1984 ਦੇ ਕਾਤਲਾਂ ਨੂੰ ਜੇਕਰ ਸਮੇਂ ਸਿਰ ਸਜਾਵਾਂ ਮਿਲ ਜਾਂਦੀਆਂ ਤਾਂ ਦੇਸ਼ ਵਿਚ ਹੋਏ ਹੋਰ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ: ਹਰਪਾਲ ਚੀਮਾ
1984 ਦੇ ਕਾਤਲਾਂ ਨੂੰ ਜੇਕਰ ਸਮੇਂ ਸਿਰ ਸਜਾਵਾਂ ਮਿਲ ਜਾਂਦੀਆਂ ਤਾਂ ਦੇਸ਼ ਵਿਚ ਹੋਏ ਹੋਰ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ: ਹਰਪਾਲ ਚੀਮਾ
1984 ਦੇ ਕਾਤਲਾਂ ਨੂੰ ਜੇਕਰ ਸਮੇਂ ਸਿਰ ਸਜਾਵਾਂ ਮਿਲ ਜਾਂਦੀਆਂ ਤਾਂ ਦੇਸ਼ ਵਿਚ ਹੋਏ ਹੋਰ ਦੰਗਿਆਂ ਤੋਂ ਬਚਿਆ ਜਾ ਸਕਦਾ ਸੀ: ਹਰਪਾਲ ਚੀਮਾ
ਫ਼ੈਸਲਾ ਦੇਰ ਨਾਲ ਆਇਆ ਪਰੰਤੂ ਦਰੁਸਤ, ਫੂਲਕਾ ਸਾਹਿਬ ਦੀ 34 ਸਾਲ ਦੀ ਮਿਹਨਤ ਰੰਗ ਲਿਆਈ
By : ਬਾਬੂਸ਼ਾਹੀ ਬਿਊਰੋ
Monday, Dec 17, 2018 10:25 PM
ਚੰਡੀਗੜ੍ਹ, 17 ਦਸੰਬਰ 2018: 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦਾ ਆਮ ਆਦਮੀ ਪਾਰਟੀ ਨੇ ਸਵਾਗਤ ਕੀਤਾ ਹੈ।
ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਇਹ ਫ਼ੈਸਲਾ ਬਹੁਤ ਦੇਰ ਨਾਲ ਆਇਆ ਹੈ ਪਰੰਤੂ ਇਸ ਨਾਲ ਪੀੜਤ ਪਰਿਵਾਰਾਂ ਨੂੰ ਰਾਹਤ ਮਿਲੀ ਹੈ। 'ਆਪ' ਆਗੂ ਅਤੇ ਸੀਨੀਅਰ ਵਕੀਲ ਐਚ.ਐਸ ਫੂਲਕਾ ਦੁਆਰਾ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਕੀਤੇ ਯਤਨ ਦੀ ਤਾਰੀਫ਼ ਕਰਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਦੁਆਰਾ 34 ਸਾਲ ਕੀਤੀ ਮਿਹਨਤ ਦਾ ਨਤੀਜਾ ਹੈ ਕਿ ਸੱਜਣ ਕੁਮਾਰ ਨੂੰ ਸਜਾ ਹੋਈ ਹੈ।
ਚੀਮਾ ਨੇ ਕਿਹਾ ਕਿ ਕਿ ਨਿਆਂ ਦਾ ਸਫ਼ਰ ਬਹੁਤ ਲੰਮਾ ਸੀ ਅਤੇ 7 ਕਮਿਸ਼ਨ ਬਣਨ ਤੋਂ ਬਾਅਦ ਵੀ ਕਾਤਲਾਂ ਉੱਤੇ ਕਾਰਵਾਈ ਵਿਚ 34 ਸਾਲ ਦਾ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਜੇਕਰ 1984 ਦੇ ਕਾਤਲਾਂ ਨੂੰ ਪਹਿਲਾਂ ਹੀ ਸਜਾਵਾਂ ਦਿੱਤੀਆਂ ਜਾਂਦੀਆਂ ਤਾਂ ਇਸ ਤੋਂ ਪਿੱਛੋਂ ਦੇਸ਼ ਵਿਚ ਹੋਈਆ ਅਣਗਿਣਤ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਵਿਚ ਰਾਜ ਨੇਤਾਵਾਂ ਨਾਲ ਸੰਬੰਧਿਤ ਮਾਮਲਿਆਂ ਦਾ ਨਿਪਟਾਰਾ ਜਲਦ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਰਾਜਨੀਤਿਕ ਪੁਸ਼ਤਪਨਾਹੀ ਰਾਹੀਂ ਬਚ ਨਾ ਸਕਣ।
ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਰਾਜਨੀਤਕ ਸ਼ਹਿ ਦੇਣ ਲਈ ਕਾਂਗਰਸ ਅਤੇ ਬੀਜੇਪੀ ਦੀ ਆਲੋਚਨਾ ਕਰਦਿਆਂ ਚੀਮਾ ਨੇ ਕਿਹਾ ਕਿ ਕੇਸ ਵਿਚ ਨਾਮ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆਂ ਲਈ ਜ਼ਿੰਮੇਵਾਰ ਬਾਕੀ ਕਾਂਗਰਸੀ ਅਤੇ ਬੀਜੇਪੀ ਆਗੂਆਂ ਉੱਪਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਵੀ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਦੁਆਰਾ ਇਸ ਮਾਮਲੇ ਦੀ ਸੁਪਰੀਮ ਕੋਰਟ ਵਿਚ ਅਪੀਲ ਕਰਨ ਦੀ ਨਿਖੇਧੀ ਕਰਦਿਆਂ ਚੀਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸੱਜਣ ਕੁਮਾਰ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਪਾਰਟੀ ਵਿਚ ਕੱਢਣ ਦੀ ਥਾਂ ਕਾਂਗਰਸ ਉਨ੍ਹਾਂ ਦਾ ਅਜੇ ਵੀ ਬਚਾਅ ਕਰ ਰਹੀ ਹੈ। ਇਸ ਮੌਕੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਅਰੋੜਾ, ਸਟੇਟ ਖਜਾਂਚੀ ਸੁਖਵਿੰਦਰ ਸੁੱਖੀ, ਬੁਲਾਰੇ ਗੋਵਿੰਦਰ ਮਿੱਤਲ ਅਤੇ ਮੋਹਾਲੀ ਜਿਲਾ ਯੂਥ ਪ੍ਰਧਾਨ ਹਰਮਲ ਹੁੰਦਲ ਵੀ ਮੌਜੂਦ ਸਨ।