“ਸੁਲਹੀ” ਸ਼ਬਦ ਬਾਰੇ ਵਿਚਾਰ-
ਅਜੋਕੇ ਇਕ ਵਿਦਵਾਨ ਸੱਜਣ ਜੀ ਆਪਣੇ ਨਵੇਕਲੇ ਅਰਥਾਂ ਨਾਲ ਗੁਰਬਾਣੀ ਸ਼ਬਦਾਂ ਦੀਆਂ ਵਿਆਖਿਆਵਾਂ ਪੇਸ਼ ਕਰਦੇ ਰਹਿੰਦੇ ਹਨ।ਪਿਛਲੇ ਦਿਨੀਂ ਇਨ੍ਹਾਂਨੇ ਗੁਰਬਾਣੀ ਵਿੱਚ ਦਰਜ “ਸੁਲਹੀ ਤੇ ਨਾਰਾਇਣ ਰਾਖ…” ਸ਼ਬਦ ਦੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਰੱਦ ਕਰਦੇ ਹੋਏ ਆਪਣੀ ਖੋਜ ਭਰੀ ਨਵੇਕਲੀ ਵਿਆਖਿਆ ਪੇਸ਼ ਕੀਤੀ ਸੀ।ਸ਼ਬਦ ਇਸ ਪ੍ਰਕਾਰ ਹੈ-
ਬਿਲਾਵਲ ਮਹਲਾ 5॥
“ਸੁਲਹੀ ਤੇ ਨਾਰਾਇਣ ਰਾਖੁ॥ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥1॥ਰਹਾਉ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥1॥
ਪੁਤ੍ਰ ਮੀਤ ਧਨੁ ਕਿਛੂ ਨ ਰਹਿਓਸੁ ਛੋਡਿ ਗਇਆ ਸਭ ਭਾਈ ਸਾਕੁ॥
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥2॥” (ਪੰਨਾ-825)
ਵਿਦਵਾਨ ਜੀ ਦੇ ਕੀਤੇ ਪਦ ਅਰਥ:-
ਸੁਲਹੀ- ਹਿੰ: ‘ਸ਼ੂਲ ਸੇ ਸੂਲੀ’, ਤੋਂ ਹੈ।ਸੁਲਹੀ- ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਇੱਥੇ ਇਸ ਸ਼ਬਦ ਦੇ ਚੱਲ ਰਹੇ ਪਰਕਰਣ ਅਨੁਸਾਰ ਅਗਿਆਨਤਾ ਦੀ ਸੂਲੀ/ਭੇਟ ਚੜ ਜਾਣ ਤੋਂ, ਜੀਵਨ ਦੀ ਸੁਧ ਵੀਚਾਰ ਖਤਮ ਹੋ ਜਾਣ ਤੋਂ ਹੈ ਕਿਉਂਕਿ ਇਸੇ ਪੰਗਤੀ ਦਾ ਅਖੀਰਲਾ ਸ਼ਬਦ ਨਾਪਾਕ-ਅਪਵਿੱਤਰ, ਮਾੜੀ ਸੋਚ (ਅਗਿਆਨਤਾ) ਦਾ ਪ੍ਰਤੀਕ ਹੈ।ਜਦੋਂ ਇਸ ਸ਼ਬਦ ਨਾਲ ਸੰਬੰਧਤ ਸ਼ਬਦ “ਤੇ ਨਾਰਾਇਣ ਰਾਖ॥” ਜੁੜੇਗਾ ਤਾਂ ਇਸ ਦਾ ਅਰਥ ਅਗਿਆਨਤਾ ਦੀ ਸੂਲੀ/ਭੇਟ ਚੜਨ ਤੋਂ ਬਚਾਅ ਸੰਬੰਧਤ ਬਣਨਗੇ”।ਸੁਲਹੀ ਕਾ ਹਾਥੁ ਕਹੀ ਨ ਪਹੁਚੈ- ਅਗਿਆਨਤਾ ਦਾ ਕੋਈ ਹਾਥ-ਅੰਤ ਨਹੀਂ, ਨਾ ਹੀ ਅਗਿਆਨਤਾ, ਅਗਿਆਨੀ ਨੂੰ ਕਿਤੇ ਪਹੁੰਚਣ, ਭਾਵ ਕਿਸੇ ਤਣ ਪੱਤਣ, ਸੱਚ ਵਾਲੇ ਪਾਸੇ ਲੱਗਣ ਹੀ ਦਿੰਦੀ ਹੈ।ਸੁਲਹੀ ਹੋਇ ਮੂਆ ਨਾਪਾਕ- ਅਗਿਆਨਤਾ ਦੀ ਸੂਲੀ ਚੜਿਆ ਹੋਇਆ, ਆਪਣੀ ਨਾਪਾਕ-ਅਪਵਿੱਤਰ ਵੀਚਾਰਧਾਰਾ ਵਿੱਚ ਆਪ ਹੀ ਆਤਮਿਕ–ਜ਼ਮੀਰ ਦੇ ਤੌਰਤੇ ਖ਼ਤਮ ਹੋ ਜਾਂਦਾ ਹੈ। ਕਾਢਿ- ਕੋਈ ਕੱਢੀ ਹੋਈ ਕਾਢਿ। ਕੁਠਾਰੁ- ਕੁਹਾੜਾ ਰੂਪੀ, ਖ਼ਤਮ ਕਰ ਦੇਣ ਵਾਲੀ ਵੀਚਾਰਧਾਰਾ, ਮਿੱਟੀ ਵਿੱਚ ਮਿਲਾ ਦੇਣ ਵਾਲੀ ਵੀਚਾਰਧਾਰਾ। ਖਸਮਿ- ਜੁਮੇਵਾਰ, ਮਾਲਕ। ਸਿਰੁ- ਮਨੁੱਖ ਦਾ ਆਪਣਾ ਅਕਲ ਵਾਲਾ ਸਿਰ। ਕਾਟਿਆ- ਕੱਟਿਆ। ਮੰਦਾ ਚਿਤਵਤ- ਉਹ ਬੁਰਾ ਹੀ ਚਿਤਵਦਾ ਹੈ।ਚਿਤਵਤ ਪਚਿਆ- ਉਸਨੂੰ ਆਪਣਾ ਚਿਤਵਿਆ ਹੋਇਆ ਹੀ ਆਪਨੂੰ ਹਜ਼ਮ ਹੁੰਦਾ ਹੈ ਭਾਵ ਚੰਗੀ ਗੱਲ ਉਸਨੂੰ ਹਜ਼ਮ ਹੀ ਨਹੀਂ ਹੁੰਦੀ। ਜਿਨਿ ਰਚਿਆ- ਜਿਹੜਾ ਇਸ ਵਿੱਚ ਰਚਿਆ ਭਾਵ ਜਿਹੜਾ ਅਗਿਆਨਤਾ ਵਿੱਚ ਰਚ ਗਇਆ। ਦੀਨਾ- ਦੀਨ ਸ਼ਬਦ ਤੋਂ ਦੀਨਾ, ਧਰਮ। ਧਾਕੁ- ਧਾਰਣ ਕਰਨ ਵਾਲਾ। ਛੋਡਿ ਗਇਆ- ਉਨ੍ਹਾਂ ਲਈ ਵੀ (ਅਗਿਆਨਤਾ) ਛੱਡ ਗਇਆ। ਕੀਨੋ ਪੂਰਨ ਵਾਕੁ- ਅਰਦਾਸ ਨੂੰ ਪ੍ਰਵਾਣ ਕਰ ਲਿਆ।
ਵਿਦਵਾਨ ਜੀ ਦੇ ਕੀਤੇ ਅਰਥ:-
ਹੇ ਭਾਈ! ਕਰਤੇ ਦੀ ਬਖਸ਼ਿਸ਼ ਗਿਆਨ ਹੀ ਅਗਿਆਨਤਾ ਦੀ ਸੁਲਹੀ-ਸੂਲੀ ਦੀ ਭੇਟ ਚੜ੍ਹਨ ਤੋਂ ਬਚਾ ਸਕਦਾ ਹੈ।ਅਗਿਆਨਤਾ ਦਾ ਕੋਈ ਹਾਥ/ਅੰਤ ਨਹੀਂ (ਭਾਵ ਜਿੰਨੀ ਮਰਜੀ ਵਧਾ ਲਉ)।ਅਗਿਆਨਤਾ ਦੀ ਸੂਲੀ ਚੜ੍ਹੇ ਮਨੁੱਖ ਨੂੰ ਅਗਿਆਨਤਾ ਕਿਸੇ ਤਣ ਪੱਤਣ ਲੱਗਣ ਹੀ ਨਹੀਂ ਦਿੰਦੀ ਭਾਵ ਸੱਚ ਤੱਕ ਪਹੁੰਚਣ ਹੀ ਨਹੀਂ ਦਿੰਦੀ।ਇਸ ਦੀ ਸੂਲੀ ਚੜ੍ਹਿਆ ਮਨੁੱਖ ਆਪਣੀ ਨਾਪਾਕੁ-ਅਪਵਿੱਤਰ ਸੋਚ ਵਿੱਚ ਆਪ ਹੀ ਆਤਮਿਕ ਭਾਵ ਜ਼ਮੀਰ ਦੇ ਤੌਰ ਤੇ ਖ਼ਤਮ ਹੋ ਜਾਂਦਾ ਹੈ।ਅਜਿਹਾ ਮਨੁੱਖ ਆਪ ਹੀ ਆਪਣੇ ਮਨ ਦੀ ਕਢੀ ਹੋਈ (ਅਗਿਆਨਤਾ ਦੀ) ਕਾਢਿ ਦਾ ਖਸਮਿ ਭਾਵ ਜੁਮੇਵਾਰ ਹੈ, ਉਹਦੀ ਆਪਣੀ ਕਾਢਿ ਹੀ ਉਹਦੇ ਲਈ ਆਪਣੇ ਲਈ ਕੁਹਾੜੇ ਦਾ ਕੰਮ ਕਰਦੀ ਹੈ ਭਾਵ ਉਹਦਾ ਆਪਣਾ ਹੀ ਅਕਲ ਵਾਲਾ ਸਿਰ ਕੱਟ ਦਿੰਦੀ ਹੈ।ਅਤੇ ਉਹ ਛੇਤੀ ਹੀ ਅਗਿਆਨਤਾ ਵਿੱਚ ਹੀ ਭਸਮ ਹੋ ਜਾਂਦਾ ਹੈ ਭਾਵ ਵੀਚਾਰਕ ਤੌਰਤੇ ਖ਼ਤਮ ਹੋ ਜਾਂਦਾ ਹੈ।ਅਜਿਹਾ ਮਨੁੱਖ ਹਮੇਸ਼ਾਂ ਬੁਰਾ ਹੀ ਚਿਤਵਦਾ ਹੈ ਅਤੇ ਆਪਣਾ ਚਿਤਵਿਆ ਹੋਇਆ (ਅਗਿਆਨ) ਹੀ ਉਸ ਨੂੰ ਪਚਦਾ ਹੈ ਭਾਵ ਗਿਆਨ ਉਸਨੂੰ ਪਚਦਾ / ਹਜ਼ਮ ਹੀ ਨਹੀਂ ਹੁੰਦਾ, ਜਿਸ ਨੇ ਇਸ ਨੂੰ ਧਾਰਨ ਕੀਤਾ ਇਸ (ਅਗਿਆਨਤਾ ਦੀ ਸੂਲੀ ਤੇ ਚੜਨ) ਨੂੰ ਹੀ ਦੀਨ/ਧਰਮ ਸਮਝਕੇ ਇਸ (ਅਗਿਆਨਤਾ) ਵਿੱਚ ਲੀਨ ਹੋ ਗਇਆ ਅਤੇ ਜਾਂਦਾ ਹੈ।ਅਜਿਹੀ ਅਗਿਆਨਤਾ ਵਿੱਚ ਲੀਨ ਹੋਏ ਮਨੁੱਖ ਦੇ ਆਪਣੇ ਪੁਤ੍ਰ, ਮਿਤਰ, ਇਸਤ੍ਰੀ, ਸਾਕ ਸੰਬੰਧੀ ਭਾਵ ਤਮਾਮ ਉਸ ਨਾਲ ਭਾਈਚਾਰਕ ਸਾਂਝ ਰੱਖਣ ਵਾਲੇ ਵੀ ਕੋਈ ਬਚਕੇ ਨਹੀਂ ਰਹਿ ਸਕਦੇ।ਕਿਉਂਕਿ ਉਨ੍ਹਾਂ ਲਈ ਵੀ ਅਗਿਆਨਤਾ ਹੀ ਛੱਡ ਜਾਂਦਾ ਹੈ।ਹੇ ਭਾਈ! ਨਾਨਕ ਆਖਦਾ ਹੈ ਕਿ ਉਸ ਪ੍ਰਭੂ ਤੋਂ ਹੀ ਬਲਿਹਾਰ ਜਾਣਾ ਚਾਹੀਦਾ ਹੈ ਜਿਸਨੇ ਆਪਣੇ ਜਨ ਦੀ ਅਰਦਾਸ ਪਰਵਾਣ ਕਰਕੇ ਗਿਆਨ ਦੀ ਬਖਸ਼ਿਸ਼ ਦੁਆਰਾ ਅਗਿਆਨਤਾ ਦੀ ਸੂਲੀ ਦੀ ਭੇਟ ਚੜ੍ਹਨ ਤੋਂ ਬਚਾਅ ਲਿਆ ਹੈ”।
ਵਿਚਾਰ:-- ਵਿਦਵਾਨ ਜੀ ਲਿਖਦੇ ਹਨ- "ਸ਼ਬਦ 'ਸੁਲਹੀ'- ਹਿੰ: ਸੂਲ ਸੇ ਸੂਲੀ’, ਤੋਂ ਹੈ"।
ਵਿਦਵਾਨ ਜੀ ਦੀ ਚਲਾਕੀ ਦੇਖੋ- ਸ਼ਬਦ ਕੋਸ਼ ਮੁਤਾਬਕ “ਸੂਲੀ' ਸ਼ਬਦ 'ਸੂਲ” ਤੋਂ ਦੱਸਿਆ ਗਿਆ ਹੈ ਪਰ ਇਨ੍ਹਾਂਨੇ ਆਪਣੇ ਕੋਲੋਂ ਹੀ “ਸੁਲਹੀ” ਸ਼ਬਦ ਨਾਲ ਜੋੜ ਦਿਤਾ ਹੈ ਤਾਂ ਕਿ ਪਾਠਕਾਂ ਨੂੰ ਲੱਗੇ ਕਿ ਕਿਸੇ ਸ਼ਬਦ-ਕੋਸ਼ ਮੁਤਾਬਕ “ਸੁਲਹੀ” ਸ਼ਬਦ “ਸੂਲੀ” ਤੋਂ ਹੈ।ਜਦਕਿ ਵਿਦਵਾਨ ਜੀ ਖੁਦ ਵੀ ਮੰਨਦੇ ਹਨ ਕਿ:-
“ਦਾਸ ਨੇ ‘ਸੁਲਹੀ’ ਸ਼ਬਦ ਵੱਖ ਵੱਖ ਸ਼ਬਦਾਅਰਥ (ਸ਼ਬਦਾਰਥ) ਢੂੰਢ ਕੇ ਘੋਖ ਕੀਤੀ ਪਰ ਇਸ ਸ਼ਬਦ ਦਾ ਹੂ ਬਹੂ ਚਿਹਰਾ ਸਾਹਮਣੇ ਨਹੀਂ ਆਇਆ”।ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਸ਼ਬਦ “ਸੂਲ ਅਤੇ ਸੂਲੀ” ਬਾਰੇ ਵਿਚਾਰ ਕਰ ਲਈ ਜਾਵੇ-
ਸੰਸਕ੍ਰਿਤ-ਹਿੰਦੀ ਕੋਸ਼ ਮੁਤਾਬਕ, 'ਸੂਲ' ਅਤੇ 'ਸੂਲੀ' ਸ਼ਬਦ ਸੰਸਕ੍ਰਿਤ ਦੇ ਸ਼ਬਦ “ਸ਼ੂਲ” ਤੋਂ ਹਨ, ਜਿਸ ਦਾ ਅਰਥ ਹੈ- ਭਾਲਾ, ਸੀਂਖ, ਮਾਸ ਭੁਨਨੇ ਕੀ ਖੂੰਟਾ, ਕਾਰਣਾ (ਪੀੜਾ), ਤੀਵ੍ਰ ਵੇਦਨਾ, ਸੂਲੀ, ਸ਼ਿਵ ਕਾ ਤ੍ਰਿਸ਼ੂਲ, ਪੈਨਾ (ਤਿੱਖਾ) ਜਾਂ ਨੋਕਦਾਰ ਹਥਿਆਰ, ਨੁਕੀਲਾ ਕਾਂਟਾ, ਨੇਜਾ, ਬਰਸ਼ੀ, ਝੰਡਾ/ਧ੍ਵਜ, ਏਕ ਪ੍ਰਕਾਰ ਕਾ ਘਾਸ, ਦੂਭ।
ਸ਼ਬਦ “ਸੁਲਹੀ’ ਦੇ ਅਰਥ, ‘ਸੂਲੀ’ ਘੜਨ ਨਾਲ ਹੀ ਵਿਦਵਾਨ ਜੀ ਦਾ ਮਕਸਦ ਪੂਰਾ ਨਹੀਂ ਹੁੰਦਾ।ਸੋ ਅੱਗੇ ਲਿਖਦੇ ਹਨ-
“ਸੁਲਹੀ- ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਇੱਥੇ ਇਸ ਸ਼ਬਦ ਦੇ ਚੱਲ ਰਹੇ ਪਰਕਰਣ ਅਨੁਸਾਰ *ਅਗਿਆਨਤਾ ਦੀ ਸੂਲੀ/ਭੇਟ ਚੜ ਜਾਣ* ਤੋਂ, *ਜੀਵਨ ਦੀ ਸੁਧ ਵੀਚਾਰ ਖਤਮ ਹੋ ਜਾਣ* ਤੋਂ ਹੈ।
ਵਿਚਾਰ- ਪਹਿਲੀ ਤਾਂ ਗੱਲ ਇਹ ਹੈ ਕਿ “ਸੁਲਹੀ” ਸ਼ਬਦ “ਸ਼ੂਲ, ਸੂਲ ਜਾਂ ਸੂਲੀ” ਤੋਂ ਬਿਲਕੁਲ ਵੀ ਨਹੀਂ ਹੈ।ਇਸ ਲਈ ਇਸ ਦੇ ਅਰਥ ‘ਸੂਲੀ’ ਜਾਂ ‘ਸੂਲੀ ਚੜ੍ਹਨਾ’ ਆਦਿ ਬਿਲਕੁਲ ਨਹੀਂ ਹੋ ਸਕਦੇ।ਵਿਦਵਾਨ ਜੀ ਕਲਪਨਾਵਾਂ ਦੇ ਘੋੜੇ ਹੋਰ ਅੱਗੇ ਵਧਾਉਂਦੇ ਹੋਏ ਸ਼ੂਲ- ਸੂਲ- ਸੂਲੀ ਤੋਂ ਸੂਲਹੀ- ਸੁਲਹੀ- ਸੂਲੀ ਚੜ੍ਹਨਾ- ਸੂਲੀ ਚੜ੍ਹਾਉਣਾ- ਖਤਮ ਹੋ ਜਾਣਾ- ਅਗਿਆਨਤਾ ਦੀ ਸੂਲੀ/ਭੇਟ ਚੜ੍ਹ ਜਾਣਾ- ਜੀਵਨ ਦੀ ਸੁਧ ਵਿਚਾਰ ਖਤਮ ਹੋ ਜਾਣਾ- ਆਤਮਿਕ ਜ਼ਮੀਰ ਦੇ ਤੌਰਤੇ ਖ਼ਤਮ ਹੋ ਜਾਣਾ- ਕਿਸੇ ਦਾ ਬੁਰਾ ਚਿਤਵਨਾ... ਅਤੇ ਪਤਾ ਨਹੀਂ ਕੀ ਕੀ ਅਰਥ ਘੜਕੇ ਨਾਲ ਜੋੜ ਰਹੇ ਹਨ।ਜਦਕਿ ਲੋਹੇ ਆਦਿ ਪਦਾਰਥ ਦੀ ਬਣੀ ਕਿਸੇ ਤਿੱਖੀ, ਨੋਕਦਾਰ ਵਸਤੂ ਨਾਲ ਅਗਿਆਨਤਾ, ਨਾਪਾਕ, ਅਪਵਿੱਤਰ ਆਦਿ ਲਫਜ ਕਿਵੇਂ ਜੋੜੇ ਜਾ ਸਕਦੇ ਹਨ?
ਵਿਦਵਾਨ ਜੀ ਲਿਖਦੇ ਹਨ- “ਜਦੋਂ ਸ਼ਬਦ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਤੱਕ ਦਾ ਸਫਰ ਤਹਿ ਕਰਦਾ ਹੈ ਤਾਂ ਸ਼ਬਦ-ਜੋੜ ਬਦਲ ਜਾਂਦੇ ਹਨ।…ਦਾਸ ਨੇ ‘ਸੁਲਹੀ’ ਸ਼ਬਦ ਵੱਖ ਵੱਖ ਸ਼ਬਦਾਅਰਥ (ਸ਼ਬਦਾਰਥ) ਢੂੰਢ ਕੇ ਘੋਖ ਕੀਤੀ ਪਰ ਇਸ ਸ਼ਬਦ ਦਾ ਹੂ ਬਹੂ ਚਿਹਰਾ ਸਾਹਮਣੇ ਨਹੀਂ ਆਇਆ”।
ਵਿਚਾਰ- ਵਦਿਵਾਨ ਜੀ ਮੁਤਾਬਕ *ਹਿੰਦੀ: ‘ਸੂਲ ਸੇ ਸੂਲੀ’* ਹੈ।ਹਿੰਦੀ ਤੋਂ ਇਲਾਵਾ ਕਿਤੇ ਕਿਸੇ ਹੋਰ ਭਾਸ਼ਾ ਦਾ ਜ਼ਿਕਰ ਨਹੀਂ ਕੀਤਾ ਗਿਆ।ਤਾਂ ਫੇਰ ਉਹ ਹੋਰ ਕਿਹੜੀ ‘ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ’ ਵਿੱਚ ਸਫਰ ਤਹਿ ਕਰਨ ਦੀ ਗੱਲ ਕਰਦੇ ਹਨ? ਵਿਦਵਾਨ ਜੀ ਨੇ ਕਿਸੇ ਸਿਧਾਂਤ ਅਨੁਸਾਰ ਵੀ ਨਹੀਂ ਸਮਝਾਇਆ ਕਿ ਕਿਵੇਂ ‘ਸੁਲਹੀ’ ਸੰਸਕ੍ਰਿਤ-ਹਿੰਦੀ-ਪ੍ਰਾਕ੍ਰਿਤ ਆਦਿ ਤੋਂ ਸਫ਼ਰ ਤੈਅ ਕਰਦਾ ਹੋਇਆ ਇਸ ਮੌਜੂਦਾ ਰੂਪ ਵਿੱਚ ਪਹੁੰਚਿਆ ਹੈ।ਜੇ ਇਸ ਸ਼ਬਦ ਦਾ ਰੂਪ ਬਦਲਕੇ ਮੌਜੂਦਾ ਰੂਪ ਬਣਿਆਂ ਹੈ ਤਾਂ ਉਹ ਬਦਲਿਆ ਹੋਇਆ ਰੂਪ ਚਲਾ ਕਿੱਥੇ ਗਿਆ, ਖੋਜ ਕਰਨ ਦੇ ਬਾਵਜੂਦ ਵੀ ਕਿਸੇ ਸ਼ਬਦ-ਕੋਸ਼ ਵਿੱਚ ਵੀ ਇਸ ਦਾ ਹੂ ਬਹੂ ਚਿਹਰਾ ਵਿਦਵਾਨ ਜੀ ਦੇ ਸਾਹਮਣੇ ਕਿਉਂ ਨਹੀਂ ਆਇਆ?
ਆਪਣਾ ਪੱਖ ਸਹੀ ਸਾਬਤ ਕਰਨ ਲਈ ਵਿਦਵਾਨ ਜੀ ਪ੍ਰੋ: ਸਾਹਿਬ ਸਿੰਘ ਜੀ ਦੀ ਕੀਤੀ ਮਿਹਨਤ ਦਾ ਸਹਾਰਾ ਲੈਂਦੇ ਹੋਏ ਲਿਖਦੇ ਹਨ-
“ਜਿਵੇਂ ਮੂਲ ਮੰਤ੍ਰ ਵਿੱਚ ਸ਼ਬਦ ਆਉਂਦਾ ਹੈ, “ਸੈਭੰ”-ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਨੂੰ ਕਿਸੇ ਹੋਰ ਭਾਸ਼ਾ ਤੋਂ ਗੁਰਮੁਖੀ ਵਿੱਚ ਆਉਣ ਤੇ ਸ਼ਬਦ ਜੋੜਾਂ ਦੀ ਬਣਤਰ ਬਦਲਣ ਦਾ ਨਮੂੰਨਾ ਦਿੱਤਾ ਹੈ ਕਿ ਜਦੋਂ ਸ਼ਬਦ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਤੱਕ ਦਾ ਸਫਰ ਤਹਿ ਕਰਦਾ ਹੈ ਤਾਂ ਕਿਵੇਂ ਸ਼ਬਦ ਜੋੜ ਬਦਲਦੇ ਹਨ।
ਸੈਭੰ-ਸ੍ਵਯੰਭੂ (ਸ੍ਵ- ਸ੍ਵਯੰ।ਭੰ-ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ।ਜਿਸ ਦਾ ਮਤਲਬ ਹੈ, ਸੈਭੰ-ਸ੍ਵਯੰਭੂ ਤੋਂ ਹੈ।
ਹੁਣ ਇੱਥੇ ਜੇਕਰ ਜ਼ਰਾ ਗਹੁ ਨਾਲ ਵੀਚਾਰਕੇ ਦੇਖੀਏ ਤਾਂ ਸੱਸੇ ਦੇ ਪੈਰ ਵਿਚਲਾ ਵਾਵਾ ਕਿਵੇਂ ਦਲਾਈਆਂ ਦਾ ਰੂਪ ਧਾਰਨ ਕਰ ਗਿਆ ਅਤੇ ਯਈਯਾ ਅਲੋਪ ਹੋ ਗਿਆ ਅਤੇ ਯਈਏ ਦੀ ਟਿੱਪੀ ਭੱਭੇ ਨੇ ਲੈ ਲਈ ਅਤੇ ਜਦੋਂ ਯਈਏ ਦੀ ਟਿੱਪੀ ਭੱਭੇ ਨੇ ਲੈ ਲਈ ਤਾਂ ਨਾਲ ਹੀ ਭੱਭੇ ਦੇ ਦੁਲੈਂਕੜੇ ਅਲੋਪ ਹੋ ਗਏ ਤਾਂ ਸ਼ਬਦ ‘ਸ੍ਵਯੰਭੂ’ ਤੋਂ ‘ਸੈਭੰ’ ਹੋ ਗਿਆ”।
ਵਿਚਾਰ- ਵਿਦਵਾਨ ਜੀ ਆਪਣਾ ਪੱਖ ਸਹੀ ਸਾਬਤ ਕਰਨ ਲਈ ਪ੍ਰੋ: ਸਾਹਿਬ ਸਿੰਘ ਜੀ ਦੀ ਮਿਹਨਤ ਦਾ ਸਹਾਰਾ ਲੈ ਕੇ ਉਨ੍ਹਾਂ ਦੀ ਹੀ ਲਿਖਤ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਜਿਵੇਂ ਕਿ ਪ੍ਰੋ: ਸਾਹਿਬ ਨੂੰ ਸ੍ਵਯੰਭੂ ਤੋਂ ਸੈਭੰ ਬਾਰੇ ਤਾਂ ਪਤਾ ਸੀ ਕਿ ਇਹ ਰੂਪ ਕਿਵੇਂ ਬਣਿਆ ਪਰ ਉਨ੍ਹਾਂਨੂੰ ਏਨਾ ਗਿਆਨ ਨਹੀਂ ਸੀ ਕਿ 'ਸੁਲਹੀ' ਸ਼ਬਦ ਅਸਲ ਵਿੱਚ "ਸੂਲੀ" ਤੋਂ ਹੈ।
ਵਿਦਵਾਨ ਜੀ ਦਾ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਕੋਈ ਸ਼ਬਦ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਤੱਕ ਦਾ ਸਫਰ ਤੈਅ ਕਰਦਾ ਹੈ ਤਾਂ ਇਸ ਦਾ ਰੂਪ ਬਦਲ ਜਾਂਦਾ ਹੈ।ਜਿਵੇਂ ‘ਸ੍ਵਯੰਭੂ’ ਤੋਂ ‘ਸੈਭੰ’ ਹੋ ਗਿਆ ਇਸੇ ਤਰ੍ਹਾਂ *ਸੂਲੀ’ ਤੋਂ ‘ਸੁਲਹੀ’ ਹੋ ਗਿਆ*।
ਪਰ ਵਿਦਵਾਨ ਜੀ ਨੂੰ ਖੁਦ ਨੂੰ ਵੀ ਅੰਦਰੋਂ ਅਹਿਸਾਸ ਹੈ ਕਿ ਉਨ੍ਹਾਂਦੀ ਇਹ ਦਲੀਲ ਅਸਲ ਵਿੱਚ ਕੱਚੀ ਹੈ ਕਿ ‘ਸੁਲਹੀ’ ਸ਼ਬਦ ਕਿਸੇ ਹੋਰ ਭਾਸ਼ਾ ਤੋਂ ਇਸ ਰੂਪ ਵਿੱਚ ਆਇਆ ਹੈ।ਇਸ ਲਈ ਆਪਣੀ ਹੀ ਪੇਸ਼ ਕੀਤੀ ਪਹਿਲੀ ਦਲੀਲ ਤੋਂ ਬਿਲਕੁਲ ਵੱਖਰੀ ਇਕ ਹੋਰ ਦਲੀਲ ਪੇਸ਼ ਕਰਦੇ ਹਨ:-
“ਹੁਣ ਆਪਾਂ ਇਥੇ ਸੂਲੀ ਸ਼ਬਦ ਤੋਂ 'ਸੁਲਹੀ' ਤੱਕ ਦਾ ਸਫਰ ਕਿਵੇਂ ਤਹਿ ਕਰਨਾ ਹੈ।ਇਹ ਸਾਡੇ ਲਈ ਇੱਕ *ਬੁਝਾਰਤ* ਹੈ।..ਕਾਵਿ ਸਿਧਾਂਤ ਦੇ ਕੁਝ ਆਪਣੇ ਹੀ ਨਿਯਮ ਹਨ।ਕਾਵਿ ਰੂਪ ਲਿਖਣ ਵੇਲੇ ‘ਪਿੰਗਲ’ ਦੀਆਂ ਨਿਰਧਾਰਿਤ ਸੀਮਾਵਾਂ, ਅੱਖਰਾਂ ਦੀ ਗਿਣਤੀ ਅਤੇ ਸ਼ਬਦਾਂ ਦੇ ਤੋਲ ਮਾਪ ਦਾ ਅਤੇ ਭਾਸ਼ਾ ਵਿਆਕਰਣ ਦਾ ਪੂਰਾ-ਪੂਰਾ ਖਿਆਲ ਰੱਖਣਾ ਪੈਂਦਾ ਹੈ।ਸੰਬੰਧਤ ਰਾਗ ਦੀ ਵਿਆਕਰਣ ਦਾ ਵੀ ਧਿਆਨ ਰੱਖਣਾ ਹੁੰਦਾ ਹੈ।
ਸੂਲੀ ਚਾਰ ਅੱਖਰਾਂ ਦਾ ਸੁਮੇਲ ਹੈ ਅਤੇ ਸੁਲਹੀ ਪੰਜ ਅੱਖਰਾਂ ਦਾ।‘ਸੂਲੀ’ ਸਿੱਧਾ ਵਰਤਣ ਨਾਲ ਕਾਵਿ ਸ਼ੈਲੀ ਦੀ ਲੈਅ ਟੁੱਟਦੀ ਹੈ ਅਤੇ ਨਾਲ ਹੀ ਪਿੰਗਲ ਦਾ ਨਿਯਮ ਟੁੱਟਦਾ ਹੈ।ਜੇਕਰ ਸੁਲਹੀ ਸ਼ਬਦ ਵਰਤਦੇ ਹਾਂ, ਨਾ ਤਾਂ ਪਿੰਗਲ ਦਾ ਨਿਯਮ ਟੁੱਟਦਾ ਹੈ ਅਤੇ ਨਾ ਹੀ ਕਾਵਿਕ ਭਾਸ਼ਾ ਦੀ ਲੈਅ ਹੀ ਟੁੱਟਦੀ ਹੈ।ਜੇਕਰ ਸ਼ਬਦ ‘ਸੁਲਹੀ’ ਦੀ ਥਾਂ ‘ਸੂਲਹੀ’ ਸ਼ਬਦ ਵਰਤਦੇ ਹਾਂ ਤਾਂ ਅੱਧੀ ਮਾਤ੍ਰਾ ਵਧ ਜਾਂਦੀ ਹੈ ਇਸ ਲਈ ਮਾਤ੍ਰਾਵਾਂ ਨੂੰ ਪੂਰੀਆਂ ਰੱਖਣ ਲਈ *ਦੁਲੈਂਕੜੇ ਔਂਕੜ ਵਿੱਚ ਬਦਲ ਜਾਂਦਾ ਹੈ*।
ਵਿਚਾਰ- *ਦੁਲੈਂਕੜੇ ਔਂਕੜ ਵਿੱਚ ਬਦਲ ਜਾਂਦਾ ਹੈ* ਤਾਂ ਵਿਦਵਾਨ ਜੀ ਇਸ ਤਰ੍ਹਾਂ ਲਿਖ ਰਹੇ ਹਨ ਜਿਵੇਂ ਕੋਈ ਪਹਿਲਾਂ ਤੋਂ ਬਣਿਆ ਸਿਧਾਂਤ ਜਾਂ ਫਾਰਮੁਲਾ ਪੇਸ਼ ਕਰ ਰਹੇ ਹੋਣ।ਜਦ ਕਿ ਇਹ ਮੌਕੇ ਮੁਤਾਬਕ ਆਪਣਾ ਸਿਧਾਂਤ ਖੁਦ ਹੀ ਘੜ ਲੈਂਦੇ ਹਨ।ਇਸ ਦਾ ਮਤਲਬ "ਜਿਸੁ ਹਥਿ ਜੋਰੁ ਕਰਿ ਵੇਖੈ ਸੋਇ" ਵਿੱਚ ਮਾਤ੍ਰਾ ਦਾ ਵਜਨ ਸਹੀ ਰੱਖਣ ਲਈ ਗੁਰੂ ਸਾਹਿਬ ਨੇ ਇੱਥੇ 'ਜੋਰੂ' ਤੋਂ ਅੱਧੀ ਮਾਤ੍ਰਾ ਹਟਾ ਕੇ 'ਜੋਰੁ' ਬਣਾ ਦਿੱਤਾ।ਆਪਣੀ ਮਰਜੀ ਦੇ ਅਰਥ ਘੜਨ ਲਈ ਇੱਕ-ਦੋ ਫਾਰਮੁਲੇ ਇਨ੍ਹਾਂ ਅਜੋਕੇ ਵਿਦਵਾਨਾਂ ਦੇ ਹੱਥ ਲੱਗੇ ਹੋਏ ਹਨ।ਇਕ "ਪ੍ਰੋਢਾਵਾਦ" ਅਤੇ ਦੂਸਰਾ "ਕਾਵਿ ਰਚਨਾ"।ਬਸ ਇਨ੍ਹਾਂ ਦੋ ਫਾਰਮੁਲਿਆਂ ਦੇ ਆਧਾਰ ਤੇ ਇਨ੍ਹਾਂ ਲੋਕਾਂ ਨੂੰ ਆਪਣੀ ਮਰਜੀ ਦੇ ਅਰਥ ਘੜਨ ਦੀ ਪੂਰੀ ਖੁਲ੍ਹ ਮਿਲ ਜਾਂਦੀ ਹੈ।
ਇੱਕ ਵਾਰੀਂ ‘ਭਾਸ਼ਾ ਦੇ ਨਿਯਮਾਂ ਅਨੁਸਾਰ ਸ਼ਬਦ ‘ਸੂਲੀ’ ਤੋਂ ‘ਸੁਲਹੀ’ ਬਣਾ ਚੁੱਕਣ ਤੋਂ ਬਾਅਦ ਫੇਰ ਤੋਂ ਕਾਵਿਕ ਨਿਯਮਾਂ ਅਨੁਸਾਰ ਇਸ ਦਾ ਰੂਪ ਬਦਲਣਾ, ਬੜੀ ਅਜੀਬ ਜਿਹੀ ਗੱਲ ਹੈ।
ਇਸ ਦੂਸਰੀ ਦਲੀਲ ਰਾਹੀਂ ਵਿਦਵਾਨ ਜੀ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਨ੍ਹਾਂਨੇ ਕਾਵਿਕ ਨਿਯਮਾਂ ਦਾ ਪੂਰਾ ਪੂਰਾ ਧਿਆਨ ਰੱਖਕੇ ਵਿਚਾਰ ਦਿੱਤੇ ਹਨ।ਪਰ ਵਿਦਵਾਨ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪਿੰਗਲ ਵਿੱਚ ਗਣਾਂ ਦੀ ਗਿਣਤੀ ਦਾ ਹਿਸਾਬ ਰੱਖਿਆ ਜਾਂਦਾ ਹੈ।“ਸੂਲੀ” ਨੂੰ ਇਹ ਚਾਰ ਅੱਖਰਾਂ ਦਾ ਮੇਲ ਅਤੇ “ਸੁਲਹੀ” ਨੂੰ ਪੰਜ ਅੱਖਰਾਂ ਦਾ ਸੁਮੇਲ ਦੱਸਦੇ ਹਨ।ਜਦਕਿ ਗਣਾਂ ਦੀ ਗਿਣਤੀ ਅਨੁਸਾਰ “ਸੂਲੀ” 2+2 ਗੁਰੂ ਗੁਰੂ (ਸ਼+ਸ਼) 4 ਮਾਤਰਾਵਾਂ ਦਾ ਸੁਮੇਲ ਹੈ।ਅਤੇ “ਸੁਲਹੀ” ਵੀ 1+1+2 ਲਘੂ ਲਘੂ ਗੁਰੂ (ੀ+ੀ+ਸ਼) 4 ਮਾਤਰਾਵਾਂ ਦਾ ਸੁਮੇਲ ਹੈ।ਅਰਥਾਤ ਗਣਾਂ ਦੀ ਗਿਣਤੀ ਦੇ ਹਿਸਾਬ ਨਾਲ ‘ਸੂਲੀ’ ਅਤੇ ‘ਸੁਲਹੀ’ ਦੋਨੋਂ ਬਰਾਬਰ ਹਨ।(ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਸੁ’ ਲਘੂ ਮਾਤਰਾ ਹੈ, ਅਤੇ ਇਸ ਨੂੰ ' ੀ ' ‘ਇਕ’ ਮਾਤ੍ਰਾ ਗਿਣਿਆ ਜਾਂਦਾ ਹੈ, ਅਤੇ ‘ਸੂ’ ਗੁਰੂ ਮਾਤ੍ਰਾ ਹੈ ਅਤੇ ਇਸ ਨੂੰ ' ਸ਼ ' ‘ਦੋ’ ਮਾਤ੍ਰਾਵਾਂ ਗਿਣਿਆ ਜਾਂਦਾ ਹੈ।ਦੂਸਰੀ ਗੱਲ ਜਿਸ ਨੂੰ ਇਹ ਛੰਦ ਦੱਸ ਰਹੇ ਹਨ ਇਹ ਛੰਦ ਨਹੀਂ ਬਲਕਿ ਸੰਪੂਰਣ ਰਾਗ ਹੈ, ਰਾਗ ‘ਬਿਲਾਵਲ’)
ਵਿਦਵਾਨ ਜੀ ਮੁਤਾਬਕ “ਸੂਲਹੀ” ਵਿੱਚ “ਸੁਲਹੀ” ਨਾਲੋਂ ਅੱਧੀ ਮਾਤ੍ਰਾ ਵਧ ਜਾਂਦੀ ਹੈ।
ਜਦਕਿ ਗਣਾਂ ਦੀ ਗਿਣਤੀ ਦੇ ਹਿਸਾਬ ਨਾਲ ਅੱਧੀ ਮਾਤਰਾ ਕੋਈ ਨਹੀਂ ਹੁੰਦੀ।‘ਸੂਲਹੀ’ ਵਿੱਚ ਗੁਰੂ ਲਘੂ ਗੁਰੂ (ਸ਼+ ੀ+ ਸ਼) 2+1+2= 5 ਮਾਤ੍ਰਾਵਾਂ ਹਨ।ਅਤੇ ਸੁਲਹੀ ਵਿੱਚ ਲਘੂ ਲਘੂ ਗੁਰੂ (ੀ+ੀ+ ਸ਼) 1+1+2= 4 ਮਾਤ੍ਰਾਵਾਂ।
ਚੰਗਾ ਹੁੰਦਾ ਜੇ ਵਿਦਵਾਨ ਜੀ ਉਦਾਹਰਣ ਵਜੋਂ ਕਿਸੇ ਲਿਖਤ ਦਾ ਹਵਾਲਾ ਦੇ ਕੇ ਵਿਸਥਾਰ ਨਾਲ ਸਮਝਾ ਦਿੰਦੇ ਕਿ ਸਬੰਧਤ ਸ਼ਬਦ ਵਿੱਚ ਕਿਹੜਾ ਛੰਦ/ ਪਿੰਗਲ ਵਰਤਿਆ ਗਿਆ ਹੈ? ਇੱਥੇ ਮੌਜੂਦਾ ਸੰਦਰਭ ਵਿੱਚ ਕਾਵਿ ਸ਼ੈਲੀ ਅਤੇ ਪਿੰਗਲ ਦੇ ਨਿਯਮ ਕੀ ਹਨ? ਜਿਵੇਂ ਕਿ ਭਾ: ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ- “ਸਰਸੀ- ਇੱਕ ਛੰਦ।ਲੱਛਣ-ਚਾਰ ਚਰਣ, ਪ੍ਰਤੀ ਚਰਣ 27 ਮਾਤ੍ਰਾ, ਪਹਿਲਾ ਵਿਸ਼੍ਰਾਮ 16 ਪੁਰ, ਦੂਸਰਾ 11 ਮਾਤ੍ਰਾ ਤੇ, ਅੰਤ ‘ਗੁਰੂ ਲਘੂ; ਉਦਾਹਰਣ-“ਏਕਾ ਮਾਈ ਜੁਗਤਿ ਵਿਆਈ, ਤਿਨਿ ਚੇਲੇ ਪਰਵਾਣ॥ਇਕੁ ਸੰਸਾਰੀ ਇਕੁ ਭੰਡਾਰੀ, ਇਕੁ ਲਾਏ ਦੀਬਾਣੁ॥” (ਪਾਠਕ ਧਿਆਨ ਦੇਣ- ਦੀਬਾਣੁ ਵਿੱਚ; ‘ਬਾ’ ਗੁਰੂ ਅਤੇ *ਣੁ* ਲਘੂ, ਦੋ ਨਹੀਂ *ਇੱਕ* ਮਾਤ੍ਰਾ ਹੈ, ਜਦਕਿ ਵਿਦਵਾਨ ਜੀ ‘ਸੁ’ ਨੂੰ ਦੋ ਮਾਤ੍ਰਾਵਾਂ ਗਿਣ ਰਹੇ ਹਨ)।ਚੰਗਾ ਹੁੰਦਾ ਭਾ: ਕਾਨ੍ਹ ਸਿੰਘ ਨਾਭਾ ਜੀ ਦੀ ਤਰ੍ਹਾਂ ਵਿਦਵਾਨ ਜੀ ਵੀ ਕੋਈ ਉਦਾਹਰਣ ਦੇ ਕੇ ਸੰਬੰਧਤ ਵਿਸ਼ੇ ਤੇ ‘ਲਾਗੂ ਹੁੰਦੇ ਅਤੇ ਟੁੱਟਦੇ’ ਕਾਵਿ ਨਿਯਮਾਂ ਬਾਰੇ ਸਮਝਾ ਦਿੰਦੇ।
ਇੱਥੇ ਇਕ ਦਿਲਚਸਪ ਗੱਲ ਨੋਟ ਕਰਨ ਵਾਲੀ ਹੈ ਕਿ ਵਿਦਵਾਨ ਜੀ ਅਨੁਸਾਰ, ਕਾਵਿ ਬਣਤਰ ਦੀ ਲੈਅ ਨੂੰ ਸਹੀ ਰੱਖਣ ਲਈ ਗੁਰੂ ਸਾਹਿਬ ਨੇ ‘ਸੂਲੀ’ ਵਿੱਚ “ਹ” ਜੋੜਕੇ “ਸੂਲਹੀ” ਬਣਾ ਦਿੱਤਾ।ਫੇਰ ਸ਼ਾਇਦ ਗੁਰੂ ਸਾਹਿਬ ਨੂੰ ਮਾਤ੍ਰਾ ਦਾ ਵਜਨ ਕੁਝ ਜਿਆਦਾ ਲੱਗਾ, ਤਾਂ ਉਨ੍ਹਾਂਨੇ ਅੱਧੀ ਮਾਤਰਾ ਘਟਾਕੇ 'ਸੂਲਹੀ' ਤੋਂ 'ਸੁਲਹੀ' ਬਣਾ ਦਿੱਤਾ।ਕਿਆ ਅਜੀਬ ਦਲੀਲ ਹੈ ਅਤੇ ਇਨ੍ਹਾਂ ਦਾ ਸੂਲੀ ਤੋਂ ਸੁਲਹੀ ਤੱਕ ਦਾ ਸਫਰ ਵੀ ਕਿਆ ਅਜੀਬ ਹੈ।ਜੇ ਵਿਦਵਾਨ ਜੀ ਮੁਤਾਬਕ ਅਖਰਾਂ /ਮਾਤ੍ਰਾਵਾਂ ਦੀ ਗਿਣਤੀ ਕਰਨ ਲੱਗੀਏ ਤਾਂ "ਸੂਲੀ" "ਸੂਲਹੀ" ਅਤੇ "ਸੁਲਹੀ" ਦੀ ਗਿਣਤੀ ਵਿੱਚ ਵੀ ਘਾਲਾ-ਮਾਲਾ ਨਜਰ ਆ ਜਾਵੇਗਾ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਦੱਸਿਆ ਜਾਂਦਾ ਹੈ ਕਿ ਔਂਕੜ ‘ ੁ’ ਅਤੇ ਸਿਹਾਰੀ ‘ ਿ’ ਲਘੂ (ਛੋਟੀਆਂ) ਮਾਤਰਾਵਾਂ ਹਨ।ਇਸੇ ਲਈ ਜਦੋਂ ਕਿਸੇ ਸ਼ਬਦ ਦੇ ਅਖੀਰ’ਚ ਔਂਕੜ ਜਾਂ ਸਿਹਾਰੀ ਹੁੰਦੀ ਹੈ, ਉਸਨੂੰ ਲਘੂ ਸ਼ਬਦ ਦੀ ਤਰ੍ਹਾਂ ਹੀ ਉਚਾਰਣਾ ਹੁੰਦਾ ਹੈ।ਮਿਸਾਲ ਦੇ ਤੌਰਤੇ ‘ਹਾਥੁ, ਰਾਖੁ, ਖਾਕੁ’ ਆਦਿ ਨੂੰ ‘ਹਾਥ, ਰਾਖ, ਖਾਕ’ ਆਦਿ ਉਚਾਰਣਾ ਹੁੰਦਾ ਹੈ।ਅਤੇ ‘ਕਾਢਿ, ਛੋਡਿ, ਖਸਮਿ’ ਆਦਿ ਨੂੰ ‘ਕਾਢ, ਛੋਡ, ਖਸਮ’ ਆਦਿ ਉਚਾਰਣਾ ਹੁੰਦਾ ਹੈ।ਦਰਅਸਲ ਇਨ੍ਹਾਂ ਲਫਜ਼ਾਂ ਨੂੰ ਸਿਹਾਰੀ ਜਾਂ ਔਂਕੜ ਸਮੇਤ ਉਚਾਰਿਆ ਹੀ ਨਹੀਂ ਜਾ ਸਕਦਾ, ਜੇ ਉਚਾਰਣ ਕੀ ਕੋਸ਼ਿਸ਼ ਕਰਾਂਗੇ ਤਾਂ ਇਹ ਲਘੂ ਨਹੀਂ ਰਹਿ ਜਾਣਗੇ ਬਲਕਿ ਦੋਲੈਂਕੜ ਅਤੇ ਬਿਹਾਰੀ ਦੀ ਆਵਾਜ ਵਿੱਚ ਬਦਲ ਜਾਣਗੇ।
ਵਿਦਵਾਨ ਜੀ ਲਿਖਦੇ ਹਨ- “ਭਾਸ਼ਾ ਵਿਆਕਰਣ’ ਦਾ ਵੀ ਪੂਰਾ ਪੂਰਾ ਧਿਆਨ ਰੱਖਣਾ ਹੁੰਦਾ ਹੈ”।
ਵਿਚਾਰ- ਵਿਦਵਾਨ ਜੀ ਨੇ ‘ਭਾਸ਼ਾ ਵਿਆਕਰਣ’ ਦਾ ਜਿਹੜਾ ਪੂਰਾ ਪੂਰਾ ਧਿਆਨ ਰੱਖਿਆ ਹੈ ਉਸ ਦਾ ਨਮੂਨਾ ਵੀ ਦੇਖੋ:- ਸ਼ਬਦ ਵਿੱਚ ਲਫਜ਼ ਆਏ ਹਨ- ‘ਮੂਆ, ਕਾਟਿਆ, ਹੋਇ ਗਇਆ, ਪਚਿਆ, ਕੀਨੋ, …’ ਆਦਿ, ਜਿਹੜੇ ਕਿ *ਸਾਰੇ ਭੂਤਕਾਲ* ਵਿੱਚ ਹਨ।ਵਿਦਵਾਨ ਜੀ ਨੇ ਅਰਥ ਕੀਤੇ ਹਨ- ‘ਬਚਾਅ ਸਕਦਾ ਹੈ, ਲੱਗਣ ਹੀ ਨਹੀਂ ਦਿੰਦੀ, ਪਹੁੰਚਣ ਹੀ ਨਹੀਂ ਦਿੰਦੀ, ਖ਼ਤਮ ਹੋ ਜਾਂਦਾ ਹੈ, ਜੁਮੇਵਾਰ ਹੈ, ਕੱਟ ਦਿੰਦੀ ਹੈ, ਭਸਮ ਹੋ ਜਾਂਦਾ ਹੈ….’ ਜਾਣੀ ਕਿ *ਸਾਰੇ ਵਰਤਮਾਨ ਕਾਲ*।ਵਿਦਵਾਨ ਜੀ ਨੇ ਇਸ ਤਰ੍ਹਾਂ ਦਾ ‘ਭਾਸ਼ਾ ਵਿਆਕਰਣ’ ਦਾ ਪੂਰਾ ਪੂਰਾ ਧਿਆਨ ਰੱਖਿਆ ਹੈ।
ਵਿਦਵਾਨ ਜੀ ਅਰਥਾਂ ਵਿੱਚ ਲਿਖਦੇ ਹਨ- “ਅਜਿਹੀ ਅਗਿਆਨਤਾ ਵਿੱਚ ਲੀਨ ਹੋਏ ਮਨੁੱਖ ਦੇ ਆਪਣੇ ਪੁਤ੍ਰ, ਮਿੱਤਰ, ਇਸਤ੍ਰੀ, ਸਾਕ ਸੰਬੰਧੀ ਭਾਵ ਤਮਾਮ ਉਸ ਨਾਲ ਭਾਈਚਾਰਕ ਸਾਂਝ ਰੱਖਣ ਵਾਲੇ ਵੀ *ਕੋਈ ਬਚਕੇ ਨਹੀਂ ਰਹਿ ਸਕਦੇ*।ਕਿਉਂਕਿ ਉਨ੍ਹਾਂ ਲਈ ਵੀ *ਅਗਿਆਨਤਾ ਹੀ ਛੱਡ ਜਾਂਦਾ ਹੈ*”।
ਵਿਦਵਾਨ ਜੀ ਦੇ ਕਹਿਣ ਤੋਂ ਲੱਗਦਾ ਹੈ ਕਿ “ਅਗਿਆਨਤਾ” ਵੀ ਜਿਵੇਂ ਕੋਈ ਖਜਾਨਾ ਹੋਵੇ, ਜਿਸ ਨੂੰ ਕੋਈ ਵਿਰਾਸਤ ਵਿੱਚ ਪਿੱਛੋਂ ਵਾਰਸਾਂ ਦੇ ਗ੍ਰਿਹਣ ਕਰਨ ਲਈ ਛੱਡ ਜਾਂਦਾ ਹੈ।ਗਿਆਨ ਲਈ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਕਿਸੇ ਰੂਪ ਵਿੱਚ ਕੋਈ ਗਿਆਨ ਪਿੱਛੇ ਛੱਡਕੇ ਜਾ ਸਕਦਾ ਹੈ ਜਿਸ ਨੂੰ ਕਿ ਕੋਈ ‘ਪਿਊ ਦਾਦੇ ਕਾ ਖੋਲ ਡਿਠਾ ਖਜਾਨਾ॥’ ਸਮਝਕੇ ਵਰਤ ਸਕਦਾ ਹੈ।ਪਰ ਕੋਈ ਕਿਸੇ ਲਈ ਅਗਿਆਨਤਾ ਛੱਡ ਜਾਂਦਾ ਹੈ ਅਤੇ ਉਸ ਨਾਲ ਸਾਂਝ ਰੱਖਣ ਵਾਲਾ ਕੋਈ ਉਸ ਅਗਿਆਨ ਤੋਂ *ਬਚ ਨਹੀਂ ਸਕਦਾ*(?) ਪਾਠਕ ਵਿਦਵਾਨ ਜੀ ਦੇ ਅਰਥਾਂ ਨੂੰ ਇੱਕ ਵਾਰੀਂ ਫੇਰ ਤੋਂ ਦੇਖ ਲੈਣ- “ਪੁਤ੍ਰ ਮੀਤ ਧਨੁ ਕਿਛੂ ਨ ਰਹਿਓਸੁ, ਛੋਡਿ ਗਇਆ ਸਭ ਭਾਈ ਸਾਕੁ॥” “ਅਜਿਹੀ ਅਗਿਆਨਤਾ ਵਿੱਚ ਲੀਨ ਹੋਏ ਮਨੁੱਖ ਦੇ ਆਪਣੇ ਪੁਤ੍ਰ, ਮਿਤਰ, ਇਸਤ੍ਰੀ, ਸਾਕ ਸੰਬੰਧੀ ਭਾਵ ਤਮਾਮ ਉਸ ਨਾਲ ਭਾਈਚਾਰਕ ਸਾਂਝ ਰੱਖਣ ਵਾਲੇ ਵੀ ਕੋਈ ਬਚਕੇ ਨਹੀਂ ਰਹਿ ਸਕਦੇ।ਕਿਉਂਕਿ ਉਨ੍ਹਾਂ ਲਈ ਵੀ ਅਗਿਆਨਤਾ ਹੀ ਛੱਡ ਜਾਂਦਾ ਹੈ”।
ਵਿਦਵਾਨ ਜੀ ਨੂੰ ਸ਼ਬਦ ਦੀ ਵਿਆਖਿਆ ਆਪਣੇ ਵੱਖਰੇ ਅਤੇ ਨਵੇਕਲੇ ਢੰਗ ਦੀ ਕਰਨ ਲਈ ਅਤੇ ਸੂਲੀ ਤੋਂ ਸੁਲਹੀ ਬਨਾਣ ਲਈ ਔਖੇ ਹੋ ਕੇ ਸਫਰ ਕਿਉਂ ਤੈਅ ਕਰਨਾ ਪਿਆ ਇਸ ਪਿੱਛੇ ਵੀ ਇਕ ਕਾਰਣ ਹੈ।ਵਿਦਵਾਨ ਜੀ ਲਿਖਦੇ ਹਨ:-
“ਪ੍ਰਚੱਲਤ ਵਿਆਖਿਆ ਪ੍ਰਣਾਲੀਆਂ "ਸੁਲਹੀ" ਸ਼ਬਦ ਨੂੰ ‘ਸੁਲਹੀ ਖਾਨ’ ਬਣਾਕੇ ਪੇਸ਼ ਕਰਦੀਆਂ ਹਨ ਜਿਸ ਨਾਲ ਗੁਰਮਤਿ ਸਿਧਾਂਤ ਟੁੱਟਦਾ ਨਜ਼ਰ ਆਉਂਦਾ ਹੈ।ਮਹਾਨ ਕੋਸ਼ ਅਨੁਸਾਰ ਇੱਕ ਵਾਰ ਸੁਲਬੀ ਖਾਨ ਵੀ ਆਉਂਦਾ ਹੈ ਜੋ ਰਸਤੇ ਵਿੱਚ ਮਾਰਿਆ ਗਿਆ।ਜੇਕਰ ਇਨ੍ਹਾਂ ਦੋਵਾਂ ਘਟਣਾਵਾਂ ਨੂੰ ਗੁਰਮਤਿ ਦੇ ਨੁਕਤਾ ਨਿਗਾਹ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਵਾਲੀ ਘਟਣਾ ਨਾਲ ਜੋੜ ਕੇ ਦੇਖੀਏ ਇਹ ਸਾਖੀਆਂ, ਸ਼ਹਾਦਤ ਵਾਲੀ ਘਟਣਾ ਨੂੰ ਛੋਟਿਆਂ ਕਰਦੀਆਂ ਹਨ।ਕਿਉਂਕਿ ਜੇਕਰ ਸੁਲਹੀ ਖਾਨ ਅਤੇ ਸੁਲਬੀ ਖਾਨ ਵੇਲੇ ਚਮਤਕਾਰੀ ਘਟਣਾਵਾਂ ਘਟ ਸਕਦੀਆਂ ਹਨ ਤਾਂ ਚੰਦੂ ਪਾਪੀ ਅਤੇ ਪਾਪੀ ਜਹਾਂਗੀਰ ਨਾਲ ਇਸ ਤਰ੍ਹਾਂ ਦੀ ਘਟਣਾ ਕਿਉਂ ਨਹੀਂ ਘਟੀ? ਇਸੇ ਲਈ ਇਹ ਦੋਵੇਂ ਘਟਣਾਵਾਂ ਗੁਰਮਤਿ ਸਿਧਾਂਤ ਤੇ ਖਰੀਆਂ ਨਹੀਂ ਉੱਤਰਦੀਆਂ”।
ਵਿਚਾਰ:- ਵਿਦਵਾਨ ਜੀ ਆਪਣੀ ਪਦਾਰਥਵਾਦੀ ਸੋਚ ਅਨੁਸਾਰ ਹਰ ਘਟਨਾ ਨੂੰ ‘ਦੋ ਦੂਣੀ ਚਾਰ’ ਦੇ ਫਾਰਮੁਲੇ ਵਾਂਙੂੰ ਘਟਣੀ ਕਿਆਸ ਰਹੇ ਹਨ।ਇਹੀ ਤਾਂ ਵਡੀ ਤ੍ਰਾਸਦੀ ਦੀ ਗੱਲ ਹੈ ਕਿ ਅਜੋਕੇ ਕੁਝ ਵਿਦਵਾਨਾਂ ਨੇ ਗੁਰਬਾਣੀ ਨੂੰ ਅਤੇ ਗੁਰ-ਇਤਿਹਾਸ ਨੂੰ ਇਮਾਨਦਾਰੀ ਨਾਲ ਸਹੀ ਤਰ੍ਹਾਂ ਸਮਝ ਕੇ ਪੜਿਆ ਨਹੀਂ, ਜਿਹੜੀ ਗੱਲ ਇਨ੍ਹਾਂ ਦੀ ਆਪਣੀ ਸੋਚ ਵਿੱਚ ਫਿੱਟ ਨਹੀਂ ਬੈਠਦੀ, ਜਾਂ ਕਹਿ ਸਕਦੇ ਹਾਂ ਕਿ ਜਿਸ ਗੱਲ ਬਾਰੇ ਇਨ੍ਹਾਂ ਦੀ ਸੋਚ ਵਿਸ਼ੇ ਦੀ ਡੁੰਘਾਈ ਤੱਕ ਨਹੀਂ ਅੱਪੜ ਸਕਦੀ, ਆਪਣੀਆਂ ਕਲਪਨਾਵਾਂ ਦੇ ਘੋੜੇ ਭਜਾਕੇ, ਉਸ ਸ਼ਬਦ ਦੀ ਵਿਆਖਿਆ ਨੂੰ ਆਪਣੀ ਸੋਚ ਵਾਲੀ ਰੰਗਤ ਦੇਣੀ ਸ਼ੁਰੂ ਕਰ ਦਿੰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਇੱਥੇ ਕਿਹੜੀ ਘਟਣਾ ਗੁਰਮਤਿ ਸਿਧਾਂਤਾਂ ਤੇ ਖਰੀ ਨਹੀਂ ਉੱਤਰਦੀ? ਸੁਲਹੀ ਅਕਾਰਣ ਹੀ ਗੁਰੂ ਸਾਹਿਬ ਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਪਹੁੰਚਾਣ ਦੇ ਆਹਰੇ ਲੱਗਾ ਹੋਇਆ ਹੈ।ਜਿਸ ਨਾਲ ਕੁਝ ਵੀ ਲੋਕ-ਭਲਾਈ ਵਾਲਾ ਮਕਸਦ ਨਹੀਂ ਜੁੜਿਆ ਹੋਇਆ।ਜਿਸ ਵਿੱਚੋਂ ਉਲਝਣ ਅਤੇ ਪਰੇਸ਼ਾਨੀ ਦੇ ਸਿਵਾਏ ਹੋਰ ਕੁਝ ਵੀ ਹਾਸਲ ਨਹੀਂ।ਸੁਲਹੀ ਵੱਲੋਂ ਬੇ-ਮਤਲਬ ਦੀਆਂ ਪੈਦਾ ਕੀਤੀਆਂ ਜਾਂਦੀਆਂ ਔਖਿਆਈਆਂ ਕਾਰਣ ਗੁਰੂ ਸਾਹਿਬ ਅਰਦਾਸ ਕਰਦੇ ਹਨ ਕਿ “ਸੁਲਹੀ ਤੇ ਨਾਰਾਇਣ ਰਾਖ॥” ਅਤੇ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਅਰਦਾਸ ਪੂਰੀ ਹੋ ਜਾਂਦੀ ਹੈ।
ਦੂਸਰੇ ਪਾਸੇ ਸ਼ਹੀਦੀ ਵਾਲੀ ਘਟਨਾ ਵਿੱਚ; ਗੁਰੂ ਅਰਜੁਨ ਦੇਵ ਜੀ ਆਪਣੇ ਗੁਰਮਤਿ ਅਸੂਲਾਂ ਤੇ ਡਟੇ ਹੋਏ, ਜਹਾਂਗੀਰ ਦੀ ਈਨ ਮੰਨਣ ਤੋ ਇਨਕਾਰੀ ਹਨ ਅਤੇ ਆ
ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 19
Page Visitors: 3341