ਮਿੱਤਰਾਂ ਨੇ ਫੁੱਲ ਮਾਰਿਆ………?
ਭਾਈ ਪੰਥਪ੍ਰੀਤ ਸਿੰਘ ਦੀ ਇੱਕ ਗੱਲ ਨੇ ਸ਼ਾਇਦ ਸਭ ਦਾ ਧਿਆਨ ਖਿੱਚਿਆ ਹੋਵੇਗਾ ਜਿਸ ਦਾ ਮੋਟੇ ਤੋਰ ਮੱਤਲਬ ਸੀ ਕਿ ਮੋਰਾਂ ਨਾਚੀ ਦੇ ਸਬੰਧ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਨੇ ਕਟਹਿਰੇ ਵਿਚ ਖੜਾ ਕਰਕੇ ਕੋੜੇ ਮਾਰੇ। ਤੇ ਅੱਜ ਦੇ ਅਕਾਲੀ ਅਖਵਾਉਂਣ ਵਾਲੇ ‘ਰਾਜੇ’ ਹਰੇਕ ਸਾਲ ਹੀ ਮੋਰਾਂ ਯਾਨੀ ਕਟਰੀਨਾ ਕੈਫ ਵਰਗੀਆਂ ਨਾਚੀਆਂ ਨੂੰ ਨਚਾਉਂਦੇ ਹਨ ਪਰ ਸਾਡੇ ‘ਜਥੇਦਾਰ’ ਚੁੱਪ? ਤੇ ਇਹ ਚੁੱਪ ਕੀ ਰੜਕ ਨਹੀ ਰਹੀ? ਬੜੀਆਂ ਚੁੱਪਾਂ ਰੜਕਦੀਆਂ ਇਨ੍ਹਾਂ ਦੀਆਂ ਭਾਈ ਪੰਥਪ੍ਰੀਤ ਸਿੰਘ ਜੀ ਪਰ ਲਾਸ਼ ਹੋਰ ਕਰ ਵੀ ਕੀ ਸਕਦੀ? ਲਾਸ਼ ਦਾ ਤੇ ਚੁੱਪ ਦਾ ਗਹਿਰਾ ਸਬੰਧ ਹੈ। ਬੰਦੇ ਨੂੰ ਮਰਿਆ ਹੀ ਉਦੋਂ ਐਲਾਨਿਆ ਜਾਂਦਾ ਜਦ ਉਹ ਚੁੱਪ ਕਰ ਜਾਏ। ਪਰ ਦੁੱਖ ਇਹ ਕਿ ਇਨ੍ਹਾਂ ਲਾਸ਼ਾਂ ਉਪਰ ਕੋਈ ਕਫਨ ਵੀ ਨਹੀ ਪਾ ਰਿਹਾ। ਬਦਬੂ ਮਾਰ-ਮਾਰ ਪੂਰੀ ਕੌਮ ਦਾ ਨੱਕ ‘ਚ ਦਮ ਕੀਤਾ ਪਿਆ ਹੈ। ਇਨ੍ਹਾਂ ਦੇ
ਸਾਹਵੇਂ ਪੰਜਾਬ ਵਿਚ ਗਾਉਣ ਵਾਲਿਆਂ ਗੰਦ ਪਾਇਆ ਪਿਆ ਪਰ…?
ਚਲੋ ਇਹ ਤਾਂ ਹੋਈ ਪੰਜਾਬ ਦੀ। ਉਥੇ ਤਾਂ ਲੋਕਾਂ ਦੀ ਮਾਨਸਿਕਤਾ ਬਿਮਾਰ ਕਰ ਦਿਤੀ ਗਈ ਹੈ। ਕੋਈ ਵਿਰਲਾ ਪੰਥਪ੍ਰੀਤ ਬੋਲਦਾ ਪਰ ਬਾਹਰ? ਉਹੀ ਮੋਰਾਂ ਨਾਚੀਆਂ ਜਦ ਬਾਹਰ ਨੱਚਣ ਆਉਂਦੀਆਂ ਤਾਂ ਸਾਡੇ ਅਜਾਦੀ ਘੁਲਾਟੀਏ? ਸਰੀ ਵਿਚ ਬੰਬੇ ਦੇ ਟਪੂਸੀ ਮਾਰਕਾ ਲੋਕਾਂ ਦਾ ਇੱਕ ਵੱਡੇ ਪੱਧਰ ਦਾ ਮੇਲਾ ਹੋਣ ਜਾ ਰਿਹਾ 5 ਅਪ੍ਰੈਲ ਨੂੰ। ਕਈ ਨਾਚੇ-ਨਾਚੀਆਂ ਆ ਰਹੇ। ਕਹਿੰਦੇ ਦੋ ਘੰਟੇ ਟਿਕਟਾਂ ਖੁਲ੍ਹੀਆਂ ਸਨ ਤੇ ਦੋਂਹ ਘੰਟਿਆਂ ਵਿਚ ਵਿੱਕ ਗਈਆਂ। ਕਈ ਟਿੱਕਟਾਂ ਤਾਂ 35-35 ਸੌ ਡਾਲਰ ਦੀਆਂ ਵੀ ਸਨ!! ਸਰਕਾਰੀ ਪੱਧਰ ਤੇ ਫੰਡਿਗ ਕੀਤੀ ਜਾ ਰਹੀ। ਚਲੋ ਇਹ ਇਕ ਵਿਸ਼ਾ ਹੀ ਅਲਹਿਦਾ ਹੈ। ਕਿਸੇ ਨੱਚਣਾ ਕਿਸੇ ਨੇ ਵੇਖਣਾ!
ਅਸੀਂ ਕਹਿੰਨੇ ਹਿੰਦੂ ਸਾਨੂੰ ਗੁਲਾਮ ਰੱਖਣਾ ਚਾਹੁੰਦਾ ਪਰ ਜੇ ਮੈਂ ਖੁਦ ਉਹ ਕੰਮ ਕਰਾਂ ਜਿਸ ਨਾਲ ਗੁਲਾਮੀ ਹੋਰ ਪੀਡੀ ਹੁੰਦੀ ਹੋਵੇ ਤਾਂ ਤੁਸੀਂ ਮੇਰੇ ਕਹੇ ਨੂੰ ਕਿੰਝ ਲਵੋਂਗੇ। ਜੇ ਪੰਜਾਬ ਵਿਚ ਬਾਦਲਾਂ ਵਲੋਂ ਇਨ੍ਹਾਂ ਨਾਚਿਆਂ ਨੂੰ ਸੁਚੇਤ ਵਰਗ ਗੁਲਾਮੀ ਵਜੋਂ ਦੇਖ ਰਿਹਾ ਤਾਂ ਬਾਹਰ ਵਾਲਿਆਂ ਲਈ ਕੀ ਮੁਸ਼ਕਲ? ਮੈਂ ਟਰੰਟੋ ਤੋਂ ਨਿਕਲਦੀ ‘ਪੰਜਾਬੀ ਡੇਲੀ’ ਵੇਖ ਰਿਹਾ ਸੀ। ਫਰੰਟ ਪੇਜ ਤੇ ਵੱਡੀਆ ਮੂਰਤੀਆਂ ਸਨ ਉਨ੍ਹਾ ਨਾਚਿਆਂ ਦੀਆਂ ਜਿੰਨਾ ਹਾਲੇ ਕੱਲ ਅਪਣੀਆਂ ਬਾਂਦਰ ਟਪੂਸੀਆਂ ਨਾਲ ਸਿੱਖਾਂ ਦਾ ਜਲੂਸ ਕੱਢਿਆ ਹੈ। ‘ਸਿੰਘ ਇਜ ਕਿੰਗ’ ਵਾਲਾ ਅਕਸ਼ੈ ਕੁਮਾਰ ਅਤੇ ‘ਸਨ ਆਫ ਸਰਦਾਰ’ ਵਾਲਾ ਅਜੇ ਦੇਵਗਨ? ਇਹ ਕੀ ਹੈ। ਅਸੀਂ ਰੋਕ ਨਹੀ ਸਕਦੇ ਪਰ ਇਨਾ ਤਾਂ ਕਰ ਸਕਦੇ ਹਾਂ ਕਿ ਇਨ੍ਹਾਂ ਨੂੰ ਅਪਣੇ ਚੇਤਿਆਂ ਵਿਚੋਂ ਦਫਾ ਕੀਤਾ ਜਾਵੇ। ਪਰ ਨਹੀ! ਤਾਂ ਫਿਰ ਕਿਹੜੀ ਗੁਲਾਮੀ ਤੇ ਕਿਹੜੀ ਅਜਾਦੀ?
ਮਾਨਸਿਕਤਾ ਵਿਚਲੀ ਗੁਲਾਮੀ ਨੂੰ ਤਾਂ ਅਸੀਂ ਫਰੰਟ ਪੇਜਾਂ ਉਪਰ ਲੋਕਾਂ ਅਗੇ ਪਰੋਸ ਰਹੇ ਹਾਂ ਪਰ ਗੱਲ ਅਜਾਦੀ ਦੀ ਕਰ ਰਹੇ ਹਾਂ? ਪੰਜਾਬ ਵਾਲੇ ‘ਜਥੇਦਾਰ’ ਤਾਂ ਚਲੋ ਬਾਦਲਾਂ ਦੇ ਜ਼ਰਖਰੀਦ ਹਨ ਪਰ ਬਾਹਰ ਵਾਲਿਆਂ ਖਾਸ ਕਰ ‘ਖਾਲਿਸਤਾਨੀਆਂ’ ਦੀ ਕੀ ਮਜਬੂਰੀ? ਇਹ ਦੋਹਰੇ ਮਾਪਦੰਡ ਸਾਡੀ ਸਮਝ ਨਹੀ ਆ ਰਹੇ ਜਾਂ ਲੋਕਾਂ ਨੂੰ ਹੀ ਅਸੀਂ ਮੂਰਖ ਸਮਝਦੇਂ? ਫਿਰ ਕਾਹਦਾ ਸੰਘ ਪਾੜਿਆ ਕਿ ਹਿੰਦੂ ਸਾਡੀ ਜਹੀ-ਤਹੀ ਫੇਰਨਾ ਚਾਹੁੰਦਾ? ਕਾਹਦੇ ਝੰਡੇ ਚੁੱਕੇ ਹੋਏ ਅਸੀਂ? ਗੱਲ ਸੁੱਖੇ-ਜਿੰਦੇ ਦੀ ਕਰਦੇ ਅਸੀਂ, ਗੱਲ ਬੇਅੰਤ-ਸਤਵੰਤ ਦੀ ਕਰਦੇ ਜਿਹੜੇ ਅਜਾਦੀ ਦੇ ਰਾਹ ਚਲਦੇ ਅਪਣੀਆਂ ਜਾਨਾਂ ਤੱਕ ਵਾਰ ਗਏ ਪਰ ਅਸੀਂ? ਇਕ ਐਡ ਖਾਤਰ? ਚੰਦ ਟੱਕਿਆਂ ਖਾਤਰ?
ਸੁਚੇਤ ਵਰਗ ਕੀ ਇਸ ਗੱਲ ਨਾਲ ਸਹਿਮਤ ਨਹੀ ਕਿ ‘ਬਾਲੀਵੁੱਡ’ ਕੇਵਲ ਸਿੱਖਾਂ ਦੀ ਹੀ ਨਹੀ ਬਲਕਿ ਪੂਰੇ ਹਿੰਦੋਸਤਾਨ ਦੀ ਸੋਚ ਨੂੰ ਨਿਪੁੰਸਕ, ਗੀਦੀ, ਜਾਹਲ ਅਤੇ ਅੰਨ੍ਹਿਆਂ ਕਰ ਰਿਹਾ ਹੈ? ਜੇ ਅਸੀਂ ਇਨ੍ਹਾਂ ਨੂੰ ਛੱਡ ਹੀ ਨਹੀ ਸਕਦੇ ਤਾਂ ਫਿਰ ਇਨ੍ਹਾਂ ਤੋਂ ਅਜਾਦੀ ਕਾਹਦੀ? ਲੋਕਾਂ ਅਗੇ ਇਨ੍ਹਾਂ ਨੂੰ ਚੰਦ ਟੱਕਿਆਂ ਖਾਤਰ ਪਰੋਸਣਾ ਕਿਸ ਅਜਾਦੀ ਦਾ ਨਾਂ ਹੈ? ਉਹ ਵੀ ਉਨ੍ਹਾਂ ਨੂੰ ਜਿਹੜੇ ਸਿੱਖਾਂ ਨੂੰ ਜੌਕਰ ਵਜੋਂ ਪੇਸ਼ ਕਰਦੇ ਹਨ? ਇਹ ਮਿੱਤਰਾਂ ਦੇ ਫੁੱਲ ਕੌਮ ਮੇਰੀ ਕਦ ਤੱਕ ਖਾਂਦੀ ਰਹੇਗੀ ਅਤੇ ਕਦ ਤੱਕ ਉਹ ਅਪਣੀ ਕੁਰਲਾਉਂਦੀ ਰੂਹ ਨੂੰ ਚੁੱਪ ਦੀ ਢਾਰਸ ਦਿੰਦੀ ਰਹੇਗੀ?
-ਗੁਰਦੇਵ ਸਿੰਘ ਸੱਧੇਵਾਲੀਆ