ, ਨਸ਼ਟ, ਬਰਬਾਦ; ਵਿਗੂਤੀ: ਬਰਬਾਦ ਹੋਈ, ਨਸ਼ਟ ਹੋਈ। ਦੂਜੈ ਭਾਇ: ਦਵੈਤ ਭਾਵ, ਇਸ਼ਟ (ਪ੍ਰਭੂ) ਤੋਂ ਬਿਨਾਂ ਹੋਰ ਦੂਜੇ (ਮਾਇਆ) ਦੇ ਮੋਹ ਵਿੱਚ। ਖੁਆਈ: ਖੁੰਝਣਾ, ਭਟਕਣਾ। ਭਰਮੁ: ਭੁਲੇਖਾ, ਝੂਠਾ ਗਿਆਨ। ਸਤਿਗੁਰੁ: ਆਤਮਗਿਆਨ ਦਾ ਸੱਚਾ ਸਦੀਵੀ ਸੋਮਾ ਪ੍ਰਭੂ। ਸੇਵੈ: ਉਪਾਸ਼ਨਾ-ਭਗਤੀ ਕਰਨ ਨਾਲ। ੩।
ਭਾਵ ਅਰਥ:- ਹੇ ਭਾਈ! ਬੁਰੀ ਮਤਿ ਕਾਰਣ ਲੋਕਾਈ ਮਾਇਆ-ਜਾਲ ਵਿੱਚ ਉਲਝ ਕੇ ਬਰਬਾਦ ਹੁੰਦੀ ਹੈ। ਮਾਇਆ-ਮੋਹ ਦੇ ਦਵੈਤ ਵਿੱਚ ਫਸ ਕੇ ਪੁਜਾਰੀ ਭਟਕਣ ਵਿੱਚ ਪਏ ਰਹਿੰਦੇ ਹਨ। ਗਿਆਨ-ਗੁਰੂ ਦੇ ਦੱਸੇ ਰਾਹ ਉੱਤੇ ਚੱਲੇ ਬਿਨਾਂ ਨਾਮ ਨਹੀਂ ਮਿਲਦਾ, ਅਤੇ ਨਾਮ-ਅਭਿਆਸ ਤੋਂ ਬਿਨਾਂ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਸਤਿਗੁਰੂ ਦੇ ਦੱਸੇ ਰਾਹ ਉੱਤੇ ਚੱਲਣ ਨਾਲ ਹੀ ਆਤਮ-ਆਨੰਦ ਮਿਲਦਾ ਹੈ ਤੇ ਜੀਵ ਆਵਾ-ਗਵਨ ਦੇ ਚੱਕਰ ਤੋਂ ਵੀ ਮੁਕਤ ਹੋ ਜਾਂਦਾ ਹੈ। ੩।
ਸਾਚੁ ਸਹਿਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ॥
ਗੁਰੁ ਸੇਵੈ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ॥
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ
॥ ੪॥
ਸ਼ਬਦ ਅਰਥ:- ਸਾਚੁ ਸਹਿਜੁ: ਸਦਾ ਸਥਿਰ ਰਹਿਣ ਵਾਲੀ ਅਡੋਲ ਮਾਨਸਿਕ ਅਵਸਥਾ। ਗੁਰੁ ਸੇਵੈ: ਗੁਰੁ ਦੀ ਸਿੱਖਿਆ `ਤੇ ਚੱਲਣ ਨਾਲ। ਬੂਝੈ: ਬੁੱਝਣਾ: ਗਿਆਨ ਹੋਣਾ, ਸਮਝਣਾ; ਸਮਝਦਾ ਹੈ, ਗਿਆਨ ਹੁੰਦਾ ਹੈ। ਮਗ: (ਸਹੀ ਸੱਚਾ) ਰਸਤਾ, ਮਾਰਗ। ਲੋਭੁ: ਦੂਸਰੇ ਦੀ ਕਮਾਈ ਖਾਣ ਦੀ ਖ਼ਾਹਿਸ਼, ਲਾਲਚ। ਬਿਖੁ: (ਮਾਇਆ ਰੂਪੀ) ਜ਼ਹਿਰ, ਹਰਾਮ ਦੀ ਕਮਾਈ। ੪।
ਭਾਵ ਅਰਥ:- ਹੇ ਭਾਈ! ਸਦਾ ਸਥਿਰ ਰਹਿਣ ਵਾਲੀ ਅਡੋਲ ਮਾਨਸਿਕ ਅਵਸਥਾ ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਹੀ ਪ੍ਰਾਪਤ ਹੁੰਦੀ ਹੈ। (ਇਸ ਅਡੋਲ ਅਵਸਥਾ ਵਿੱਚ) ਨਿਰਮਲ ਹੋਇਆ ਮਨ ਸੱਚੇ ਪ੍ਰਭੂ ਦੇ ਪਿਆਰ ਵਿੱਚ ਮਗਨ ਹੋ ਜਾਂਦਾ ਹੈ। ਜੋ ਗੁਰੂ ਦੀ ਸਿੱਖਿਆ `ਤੇ ਚੱਲਦਾ ਹੈ, ਉਹ (ਇਸ ਇਲਾਹੀ ਮਾਰਗ ਨੂੰ) ਸਮਝ ਲੈਂਦਾ ਹੈ; ਗੁਰੂ ਦੀ ਸਰਨ ਪਏ ਬਿਨਾਂ ਸੱਚ ਦਾ ਇਹ ਮਾਰਗ ਨਹੀਂ ਲੱਭਦਾ। ਹੇ ਭਾਈ ਪੰਡਿਤ! ਜਿਸ ਦੇ ਹਿਰਦੇ ਵਿੱਚ ਦੂਸਰੇ ਦੀ ਕਮਾਈ ਖਾਣ ਦੀ ਇੱਛਾ ਹੋਵੇ ਉਹ ਕਿਤਨੇ ਹੀ ਕਰਮਕਾਂਡ ਕਰ ਲਵੇ, ਉਹ ਤਾਂ, ਦਰਅਸਲ, ਛਲ-ਕਪਟ ਕਰਕੇ ਹਰਾਮ ਦੀ ਕਮਾਈ, ਜੋ ਜ਼ਹਿਰ ਦੇ ਸਮਾਨ ਹੈ, ਖਾ ਰਿਹਾ ਹੈ। ੪।
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ॥
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ॥
ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ
॥ ੫॥
ਸ਼ਬਦ ਅਰਥ:- ਵਿਲੋਈਐ: ਰਿੜਕੀਏ। ਤਥੁ: ਮੱਖਣ, (ਗਿਆਨ ਰੂਪੀ) ਕੀਮਤੀ ਪਦਾਰਥ। ਮਥੀਐ: ਮਥਨ ਕਰੀਏ, ਰਿੜਕੀਏ। ਵਥੁ: ਵਸਤੂ। ਵਿਗੂਚੀਐ: ਵਿਗੁਚਣਾ: ਭਟਕਣਾ। ਘਟਿ ਘਟਿ: ਹਰ ਹਿਰਦੇ ਵਿੱਚ। ਦੇਉ: ਪ੍ਰਭੂ, ਕਰਤਾਰ, ਪਾਰਬ੍ਰਹਮ। ਅਲਖੁ: ਲਕਸ਼ਣ ਰਹਿਤ ਅਦ੍ਰਿਸ਼ਟ, ਕਰਤਾਰ; ਦੇਉ ਅਲਖੁ: ਅਦ੍ਰਿਸ਼ਟ ਕਰਤਾਰ। ੫।
ਭਾਵ ਅਰਥ:- ਹੇ ਭਾਈ ਪੰਡਿਤ! ਜੇ ਦਹੀ ਰਿੜਕੀਏ ਤਾਂ ਵਿੱਚੋਂ ਮੱਖਣ ਜਿਹੀ ਗੁਣਕਾਰੀ ਵਸਤੂ ਨਿਕਲਦੀ ਹੈ। ਪਰੰਤੂ ਪਾਣੀ ਰਿੜਕਣ ਉਪਰੰਤ ਪਾਣੀ ਹੀ ਨਜ਼ਰ ਆਉਂਦਾ ਹੈ ਅਰਥਾਤ ਪਾਣੀ ਦਾ ਰਿੜਕਣਾ ਬੇਅਰਥ ਹੈ। ਇਸੇ ਤਰ੍ਹਾਂ ਮਾਇਆ-ਡੱਸੇ ਪੁਜਾਰੀ ਦਾ (ਨਾਮ-ਸਿਮਰਨ ਛੱਡ ਕੇ ਕਰਮਕਾਂਡ ਕਰਨਾ) ਪਾਣੀ ਰਿੜਕਣ ਵਾਂਙ ਬੇ- ਫ਼ਾਇਦਾ ਹੈ। ਹੇ ਭਾਈ ਪੰਡਿਤ! ਗਿਆਨ ਤੋਂ ਬਿਨਾਂ ਮਾਇਆ-ਮੋਹ ਵਿੱਚ ਭਟਕਦੇ ਰਹੀਦਾ ਹੈ ਅਤੇ ਹਰ ਹਿਰਦੇ ਵਿੱਚ ਵੱਸਦੇ ਅਦ੍ਰਿਸ਼ਟ ਪ੍ਰਭੂ ਤੋਂ ਵੀ ਵਿਛੜੇ ਰਹੀਦਾ ਹੈ। ੫।
ਗੁਰਇੰਦਰ ਸਿੰਘ ਪਾਲ                        (ਚਲਦਾ)
      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.