ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੌਮਾਂ ਦੇ ਮੱਚ ਕਿਵੇਂ ਮਾਰੇ ਜਾਂਦੇ
ਕੌਮਾਂ ਦੇ ਮੱਚ ਕਿਵੇਂ ਮਾਰੇ ਜਾਂਦੇ
Page Visitors: 2493

ਕੌਮਾਂ ਦੇ ਮੱਚ ਕਿਵੇਂ ਮਾਰੇ ਜਾਂਦੇ
ਗੁਰਦੇਵ ਸਿੰਘ ਸੱਧੇਵਾਲੀਆ
ਕੁੱਝ ਮਹੀਨੇ ਪਹਿਲਾਂ ਜਦ ਅਸੀਂ ਫਾਰਮ ਵਿਚ ਆਏ ਤਾਂ ਸਾਨੂੰ ਜਾਪਿਆ ਕਿ ਇਥੇ ਕੁੱਤਾ ਰੱਖਣਾ ਚਾਹੀਦਾ ਤਗੜਾ। ਸਾਡੇ ਗੁਆਢੀਂ ਗੋਰੇ ਨੇ ਜੋੜਾ ਰੱਖਿਆ ਸੀ ਉਹ ਨਿਆਣੇ ਕਰਕੇ ਵੇਚਦਾ ਸੀ। ਮੈਂ ਤੇ ਬੇਟਾ ਮੇਰਾ ਉਸ ਨੂੰ ਪੁੱਛਣ ਗਏ ਤਾਂ ਸ਼ੇਰ ਵਰਗਾ ਕੁੱਤਾ ਸਾਡੀ ਗੱਡੀ ਮੂਹਰੇ ਆਣ ਖੜਾ ਹੋਇਆ ਕਿ ਨਿਕਲੋ ਬਾਹਰ! ਅਸੀਂ ਹਾਰਨ ਮਾਰਿਆ ਮਾਲਕ ਦੇ ਬਾਹਰ ਆਉਂਣ ਤੇ ਉਹ ਪਿੱਛੇ ਹਟਿਆ। ਅਸੀਂ ਉਸ ਨੂੰ ਕੁੱਤੇ ਲਈ ਪੁੱਛਿਆ ਤਾਂ ਉਸ ਦੱਸਿਆ ਸਾਰੇ ਵਿੱਕ ਗਏ ਤਾਂ ਅਸੀਂ ਕਿਹਾ ਅਗਲੀ ਵਾਰੀ ਲਈ ਸਾਡਾ ਕੁੱਤਾ ਬੁੱਕ? ਉਹ ਕਹਿੰਦਾ ਇਸ ਵਾਰੀ 'ਭੁਲੇਖੇ' ਨਾਲ ਹੋ ਗਏ ਸਾਂਭਣੇ ਔਖੇ ਮੈਂ ਇਸ 'ਵੀਕਐਂਡ' ਤੇ ਕੁੱਤੇ ਦੀ 'ਨਸਬੰਦੀ' ਕਰਾਉਂਣ ਚਲਿਆਂ।
ਦੋ ਕੁ ਹਫਤੀਂ ਬਾਅਦ ਅਸੀਂ ਦੇਖਿਆ ਕਿ ਸਾਨੂੰ ਬਾਹਰ ਨਿਕਲੇ ਦੇਖ 'ਫੈਂਸ' ਟੱਪ ਟੱਪ ਸਾਡੇ ਵੰਨੀ ਲੂਹਰੀਆਂ ਲੈਣ ਵਾਲਾ ਕੁੱਤਾ ਗਰਾਜ ਮੂਹਰੇ ਬੈਠਾ ਦੂਰੋਂ ਹੀ ਕਰਦਾ,
! ਬਅਹੂ!
 ਉਸ ਦੀ ਹਰਾਸੀ ਜਿਹੀ ਬਹੂ ਸੁਣਕੇ ਬੇਟਾ ਮੇਰਾ ਕਹਿੰਦਾ ਪਾਪਾ ਇਸ ਵਿਚ ਤਾਂ ਤੜੀ ਹੀ ਨਹੀਂ ਕੀ ਹੋ ਗਿਆ ਇਸ ਨੂੰ?
ਮੈਂ ਕਿਹਾ ਇਹ ਖੱਸੀ ਹੋ ਗਿਆ!
ਥੋੜੇ ਕੁ ਚਿਰ ਬਾਅਦ ਅਸੀਂ ਫਿਰ ਗੱਡੀ ਤੇ ਗੋਰੇ ਵੰਨੀ ਉਸ ਕੋਲੋਂ ਅਪਣੇ ਨਵੇਂ ਕੁੱਤੇ ਲਈ ਹੇਠਾਂ ਸੁੱਟਣ ਲਈ 'ਪਰਾਲ੍ਹੀ' ਮੰਗਣ ਗਏ ਤਾਂ ਉਹ ਕੁੱਤਾ ਉੱਠਿਆ ਹੀ ਨਾ ਕੇਵਲ ਉਥੇ ਬੈਠਾ ਹੀ ਕਰਦਾ 'ਬਅਹੂ'!
ਕੁਝ ਸਾਲ ਪਹਿਲਾਂ ਜਦ ਅਸੀਂ 'ਹਸਕੀ ਨਸਲ' ਦਾ ਕੁੱਤਾ ਲਿਆ ਕੇ ਪਾਲਿਆ ਤਾਂ ਉਹ ਵੱਡਾ ਹੋ ਕੇ ਗਲ ਨੂੰ ਚੜ੍ਹ ਜਿਆ ਕਰੇ ਯਾਣੀ ਬਹੁਤ ਜਿਆਦਾ 'ਹਾਈਪਰ'! ਤਾਂ ਉਸ ਵੇਲੇ ਦਾ ਗੁਆਂਢੀਂ ਗੋਰਾ ਪਤਾ ਕੀ ਕਹਿੰਦਾ?
'ਇਸ ਨੂੰ ਖੱਸੀ ਕਰਾ ਦਿਓ'!
ਵੈਨਕੋਵਰ ਦੀ ਗੱਲ ਹੈ ਜਦ ਤਪੜਾਂ-ਕੁਰਸੀਆਂ ਦਾ ਰੌਲਾ ਪਿਆ ਅਤੇ ਖੁਰਪੇ-ਕੜਛੇ ਚੰਗੇ ਚਲੇ ਤਾਂ ਦੂਜੇ ਪਾਸੇ ਦਾ ਤਤੀਰੀਆਂ ਛੁੱਟਦੀਆਂ ਸਿਰ ਫੜੀ ਆਉਂਦਾ ਇੱਕ ਕਾਮਰੇਡ ਕਹਿੰਦਾ ਇਹ 'ਸਿੰਘ' ਤਾਂ ਬਾਹਲੇ 'ਹਾਈਪਰ' ਹੋ ਜਾਂਦੇ। ਜਵਾਬ ਦੇਣ ਵਾਲਾ ਪਤਾ ਕੀ ਕਹਿੰਦਾ?
ਕਿਉਂਕਿ ਹਾਲੇ ਇਹ ਖੱਸੀ ਨਹੀਂ ਹੋਏ!
ਕਾਮਰੇਡ ਮੈਂ ਤਾਂ ਕਿਹਾ ਕਿਉਂਕਿ ਉਸ ਸਮੇ ਦੂਜੀ ਧਿਰ ਕੋਲੇ ਹੋਰ ਬਹੁਤੀ ਫੋਰਸ ਹੈ ਨਹੀਂ ਸੀ ਉਨੀ ਕਾਮਰੇਡਾਂ ਦੀ ਰਹਿੰਦ ਖੂੰਹਦ ਜਿਹੀ ਇਕੱਠੀ ਕਰਕੇ ਡਾਹ ਤਾਂ ਦਿੱਤੀ ਕੁਰਸੀਆਂ ਦੇ ਚਾਅ ਵਿਚ ਪਰ ਜਦ ਅੰਦਰ ਖੁਰਪਾ ਵਰ੍ਹਿਆ ਤਾਂ ਨੰਗੇ ਪੈਰੀਂ ਬਰਫ ਉਪਰੋਂ ਡਿੱਗ ਡਿੱਗ ਭੱਜਦੇ ਦੇਖਣ ਵਾਲੇ ਸਨ। ਖੈਰ! ਪਾਸੇ ਦੂਜੇ ਦੀ ਵੀ ਲੀਡਰਸ਼ਿਪ ਸਿਆਸਤ ਤੇ ਸੀ ਇਹ ਕਿਤੇ ਫਿਰ ਸਹੀਂ।
  ਸੌਦਾ ਸਾਧ ਮੂਰਖ ਸੀ ਤੇ ਕਾਹਲਾ ਵੱਗਦਾ ਸੀ ਉਹ ਸਿੱਧਾ ਡਾਂਡੇ ਮੀਂਡੇ ਹੀ ਹੋ ਲਿਆ ਯਾਣੀ ਚੇਲੇ ਸਿੱਧੇ ਹੀ ਲੰਮੇ ਪਾ ਛੱਡੇ ਮਾਂ ਦੇ ਪੁੱਤ ਨੇ ਤੇ ਚਲੋ ਜੀ ਬਣਾ ਕੱਢੇ 'ਬੰਦੇ'? ਪਰ ਸਾਡੇ ਵਾਲਿਆਂ ਦਾ ਤਰੀਕਾ ਅਨੋਖਾ। ਉਹ ਬੇਹੰਗਮਾਂ ਦੇ ਨਾਂ ਤੇ ਬੰਦੇ ਨੂੰ ਖੱਸੀ ਕਰਦੇ। ਭਵੇਂ ਸਾਹਵੇਂ ਤੋਪਾਂ ਚਲੀ ਜਾਣ, ਟੈਂਕ ਚ੍ਹੜ ਆਉਂਣ, ਰੋਹੀਆਂ ਨਹਿਰਾਂ ਤੇ ਲਾਸ਼ਾਂ ਵਿਛ ਜਾਣ, ਦਿੱਲੀ ਚਾਹੇ ਕੁੱਤਿਆਂ ਤਰ੍ਹਾਂ ਰੋਲੀ ਫਿਰੇ ਗਲੀਆਂ ਵਿਚ ਸਿੱਖਾਂ ਨੂੰ ਪਰ ਉਹ ਕਹਿੰਦੇ ਸਾਡਾ ਤਾਂ ਜੀ ਰਾਜਨੀਤੀ ਨਾਲ ਸਬੰਧ ਹੀ ਕੋਈ ਨਹੀਂ।
ਪੰਡੀਆ ਹੰਡਿਆ ਖਰਾਂਟ ਸੀ। ਉਸ ਨੂੰ ਪਤੈ ਕੌਮਾਂ ਦੀ ਤੜ ਕਿਵੇਂ ਮਾਰੀਦੀ। ਨਹੀਂ ਤਾਂ ਬੰਦਾ ਬਣਨ ਲਈ 'ਬੇਹੰਗਮਾਂ' ਦੀਆਂ ਧਾੜਾਂ ਬਣਾਉਂਣ ਦੀ ਲੋੜ ਨਹੀਂ ਹੁੰਦੀ। ਕਿ ਹੁੰਦੀ?
ਵੈਂਨਕੋਵਰੋਂ ਕੁਲਦੀਪ ਨੇ ਗੱਲ ਸੁਣਾਈ ਕਿ ਬੁਲੰਦਪੁਰਿਓਂ ਤਾਜਾ ਜਾ ਕੇ ਆਇਆ ਚੇਲਾ ਕਹਿੰਦਾ, ਆ ਹਾ ਹਾ! ਕਿਤੇ ਅਨੰਦ ਵਰਖਦਾ ਸੀ ਉਥੇ?
ਬੰਦਾ ਦੁਨੀਆਂ ਭੁੱਲ ਕਿਉਂ ਨਾ ਜਾਏ। ਮਨ 'ਨੱਚ ਲੈ-ਨੱਚ ਲੈ' ਕਰਦਾ ਜਦ ਬਾਬਾ ਜੀ ਸਾਹਵੇਂ ਹੁੰਦੇ!
ਤੇ ਹੁਣ ਜਦ ਬਾਬਿਆਂ ਦੀ 'ਨੱਚ ਲੈ ਨੱਚ ਲੈ' ਸੱਚੀਂ ਸਾਹਵੇਂ ਆਈ ਤਾਂ ਪੁਰਾਣੀ ਗੱਲ ਯਾਦ ਆਈ ਕਿ ਇਹ ਤਾਂ ਕਦ ਦੇ ਨੱਚ ਲੈ ਨੱਚ ਲੈ ਕਰਦੇ ਸੀ। ਇਹ 'ਬਚਨ' ਬਾਬਾ ਜੀ ਵੀ ਕੀਤੇ ਕਿ ਫਲਾਂ ਸਿਉਂ ਇਥੋਂ ਹੋ ਕੇ ਗਿਆ ਤਾਂ ਜਾ ਕੇ ਫੋਨ ਕਰਕੇ ਕਹਿੰਦਾ ਕਿ ਬਾਬਾ ਜੀ ਮੇਰਾ ਦਿੱਲ ਕਰਦਾ ਸੀ ਸੜਕ ਤੇ ਖੜਕੇ 'ਨੱਚ ਲੈ ਨੱਚ ਲੈ' ਕਰਾਂ!
ਜਦ ਕਿਸੇ ਜੰਗਜੂ ਕੌਮ ਦੇ ਮਰਦ 'ਨੱਚ ਲੈ ਨੱਚ ਲੈ' ਕਰਨ ਲੱਗ ਜਾਣ ਤਾਂ ਗੁਆਢੀਂ ਗੋਰੇ ਦੀ ਗੱਲ ਯਾਦ ਆਉਂਦੀ ਕਿ ਬਾਹਲਾ ਗਲ ਨੂੰ ਚੜ੍ਹਦਾ ਤਾਂ ਖੱਸੀ ਕਰਾ ਲਿਆ ਆਪੇ ਟਿੱਕ ਜੂ!! ਟਿੱਕੀ ਤਾਂ ਜਾਂਦੇ। ਡੇਰਿਆਂ ਨੇ ਟਿਕਾਅ ਤਾਂ ਲਏ। ਅਜਿਹੇ ਟਿਕਾਏ ਕਿ ਸਾਹਵੇਂ ਜੋ ਮਰਜੀ ਹੁੰਦਾ ਰਹੇ, ਕਿਸਾਨ ਫਾਹੇ ਲੱਗੀ ਜਾਣ, ਨਸ਼ਿਆਂ ਦੇ ਦਰਿਆ ਚਲੀ ਜਾਣ, ਪੰਜਾਬ ਰੁੜ ਜਾਏ, ਮਰ ਜਾਏ ਪਰ ਇਹ ਕਹਿੰਦੇ ਬਾਬਾ ਜੀ ਕਹਿੰਦੇ ਬੱਅਸ ਅੱਖਾਂ ਮੀਚੋ ਬਿੱਲੀ...............
ਖਾੜਕੂ ਲਹਿਰ ਨੂੰ ਲੰਮਿਆਂ ਪਾਕੇ ਹਿੰਦੂ ਨੇ ਸੋਚਿਆ ਇਹ ਟਿੱਕਣ ਵਾਲੀ ਕੌਮ ਤਾਂ ਹੈ ਨਹੀਂ ਕੁਝ ਸਾਲਾਂ ਬਾਅਦ ਇਨ੍ਹਾਂ ਨੂੰ ਫਿਰ ਖੁਰਕ ਹੋਣ ਲੱਗ ਜਾਣੀ ਇਨ੍ਹਾਂ ਦਾ ਇਲਾਜ? ਤੇ ਉਨ੍ਹੀਂ ਨੌਜਵਾਨ ਤਬਕਾ ਹਨੀ ਤੇ ਜੇ ਜੇ ਬੀ ਵਰਗਿਆਂ ਵੰਨੀ ਤੋਰ ਦਿੱਤਾ ਤੇ ਉਨੀ ਜਿਉਂ ਸਪੀਡ ਫੜੀ ਕਿ ਪੰਜਾਬ ਤੁਹਾਡੇ ਸਾਹਵੇਂ ਹੈ। ਲਾਅ ਗੈਂਗਵਾਰ ਤੋਂ ਲੈ ਕੇ ਨਸ਼ਿਆਂ ਵਿਚ ਡੋਬਣ ਤੱਕ ਇਨ੍ਹਾਂ ਹਨੀ-ਜੇ ਜੇ ਬੀ ਤੇ ਇਨ੍ਹਾਂ ਵਰਗੇ ਹੋਰ ਲੰਡਰਾਂ ਰੱਜ ਕੇ ਹਿੱਸਾ ਪਾਇਆ ਪੰਜਾਬ ਨੂੰ ਡੋਬਣ ਵਿਚ! 40-50 ਤੋਂ ਉਪਰਲਿਆਂ ਲਈ ਇੱਕ ਹੋਰ 'ਭੰਗੜਾ ਕਲੱਬ' ਸ਼ੁਰੂ ਕਰ ਦਿੱਤਾ ਉਨੀ ਜਿਸ ਦੀ ਵੰਨਗੀ ਚੁਮਟਾ ਮਾਰਕਾ ਤੋਂ ਲੈ ਕੇ ਬੰਦ ਬੱਤੀਆਂ ਤੋਂ ਦੀ ਹੁੰਦਾ ਹੋਇਆ ਬੁਲੰਦਪੁਰੀ ਡੇਰੇ ਤੱਕ ਤੁਸੀਂ ਵੇਖ ਸਕਦੇ ਹੋਂ।ਤਰਮਾਲੇ ਵਰਗਿਆਂ ਦੇ ਲੱਤਾਂ ਚੁੱਕ ਸਿਮਰਨਾਂ ਤੋਂ ਸ਼ੁਰੂ ਹੋ ਕੇ ਹੁਣ ਸਿੱਧਾ ਹੀ ਗੁਰਦੁਆਰਿਆਂ ਵਿਚ ਗਿੱਧਾ ਭੰਗੜਾ ਤੱਕ ਦਾ ਸਫਰ ਤਾਂ ਤਹਿ ਕਰ ਚੁੱਕਾ ਇਹ।
ਮੈਂ ਕਿਸੇ ਨੂੰ ਪੁੱਛਿਆ ਕਿ ਬੁਲੰਦਪੁਰੇ ਹਰੇਕ ਸਾਲ ਕਿੰਨੇ ਕੁ ਲੋਕ ਬਾਹਰੋਂ ਜਾਂਦੇ ਹੋਣਗੇ। ਉਸ ਅੰਦਾਜਨ 10-15 ਕੁ ਹਜਾਰ ਦੱਸਿਆ। ਵੱਧ ਘੱਟ ਵੀ ਹੋ ਸਕਦੇ ਪਰ ਤੁਸੀਂ 10 ਹਜਾਰ ਹੀ ਮੰਨ ਕੇ ਚਲੋ। ਕਨੇਡਾ ਦੇ ਵੱਡੇ ਸ਼ਹਿਰਾਂ ਚੋਂ, ਇੰਗਲੈਂਡ ਤੋਂ, ਅਸਟ੍ਰੇਲੀਆ, ਅਮਰੀਕਾ ਤੇ ਹੋਰ ਵੀ। ਯਾਣੀ 10 ਹਜਾਰ। ਕੰਮ ਛੱਡਣ ਤੋਂ ਲੈ ਕੇ, ਟਿਕਟਾਂ ਤੋਂ ਲੈ ਕੇ, ਖਰਚੇ ਤੋਂ ਲੈ ਕੇ, ਬਾਬਿਆਂ ਦੇ ਲਫਾਫਿਆਂ ਤੋਂ ਲੈ ਕੇ ਕਰੀਬਨ ਜੇ 10 ਹਜਾਰ ਡਾਲਰ ਔਸਤਨ ਇੱਕ ਬੰਦਾ 10 ਦਾਹਿਆ 100?
ਯਾਣੀ 10 ਮਿਲੀਅਨ ਯਾਣੀ 100 ਲੱਖ ਡਾਲਰ ਯਾਣੀ 50 ਕੋ੍ਰੋੜ ਰੁਪਈਆ ਹਰੇਕ ਸਾਲ?
ਕਾਹਦੇ ਲਈ? ਭੰਗੜਾ ਪਾਉਂਣ ਲਈ? ਇਨ੍ਹਾਂ ਮਹਿੰਗਾ ਭੰਗੜਾ?
ਕੌਮਾਂ ਦੇ ਮੱਚ ਇਉਂ ਮਾਰੇ ਜਾਂਦੇ ਯਾਣੀ ਇਉਂ ਨਸਬੰਦੀ ਕੀਤੀ ਜਾਂਦੀ ਜਾਂ ਸਿੱਧੇ ਲਫਜਾਂ ਵਿਚ ਕੌਮਾਂ ਨੂੰ ਇਉਂ ਖੱਸੀ ਕੀਤਾ ਜਾਂਦਾ! ਨਹੀਂ?
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.