“ਪੂਰਬ ਲਿਖਿਆ ਲੇਖ”
(ਅਜੋਕਾ ਗੁਰਮਤਿ ਪ੍ਰਚਾਰ- 8)
ਅਜੋਕੇ ਇਕ ਵਿਦਵਾਨ ਜੀ ਨੇ ਗੁਰਬਾਣੀ ਵਿੱਚ ਆਏ ਸ਼ਬਦ “ਪੂਰਬ ਲਿਖਿਆ ਲੇਖ” ਦੇ ਵਿਗਿਆਨਕ ਅਰਥ ਸਮਝਾਏ ਹਨ।
“ਪੂਰਬਲੇ ਲਿਖੇ ਲੇਖਾਂ” ਬਾਰੇ ਵਿਚਾਰ ਦੇਣ ਤੋਂ ਪਹਿਲਾਂ ਕੁਝ ਵਿਚਾਰ ਹੋਰ ਸਾਂਝੇ ਕਰਨ ਦੀ ਜਰੂਰਤ ਹੈ। ਖੋਜੀ ਵਿਦਵਾਨ ਜੀ ਨੇ ਲੇਖ ਵਿੱਚ “ਇਕੋਓ” ਸ਼ਬਦ ਦਾ ਬਹੁਤ ਵਾਰੀਂ ਪ੍ਰਯੋਗ ਕੀਤਾ ਹੈ। ਕਈ ਸਾਲ ਪਹਿਲਾਂ ਇਸ ਲੇਖਕ ਨੇ ‘ੴ ’ ਦੇ ਉਚਾਰਣ ਸੰਬੰਧੀ ਲੇਖ ਲਿਖਿਆ ਸੀ ਜਿਸ ਵਿੱਚ ਇਸ ਲੇਖਕ ਨੇ ‘ੴ ’ ਦਾ ਉਚਾਰਣ ‘ਇਕੋਓ’ ਦੱਸਿਆ ਹੈ। ਇਹ ‘ਇਕੋਓ’ ਵਾਲਾ ਇਕ ਵੱਖਰਾ ਵਿਸ਼ਾ ਹੈ ਜਿਸ ਤੇ ਵੱਖਰੀ ਵਿਚਾਰ ਕੀਤੀ ਜਾਵੇਗੀ। ਫਿਲਹਾਲ ਇੱਥੇ ਇਤਨਾ ਹੀ ਦੱਸਿਆ ਜਾ ਰਿਹਾ ਹੈ ਕਿ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਲਾ ਕੋਈ ਨਾ ਹੋਣ ਕਰਕੇ ਹਰ ਬੰਦਾ ਗੁਰਬਾਣੀ ਅਤੇ ਗੁਰਮਤਿ ਨਾਲ ਖਿਲਵਾੜ ਕਰੀ ਜਾਂਦਾ ਹੈ, ਕੋਈ ਪੁੱਛਣ ਵਾਲਾ ਨਹੀਂ ਕੋਈ ਰੋਕਣ ਟੋਕਣ ਵਾਲਾ ਨਹੀਂ।
{ਲਾਹਨਤ ਹੈ ਪੰਥ ਦੇ ਅਖਵਾਉਂਦੇ ਇਨ੍ਹਾਂ ਆਗੂਆਂ ਦੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਮੁਹਾਫਿਜ਼ (ਜੱਥੇਦਾਰ) ਅਖਵਾਉਂਦੇ ਹਨ ਪਰ ਪੰਥ ਦੇ ਭਲੇ ਲਈ ਅੱਜ ਤੱਕ ਡੱਕਾ ਦੂਹਰਾ ਨਹੀਂ ਕੀਤਾ}।
ਵੈਸੇ ‘ੴ ’ ਦਾ ਉਚਾਰਣ ‘ਇਕੋ’ ਨਹੀਂ ਹੈ ਪਰ ਫੇਰ ਵੀ ‘ਇਕੋ’ ਦਾ ਕੋਈ ਅਰਥ ਤਾਂ ਬਣਦਾ ਹੈ, ‘ਇੱਕੋਓ (ਇੱ ਕੋ ਓ)’ ਦਾ ਤਾਂ ਕੋਈ ਅਰਥ ਵੀ ਨਹੀਂ ਬਣਦਾ। ਪਰ ਕਿਉਂਕਿ ਕੋਈ ਰੋਕਣ ਟੋਕਣ ਵਾਲਾ ਨਹੀਂ ਅਤੇ ਕਈ ਵੈਬ ਸਾਇਟਾਂ ਵਾਲੇ (ਦਿਲੋਂ ਗੁਰਮਤਿ ਦਾ ਭਲਾ ਚਾਹੁਣ ਦੇ ਬਾਵਜੂਦ ਅਨਜਾਣੇ ਹੀ ਇਨ੍ਹਾਂ ਅਜੋਕੇ ਪ੍ਰਚਾਰਕਾਂ ਦੁਆਰਾ ਕੀਤੇ ਗਏ ਬ੍ਰੇਨ-ਵਾਸ਼ ਸਦਕਾ), ਉਪਰੋਂ ਕਹਿਣ ਨੂੰ ਤਾਂ ਨਿਰਪੱਖਤਾ ਨਾਲ ਵਿਚਾਰ ਵਟਾਂਦਰੇ ਦੇ ਜਰੀਏ ਗੁਰਮਤਿ ਵਿੱਚ ਆ ਵੜੀਆਂ ਕਮੀਆਂ ਨੂੰ ਦੂਰ ਕਰਨ ਦਾ ਦਾਅਵਾ ਕਰਦੇ ਹਨ ਪਰ ਇਹੋ ਜਿਹੇ ਲੋਕਾਂ ਦੀਆਂ ਲਿਖਤਾਂ ਜਿਨ੍ਹਾਂ ਨਾਲ ਭੁਲੇਖੇ ਖੜ੍ਹੇ ਹੁੰਦੇ ਹੋਣ ਉਨ੍ਹਾਂ ਨੂੰ ਪਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਖਿਲਾਫ ਲਿਖਣ ਵਾਲਿਆਂ ਦੀਆਂ ਲਿਖਤਾਂ ਨੂੰ ਕਿਸੇ ਨਾ ਕਿਸੇ ਬਹਾਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸੇ ਲਈ ਗੁਰਮਤਿ ਨਾਲ ਨਿਤ ਨਵੇਂ ਤਜਰਬੇ ਕਰਕੇ ਛੇੜ ਛਾੜ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਮਨ ਮਰਜੀ ਕਰਨ ਦਾ ਮੌਕਾ ਮਿਲਿਆ ਹੋਇਆ ਹੈ।
ਪੇਸ਼ ਹਨ ਅਜੋਕੇ ਇਕ ਵਿਦਵਾਨ (?) ਦੁਆਰਾ ‘ਪੂਰਬਲੇ ਲਿਖੇ ਲੇਖਾਂ’ ਬਾਰੇ ਦਿੱਤੇ ਗਏ ਵਿਚਾਰ।
ਵਿਦਵਾਨ ਜੀ ਲਿਖਦੇ ਹਨ- “ਜਨਮ ਜਾਂ ਗਰਭ ਵਿੱਚ ਆਉਣ ਤੋਂ ਪਹਿਲਾਂ ਲਿਖੀ ਗਈ ਕਿਸਮਤ ਜਾਂ ਕਰਮ ਜਿਸ ਅਨੁਸਾਰ ਪੈਦਾ ਹੋਣ ਉਪਰੰਤ ਵਿਅਕਤੀ ਦਾ ਆਉਣ ਵਾਲਾ ਜੀਵਨ ਲੰਘੇਗਾ ਉਹ ਹੈ ‘ਪੂਰਬ ਲਿਖਿਆ’।
ਮਾਂ ਦੇ ਆਂਡੇ ਅਤੇ ਪਿਤਾ ਦੇ ਸਪਰਮ ਦੇ ਮਿਲਾਪ ਤੋਂ ਬੱਚੇ ਦੇ ਮਾਤਾ ਪਿਤਾ ਤੋਂ ਆਏ ਜੈਨੋਮਜ਼ (ਛੋਟੇ ਲਫਜ਼ਾਂ ਵਿੱਚ ਡੀ ਐਨ ਏ) ਦੀ ਸਮਗਰੀ ਤੋਂ ਬੱਚਾ ਉਪਜਦਾ ਹੈ। ਬੱਚੇ ਦੇ ਇਨਸਾਨੀ ਗੁਣ, ਸ਼ਕਲ ਸੂਰਤ, ਸੋਚ ਵਿਚਾਰ, ਆਦਤਾਂ ਜਿਵੇਂ ਸੁਸ਼ੀਲ ਤੇ ਤਿੱਖਾ ਸੁਭਾਵ, ਸਰੀਰਕ ਬਲ, ਰੂਚੀ, ਵਿਦਿਅਕ ਆਚਾਰ ਦੇ ਗੁਣ ਆਦਿ ਬਾਰੇ ਆਪਣੇ ਲੇਖ ਲਿਖਵਾ ਕੇ ਪੈਦਾ ਹੁੰਦਾ ਹੈ, ਜੋ ਕਿ ਇਸ ਨੂੰ ਵਿਰਸੇ ਵਿੱਚ ਹਾਸਲ ਹੁੰਦੇ ਹਨ। ਸਾਰੇ ਸਰੀਰਕ ਅਤੇ ਮਾਨਸਿਕ ਪੁਸ਼ਤੀ ਖਜਾਨੇ ਦੀ ਕੁੰਜੀ ਜੈਨੋਮਜ਼ ਵਿੱਚ ਸੰਭਾਲੀ ਹੋਈ ਹੈ। ਜੈਨੋਮਜ਼ ਹਰ ਬਸ਼ਰ ਦੀ ਖਾਨਦਾਨੀ ਬਿਮਾਰੀ, ਉਸ ਦੀਆਂ ਆਦਤਾਂ, ਸਾਉਣਾ, ਜਾਗਣਾ ਆਦਿ ਖਾਨਦਾਨੀ ਵਿਰਸਾ ਦੱਸਦੀ ਹੈ। ਸਰੀਰ ਦੀ ਹਰ ਕਿਰਿਆ ਜੈਨੋਮਜ਼ ਦੇ ਹੁਕਮ ਦੀ ਪਾਲਣਾ ਕਰਨਾ ਹੈ। ਗੁਰੂ ਨਾਨਕ ਨੇ ਜਪੁ ਵਿੱਚ ਜੋ ਹੁਕਮ ਦੀ ਗੱਲ ਕੀਤੀ ਹੈ ਉਹ ਜੈਨਮਜ਼ ਦਾ ਇੱਕੋਓ ਵੱਲੋਂ ਆਇਆ ਹੁਕਮ ਹੀ ਤਾਂ ਹੈ।
ਇਹ ਜੈਨੋਮਜ਼ ਦਾ ਭੰਡਾਰ ਮਾਤਾ ਅਤੇ ਪਿਤਾ ਦੀਆਂ ਕਈ ਪਹਿਲੀਆਂ ਪੁਸ਼ਤਾਂ ਤੋਂ ਚੋਣ ਵਿੱਚ ਹਿੱਸੇਦਾਰ ਹੁੰਦਾ ਹੈ।ਜੋ ਕੋਈ ਵੀ ਸਰੀਰਕ ਜਾਂ ਮਾਨਸਿਕ ਚੰਗੀ ਜਾਂ ਬੁਰੀ ਕਰਤੂਤ ਕਰਦਾ ਹੈ, ਉਸ ਦਾ ਬੁਰਾ ਜਾਂ ਚੰਗਾ ਫਲ਼ ਉਸ ਨੂੰ ਜਰੂਰ ਮਿਲਦਾ ਹੈ। ਮੇਰਾ ਇਕ ਜਮਾਤੀ ਸਵਰਨ ਸਿੰਘ ਪੁਰੇਵਾਲ ਦੀ ਸਿਫਾਰਸ਼ ਨਾਲ ਤਰੱਕੀ ਕਰਕੇ ਔਫੀਸਰ ਬਣ ਗਿਆ। ਉਹ ਲੋਕਾਂ ਦੇ ਕੰਮ ਲੀਡਰਾਂ ਦੀਆਂ ਸਿਫਾਰਸ਼ਾਂ ਦੁਆਰਾ ਕਰਦਾ ਸੀ। ਪਹਿਲੀ ਕਾਦਰ ਵੱਲੋਂ ਸਜ਼ਾ ਉਸ ਨੂੰ ਇਹ ਮਿਲੀ ਕਿ ਉਸ ਦੀ ਔਲਾਦ ਨਹੀਂ ਪੜ੍ਹੀ। ਦੂਸਰੀ ਸਜ਼ਾ ਉਸ ਨੂੰ ਇਹ ਮਿਲੀ ਕਿ ਉਸ ਨੂੰ ਬਲੱਡ ਕੈਂਸਰ ਹੋ ਗਿਆ। ਖ਼ਬਰ ਮਿਲਣ ਤੇ ਮੈਂ ਉਸ ਨੂੰ ਮਿਲਿਆ ਤਾਂ ਉਹ ਕੀਰਨੇ ਪਾਉਂਦਾ ਸੀ ਅਤੇ ਝੂਠ ਮਾਰ ਰਿਹਾ ਸੀ “ਮੈਂ ਤਾਂ ਕੋਈ ਮਾੜਾ ਕੰਮ ਸਾਰੀ ਜ਼ਿੰਦਗ਼ੀ ਵਿੱਚ ਨਹੀਂ ਕੀਤਾ, ਮੈਨੂੰ ਇਹ ਬੀਮਾਰੀ ਕਿਉਂ ਲੱਗ ਗਈ ਹੈ?”
‘ਜੈਨੋਮਜ਼ /ਡੀ ਐਨ ਏ / ਕਰਮਾਂ ਦੇ ਲਿਖੇ ਲੇਖ’ ਬਾਰੇ ਸਮਝਾਂਦੇ ਹੋਏ ਲੇਖਕ ਜੀ ਨੇ ਗੁਰਬਾਣੀ ਦੀਆਂ ਕੁਝ ਪਗਤੀਆਂ ਦੇ ਅਰਥ ਕਰਕੇ ਸਮਝਾਏ ਹਨ।(ਲੇਖ ਲੰਬਾ ਹੋਣ ਦੇ ਡਰੋਂ ਅਰਥਾਂ ਵਿੱਚੋਂ ਕੁਝ ਅੰਸ਼ ਪੇਸ਼ ਕੀਤੇ ਜਾ ਰਹੇ ਹਨ)-
1- “ਜੇ ਬੂਰਬ ਦੇ ਲੇਖਾਂ ਵਿੱਚ ਲਿਖਿਆ ਹੋਵੇ ਤਾਂ ਨਾਲ ਵਿਅਕਤੀ ਸੰਤ ਜਨਾਂ ਦੇ ਪਾਏ ਪੂਰਨਿਆਂ ਉੱਪਰ ਸੁਖਾਲਾ ਚੱਲ ਸਕਦਾ ਹੈ”।
2- “ਚੰਦਰਾ ਲਾਲਚ ਵਿਅਕਤੀ ਦੇ ਮਨ ਅੰਦਰ ਵਸਦਾ ਹੈ, ਇਸ ਲਈ ਉਸ ਦੀ ਮੱਤ ਅਤੇ ਸਮਝ ਕੰਮ ਨਹੀਂ ਕਰਦੀ। ਉਹ ਅਨਗਿਣਤ ਕਰਮਕਾਂਡਾਂ ਵਿੱਚ ਭੌਂਦਾ ਹੋਇਆ ਭਰਮ ਅਤੇ ਭਟਕਨਾ ਵਿੱਚ ਉਲਝਿਆ, ਤਬਾਹ ਹੋ ਜਾਂਦਾ ਹੈ।ਕਿਉਂਕਿ ਉਸ ਦੇ ਲੇਖਾਂ ਨੂੰ ਕੋਈ ਨਹੀਂ ਮੇਟ ਸਕਦਾ”।
3- “ਪੂਰਬ ਲਿਖੇ ਲੇਖਾਂ ਅਨੁਸਾਰ ਜੇ ਉਹ ਕਰਮ ਕਮਾਉਂਦਾ ਹੈ ਤਾਂ ਸਤਿਗੁਰੂ ਦੀ ਸੇਵਾ ਦੁਆਰਾ ਉਸ ਨੂੰ ਸਦਾ ਸੁਖ ਪ੍ਰਾਪਤ ਹੁੰਦਾ ਹੈ। ਜੇ ਵਿਅਕਤੀ ਚੰਗੇ ਕੰਮ ਨਹੀਂ ਕਰਦਾ ਉਸ ਨੂੰ ਗੁਰੂ ਦਾ ਦੁਆਰਾ ਨਹੀਂ ਲੱਭਦਾ ਅਤੇ ਸ਼ਬਦ ਦੀ ਸੂਝ ਪੱਲੇ ਨਹੀਂ ਪੈਂਦੀ”।
4- “ਜਿਨ੍ਹਾਂ ਵਿਅਕਤੀਆਂ ਦੇ ਕਰਮਾਂ ਵਿੱਚ ਪੂਰਬ ਤੋਂ ਲਿਖਿਆ ਹੁੰਦਾ ਹੈ ਉਹ ਗੁਰੂ ਕੋਲ ਆਉਂਦੇ ਹਨ ਅਤੇ ਗੁਰੂ ਨੂੰ ਮਿਲਦੇ ਹਨ।
5- “ਜਿਨ੍ਹਾਂ ਦੇ ਪੂਰਬ ਦੇ ਲੇਖਾਂ ਵਿੱਚ ਲਿਖਿਆ ਹੁੰਦਾ ਹੈ, ਇੱਕੋਓ ਉਨ੍ਹਾਂ ਦੇ ਮਨ ਅੰਦਰ ਆਪੂੰ ਨਿਵਾਸ ਕਰਦਾ ਹੈ।
ਵਿਚਾਰ- ਜੇ ਜੈਨੋਮਜ਼ / ਡੀ ਐਨ ਏ, ਵਿੱਚ ਦਰਜ ਜੀਵ ਦੀ ਸਰੀਰਕ ਅਤੇ ਮਾਨਸਿਕ ਪੁਸ਼ਤੀ ਖਜਾਨੇ ਦੀ ਜੋ ਕੁੰਜੀ ਸੰਭਾਲੀ ਹੋਈ ਹੈ, ਅਤੇ ਗੁਰਬਾਣੀ ਵਿੱਚ ਇਸੇ ਨੂੰ ਹੀ ‘ਪੂਰਬਿ ਲਿਖੇ ਲੇਖ’ ਕਿਹਾ ਗਿਆ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਸ ਜੈਨੋਮਜ਼ / ਡੀ ਐਨ ਏ, ਦੇ ਖਜਾਨੇ ਨੂੰ ਤਾਂ ਕਿਸੇ ਵੀ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ। ਤਾਂ ਫੇਰ ਗੁਰੂ ਸਾਹਿਬਾਂ ਦੀ ਸਿੱਖਿਆ ਦਾ ਕੀ ਮਤਲਬ ਰਹਿ ਜਾਂਦਾ ਹੈ?
ਕੋਈ ਵਿਅਕਤੀ ਰਿਸ਼ਵਤ ਲੈਂਦਾ ਹੈ ਜਾਂ ਕੋਈ ਹੋਰ ਦੁਰਾਚਾਰੀ ਕੰਮ ਕਰਦਾ ਹੈ, ਅਤੇ ਇਨਸਾਨ ਦੀਆਂ ਆਦਤਾਂ, ਸੁਭਾਵ, ਸੋਚ ਵਿਚਾਰ ਆਦਿ ਸਭ ਲਈ ਜੈਨੋਮਜ਼ / ਡੀ ਐਨ ਏ, ਜਿੰਮੇਵਾਰ ਹੈ ਅਤੇ ਇਹ ਤਾਂ ਇਸ ਨੂੰ ਵਿਰਸੇ ਵਿੱਚ ਮਿਲਿਆ ਹੈ, ਜੋ ਕਿ ਬਦਲਿਆ ਵੀ ਨਹੀਂ ਜਾ ਸਕਦਾ ਤਾਂ, ਇਸ ਵਿਚ ਬੰਦੇ ਦਾ ਕੀ ਦੋਸ਼ ਹੈ? ਅਤੇ ਜੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾੜੇ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਦਾ ਕੀ ਕਸੂਰ ਹੈ?
ਖੋਜੀ ਵਿਦਵਾਨ ਜੀ ਲਿਖਦੇ ਹਨ- “ਜੋ ਕੋਈ ਵੀ ਸਰੀਰਕ ਜਾਂ ਮਾਨਸਿਕ ਚੰਗੀ ਜਾਂ ਬੁਰੀ ਕਰਤੂਤ ਕਰਦਾ ਹੈ, ਉਸ ਦਾ ਬੁਰਾ ਜਾਂ ਚੰਗਾ ਫਲ਼ ਉਸ ਨੂੰ ਜਰੂਰ ਮਿਲਦਾ ਹੈ। ਮੇਰਾ ਇਕ ਜਮਾਤੀ ਸਵਰਨ ਸਿੰਘ ਪੁਰੇਵਾਲ ਦੀ ਸਿਫਾਰਸ਼ ਨਾਲ ਤਰੱਕੀ ਕਰਕੇ ਔਫੀਸਰ ਬਣ ਗਿਆ। ਉਹ ਲੋਕਾਂ ਦੇ ਕੰਮ ਲੀਡਰਾਂ ਦੀਆਂ ਸਿਫਾਰਸ਼ਾਂ ਦੁਆਰਾ ਕਰਦਾ ਸੀ।ਪਹਿਲੀ ਕਾਦਰ ਵੱਲੋਂ ਸਜ਼ਾ ਉਸ ਨੂੰ ਇਹ ਮਿਲੀ ਕਿ ਉਸ ਦੀ ਔਲਾਦ ਨਹੀਂ ਪੜ੍ਹੀ।ਦੂਸਰੀ ਸਜ਼ਾ ਉਸ ਨੂੰ ਇਹ ਮਿਲੀ ਕਿ ਉਸ ਨੂੰ ਬਲੱਡ ਕੈਂਸਰ ਹੋ ਗਿਆ।ਖ਼ਬਰ ਮਿਲਣ ਤੇ ਮੈਂ ਉਸ ਨੂੰ ਮਿਲਿਆ ਤਾਂ ਉਹ ਕੀਰਨੇ ਪਾਉਂਦਾ ਸੀ ਅਤੇ ਝੂਠ ਮਾਰ ਰਿਹਾ ਸੀ “ਮੈਂ ਤਾਂ ਕੋਈ ਮਾੜਾ ਕੰਮ ਸਾਰੀ ਜ਼ਿੰਦਗ਼ੀ ਵਿੱਚ ਨਹੀਂ ਕੀਤਾ, ਮੈਨੂੰ ਇਹ ਬੀਮਾਰੀ ਕਿਉਂ ਲੱਗ ਗਈ ਹੈ?”
ਵਿਚਾਰ/ ਸਵਾਲ- ਕੀ ਜਦੋਂ ਕੋਈ ਵਿਅਕਤੀ ਚੰਗਾ ਜਾਂ ਮਾੜਾ ਕਰਮ ਕਰਦਾ ਹੈ, ਉਸ ਦੇ ਜੈਨੋਮਜ ਵਿੱਚ ਕੋਈ ਬਦਲਾਵ ਆ ਜਾਂਦਾ ਹੈ? ਜਾਂ ਡੀ ਐਨ ਏ ਦੀ ਸੀਕਵੈਂਸ ਬਦਲ ਜਾਂਦੀ ਹੈ? ਅਤੇ ਉਸ ਦੇ ਜੈਨੋਮਜ਼ / ਡੀ ਐਨ ਏ, ਵਿੱਚ ਕੋਈ ਐਸੀ ਇਨਫਰਮੇਸ਼ਨ ਦਰਜ ਹੋ ਜਾਂਦੀ ਹੈ ਕਿ ਉਸ ਦੀ ਔਲਾਦ ਪੜ੍ਹਦੀ ਨਹੀਂ। ਉਸ ਨੂੰ ਬਲੱਡ ਕੈਂਸਰ ਹੋ ਜਾਂਦਾ ਹੈ। ਇਸ ਤਰ੍ਹਾਂ ਤਾਂ ਡਾਕਟਰਾਂ ਨੂੰ ਸਹੂਲਤ ਹੋ ਜਾਣੀ ਚਾਹੀਦੀ ਹੈ। ਕਿਸੇ ਨੂੰ ਕੈਂਸਰ ਹੋ ਗਿਆ ਤਾਂ ਪੱਤਾ ਲੱਗ ਸਕਦਾ ਹੈ ਇਸ ਨੇ ਰਿਸ਼ਵਤ ਲਈ ਹੋਣੀ ਹੈ। ਜਾਂ ਜੇ ਕੋਈ ਬੱਚਾ ਪੜ੍ਹਿਆ ਨਹੀਂ ਤਾਂ ਪਤਾ ਲੱਗ ਸਕਦਾ ਹੈ ਕਿ ਇਸ ਦੇ ਪਿਉ ਨੇ ਰਿਸ਼ਵਤ ਲੈ ਲਈ ਹੋਣੀ ਹੈ।
ਜੇ ਇਹ ਜੈਨੋਮਜ਼ / ਡੀ ਐਨ ਏ, ਵਿੱਚ ਦਰਜ ਸਮਗਰੀ ਹੀ ਪੂਰਬਲੇ ਲਿਖੇ ਲੇਖ ਹਨ ਅਤੇ ਇਹ ਪੁਸ਼ਤਾਂ ਦਰ ਪੁਸ਼ਤਾਂ ਚੱਲਦੇ ਹਨ ਤਾਂ ਇਕ ਵਿਅਕਤੀ ਦੀ ਜਿੰਨੀਂ ਵੀ ਸੰਤਾਨ ਹੈ ਸਭ ਦੇ ਸੁਭਾਵ ਅਤੇ ਆਚਰਣ ਇੱਕੋ ਜਿਹੇ ਹੋਣੇ ਚਾਹੀਦੇ ਹਨ। ਇਕ ਅਰਜੁਨ ਦੇਵ ਗੁਰੂ ਅਤੇ ਦੂਸਰਾ ਚੰਦੂ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦੀ ਸੰਤਾਨ ਵੀ ਗੁਰੂ ਸਾਹਿਬਾਂ ਵਰਗੀ ਹੀ ਹੋਣੀ ਚਾਹੀਦੀ ਸੀ ਅਤੇ ਗੁਰਗੱਦੀ ਸੰਭਾਲ ਕੇ ਉਨ੍ਹਾਂ ਵਰਗਾ ਹੀ ਪ੍ਰਚਾਰ ਕਰ ਰਹੇ ਹੁੰਦੇ।
ਜੇ ਜੈਨੋਮਜ਼ / ਡੀ ਐਨ ਏ, ਵਿੱਚ ਦਰਜ ਸਮਗਰੀ ਹੀ ਪੂਰਬਲੇ ਲਿਖੇ ਲੇਖ ਹਨ ਅਤੇ ਜਿਨ੍ਹਾਂਨੂੰ ਬਦਲਿਆ ਨਹੀਂ ਜਾ ਸਕਦਾ ਤਾਂ, ਜਿਹੜਾ ਵਿਅਕਤੀ ਦੁਰਾਚਾਰੀ ਹੈ ਉਹ ਸਾਰੀ ਉਮਰ, ਬਲਕਿ ਉਸ ਦੀਆਂ ਆਣ ਵਾਲੀਆਂ ਪੀੜ੍ਹੀਆਂ ਵੀ ਦੁਰਾਚਾਰੀ ਹੀ ਰਹਿਣੀਆਂ ਚਾਹੀਦੀਆਂ ਹਨ ਅਤੇ ਜਿਹੜਾ ਵਿਅਕਤੀ ਸਦਾਚਾਰੀ ਹੈ, ਉਸ ਨੂੰ ਸਾਰੀ ਉਮਰ ਸਦਾਚਾਰੀ ਹੀ ਰਹਿਣਾ ਚਾਹੀਦਾ ਹੈ। ਪਰ ਐਸਾ ਹੋਣਾ ਜਰੂਰੀ ਹੋਵੇ ਇਸ ਤਰ੍ਹਾਂ ਤਾਂ ਕਦੇ ਦੇਖਿਆ ਨਹੀਂ ਗਿਆ।
ਵਿਦਵਾਨ ਜੀ ਲਿਖਦੇ ਹਨ- “ਸਰੀਰ ਦੀ ਹਰ ਕਿਰਿਆ ਜੈਨੋਮਜ਼ ਦੇ ਹੁਕਮ ਦੀ ਪਾਲਣਾ ਕਰਨਾ ਹੈ। ਗੁਰੂ ਨਾਨਕ ਨੇ ਜਪੁ ਵਿੱਚ ਜੋ ਹੁਕਮ ਦੀ ਗੱਲ ਕੀਤੀ ਹੈ ਉਹ ਜੈਨਮਜ਼ ਦਾ ਇੱਕੋਓ ਵੱਲੋਂ ਆਇਆ ਹੁਕਮ ਹੀ ਤਾਂ ਹੈ”।
ਵਿਚਾਰ- “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ॥ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥”
ਜੇ ਜੈਨੋਮਜ਼ / ਡੀ ਐਨ ਏ, ਵਿੱਚ ਦਰਜ ਸਮਗਰੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਹੁਕਮ ਰਜਾਈ ਚਲਣਾ ਕਿਹਾ ਹੈ ਤਾਂ, ਕੋਈ ਬੰਦਾ ਗੁਰੂ ਦੀ ਸਿੱਖਿਆ ਨਾਲ ਸਚਿਆਰਾ ਕਿਵੇਂ ਬਣ ਸਕਦਾ ਹੈ? ਬੰਦੇ ਨੇ ਤਾਂ ਜੈਨੋਮਜ਼ / ਡੀ ਐਨ ਏ, ਦੁਆਰਾ ਜੋ ਉਸ ਦੀ ਸਰੀਰਕ ਅਤੇ ਮਾਨਸਿਕ ਬਣਤਰ ਹੈ ਉਸੇ ਮੁਤਾਬਕ ਹੀ ਚੱਲਣਾ ਹੈ।
ਇਹ ਲੋਕ ਕਿਸੇ ਕਰਾਮਾਤ ਨੂੰ ਨਹੀਂ ਮੰਨਦੇ।ਪਰ ਇਹ ਮੰਨਦੇ ਹਨ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਜੈਨੋਮਜ਼ / ਡੀ ਐਨ ਏ, ਵਿੱਚ ਦਰਜ ਸਮਗਰੀ ਦੀ ਗੱਲ ਕੀਤੀ ਹੈ। ਪਰ ਜੈਨੋਮਜ਼ / ਡੀ ਐਨ ਏ, ਦੀ ਜਾਣਕਾਰੀ ਤਾਂ ਕਿਸੇ ਪ੍ਰਯੋਗਸ਼ਾਲਾ ਵਿੱਚ ਖਾਸ ਉਪਕਰਣਾਂ ਦੀ ਮਦਦ ਤੋਂ ਬਿਨਾ, ਅਤੇ ਬਿਨਾ ਕਿਸੇ ਚੀਰ-ਫਾੜ ਤੋਂ ਇਹ ਸਟਡੀ ਹੋ ਨਹੀਂ ਸਕਦੀ। ਤਾਂ ਫੇਰ ਗੁਰੂ ਸਾਹਿਬਾਂ ਨੇ ਇਹ ਸਾਰੀ ਜਾਣਕਾਰੀ ਕਿਵੇਂ ਅਤੇ ਕਿਥੋਂ ਪਰਾਪਤ ਕਰ ਲਈ, ਜਦ ਕਿ ਉਸ ਵਕਤ ਤਾਂ ਇਸ ਵਿਸ਼ੇ ਬਾਰੇ ਕੋਈ ਖੋਜ ਤਾਂ ਹੋਈ ਨਹੀਂ ਸੀ, ਕਿਤੇ ਲਿਖਿਆ ਹੋਇਆ ਪੜ੍ਹਨ ਦਾ ਤਾਂ ਸਵਾਲ ਹੀ ਪੈਦਾ ਹੀਂ ਹੁੰਦਾ। ਤਾਂ ਕੀ ਗੁਰੂ ਸਾਹਿਬਾਂ ਨੂੰ ਇਹ ਜਾਣਕਾਰੀ ਕਿਸੇ ਕਰਾਮਾਤ ਦੇ ਜਰੀਏ ਪਰਾਪਤ ਹੋਈ ਸੀ?ਮੰਨ ਲਵੋ ਕਿ ਗੁਰੂ ਸਾਹਿਬਾਂ ਨੂੰ ਇਹ ਜਾਣਕਾਰੀ ਕਿਸੇ ਕਰਾਮਾਤ ਦੇ ਜਰੀਏ ਪਰਾਪਤ ਹੋ ਗਈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬਾਂ ਦੇ ਸਿੱਖ ਕਿੰਨੀਂ ਕੁ ਸਾਇੰਸ ਪੜ੍ਹੇ ਹੋਏ ਸੀ ਕਿ ਗੁਰੁ ਸਾਹਿਬ ਨੇ ‘ਪੂਰਬ ਲਿਖੇ ਲੇਖ’ ਕਹਿ ਦਿੱਤਾ ਅਤੇ ਸਿੱਖ ਸਮਝ ਗਏ ਕਿ ਗੁਰੂ ਸਾਹਿਬ ਜੈਨੋਮਜ਼ / ਡੀ ਐਨ ਏ, ਦੀ ਗੱਲ ਕਰ ਰਹੇ ਹਨ? ਮੰਨ ਲਵੋ ਗੁਰੂ ਸਾਹਿਬਾਂ ਨੇ ਇਸੇ ਜੈਨੋਮਜ਼ / ਡੀ ਐਨ ਏ, ਦੀ ਗੱਲ ਕੀਤੀ ਹੈ, ਤਾਂ ਉਨ੍ਹਾਂਨੂੰ ਪਹਿਲਾਂ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟੋਰੋਲ, ਕੈਂਸਰ, ਚੇਚਕ ਆਦਿ ਬਾਰੇ ਜਾਣਕਾਰੀ ਦੇ ਕੇ ਇਨ੍ਹਾਂ ਤੋਂ ਛੁਟਕਾਰੇ ਦੀ ਗੱਲ ਕਰਨੀ ਸੀ ਜਾਂ ਜੈਨੋਮਜ਼ / ਡੀ ਐਨ ਏ, ਬਾਰੇ ਏਨੀ ਡੂੰਘੀ ਜਾਣਕਾਰੀ ਦੇਣੀ ਸੀ?
ਸੋਚਣ ਦੀ ਗੱਲ ਹੈ ਕਿ ਗੁਰਬਾਣੀ ਦੇ ਅਰਥਾਂ ਨੂੰ ਵਿਗਿਆਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਨ੍ਹਾਂ ਅਜੋਕੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਕੋਈ ਇਕ ਵੀ ਐਸਾ ਵਿਦਵਾਨ ਨਹੀਂ ਹੈ ਜਿਹੜਾ ਗੁਰਬਾਣੀ ਨੂੰ ਪੜ੍ਹਕੇ ਕੋਈ ਨਵੀਂ ਖੋਜ ਕਰ ਦਿਖਾਵੇ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
“ਪੂਰਬ ਲਿਖਿਆ ਲੇਖ”
Page Visitors: 2828