ਚੋਰਾਂ ਯਾਰਾਂ ਰੰਡੀਆਂ ਕੁਟੜੀਆਂ ਦੀਬਾਣ..
(ਗੁਰਦੇਵ ਸਿੰਘ ਸੱਧੇਵਾਲੀਆ)
ਬਾਬਾ ਜੀ ਅਪਣੇ ਬੜੀ ਮਿੱਠੀ ਭਾਸ਼ਾ ਵਿਚ ਬਚਨ ਕਰਦੇ ਸਨ ਪਰ ਕਿੰਨਾ ਨਾਲ? ਆਮ ਲੋਕਾਂ ਨਾਲ ਜਿਹੜੇ ਕਿਸੇ ਅਗਿਆਨਤਾ ਵਸ ਭੁੱਲੇ-ਭਟਕੇ ਸਨ ਪਰ ਕਸਾਈ ਰਾਜਿਆਂ, ਪੰਡਤਾਂ, ਮੁਲਾਣਿਆਂ, ਮਨੁੱਖਤਾ ਦਾ ਖੂਨ ਪੀਣੀਆਂ ਜੋਕਾਂ ਆਦਿ ਦਾ ਬਾਬਾ ਜੀ ਕਦੇ ਲਿਹਾਜ ਨਹੀ ਸਨ ਕਰਦੇ ਤੇ ਬੜੇ ਸਖਤ ਲਫਜਾਂ ਵਿਚ ਉਨ੍ਹਾਂ ਦੇ ਪੜਛੇ ਉਧੇੜਦੇ ਸਨ। ਉਪਰਲੇ ਬਚਨ ਬਾਬਾ ਜੀ ਦੇ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਰਤ ਪੀਤੇ ਕਸਾਈ ਰਾਜੇ ਜਾਂ ਉਨ੍ਹਾਂ ਦੇ ਯਾਰ ਬੇਲੀ ਸਨ। ਇਸ ਦੀ ਅਗਲੀ ਪੂਰੀ ਪੰਗਤੀ ਇੰਝ ਹੈ,
‘ਵੇਦੀਨਾ ਕੀ ਦੋਸਤੀ, ਵੇਦੀਨਾ ਕਾ ਖਾਣ’॥
ਖ਼ਬਰ ਸੀ ਕਿ ਕਨੇਡਾ ਤੋਂ ਮੋਗਾ ਦੀ ਹੋਣ ਜਾ ਰਹੀ ਚੋਣ ਵਿਚ ਹਿੱਸਾ ਲੈਣ ਟਰੰਟੋ ਦੇ ਕੁਝ ‘ਪਤਵੰਤੇ ਸੱਜਣ’? ਯਾਨੀ ਅਕਾਲੀਆਂ ਦਾ ਜਥਾ? ਬਾਦਲ ਦੀਆਂ ਚੋਣਾ ਜਿਤਾਉਂਣ ਪਹੁੰਚੇ ਹੋਏ ਸਨ ਤੇ ਉਨ੍ਹਾਂ ਦਾ ਬਿਆਨ ਸੀ ਕਿ ਅਸੀਂ ਮੋਗੇ ਵਾਲਾ ‘ਕਿਲ੍ਹਾ ਫਤਿਹ’ ਕਰਕੇ ਮੁੜਾਂਗੇ! ਇਹ ਵੀ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਨੀਤੀਆਂ ਦਾ ਡੱਟ ਕੇ ਪ੍ਰਚਾਰ ਕਰਨਗੇ।
ਮੁਖ ਮੰਤਰੀ ਅਤੇ ਉਸ ਦੇ ਮੁੰਡੇ ਦੀਆਂ ਨੀਤੀਆਂ ਕੀ ਹਨ ਜਿੰਨਾ ਦਾ ਪ੍ਰਚਾਰ ਕਰਨਗੇ! ਇਹ ਬੜੀ ਲੰਮੀ ਕਹਾਣੀ ਹੈ। ਨਸਲਬਾੜੀ ਲਹਿਰ ਦੇ ਨੌਜਵਾਨਾ ਦਾ ਖੂਨ ਪੀਣ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਹਿਬ ਉਪਰ ਦਿੱਲੀ ਦੀਆਂ ਫੌਜਾਂ ਨੂੰ ਸੱਦਾ ਪੱਤਰ ਦੇਣ ਤੱਕ ਅਤੇ ਸਿੱਖਾਂ ਦੇ ਮੁੰਡਿਆਂ ਨੂੰ ਰੋਹੀਆਂ-ਨਹਿਰਾਂ ਤੇ ਲਿਜਾਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਗੋਲੀਆਂ ਮਾਰਨ ਵਾਲੇ ਕਾਤਲ ਸੁਮੇਧ ਸੈਣੀ ਤੋਂ ਲੈ ਕੇ ਇਜ਼ਹਾਰ ਆਲਮ ਤੱਕ ਦਾ ਲੰਮਾ ਇਤਿਹਾਸ ਹੈ ਬਾਦਲਾਂ ਦੀਆਂ ਨੀਤੀਆਂ ਦਾ। ਇਸ ਇਤਿਹਾਸ ਨੂੰ ਜੇ ਬਹੁਤੇ ਲੋਕ ਭੁੱਲ ਚੁੱਕੇ ਜਾਂ ਯਾਦ ਰੱਖਣ ਵਿਚ ਬਹੁਤਾ ਵਿਸਵਾਸ਼ ਨਹੀ ਰੱਖਦੇ ਤਾਂ ਪੰਜਾਬ ਵਿਚ ਹੋ ਰਹੇ ਤਾਜਾ ਬਲਾਤਕਾਰਾਂ, ਚੋਰੀਆਂ, ਡਾਕਿਆਂ ਉਪਰ ਹੀ ਤਰਦੀ ਨਜਰ ਮਾਰ ਕੇ ਬਾਦਲਾਂ ਦੀਆਂ ਨੀਤੀਆਂ ਨੂੰ ਸਮਝ ਲੈਣ ਤਾਂ ਬਾਦਲਾਂ ਦੀਆਂ ਨੀਤੀਆਂ ਸਪੱਸ਼ਟ ਹੋ ਜਾਂਦੀਆਂ ਹਨ ਜਿੰਨਾ ਦਾ ਪ੍ਰਚਾਰ ਇਹ ਲੋਕ ਕਰਨਗੇ।
ਇਨ੍ਹਾਂ ਲੋਕਾਂ ਉਪਰ ਕਿਉਂ ਉਗਂਲ ਰੱਖੀ ਮੈਂ। ਕਿਉਂਕਿ ਬਾਹਰ ਅਜਾਦ ਮੁਲਖ ਵਿਚ ਰਹਿ ਕੇ ਵੀ ਇਹ ਲੋਕ ਕੁੱਕੜਾਂ ਦੇ ਖੁੱਡਿਆਂ ਵਿਚੋਂ ਬਾਹਰ ਨਹੀ ਆਏ ਅਤੇ ਬਾਕਇਦਾ ਪੰਜਾਬ ਜਾ ਕੇ ਬਾਦਲਾਂ ਖਾਤਰ ‘ਕੁੜ ਕੁੜ’ ਕਰਨ ਗਏ ਹੋਏ ਹਨ। ਹਰੇਕ ਨੂੰ ਅਪਣੇ ਤਰੀਕੇ ਸੋਚਣ ਦਾ ਹੱਕ ਹੈ। ਇਨ੍ਹਾਂ ਭਰਾਵਾਂ ਨੂੰ ਵੀ ਹੱਕ ਹੈ। ਪਰ ਸਾਨੂੰ ਵੀ ਤਾਂ ਅਪਣੇ ਤਰੀਕੇ ਸੋਚਣ ਦਾ ਹੱਕ ਹੈ ਕਿ ਨਹੀ? ਉਹੀ ਹੱਕ ਵਰਤਦੇ ਹੋਏ ਅਸੀਂ ਪਾਠਕਾਂ ਤੱਕ ਇਕ ਅਵਾਜ ਪਹੁੰਚਾਉਂਣ ਦੀ ਕੋਸ਼ਿਸ਼ ਕਰ ਰਹੇ ਹਾਂ ਸਦੀਆਂ ਤੋਂ ਗੁਲਾਮ ਰਹਿ ਚੁੱਕੇ ਗੁਲਾਮ ਲੋਕਾਂ ਦੀ ਮਾਨਸਿਤਕਾ ਵਿਚ ਅਜਾਦ ਫਿਜ਼ਾਵਾਂ ਵਿਚ ਸਾਹ ਲੈ ਕੇ ਵੀ ਮੰਜਿਓਂ ਭੁੰਜੇ ਬਹਿਕੇ ਹੱਥ ਜੋੜੀ ਵਰਗੀ ਗੁਲਾਮ ਮਾਨਸਿਕਤਾ ਵਿਚ ਕੋਈ ਤਰੱਕੀ ਨਹੀ ਹੋਈ। ਕਿ ਹੋਈ?
ਕੁਟੜੀਆਂ ਪਤਾ ਕੀਹਨੂੰ ਕਹਿੰਦੇ? ਦੱਲੀਆਂ ਨੂੰ! ਤੇ ਚੋਰਾਂ ਨਾਲ ਯਾਰੀਆਂ, ਰੰਡੀਆਂ ਨਾਲ ਦੋਸਤਾਨਾਂ ਰੱਖਣ ਵਾਲਿਆਂ ਨੂੰ ਕੀ ਕਹੋਂਗੇ? ਰੰਡੀ ਕੀ ਕਰਦੀ? ਕੋਈ ਵੀ ਗਾਹਕ ਉਸ ਨੂੰ ਖਰੀਦ ਸਕਦਾ! ਦਲ-ਬਦਲੂ ਓਸ ਰੰਡੀ ਵਰਗਾ ਹੁੰਦਾ ਜਿਸ ਨੂੰ ਬਹੁਤੀ ਅਮੀਰ ਪਾਰਟੀ ਜਿਆਦਾ ਪੈਸਾ ਜਾਂ ਲਾਲਚ ਦੇ ਕੇ ਖਰੀਦ ਲੈਂਦੀ। ਮੋਗੇ ਤੋਂ ਦਲ-ਬਦਲੀ ਕਰਕੇ ਖੜੋਤਾ ਜੋਗਿੰਦਰਪਾਲ ਜੈਨ ਕੀ ਹੈ। ਓਹ ਰੰਡੀ ਜਿਹੜੀ ਪਹਿਲਾਂ ਕਾਂਗਰਸੀਆਂ ਦੀ ਸੀ ਤੇ ਮੁੜ ਉਸ ਨੂੰ ਬਾਦਲਾਂ ਖਰੀਦ ਲਿਆ। ਪਰ ਓਸ ਰੰਡੀ ਖਾਤਰ ਵੋਟਾਂ ਯਾਨੀ ਗਾਹਕ ਲਿਆਉਂਣ ਵਾਲਿਆਂ ਨੂੰ ਕੀ ਕਹੋਂਗੇ? ਵੋਟਾਂ ਹੀ ਮੰਗਣ ਗਏ ਨੇ ਨਾ ਟਰੰਟੋ ਵਾਲੇ ਅਕਾਲੀ?
ਚਲੋ ਤੁਹਾਡੇ ਟਰੰਟੋ ਵਾਲੇ ਮੀਡੀਏ ਦੀ ਗੱਲ ਕਰ ਲੈਂਦੇ ਹਾਂ। ਪੰਜਾਬੀ ਮੀਡੀਏ ਨੂੰ ਸੁਪਨਾ ਆਇਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਸੱਦ ਕੇ ਪ੍ਰਵਾਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਚਾਹੁੰਦੀ ਹੈ? ਦਰਅਸਲ ਪੰਜਾਬ ਸਰਕਾਰ ਪ੍ਰਵਾਸੀ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਂ ਤੇ ਬਾਹਰ ਅਪਣੇ ਚਾਪਲੂਸ ਮੀਡੀਏ ਦਾ ਇਕ ‘ਡੁਰਲੀ ਜਥਾ’ ਸਥਾਪਤ ਕਰਨਾ ਚਾਹੁੰਦੀ ਸੀ ਤੇ ਉਸ ਨੂੰ ਪਤਾ ਸੀ ਕਿ ਇਹ ‘ਡੁਰਲੀ’ ਕੋਈ ਬਹੁਤੇ ਮਹਿੰਗੇ ਨਹੀ ਤੇ ਸੌਖਿਆਂ ਹੀ ਅਪਣੀਆਂ ਘੋੜੀਆਂ ਗਾਉਂਣ ਵਾਲੇ ਇਨ੍ਹਾਂ ਭੰਡਾਂ ਦਾ ਜਥਾ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਰੇ ਮੁਲਖਾਂ ਵਿਚੋਂ ਅਜਿਹੇ ਡੁਰਲੀਆਂ ਨੂੰ ਸੱਦਾ ਦਿੱਤਾ ਜਿਹੜੇ ਕੋਲੋਂ ਟਿਕਟਾਂ ਖਰਚ ਕੇ ਇੰਝ ਦੌੜੇ ਜਿਵੇਂ ‘ਰੈਟ ਰੇਸ’ ਵਾਲੇ ਦੌੜਦੇ ਹਨ ਪਰ ‘ਸਟੇਟਮਿੰਟ’ ਇਹ ਸੀ ਕਿ ਸਾਨੂੰ ਸਰਕਾਰ ਨੇ ਸੱਦਿਆ ਹੈ!
ਆਪਾਂ ਟਰੰਟੋ ਤੱਕ ਹੀ ਸੀਮਤ ਰਹਾਂਗੇ ਇਸ ਚੌਲਾਂ ਦੇ ਦਾਣੇ ਵਿਚੋਂ ਤੁਹਾਨੂੰ ਸਾਰੀ ‘ਖਿਚੜੀ’ ਦੀ ਸਮਝ ਆ ਜਾਵੇਗੀ। ਕੁਝ ਚਿਰ ਪਹਿਲਾਂ ਇਥੇ ਟਰੰਟੋ ਵਿਚ ਸਕੰਦਰਜੀਤ ਮਲੂਕਾ ਆਇਆ ਤੇ ਕੁਝ ਡੁਰਲੀਆਂ ਨਾਲ ਉਸ 10 ਕੁ ਦਿਨ ਅੰਦਰੇ ਅੰਦਰ ਖਿਚੜੀ ਪਕਾਈ ਅਤੇ ਪੰਜਾਬ ਜਾ ਕੇ ਬਿਆਨ ਦੇ ਦਿੱਤਾ ਕਿ ਪ੍ਰਵਾਸੀਆਂ ਦੀਆਂ ਮੰਗਾਂ ਸਰਕਾਰ ਨੇ ਮਨਜੂਰ ਕਰ ਲਈਆਂ ਹਨ ਤੇ ਜਿਹੜੇ ਤਗਮੇ ਤਿਆਰ ਕੀਤੇ ਹਨ ਉਹ ਮੀਡੀਆ ਜਾਂ ਹੋਰ ਐਮ.ਪੀ ਆਦਿ ਆ ਕੇ ਲੈ ਜਾਣ। ਤੇ ਕਹਿੰਦੇ ਉਥੇ ਚੰਗਾ ਵੱਡਾ ਇਕੱਠ ਚਾਪਲੂਸਾਂ ਦਾ ਹੋਇਆ ਜਿਸ ਦੀ ‘ਕਵਰੇਜ’ ਨਗਾਰਾ ਰੇਡੀਓ ਵਾਲੇ ਰਾਣਾ ਸਿੱਧੂ ਹੋਰਾਂ ਬੜੇ ਸਪੱਸ਼ਟ ਲਫਜਾਂ ਵਿਚ ਅਤੇ ਖੁਲ੍ਹ ਕੇ ਕੀਤੀ।ਕਹਿੰਦੇ ਨੇ ਕੁਝ ਇਕ ਪੱਤਰਕਾਰਾਂ ਨੇ ਬਿਕਰਮਜੀਤ ਮਜੀਠੀਏ ਨੂੰ ਉਸ ਦੀਆਂ ਗਾਹਲਾਂ ਬਾਰੇ ਜਦ ਕੁਝ ਸਵਾਲ ਪੁੱਛੇ ਤਾਂ ਉਹ ਹੱਸ ਕੇ ਕਹਿਣ ਲੱਗਾ ਕਿ ਛੱਡੋ ਯਾਰ ਇਨ੍ਹਾਂ ਗੱਲਾਂ ਨੂੰ ਤੁਸੀਂ ਚਲ ਕੇ ਲੱਤਾਂ-ਛੱਤਾਂ ਖਾਓ!! ਉਥੋਂ ਦੀਆਂ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਇਨ੍ਹਾਂ ਕਾਗਜੀ ਪਹਿਲਵਾਨਾਂ ਦੀ ਓਕਾਤ ਕੀ ਹੈ। ਯਾਨੀ ਮੁਰਗੇ ਦੀਆਂ ਟੰਗਾਂ ਜਿੰਨੀ ਕੁ ਜਾਨ ਹੀ ਹੈ ਇਨ੍ਹਾਂ ਦੀਆਂ ਟੰਗਾਂ ਵਿਚ! ਹੱਡੀ ਸੁੱਟੋ ਤੇ ਗੱਲ ਖਤਮ? ਇਹੀ ਹਾਲ ਉਨ੍ਹਾਂ ਬਾਹਰ ਵਾਲਿਆਂ ਦਾ ਕਰ ਦਿੱਤਾ ਹੈ। ‘ਮਹਿਕ’ ਵਾਲਾ ਜੁਗਰਾਜ ਸਿੱਧੂ ਜਾਂ ਖੋਸਾ ਆ ਕੇ ਰੇਡੀਓ ਉਪਰ ਦੱਸ ਪਤਾ ਕੀ ਰਿਹਾ?
‘ਸਰਕਾਰ ਨੇ ਸਾਡੀ ਬੜੀ ਸੇਵਾ ਕੀਤੀ! ਦੋ ਦੋ ਗੰਨਮੈਨ ਦਿੱਤੇ! ਵਧੀਆ ਫਾਈਵ ਸਟਾਰ ਹੋਟਲਾਂ ਵਿਚ ਸਾਡਾ ਉਤਾਰਾ ਕੀਤਾ! ਮਰਸੀਡੀਆਂ ਗੱਡੀਆਂ ਦਿੱਤੀਆਂ! ਤੇ ਸਭ ਤੋਂ ਵੱਡੀ ਪ੍ਰਾਪਤੀ ਪਤਾ ਕੀ ਦੱਸੀ ਕਿ ਸੁਖਬੀਰ ਬਾਦਲ ਨਾਲ ਚਾਹ ਦਾ ਕੱਪ ਪੀਣ ਦਾ ਮੌਕਾ ਮਿਲਿਆ!!!!
ਤੁਸੀਂ ਸੋਚ ਸਕਦੇਂ ਅਪਣੇ ਮੀਡੀਏ ਦੇ ਫੁਕਰਾ-ਪਨ ਬਾਰੇ? ਇਹ ਤੁਹਾਡੇ ਮਸਲੇ ਰੱਖਣਗੇ ਸਰਕਾਰਾਂ ਅਗੇ ਜਿੰਨਾ ਦੀ ਹਵਾ ਮੁੱਖ-ਮੰਤਰੀ ਨਾਲ ਚਾਹ ਪੀਣ ਨਾਲ ਹੀ ਨਿਕਲ ਜਾਂਦੀ ਹੈ? ਇਸ ਮੀਡੀਏ ਦੀ ਸਭਾ ਦੇ ਪ੍ਰਧਾਨ ਸਾਹਬ ਦੀ ਸੁਣ ਲਓ। ਅੱਜ ਸਵੇਰੇ ਹੀ ਇਕ ਭਰਾ ਦੀ ਪੋਸਟ ਆਈ ਹੋਈ ਸੀ ਡੇਸਬੁੱਕ ਉਪਰ ਉਸ ਵਿਚ ਪੰਜਾਬ ਵਿਚ ਹੋਏ ‘ਪ੍ਰਵਾਸੀ ਸੰਮੇਲਨ’ ਵਿਚ ਹਮਦਰਦ ਅਖਬਾਰ ਦਾ ਸ੍ਰ ਅਮਰ ਸਿੰਘ ਭੁੱਲਰ ਬੋਲ ਰਿਹਾ ਸੀ। ਕੋਈ 20 ਕੁ ਮਿੰਟ ਉਹ ਬੋਲਿਆ ਉਸ ਵਿਚ ਉਸ ਇਕ ਵਾਰ ਇਹ ਸਵਾਲ ਨਹੀ ਉਠਾਇਆ ਕਿ ਪ੍ਰਵਾਸੀ ਪੰਜਾਬ ਵਿਚ ਪੈਸਾ ਕਿਉਂ ਲਾਉਂਣ? ਸ਼ਾਮ ਪਈ ਤਾਂ ਲੋਕ ਬਾਹਰ ਨਿਕਲਨੋਂ ਹਟ ਜਾਂਦੇ ਕਿ ਕੋਈ ਵੀ ਲੁੱਟ ਹੋ ਸਕਦਾ। ਕਿਸੇ ਦੀ ਧੀ-ਭੈਣ ਦੀ ਇੱਜਤ ਇਥੇ ਮਹਿਫੂਜ ਨਹੀ। ਕਿਸੇ ਦੀ ਜਾਇਦਾਦ ਦਾ ਕੋਈ ਭਰੋਸਾ ਨਹੀ ਕਿ ਕਦ ਕਿਸੇ ਕਹਿ ਦੇਣਾ ਕਿ ‘ਤੇਰਾ ਪਲਾਟ ਭਰਾ ਹੈਥੇ ਕਿਤੇ ਕੋਠੀ ਹੇਠ ਆ ਗਿਆ ਹੋਣਾ’ ਤਾ ਪ੍ਰਵਾਸੀ ਸੰਮੇਲਨ ਕੀ ਅਰਥ ਰੱਖਦਾ? ਬਹੁਤੀਆਂ ਤਾਂ ਸ੍ਰ ਭੁੱਲਰ ਨੇ ਮਸਖਰੀਆਂ ਜਿਹੀਆਂ ਹੀ ਕੀਤੀਆਂ ਪਰ ਜਿਹੜਾ ਅਹਿਮ ਕੱਦੂ ਵਿਚ ਤੀਰ ਮਾਰਿਆ ਉਸ ਤਾਂ ਸੁਣ ਵਾਲਿਆਂ ਨੂੰ ਉਝਂ ਹੀ ਹੈਰਾਨ ਕਰ ਗਿਆ ਜਿਸ ਵਿਚ ਉਹ ਪੰਜਾਬ ਸਰਕਾਰ ਨੂੰ ਭੰਗ ਇਮਪੋਰਟ ਕਰਨ ਦੀ ਸਲਾਹ ਦੇ ਰਿਹਾ ਹੈ! ਦੇਖਿਆ ਵਪਾਰੀ ਤੁਹਾਡੇ ਟਰੰਟੋ ਦੇ? ਭੁੱਲਰ ਬਾਈ ਜੀ ਨੇ ਸੋਚਿਆ ਹੋਣਾ ਜਿਹੜੀ ਕਸਰ ਅਜਮੇਰੀਆਂ-ਮਾਸ਼ਟਰਾਂ ਤੋਂ ਰਹਿ ਗਈ ਉਹ ਹੁਣ ਭੰਗ ਦੇ ਵਪਾਰ ਵਿਚੋਂ ਪੂਰੀ ਕੀਤੀ ਜਾਵੇ? ਤੁਸੀਂ ਡੋਡਿਆਂ ਨੂੰ ਰੋਅ ਰਹੇ ਹੋਂ ਇਹ ਭੰਗ ਦੀਆਂ ਤਿਆਰੀਆਂ ਕਰੀ ਫਿਰਦੇ।
ਭੰਗ ਤੋਂ ਗੱਲ ਯਾਦ ਆਈ ਕਿ ਭੁੱਲਰ ਸਾਹਬ ਪੰਜਾਬ ਤੋਂ ਕੁਝ ਰੇਡੀਓ ਪ੍ਰੋਗਰਾਮਾ ਉਪਰ ਬੋਲੇ ਤਾਂ ਉਨ੍ਹਾਂ ਦੀ ਬੋਲ-ਬਾਣੀ ਸੁਣਨ ਤੇ ਨਗਾਰਾ ਰੇਡੀਓ ਦੇ ਸ੍ਰ ਰਾਣਾ-ਸਿੱਧੂ ਨੇ ਇਕ ਟਿੱਪਣੀ ਕੀਤੀ ਕਿ ਲੱਗਦਾ ਪੰਜਾਬ ਸਰਕਾਰ ਨੇ ਬਾਹਰਲੇ ਮੀਡੀਏ ਨੂੰ ਸ਼ਰਾਬ ਬੜੀ ਖਰੀ ਪਿਆਈ ਹੈ??? ਤੁਸੀਂ ਸੋਚ ਸਕਦੇ ਹੋਂ ਕਿ ਇਹ ਹਨ ਉਹ ਲੋਕ ਜਿਹੜੇ ਤੁਹਾਡੀਆਂ ਮੁਸ਼ਕਲਾਂ ਲੈ ਕੇ ਗਏ ਸਨ ਪੲ ਚਾਪਲੂਸੀਆਂ ਕਰਕੇ, ਗੰਨਮੈਨਾਂ ਨਾਲ ਮਰਸੀਡੀਆਂ ਗੱਡੀਆਂ ਝੂਟ ਕੇ, ਫਾਈਵ-ਸਟਾਰ ਹੋਟਲਾਂ ਵਿਚ ਰਹਿ ਕੇ ਅਤੇ ਬਾਦਲਾਂ ਨਾਲ ਚਾਹਾਂ ਪੀਕੇ ਅਪਣੇ ਧੰਨਭਾਗ ਸਮਝਦੇ ਮੁੜ ਆਏ ਹਨ ਤੇ ਹੁਣ ਤੁਹਾਡੇ ਉਪਰ ਅਹਿਸਾਨ ਕਰ ਰਹੇ ਹਨ ਕਿ ਪੰਜਾਬ ਮੁੱਖ-ਮੰਤਰੀ ਤੱਕ ਕੋਈ ਕੰਮ ਹੋਇਆ ਤਾਂ ਸਾਨੂੰ ਦੱਸਣਾ??
ਮੁੱਕਦੀ ਗੱਲ ਕਿ ਜਦ ਤੁਹਾਡੀ ਅਵਾਜ ਬਣਨ ਵਾਲੇ ਲੋਕ ਹਕੂਮਤਾਂ ਦੇ ਮਸਖਰੇ, ਚਾਪਲੂਸ, ਝਾੜੂ-ਬਰਦਾਰ ਬਣ ਜਾਣ ਤਾਂ ਤੁਹਾਨੂੰ ਅਪਣੀ ਗੱਲ ਖੁਦ ਕਰਨ ਦੀ ਜਾਚ ਆਉਣੀ ਚਾਹੀਦੀ ਤੇ ਇਹ ਮੰਨ ਲੈਣਾ ਚਾਹੀਦਾ ਕਿ ਅਪਣੇ ਵੱਡੇ ਬਾਬਾ ਜੀ ਦੇ ਬੱਚਨ ਅੱਜ ਵੀ ਤੁਹਾਡਾ ਰਾਹ ਰੁਸ਼ਨਾਉਂਦੇ ਤੁਹਾਡੀ ਅਗਵਾਈ ਕਰਦੇ ਦੱਸ ਰਹੇ ਹਨ ਕਿ ਅਜਿਹੇ ਲੋਕਾਂ ਦੀ ਦੋਸਤੀ ਕਿੰਝ ਦੀ ਹੈ ਅਤੇ ਕਿਵੇਂ ਇਹ ਅਜਿਹੇ ਲੋਕ ਝੂਠ ਦੇ ਤਾਣੇ ਤਣਦੇ ਅਤੇ ਝੂਠਾਂ ਦੀਆਂ ਮਹਿਫਲਾਂ ਲਾਉਂਦੇ ਝੂਠਾਂ ਦੇ ਵਪਾਰ ਕਰਦੇ ਹਨ।
ਸਲੋਕ ਮਃ ੧ ॥ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}
ਅਰਥ: ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ, ਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ; ਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।
ਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ, "ਕੂੜ" ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ")।੧।