‘ਅਜੋਕਾ ਗੁਰਮਤਿ ਪ੍ਰਚਾਰ’ ਭਾਗ- 11 ਬੀ
“ਲਖ ਚਉਰਾਸੀਹ ਬਾਰੇ”
ਪਿਛਲੇ ਦਿਨੀਂ ‘ਲ਼ੱਖ 84’ ਬਾਰੇ ਵਿਚਾਰ ਚੱਲ ਰਹੀ ਸੀ ਇਸ ਸ਼ਬਦ ਬਾਰੇ ਵਿਦਵਾਨ ਜੀ ਦਾ ਕਹਿਣਾ ਹੈ ਕਿ ਇਹ ਸ਼ਬਦ ‘ਲਖ 84’ ਤਾਂ ਗੁਰੂ ਸਾਹਿਬਾਂ ਤੋਂ ਪਹਿਲਾਂ ਵੀ ਮੌਜੂਦ ਸੀ । ਲਖ 84 ਮਾਤਰ ਇੱਕ ਵਹਿਮ ਹੈ ਇਕ ਮੁਹਾਵਰਾ ਹੈ।ਇਸ ਸੰਬੰਧੀ ਇਕ ਸੱਜਣ ਜੀ ਨੇ ਇੱਕ ਸਾਇਟ ਤੇ ਇਨ੍ਹਾਂ ਵਿਦਵਾਨ ਜੀ ਨੂੰ ਸਵਾਲ ਕੀਤਾ ਕਿ ਜੇ ਇਹ ਸ਼ਬਦ ਗੁਰੂ ਸਾਹਿਬਾਂ ਤੋਂ ਪਹਿਲਾਂ ਵੀ ਮੌਜੂਦ ਹੋਣ ਕਰਕੇ ਮਾਤਰ ਇੱਕ ਵਹਿਮ ਹੈ, ਇੱਕ ਮੁਹਾਵਰਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਹੋਰ ਅਨੇਕਾਂ ਸ਼ਬਦ ਹਨ ਜਿਹੜੇ ਗੁਰੂ ਸਾਹਿਬਾਂ ਤੋਂ ਪਹਿਲਾਂ ਧਰਮ ਗ੍ਰੰਥਾਂ ਵਿੱਚ ਮੌਜੂਦ ਸਨ ਅਤੇ ਗੁਰੂ ਸਾਹਿਬਾਂ ਨੇ ਉਨ੍ਹਾਂ ਨੂੰ ਸਵਿਕਾਰ ਕੀਤਾ ਹੈ । ਮਿਸਾਲ ਦੇ ਤੌਰ ਤੇ ਸ਼ਬਦ ‘ਰਾਮ’ ਹਿੰਦੂ ਧਰਮ ਗ੍ਰੰਥਾਂ ਵਿੱਚ ਗੁਰੂ ਸਾਹਿਬਾਂ ਤੋਂ ਪਹਿਲਾਂ ਵੀ ਵਰਤਿਆ ਜਾਂਦਾ ਸੀ । ਅਤੇ ਗੁਰੂ ਸਾਹਿਬਾਂ ਨੇ ਇਸ ਸ਼ਬਦ ਨੂੰ ਹਜਾਰਾਂ ਵਾਰੀਂ ਸਵਿਕ੍ਰਿਤੀ ਦੇ ਰੂਪ ਵਿੱਚ ਵਰਤਿਆ ਹੈ, ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ?
ਇਸ ਸੰਬੰਧੀ ਵਿਦਵਾਨ ਜੀ ਨੇ ਤਾਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਪਰ ਉਨ੍ਹਾਂ ਦੇ ਇਕ ਸਮਰਥਕ ਜੀ ਨੇ ਸਵਾਲ ਦਾ ਜਵਾਬ ਨਾ ਦੇ ਕੇ ਉਲਟਾ ਸਵਾਲ ਕਰਤਾ ਸੱਜਣ ਜੀ ਉੱਪਰ ਸਵਾਲ ਕਰ ਦਿੱਤਾ ਕਿ “ਕੀ ਆਪ ਜੀ ਦੱਸਣ ਦੀ ਖੇਚਲ ਕਰੋਗੇ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ‘ਅਕਾਲ ਪੁਰਖ’ ਬਾਰੇ “ਰਾਮ” ਸ਼ਬਦ ਕਿਸ ਕਿਸ ਨੇ ਵਰਤਿਆ ਹੈ ?
ਮੇਰੇ ਵਿਚਾਰ- “ਰਾਮ” ਸ਼ਬਦ ਹਿੰਦੂ ਗ੍ਰੰਥਾਂ ਵਿੱਚ ਗੁਰੂ ਸਾਹਿਬਾਂ ਤੋਂ ਪਹਿਲਾਂ ਬਹੁਤ ਵਾਰੀਂ “ਭਗਵਾਨ / ਪਰਮਾਤਮਾ” ਲਈ ਵਰਤਿਆ ਗਿਆ ਹੈ । ਅਤੇ ਗੁਰੂ ਸਾਹਿਬਾਂ ਨੇ ਵੀ ਇਹ ਸ਼ਬਦ “ਰਾਮ” ਇਸੇ ਰੂਪ ਵਿੱਚ “ਭਗਵਾਨ / ਪਰਮਾਤਮਾ” ਲਈ ਹੀ ਵਰਤਿਆ ਹੈ । ਹਿੰਦੂ ਗ੍ਰੰਥਾਂ ਵਿੱਚ ਭਗਵਾਨ/ ਪਰਮਾਤਮਾ ਦਾ ਸਰੂਪ ਵੱਖਰਾ ਹੈ । ਜੋ ਕਿ ਦਸਰਥ ਪੁੱਤਰ ਰਾਮ ਨੂੰ ਭਗਵਾਨ ਰੂਪ ਵਿੱਚ ਮੰਨਿਆ ਗਿਆ ਹੈ । ਜਿਸ ਦੀ ਕਿ ਮੂਰਤੀ ਸਥਾਪਿਤ ਕਰਕੇ ਪੂਜਾਂ ਕੀਤੀ ਜਾਂਦੀ ਹੈ । ਪਰ ਗੁਰੂ ਸਾਹਿਬ ਨੇ “ਰਾਮ” ਦਾ ਜੋ ਸਰੂਪ ਬਿਆਨ ਕੀਤਾ ਹੈ ਉਸ ਮੁਤਾਬਕ ਉਹ ਅਕਾਲ ਪੁਰਖ ਹੈ, ਰੰਗ ਰੂਪ ਰਹਿਤ ਹੈ, ਸਰਬ ਵਿਆਪਕ ਹੈ, ਉਸ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ । ਪਾਠਕ ਧਿਆਨ ਦੇਣ ਕਿ ਮੁੱਖ ਰੂਪ ਵਿੱਚ ਸ਼ਬਦ ‘ਰਾਮ’ ਜਿਸ ਨੂੰ ਕਿ ਗੁਰੂ ਸਾਹਿਬਾਂ ਨੇ ਅਕਾਲ ਪੁਰਖ ਲਈ ਵਰਤਿਆ ਹੈ, ਇਹ ਹਿੰਦੂ ਗ੍ਰੰਥਾਂ ਵਿੱਚੋਂ ਹੀ ਆਇਆ ਹੈ, ਅਤੇ ਦਸਰਥ ਪੁੱਤਰ ‘ਰਾਮ’ ਲਈ ਹੀ ਵਰਤਿਆ ਜਾਂਦਾ ਸੀ । ਇਸ ਤੋਂ ਇਲਾਵਾ ਕੇਸੋ, ਗੋਬਿੰਦ, ਬ੍ਰਹਮ, ਹਰਿ, ਮੁਰਾਰੀ, ਠਾਕੁਰ, ਮਾਧਉ ਆਦਿ ਸਾਰੇ ਸ਼ਬਦ ਹਿੰਦੂ ਧਰਮ ਗ੍ਰੰਥਾਂ ਵਿੱਚੋਂ ਹੀ ਆਏ ਹਨ ਜਿਹੜੇ ਕਿ ਵੱਖ ਵੱਖ ਦੇਵਤਿਆਂ ਆਦਿ ਲਈ ਪਰਮਾਤਮਾ ਮੰਨਕੇ ਵਰਤੇ ਜਾਂਦੇ ਸਨ । ਅਤੇ ਅੱਲਾ, ਖੁਦਾ, ਰੱਬ ਆਦਿ ਲਫਜ ਮੁਸਲਿਮ ਗ੍ਰੰਥਾਂ ਵਿੱਚੋਂ ਹੀ ਆਏ ਹਨ । ਜਿਨ੍ਹਾਂ ਨੂੰ ਮੁਸਲਿਮ ਗ੍ਰੰਥਾਂ ਵਿੱਚ ਪਰਮਾਤਮਾ ਲਈ ਵਰਤਿਆ ਜਾਂਦਾ ਹੈ ਅਤੇ ਗੁਰੂ ਸਾਹਿਬਾਂ ਨੇ ਵੀ ਇਨ੍ਹਾਂ ਨੂੰ ਪਰਮਾਤਮਾ ਲਈ ਹੀ ਵਰਤਿਆ ਹੈ । ਨਾਮ ਉਹੀ ਪਰਾਣੇ ਹਨ ਪਰ ਹਿੰਦੂ ਅਤੇ ਮੁਸਲਿਮ ਗ੍ਰੰਥਾਂ ਵਿੱਚ ਪਰਮਾਤਮਾ ਦਾ ਸਰੂਪ ਵੱਖਰਾ ਹੈ । ਗੁਰੂ ਸਾਹਿਬਾਂ ਨੇ ਪਰਮਾਤਮਾ ਦਾ ਸਰੂਪ ਵੱਖਰਾ ਬਿਆਨ ਕੀਤਾ ਹੈ । ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ । ਕਿਉਂਕਿ ਪਰਮਾਤਮਾ ਦਾ ਅਸਲੀ ਕੋਈ ਨਾਮ ਨਹੀਂ , ਜੁਬਾਨ ਨਾਲ ਜਿੰਨੇ ਵੀ ਨਾਮ ਉਚਾਰੇ ਜਾਂਦੇ ਹਨ ਜਾਂ ਉਚਾਰੇ ਜਾ ਸਕਦੇ ਹਨ ਇਹ ਸਾਰੇ ਕਿਰਤਮ ਨਾਮ ਹਨ । ਇਸ ਲਈ ਪਰਮਾਤਮਾ ਲਈ ਵਰਤੇ ਗਏ ਪਹਿਲੇ ਕਿਸੇ ਵੀ ਨਾਮ ਦਾ ਗੁਰੂ ਸਾਹਿਬਾਂ ਨੇ ਖੰਡਣ ਨਹੀਂ ਕੀਤਾ । ਉਸੇ ਤਰ੍ਹਾਂ ਹੀ ਵਰਤਿਆ ਹੈ, ਜਿਸ ਰੂਪ ਵਿੱਚ ਉਹ ਪਰਮਾਤਮਾ ਲਈ ਵਰਤਿਆ ਜਾਂਦਾ ਸੀ ।
ਇਸੇ ਤਰ੍ਹਾਂ ‘ਲਖ 84’ ਸ਼ਬਦ ਹਿੰਦੂ ਗ੍ਰੰਥਾਂ ਵਿੱਚੋਂ ਹੀ ਲਿਆ ਗਿਆ ਹੈ । ਹਿੰਦੂ ਗ੍ਰੰਥਾਂ ਵਿੱਚ ਇਹ ਸ਼ਬਦ ‘ਜੂਨਾਂ’ ਲਈ ਵਰਤਿਆ ਗਿਆ ਹੈ ਅਤੇ ਗੁਰੂ ਸਾਹਿਬਾਂ ਨੇ ਵੀ ਇਸ ਨੂੰ ‘ਜੂਨਾਂ’ ਲਈ ਵਰਤਿਆ ਹੈ । ਹਿੰਦੂ ਗ੍ਰੰਥਾਂ ਅਨੁਸਾਰ ਜੂਨਾਂ ਦੀ ਗਿਣਤੀ ’84 ਲੱਖ’ ਮਿਥੀ ਗਈ ਹੈ,ਅਤੇ ਇਸ ਦਾ ਭਾਵ ਇਹ ਹੈ ਕਿ ਬੰਦਾ 84 ਲੱਖ ਜੂਨਾਂ ਦਾ ਚੱਕਰ ਪੂਰਾ ਕਰਕੇ ਫੇਰ ਬੰਦੇ ਦੀ ਜੂਨ ਵਿੱਚ ਆਉਂਦਾ ਹੈ ਅਤੇ ਇਸ ਤੋਂ ਬਾਅਦ ਫੇਰ ਇਹ 84 ਲੱਖ ਜੂਨਾਂ ਵਾਲਾ ਕਦੇ ਵੀ ਨਾ ਖਤਮ ਹੋਣ ਵਾਲਾ ਚੱਕਰ ਹਮੇਸ਼ਾਂ ਚੱਲਦਾ ਹੀ ਰਹਿੰਦਾ ਹੈ । ਇੱਥੇ ਇੱਕ ਗੱਲ ਹੋਰ ਸਾਫ ਕਰਨੀ ਜਰੂਰੀ ਹੈ ਕਿ ਹਿੰਦੂ ਗ੍ਰੰਥਾਂ ਅਨੁਸਾਰ ਪਰਮਾਤਮਾ, ਪ੍ਰਕਿਰਤੀ ਅਤੇ ਜੀਵ ਤਿੰਨੋਂ ਹੀ ਅਨਾਦੀ ਹਨ ਅਰਥਾਤ ਪ੍ਰਕਿਰਤੀ ਅਤੇ ਜੀਵ ਵੀ ਪਰਮਾਤਮਾ ਦੀ ਤਰ੍ਹਾਂ ਅਨਾਦੀ ਹਨ । ਹਿੰਦੂ ਗ੍ਰੰਥਾਂ ਅਨੁਸਾਰ ਕਿਉਂਕਿ ਪਰਮਾਤਮਾ ਅਤੇ ਜੀਵ ਦੋਨੋ ਅਨਾਦੀ ਹਨ ਇਸ ਲਈ ਜੀਵ ਕਦੇ ਵੀ, ਕਿਸੇ ਵੀ ਹਾਲਤ ਵਿੱਚ ਪਰਮਾਤਮਾ ਵਿੱਚ ਸਮਾ ਨਹੀਂ ਸਕਦਾ ।
ਅਰਥਾਤ ਜਨਮ ਮਰਨ ਤੋਂ ਮੁਕਤੀ ਹਾਸਲ ਨਹੀਂ ਕਰ ਸਕਦਾ । ਸ੍ਵਰਗ ਨਰਕ ਵਿੱਚ ਜਨਮ ਲੈਂਦਾ ਰਹਿੰਦਾ ਹੈ । ‘84 ਲੱਖ’ ਸ਼ਬਦ ਜੂਨਾਂ ਲਈ ਵਰਤਿਆ ਗਿਆ ਪ੍ਰਚੱਲਤ ਸ਼ਬਦ ਹੈ, ਜਿਸ ਨੂੰ ਕਿ ਗੁਰੂ ਸਾਹਿਬਾਂ ਨੇ ‘ਜੂਨਾਂ’ ਦੀ ਗੱਲ ਕਰਦਿਆਂ ਹੋਇਆਂ ਪ੍ਰਤੀਕ ਵਜੋਂ ਵਰਤਿਆ ਹੈ । ਪਰ ਗੁਰਮਤਿ ਵਿੱਚ ’84 ਲੱਖ’ ਗਿਣਤੀ ਨੂੰ ਮਾਨਤਾ ਨਹੀਂ ਦਿੱਤੀ ਗਈ । ਕਿਉਂਕਿ ਮਨੁੱਖ ਜਰੂਰੀ ਨਹੀਂ ਕਿ ਸਾਰੀਆਂ ਜੂਨਾਂ ਭੁਗਤ ਕੇ ਹੀ ਮੁੜ ਬੰਦੇ ਦੀ ਜੂਨ ਵਿੱਚ ਆਵੇ । ਬਲਕਿ ਜਦੋਂ ਉਸ ਦਾ ਹੁਕਮ ਹੁੰਦਾ ਹੈ ਓਦੋਂ ਮਨੁੱਖ /ਜੀਵ ਸੰਸਾਰ ਤੇ ਆਉਂਦਾ ਹੈ । ਇਸ ਲਈ ਗਿਣਤੀ ਦਾ ਕੋਈ ਮਤਲਬ ਨਹੀਂ।
ਜਸਬੀਰ ਸਿੰਘ ਵਿਰਦੀ