ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
< - ਅੱਗ ਵਰ੍ਹਾਊ ਤੋਪਾਂ - >
< - ਅੱਗ ਵਰ੍ਹਾਊ ਤੋਪਾਂ - >
Page Visitors: 2523

<    -    ਅੱਗ  ਵਰ੍ਹਾਊ  ਤੋਪਾਂ    -    >
ਖ਼ਾਲਿਸਤਾਨ ਬਾਰੇ ਕੁੱਝ ਟਿੱਪਣੀਆਂ ਨੂੰ ਲੈ ਕੇ ਸਰਬਜੀਤ ਸਿੰਘ ਧੂੰਦਾ ਦੀ ਸ਼ੋਸ਼ਲ ਮੀਡੀਏ ਉਪਰ ਦੇਹ ਧੀ ਦੀ.. ਭੈਣ ਦੀ... ਹੋ ਰਹੀ ਦੇਖ ਲੱਗਦਾ ਹੀ ਨਹੀਂ ਕਿ ਸਿੱਖ ਵਿਚ ਕੋਈ ਗੁਰਸਿੱਖਾਂ ਵਾਲੀ ਗੱਲ ਬਾਕੀ ਬਚੀ ਹੈ।
  ਰੋਹੀਆਂ ਨਹਿਰਾਂ ਦੇ ਝੂਠੇ ਮੁਕਾਬਲੇ, ਦਿੱਲੀਆਂ ਦੀਆਂ ਗਲੀਆਂ ਵਿਚ ਕੁੱਤਿਆਂ ਤਰ੍ਹਾਂ ਰੁਲਦੀਆਂ ਸਾਡੀਆਂ ਲਾਸ਼ਾਂ, ਪੁਲਿਸ ਥਾਣਿਆਂ ਅਤੇ ਦਿੱਲੀ ਦੀਆਂ ਗਲੀਆਂ ਵਿਚ ਹੋਈਆਂ ਸਾਡੀਆਂ ਮਾਵਾਂ ਭੈਣਾਂ ਦੇ ਬਲਾਤਕਾਰ, ਇੱਕ ਅਸਹਿ ਚੀਸ ਹੈ ਜਿਸ ਨੂੰ ਭੁੱਲ ਜਾਣ ਦੀ ਗੱਲ ਕਰਨ ਵਾਲੇ ਇਉਂ ਜਾਪਦੇ ਹੁੰਦੇ ਜਿਵੇਂ ਤੁਹਾਡੀ ਹਿੱਕ ਵਿਚ ਖੰਜਰ ਖੋਭ ਰਹੇ ਹੋਣ। ਇਹ ਵੀ ਕਿ ਦਿੱਲੀ ਦੇ ਰਹਿਮੋ ਕਰਨ ਤੇ ਜਿਉਂ ਰਹੇ ਪੰਜਾਬ ਦਾ 'ਅੱਲਾ ਬੇਲੀ' ਵਾਲੀ ਹਾਲਤ ਹੈ ਕਿਉਂਕਿ ਹਿੰਦੋਸਤਾਨ ਦੇ ਮੀਡੀਏ ਦੇ ਜਿਵੇਂ ਦੇ ਕੁੱਤੇ ਦੇ ਮੂੰਹ ਲੱਗੇ ਹੋਏ ਨੇ ਉਹ ਕਦੇ ਵੀ ਕੋਈ ਸ਼ੋਸ਼ਾ ਛੱਡ ਕੇ ਦੁਬਾਰਾ ਪੰਜਾਬ ਦੀ ਨਸਲਕੁਸ਼ੀ ਕਰਵਾ ਸਕਦਾ ਹੈ ਯਾਣੀ ਪੰਜਾਬ ਬਰੂਦ ਦੇ ਢੇਰ ਤੇ ਖੜਾ ਹੈ ਤੇ ਕੋਈ ਵੀ ਉਸ ਹੇਠਾਂ ਚਵਾਤੀ ਸੁੱਟ ਸਕਦਾ ਹੈ।
ਇਸ ਸੰਦਰਭ ਵਿਚੋਂ ਪੰਜਾਬ ਜਾਂ ਸਿੱਖਾਂ ਕੋਲੇ ਕੋਈ ਚਾਰਾ ਬਾਕੀ ਨਹੀਂ ਬਚਦਾ ਕਿ ਉਹ ਅਪਣੀ ਵੱਖਰੀ ਹੋਂਦ ਨੂੰ ਬਚਾਈ ਰੱਖਣ ਲਈ ਕੋਈ ਹੱਥ-ਪੈਰ ਮਾਰਨ।
   ਪਰ ਹੱਥ ਪੈਰ ਮਾਰਨ ਦੇ ਤਰੀਕੇ ਸਾਡੇ ਇਨੇ ਲਾਈ ਲੱਗ ਅਤੇ ਲੀਹੋਂ ਲੱਥੇ ਕਿ ਕੋਈ ਵੀ ਲੰਡਰ ਜਿਹਾ ਬੰਦਾ ਚਾਰ ਗੱਲਾਂ ਤਤੀਆਂ ਕਰਕੇ ਸਾਨੂੰ ਲੁੱਟ ਸਕਦਾ ਤੇ ਰਿਹਾ ਹੈ। ਉੱਚੇ ਨਾਹਰਿਆਂ, ਜੈਕਾਰਿਆਂ ਅਤੇ ਭਾਵੁਕ ਗੱਲਾਂ ਪਿੱਛੇ ਅਸੀਂ ਇਨੀ ਸਪੀਡ ਨਾਲ ਦੌੜਦੇ ਹਾਂ ਕਿ ਦੂਜਾ ਪੱਖ ਸੁਣਨ ਲਈ ਤਿਆਰ ਹੀ ਨਹੀਂ ਹੁੰਦੇ। ਸਾਡੀ ਕਮਜੋਰੀ ਦਾ ਫਾਇਦਾ ਉਹ ਲੋਕ ਲੈ ਜਾਂਦੇ ਹਨ ਜਿੰਨਾ ਦਾ ਇਸ ਲਹਿਰ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ।
  ਵੈਸੇ ਤਾਂ ਧੂੰਦੇ ਦੀ ਕਹੀ ਉਪਰ ਵਾ-ਵਰੋਲਾ 'ਰੋਂਦੀ ਯਾਰਾਂ ਨੂੰ ਭਰਾਵਾਂ ਦੇ ਨਾਂ ਲੈ ਕੇ' ਵਾਲੀ ਗੱਲ ਜਿਆਦਾ ਜਾਪਦੀ ਕਿਉਂਕਿ ਪੰਡੀਏ ਦੀ ਮਾਨਸਿਕ ਗੁਲਾਮੀ ਵਿਚੋਂ ਨਿਕਲਣ ਲਈ ਹਾਲੇ ਅਸੀਂ ਤਿਆਰ ਨਹੀਂ ਹਾਂ, ਉਂਝ ਲਕੀਰ ਮਾਰ ਕੇ ਇਸ ਪਾਰ ਆਉਂਣ ਦੀਆਂ ਗੱਲਾਂ ਅਸੀਂ ਰੋਜ ਕਰਦੇ ਹਾਂ। ਉਸ ਦਾ ਸਾਡੇ ਸਿਰਾਂ ਵਿਚ ਪਾਇਆ ਕੂੜਾ ਅਸੀਂ ਰੋਜ ਚੁੱਕ ਚੁੱਕ ਅਪਣੇ ਸਿਰ ਪਾਈ ਜਾਂਦੇ ਹੋਏ ਵੀ ਅਸੀਂ ਸੋਚਦੇਂ ਕਿ ਅਸੀਂ ਹਿੰਦੂ ਤੋਂ ਅਜਾਦ ਹੋਣਾ?
ਤੁਹਾਨੂੰ ਕਦੇ ਅਜਿਹੇ ਬੁੱਧੀਜੀਵੀਆਂ ਤੇ ਹੈਰਾਨੀ ਨਹੀਂ ਹੁੰਦੀ ਕਿ ਜਿੰਨਾ ਨੂੰ ਜਾਪਦਾ ਕਿ ਅਜਿਹੇ ਛੋਟੇ ਮੋਟੇ ਮਸਲੇ ਘਰ ਬਣਾ ਕੇ ਵੀ ਸੋਚੇ ਜਾ ਸਕਦੇ?
 ਮਸਲੇ?
 ਹੋਲੀ ਸੋਲੀ ਮਾਨਸਿਕ ਗੁਲਾਮੀ ਨੂੰ ਤੁਸੀਂ ਛੋਟੇ ਮੋਟੇ ਮਸਲੇ ਕਹਿੰਨੇ?
ਜਿਹੜੇ ਉਨ੍ਹਾਂ ਉਪਰ ਗੱਲ ਕੀਤਿਆਂ ਅੱਜ ਕ੍ਰਿਪਾਨਾ ਨਾਲ ਢਿੱਡ ਪਾੜਦੇ, ਸ਼ਬੀਲਾਂ ਲਾਉਂਦੇ ਤੇ ਟੋਕੇ ਚੁੱਕੀ ਫਿਰਦੇ ਤੁਹਾਨੂੰ ਉਹ ਤਾਕਤ ਵੇਲੇ ਗੱਲ ਕਰਨ ਦੇਣਗੇ?
 ਜੇ ਮੈਂ ਇਧਰ ਆ ਕੇ ਵੀ ਰਾਮ ਕਥਾ ਹੀ ਪੜੀ ਜਾਂਣੀ, ਕਾਲਕਾ ਅਰਾਧੀ ਜਾਣੀ, ਬਿਸ਼ਨੂੰ ਦੀ ਭਗਤੀ ਦਾ ਖਹਿੜਾ ਨਹੀਂ ਛੱਡਣਾ ਤਾਂ ਉਹ ਤਾਂ ਮੈਂ ਹੁਣ ਵੀ ਪੜੀ ਜਾ ਰਿਹਾਂ!
  ਅੱਜ ਤਾਂ ਚਲੋ ਸਾਡੇ ਕੋਲੇ ਖਾਲਿਸਤਾਨ ਦਾ ਬਹਾਨਾ ਹੈ, ਪਰ ਧੂੰਦੇ ਦਾ ਜਾਂ ਉਸ ਵਰਗੀ ਵਿਚਾਰ ਵਰਗਿਆਂ ਦਾ ਸਿਰ ਲਾਹੁਣ ਤਾਂ ਤੁਸੀਂ ਕਦ ਦੇ ਦੂ ਦੂ ਕਰਦੇ ਫਿਰਦੇਂ!
     ਮੰਨ ਲਓ ਕਿ ਅਸੀਂ ਮਿੱਥ ਕੇ ਮੰਨਣ ਉਪਰ ਬਜਿੱਦ ਸਾਂ ਕਿ ਧੂੰਦੇ ਨੇ ਖਾਲਿਤਸਾਨ ਬਾਰੇ ਗਲਤ ਬੋਲਿਆ ਤਾਂ ਉਸ ਦੀ ਕਹੀ ਗੱਲ ਉਪਰ ਇੱਕ ਵੱਡਾ ਮੌਕਾ ਸੀ ਸਾਡੇ ਕੋਲੇ ਕਿ ਅਸੀਂ ਇਸ ਉਪਰ ਉਸਾਰੂ ਸੰਵਾਦ ਰਚਾਈਏ ਅਤੇ ਦਲੀਲ ਸਹਿਤ ਜਵਾਬ ਦੇਣ ਦੇ ਕਾਬਲ ਹੋਈਏ ਤਾਂ ਕਿ ਜਿਹੜੇ ਲੋਕ ਕਿਨਾਰਿਆਂ ਜਿਹਿਆਂ ਤੇ ਖੜੋਤੇ ਹਨ ਉਨ੍ਹਾਂ ਨੂੰ ਇਸ ਲਹਿਰ ਨੂੰ ਵੱਡੀ ਕਰਨ ਲਈ ਉਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੁੰਦਾ, ਪਰ ਹੋਇਆ ਕੀ?
ਇਸ ਦਾ ਮੱਤਲਬ ਕਿ ਧੂੰਦੇ ਨਾਲੋਂ ਨੁਕਸਾਨ ਤਾਂ ਤੁਸੀਂ ਖੁਦ ਨਹੀਂ ਜਿਆਦਾ ਕੀਤਾ ਕਿ ਲੋਕਾਂ ਨੂੰ ਇਉਂ ਜਾਪਣ ਲੱਗਾ ਕਿ ਜੇ ਖਾਲਿਸਤਾਨ ਅਜਿਹੇ ਲੋਕਾਂ ਕੋਲੇ ਆਉਣਾ ਤਾਂ ਇਸ ਨਾਲੋਂ ਹਿੰਦੂ ਦੀ ਹੀ ਹੋਰ ਕੁੱਟ ਖਾ ਲਉ ਇਨ੍ਹੀ ਤਾਂ ਸਗੋਂ ਜਿਆਦਾ ਕੁੱਟਣਾ!
  ਇਹ ਵੀ ਕਿ ਤੁਸੀਂ ਤਾਂ ਹਿੰਦੂ ਜਿੰਨਾ ਵੀ ਬੋਲਣ ਨਹੀਂ ਦਿੰਦੇ ਕਿਸੇ ਨੂੰ?
 ਸਿਰ ਪਾੜਦੇ ਨਹੀਂ ਤੁਸੀਂ ਲੋਕਾਂ ਦੇ ਜਿਹੜਾ ਤੁਹਾਡੇ ਵਿਚਾਰਾਂ ਵਾਂਗ ਗੱਲ ਨਹੀਂ ਕਰਦਾ?
ਗੰਡਾਸੇ ਟਕੂਏ ਲੈ ਕੇ ਤੁਸੀਂ ਦੁਆਲੇ ਹੁੰਦੇ ਨਹੀਂ ਜਿਸ ਨਾਲ ਤੁਹਾਡੇ ਵਿਚਾਰ ਨਹੀਂ ਰਲਦੇ?
 ਇਥੇ ਟਰੰਟੋ ਵਿਚ ਹੀ ਕੀ ਹੋਇਆ ਸੀ। ਸਾਰਿਆਂ ਵਿਚੋਂ ਬਹੁਤੇ ਲੋਕੀਂ ਉਹੀ ਹੀ ਨਹੀਂ ਸਨ ਜਿਹੜੇ ਨਿੱਤ ਖਾਲਿਸਤਾਨ ਦਾ ਸੰਘ ਪਾੜੀ ਰੱਖਦੇ?
 ਉਸ ਵਿਚ ਨਾਨਕਸਰੀਏ ਵੀ ਸ਼ਾਮਲ ਨਹੀਂ ਸਨ?
 ਤੁਸੀਂ ਦੱਸੋ ਨਾਨਕਸਰੀਆਂ ਦਾ ਕੀ ਵਾਸਤਾ ਆਜ਼ਾਦੀ  ਨਾਲ?
 ਨਿਹੰਗਾ ਦਾ ਕੀ ਲੈਣਾ ਦੇਣਾ ਸਾਡੀ ਆਜ਼ਾਦੀ  ਨਾਲ?
 ਡੇਰਿਆਂ ਅਤੇ ਸੰਤ ਸਮਾਜ ਵਰਗੇ ਬਾਦਲਾਂ ਦੇ ਜਰਖਰੀਦਾਂ ਦਾ ਕੀ ਵਾਸਤਾ ਖਾਲਿਸਤਾਨ ਨਾਲ?
 ਪੀਰ ਮੁਹੰਮਦੀਏ ਸਾਡੇ ਯਾਰ ਤੇ ਆਜ਼ਾਦੀ  ਲਹਿਰ ਦੇ ਸਾਡੇ ਮੋਹਰੀ?  ਉਹ ਨਹੀਂ ਦਿੱਸਦੇ?
 ਕਿਉਂਕਿ ਉਹ ਗੱਲਾਂ ਤਤੀਆਂ ਕਰਦੇ?
ਟਰੰਟੋ ਦੇ ਹੀ ਬਹੁਤੇ ਸੋ ਕਾਲ ਖਾਲਿਸਤਾਨੀ ਅੰਡਰ ਦੀ ਟੇਬਲ ਜਾ ਜਾ ਮਿਲਦੇ ਨਹੀਂ ਕਾਤਲਾਂ ਨਾਲ?
 ਉਨਾਂ ਦੇ ਪਿਉਆਂ ਦੇ ਭੋਗਾਂ ਤੇ ਆਉਂਦੇ ਨਹੀਂ ਕਾਤਲਾਂ ਦੀਆਂ ਜੁੰਡਲੀਆਂ ਵਾਲੇ?
ਪਰ ਯਾਦ ਰਹੇ ਕਿ ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਕਾਰਨ ਮੈਂ ਇਸ ਲਹਿਰ ਦਾ ਵਿਰੋਧੀ ਨਹੀਂ ਹੋ ਸਕਦਾ, ਕਿਉਂਕਿ ਹਿੰਦੂ ਨੇ ਉਸ ਮੁਲਖ ਵਿਚ ਜੋ ਮੇਰੀ ਕੌਮ ਦੀ ਬੇਇੱਜਤੀ ਤੇ ਦੁਰਗਤ ਕੀਤੀ ਹੈ ਮੈਂ ਉਸ ਨੂੰ ਭੁੱਲ ਨਹੀਂ ਸਕਦਾ!
  ਪੰਜਾਬ ਦੀ ਗੱਲ ਹੈ। ਖਾੜਕੂ ਲਹਿਰ ਵੇਲੇ ਲਿਬਰੇਸ਼ਨ ਵਾਲਿਆਂ ਮੇਰੇ ਸੱਕੇ ਚਾਚੇ ਦੀ ਲੜਕੀ ਤੇ ਉਸ ਦਾ ਸਾਰਾ ਟੱਬਰ ਤਾਂ ਜੋ ਮਾਰਿਆ ਸੋ ਮਾਰਿਆ ਹੀ ਉਸ ਦੀ ਡੇੜ ਸਾਲ ਦੀ ਬੱਚੀ ਵੀ ਜਾਣ ਲੱਗੇ ਚੁੱਕ ਕੇ ਘਰ ਨੂੰ ਲਾਈ ਅੱਗ ਵਿਚ ਸੁੱਟ ਗਏ ਕਾਰਨ ਕੇਵਲ ਜਮੀਨ ਦਾ ਰੌਲਾ ਸੀ ਪਰ ਬਾਵਜੂਦ ਇਸ ਦੇ ਉਨ੍ਹਾਂ ਲੰਡਰਾਂ ਕਾਰਨ ਮੈ ਸੁੱਖੇ ਜਿੰਦੇ, ਬੇਅੰਤ, ਸਤਵੰਤ ਜੋਧਿਆਂ ਨੂੰ ਮਾੜਾ ਕਹਿਣ ਵੰਨੀ ਤਾਂ ਨਹੀਂ ਨਾ ਤੁਰ ਸਕਦਾ? ਖਲਿਸਤਾਨ ਦੀ ਲਹਿਰ ਹੇਠ ਘਿਨੋਣੇ ਕਾਰਨਾਮੇ ਵੀ ਹੋਏ, ਗੰਦ ਵੀ ਪਿਆ ਪਰ ਉਸ ਵਿਚ ਹੀ ਤੂਫਾਨ ਸਿੰਘ, ਬਾਬਾ ਮਾਨੋਚਾਹਲ ਵਰਗੇ ਪੁਰਜਾ ਪੁਰਜਾ ਹੋ ਜਾਣ ਵਾਲੇ ਵੀ ਤਾਂ ਸਨ! ਖਾਲੜੇ ਵਰਗੇ ਤੇ ਕਾਉਂਕੇ ਵਰਗੇ ਵੀ ਤਾਂ ਸਨ।
  ਯਾਦ ਰਹੇ ਕਿ ਆਜ਼ਾਦੀ  ਜਾਂ ਖਾਲਿਸਤਾਨ ਲੋਕਾਂ ਦੀਆਂ ਧੀਆਂ ਭੈਣਾਂ ਇੱਕ ਕਰਨ ਵਾਲੇ ਕੁਝ ਚਾਰ ਲੰਡਰਾਂ ਦੀ ਮਨਾਪਲੀ ਨਹੀਂ, ਉਹ ਸਾਡੀ ਵੀ ਲਹਿਰ ਹੈ ਸਾਡੀ ਵੀ ਹਿੱਕ ਤੇ ਜਖਮ ਨੇ ਤੇ ਅਸੀਂ ਜੇ ਕੁਝ ਵੀ ਨਾ ਕਰ ਸਕੀਏ ਪਰ ਕਾਤਲਾਂ ਨਾਲ ਟੇਬਲ ਹੇਠੋਂ ਨਹੀਂ ਮਿਲਦੇ, ਉਨਾਂ ਦੇ ਸੋਹਲੇ ਗਾਉਂਣ ਵਾਲੇ ਮੀਡੀਏ ਦੇ ਟੁੱਕੜਬੋਲਚਾਂ ਨੂੰ ਸਿਰੋਪੇ ਨਹੀਂ ਪਾਉਂਦੇ। ਮੈਨੂੰ ਜਾਪਦਾ ਅਸੀਂ ਗੁਰੂ ਤੋਂ ਰਹਿਮ ਮੰਗੀਏ ਕਿ ਉਹ ਸਾਡੇ ਸਭ ਦੇ ਪੜਦੇ ਕੱਜੀ ਰੱਖੇ ਨਹੀਂ ਤਾਂ ਲੀਰਾਂ ਹੀ ਨਿਕਲਨੀਆਂ ਬਹੁਤੀਆਂ!
  ਤੁਸੀਂ ਦੱਸੋ ਬਾਬੇ ਠਾਕੁਰ ਸਿੰਘ ਜਿੰਨਾ ਨੁਕਸਾਨ ਕੌਣ ਕਰ ਸਕਦਾ ਇਸ ਲਹਿਰ ਦਾ ਜਿਸ 22 ਸਾਲ ਝੂਠ ਬੋਲ ਕੇ ਪੂਰੀ ਲਹਿਰ ਨੂੰ ਫਰਿਜ ਲਾ ਛੱਡਿਆ?
 ਉਸ ਦੀ ਚੀਰ ਫਾੜ ਕੌਣ ਕਰੇਗਾ? ਉਸ ਦਾ ਲੇਖਾ ਜੋਖਾ ਕਦੋਂ ਕੋਰਂਗੇ? ਕੌਣ ਕਰੇਗਾ?
  ਤੁਹਾਡੇ ਆਹ ਸ਼ੋਸ਼ਲ ਮੀਡੀਏ ਉਪਰ ਸੋ ਕਾਲ ਬੁੱਧੀਜੀਵੀਏ ਕਰਨਗੇ ਜਿਹੜੇ ਇਸ ਅੱਗ ਵਰ੍ਹਾਊ ਤੋਪਾਂ ਵਿਚ ਬਰੂਦ ਭਰ ਰਹੇ ਹਨ ਬਜਾਇ ਇਸ ਦੇ ਕਿ ਕਿਸੇ ਦੀ ਕੀਤੀ ਟਿੱਪਣੀ ਉਪਰ ਕੋਈ ਉਸਾਰੂ ਬਹਿਸ ਕਰਾਉਂਦੇ?   
  ਕਈ ਤਾਂ ਅਪਣੀ ਖੱਲ ਬਚਾਉਂਣ ਖਾਤਰ ਹੀ ਬੋਲੀ ਜਾਂਦੇ ਹਨ ਕਿ ਕਹਿਣ ਨਾ ਤੂੰ ਇਸ 'ਵਹਿ ਰਹੀ ਗੰਗਾ' ਵਿਚ ਟੁੱਬੀ ਕਿਉਂ ਨਹੀਂ ਮਾਰੀ ਸੀ? ਚਲ ਗਦਾਰਾ ਦੌੜ!
  ਧੁੰਮੇ ਨੂੰ ਕੌਣ ਨਹੀਂ ਜਾਣਦਾ ਕੀ ਕੀਤਾ ਤੁਸੀਂ ਉਸ ਦਾ? ਕੌਣ ਬੋਲਿਆ?
   ਸ਼ਬੀਲਾਂ ਲਾ ਲਾ ਉਸ ਬੰਦੇ ਮਾਰੇ ਨਹੀਂ? ਕਿਸੇ ਦੇ ਕੰਨ ਤੇ ਜੂੰਅ ਸਰਕੀ? ਤੁਸੀਂ ਕਿਹੜੇ ਮੂੰਹ ਨਾਲ ਕਹਿੰਨੇ ਹਿੰਦੂ ਸਾਨੂੰ ਬੋਲਣ ਨਹੀਂ ਦਿੰਦਾ?
  ਸਾਰੇ ਨਹੀਂ, ਪਰ ਬਹੁਤੇ ਆਜ਼ਾਦੀ ਮੰਗਣ ਵਾਲਿਆਂ ਦੇ ਮਾਰਗ ਦਰਸ਼ਕ ਡੇਰੇ ਨੇ। ਤੇ ਡੇਰਿਆਂ ਵਾਲੇ ਕੌਣ ਨੇ? ਆਜ਼ਾਦੀ ਘੁਲਾਟੀਏ?
   ਪੰਜਾਬ ਨੂੰ ਤਬਾਹ ਕਰ ਦੇਣ ਵਾਲੇ ਬਾਦਲਾਂ ਨੂੰ ਜਾ ਜਾ ਦਿੱਲੀ ਚੋਣਾ ਵਿਚ ਜਿਤਾਇਆ ਨਹੀਂ ਉਨ੍ਹਾਂ?
   ਉਹ ਤੁਹਾਡੇ ਗੁਰਦੁਆਰਿਆਂ ਵਿਚ ਆ ਆ ਕਥਾਵਾਂ ਨਹੀਂ ਕਰਦੇ? ਕੁੱਤਿਆਂ ਨੂੰ ਅੰਮ੍ਰਤਿ ਛਕਾਈ ਫਿਰਦੇ? ਕਦੇ ਸਰੁੰਗਾਂ ਵਿਚੋਂ ਸ਼ਹੀਦ ਕੱਢ ਲਿਆਉਂਦੇ?
 ਉਹ ਖੜੋਤ ਨਹੀਂ ਪੈਦਾ ਕਰ ਰਹੇ ਇਸ ਲਹਿਰ ਵਿਚ?
 2020 ਦੇ ਲਾਰਿਆਂ ਵਾਲੇ ਕੌਣ ਨੇ?
 ਉਹ ਨਹੀਂ ਫਰਿਜ ਵਿਚ ਲਾ ਰਹੇ ਤੁਹਾਨੂੰ ਕਿ ਉਡੀਕੋ ਊਠ ਦਾ ਬੁੱਲ ਡਿੱਗਦਾ?
   ਪਰ ਯਾਦ ਰਹੇ ਕਿ ਅਜਿਹੇ ਕੁਝ ਲੋਕਾਂ ਨੂੰ ਛੱਡ ਉਹ ਲੋਕ ਵੀ ਹਨ ਜੋ ਚਾਹੇ ਕਿਸੇ ਵਿਚਾਰਧਾਰਾ ਦੇ ਹੋਣ ਪਰ ਉਹ ਅਪਣੀ ਕੌਮ ਦੀ ਸੁੱਖ ਮੰਗਦੇ ਅਤੇ ਪੀੜਾ ਮਹਿਸੂਸ ਕਰਦੇ ਹੋਏ ਪਿਆਸੇ ਮਿਰਗ ਤਰ੍ਹਾਂ ਕਿਸੇ ਮਗਰ ਵੀ ਦੌੜ ਪੈਂਦੇ ਨੇ, ਪਰ ਉਹ ਬੇਈਮਾਨ ਨਹੀਂ ਹਨ, ਤੇ ਉਹ ਭਵੇਂ ਗਾਹਲਾਂ ਵੀ ਕੱਢੀ ਜਾਣ ਗੁੱਸਾ ਨਹੀਂ ਆਉਂਦਾ, ਪਰ ਗਾਹਲਾਂ ਹੱਲ ਨਹੀਂ! ਕਿ ਹੈ?
ਗੁਰਦੇਵ ਸਿੰਘ ਸੱਧੇਵਾਲੀਆ
…………………………..
ਟਿੱਪਣੀ:-  ਅਸੀਂ ਆਜ਼ਾਦੀ ਦੇ ਭਰਮ ਹੇਠ, ਆਪਣਾ ਭਵਿੱਖ ਉਨ੍ਹਾਂ ਦੇ ਹਵਾਲੇ ਨਹੀਂ ਕਰ ਸਕਦੇ, ਜਿਨ੍ਹਾਂ ਨੇ ਸਦੀਆਂ ਤੋਂ ਸਿੱਖੀ ਦਾ ਨੁਕਸਾਨ ਕੀਤਾ ਹੈ ਅਤੇ ਅੱਜ ਵੀ ਓਹੀ ਸਾਡੇ ਆਗੂ ਬਣ ਕੇ ਸਿੱਖੀ ਨੂੰ ਖਤਮ ਕਰਨ ਤੇ ਤੁੱਲੇ ਹੋਏ ਹਨ। ਸਮਾ ਆਵੇਗਾ, ਅਸੀਂ ਆਪਣੀ ਆਜ਼ਾਦੀ ਦੀ ਵਿਉਂਤਬੰਦੀ ਕਰਾਂਗੇ, ਪਰ ਯਾਦ ਰੱਖਣ ਵਾਲੀ ਗੱਲ ਹੇ ਕਿ ਸਾਡੀ ਆਜ਼ਾਦੀ, ਖਾਲੀ ਸਿੱਖਾਂ ਦੀ ਆਜ਼ਾਦੀ ਨਹੀਂ ਬਲਕਿ ਦੁਨੀਆ ਦੇ ਹਰ ਮਜ਼ਲੂਮ ਦੀ ਆਜ਼ਾਦੀ ਹੈ।
                               ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.