ਆਪਣੇ ਧਰਮ ਦਾ ਮੂਲ ਬਚਾਉ ਸਿੱਖੋ! ਜਾਗੋ (ਭਾਗ 2)
ਬੇਸ਼ੱਕ ਪੰਜਾਬ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਨੇ ਦੂਰ ਸੰਚਾਰ ਸਾਧਨਾ ਦੇ ਜ਼ਰੀਏ ਸਮੁੱਚੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ| ਪਰ ਇਹ ਘਟਨਾਵਾਂ ਪੰਜਾਬ ਦੀ ਜ਼ਮੀਨ ਦੇ ਨਾਲ ਖ਼ਾਲਸਾ ਪੰਥ ਦੇ ਤਨ-ਮਨ ਤੇ ਵਾਪਰੀਆਂ ਹਨ| ਇਨ੍ਹਾਂ ਘਟਨਾਵਾਂ ਨੇ ਖ਼ਾਲਸਾ ਪੰਥ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ| ਇਸ ਵਾਸਤੇ ਇਨ੍ਹਾਂ ਘਟਨਾਵਾਂ ਨਾਲ ਜੁੜਿਆ ਹੋਇਆ ਹਰ ਪਹਿਲੂ ਡੂੰਘੇ ਧਿਆਨ ਦੀ ਮੰਗ ਕਰਦਾ ਹੈ| ਇਸ ਵਕਤ ਵਾਪਰੀਆਂ ਘਟਨਾਵਾਂ ਤੇ ਕੀਤਾ ਗਿਆ ਡੂੰਘਾ ਅਧਿਐਨ ਪੰਥਕ ਸੰਕਟ ਦਾ ਵਕਤੀ ਹੱਲ ਹੀ ਨਹੀਂ ਹੋਵੇਗਾ ਬਲਕਿ ਇਹ ਖੋਜ ਇਸ ਸੰਕਟ ਦਾ ਸਥਾਈ ਹੱਲ ਕੱਢਣ ਵਿੱਚ ਸਹਾਈ ਹੋਵੇਗੀ| 24 ਸਤੰਬਰ 2015 ਦੀ ਇੱਕ ਹੋਰ ਤਾਰੀਖ ਸਾਡੇ ਇਤਿਹਾਸ ਦੇ ਜ਼ਖਮੀ ਪੰਨਿਆਂ ਵਿੱਚ ਦਰਜ ਹੋ ਗਈ ਹੈ| ਜਿਸ ਵਕਤ ਇਹ ਖ਼ਬਰ ਆਈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਥਾਪੇ ਸਰਕਾਰੀ ਜੱਥੇਦਾਰਾਂ ਵੱਲੋ ਸਿਰਸੇ ਵਾਲੇ ਪਖੰਡੀ ਗੁਰਮੀਤ ਰਾਮ ਨੂੰ ਮੁਆਫੀ ਦੇ ਦਿੱਤੀ ਗਈ ਹੈ| ਉਸ ਵਕਤ ਖ਼ਾਲਸਾ ਪੰਥ ਦੇ ਸਬਰ ਦਾ ਬੰਨ ਹੀ ਟੁੱਟ ਗਿਆ ਸੀ ਅਤੇ ਇਸ ਜਬਰ-ਜ਼ੁਲਮ ਵਰਗੇ ਫੈਸਲੇ ਦੇ ਵਿਰੁੱਧ ਪੰਜਾਬ ਸਮੇਤ ਦੁਨੀਆਂ ਦੇ ਹਰ ਕੋਨੇ ਵਿੱਚੋਂ ਸਿੱਖ ਆਪ-ਮੁਹਾਰੇ ਹੀ ਸੜਕਾਂ ਉੱਤੇ ਨਿਕਲ ਆਏ ਸਨ| ਖ਼ਾਲਸਾ ਪੰਥ ਦੇ ਇਸ ਰੋਹ ਭਰਪੂਰ ਪਹਿਲੇ ਹੀ ਹੱਲੇ ਨਾਲ ਬਾਦਲ ਸਰਕਾਰ ਨੂੰ ਹੀ ਨਹੀਂ ਬਲਕਿ ਉਸ ਦੇ ਆਕਾਵਾਂ (ਆਰ.ਐਸ.ਐਸ.) ਨੂੰ ਵੀ ਆਪਣੀ ਬਾਜ਼ੀ ਪੁੱਠੀ ਪੈਂਦੀ ਦਿਖਣ ਲੱਗ ਪਈ ਸੀ| ਪਰ ਦੁਸ਼ਮਣ ਬਾਤ ਕਰੇ ਅਣਹੋਈ ਦੀ ਕਹਾਵਤ ਵਾਂਗ ਡੁੱਲੇ ਬੇਰਾਂ ਨੂੰ ਚੁਗ ਕੇ ਝੋਲੀ ਵਿੱਚ ਪਾਉਣ ਦੀ ਬਜਾਏ ਬਾਦਲ ਸਰਕਾਰ ਸਮੇਤ ਸਮੁੱਚੀ ਹੀ ਸਿੱਖ ਵਿਰੋਧੀ ਲਾਬੀ ਨੇ ਸਿੱਖ ਕੌਮ ਨੂੰ ਉਲਝਾਉਣ ਵਾਸਤੇ ਘਟਨਾਵਾਂ-ਦਰ-ਘਟਨਾਵਾਂ ਦਾ ਇੱਕ ਦੌਰ ਹੀ ਚਲਾ ਦਿੱਤਾ| ਇਨ੍ਹਾਂ ਘਟਨਾਵਾਂ ਵਿੱਚੋਂ ਦੂਜੀ ਵੱਡੀ ਘਟਨਾ ਬਰਗਾੜੀ ਫਰੀਦਕੋਟ ਵਿੱਚ ਵਾਪਰ ਗਈ| ਜਦੋਂ ਪੰਥ ਦੋਖੀਆਂ ਨੇ ਗੁਰੂ ਗੰ੍ਰਥ ਸਾਹਿਬ ਜੀ ਦੇ ਸੈਂਕੜੇ ਅੰਗ ਪਾੜ ਕੇ ਅਤੇ ਸੜਕਾਂ ਉੱਤੇ ਖਿਲਾਰ ਕੇ ਸਿੱਖਾਂ ਦੀ ਪੱਗ ਸਮੇਤ ਉਨ੍ਹਾਂ ਦੇ ਕਲੇਜੇ ਨੂੰ ਹੱਥ ਪਾਇਆ| ਇਸ ਵਾਰਦਾਤ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ| ਪਰ ਸਦਕੇ ਜਾਈਏ ਸਿੱਖਾਂ ਦੀ ਸਹਿਜ ਅਵਸਥਾ ਤੋਂ ਜਿਨ੍ਹਾਂ ਨੇ ਆਤਮਕ ਤੌਰ ਤੇ ਲਹੂ-ਲੁਹਾਨ ਹੋ ਜਾਣ ਦੇ ਬਾਵਜੂਦ ਵੀ ਇਨਸਾਫ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੰਦਿਆਂ ਹੋਇਆਂ ਜਾਬਤਾ ਬਣਾਈ ਰੱਖਿਆ| ਇਹ ਹੈ ਪੰਜਵੇਂ ਸਤਿਗੁਰ ਗੁਰੂ ਅਰਜਨ ਸਾਹਿਬ ਜੀ ਵੱਲੋ ਤੱਤੀਆਂ ਤਵੀਆਂ ਤੇ ਬੈਠਕੇ ਵੀ ਸਹਿਜ ਬਣਾਈ ਰੱਖਣ ਦੀ ਅਦੁੱਤੀ ਸਿੱਖਿਆ ਦਾ ਕਮਾਲ! ਪਰ ਸਿੱਖਾਂ ਦੇ ਸਹਿਜ ਨੂੰ ਪਰਖਣ ਵਾਲੀਆਂ ਘਟਨਾਵਾਂ ਦਾ ਸਿਲਸਿਲਾ ਇੱਥੇ ਵੀ ਨਾ ਰੁਕਿਆ ਅਤੇ ਲਗਦੇ ਹੱਥ ਹੀ ਬਹਿਬਲ ਕਲਾਂ ਵਾਲਾ ਖੂਨੀ ਕਾਂਡ ਵਾਪਰ ਗਿਆ| ਜਿੱਥੇ ਚੌਕੜੇ ਮਾਰ ਕੇ ਨਿੱਤਨੇਮ ਦਾ ਜਾਪ ਕਰਦੀਆਂ ਹੋਈਆਂ ਸਿੱਖ ਸੰਗਤਾਂ ਉੱਤੇ ਪੰਜਾਬ ਪੁਲਿਸ ਨੇ ਪਾਣੀ ਦੀਆਂ ਬੌਛਾਰਾਂ ਮਾਰੀਆਂ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੱਖ ਸ਼ਹੀਦ ਕਰ ਦਿੱਤੇ ਗਏ| ਇਸ ਤੋਂ ਇਲਾਵਾ 80 ਦੇ ਕਰੀਬ ਸਿੱਖ ਬੁਰੀ ਤਰ੍ਹਾਂ ਜ਼ਖਮੀ ਹੋਏ| ਪਰ ਇਸ ਖੂਨੀ ਸਾਕੇ ਤੋਂ ਬਾਅਦ ਬਾਦਲ ਸਰਕਾਰ ਅਤੇ ਉਸਦੇ ਗੁਲਾਮ ਜੱਥੇਦਾਰਾਂ ਦੀ ਧਾੜ ਟਿਕਾਣੇ ਆ ਗਈ ਸੀ| ਇਸ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਮੈਦਾਨ-ਏ-ਜੰਗ ਵਿੱਚ ਆ ਕੇ ਅਜਿਹੀ ਕਲਾ ਵਰਤਾਈ ਕਿ ਹਕੂਮਤ ਦੇ ਜਬਰ ਨਾਲ ਸਿੱਖ ਕੌਮ ਦੇ ਸਬਰ ਦੇ ਫਸਵੇਂ ਮੁਕਾਬਲੇ ਵਿੱਚ ਹਕੂਮਤ ਦਾ ਹਰ ਪੈਂਤੜਾ ਆਖਰ ਫੇਲ੍ਹ ਹੋ ਗਿਆ ਸੀ| ਇਸ ਵਾਰ ਸਿੱਖ ਸੰਗਤਾਂ ਜੇਤੂ ਹੋ ਕੇ ਪ੍ਰਾਪਤੀਆਂ ਦੇ ਮੁਕਾਮ ਤੇ ਪਹੁੰਚਣ ਦੇ ਨਾਲ ਜਾਬਰ ਧਿਰਾਂ ਨੂੰ ਕਠਹਿਰੇ ਵਿੱਚ ਖੜਾ ਕਰਨ 'ਚ ਵੀ ਕਾਮਯਾਬ ਹੋ ਗਈਆਂ ਸਨ| ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਮੀਤ ਰਾਮ ਸਿਰਸੇ ਵਾਲੇ ਨੂੰ ਦਿੱਤਾ ਗਿਆ ਮੁਆਫੀਨਾਮਾ ਰੱਦ ਕੀਤਾ ਜਾਣਾ ਸਿੱਖ ਸੰਗਤਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ| ਇਸ ਤੋਂ ਬਾਅਦ 25 ਅਕਤੂਬਰ 2015 ਨੂੰ ਸੁਮੇਧ ਸੈਣੀ ਦੀ ਕੁਰਸੀ ਬਦਲੀ ਜਾਣੀ ਵੀ ਸਿੱਖ ਸੰਗਤਾਂ ਦਾ ਪ੍ਰਾਪਤੀਆਂ ਵੱਲ ਵਧਿਆ ਇੱਕ ਕਦਮ ਸੀ| ਇਸ ਤੋਂ ਬਾਅਦ ਝੂਠੇ ਕੇਸਾਂ ਵਿੱਚ ਫਸਾਏ ਗਏ ਸ. ਰੁਪਿੰਦਰ ਸਿੰਘ ਤੇ ਸ. ਜਸਵਿੰਦਰ ਸਿੰਘ ਭਰਾਵਾਂ ਨੂੰ ਰਿਹਾਅ ਕੀਤਾ ਜਾਣਾ ਵੀ ਸਿੱਖ ਸੰਘਰਸ਼ ਦੀ ਹੀ ਵੱਡੀ ਪ੍ਰਾਪਤੀ ਸੀ| ਸਿੱਖ ਸੰਗਤਾਂ ਦੀ ਇਸ ਸਫਲਤਾ ਵਿੱਚ ਸਿੱਖ ਪ੍ਰਚਾਰਕਾਂ ਦਾ ਵੀ ਵੱਡਾ ਯੋਗਦਾਨ ਸੀ, ਜਿਨ੍ਹਾਂ ਵੱਲੋਂ ਇੱਕ ਮਜ਼ਬੂਤ ਧਿਰ ਬਣਕੇ ਸਿੱਖ ਸੰਗਤਾਂ ਨੂੰ ਸੁਚੱਜੀ ਅਗਵਾਈ ਦਿੱਤੀ ਗਈ ਸੀ|
ਜਿਸ ਵਕਤ ਇਹ ਖ਼ਬਰ ਆਈ ਕਿ ਆਰ.ਐਸ.ਐਸ. ਦੇ ਝੋਲੀ ਚੁੱਕ ਬਾਦਲ ਪਿਓ ਪੁੱਤਰਾਂ ਦੀ ਜੋੜੀ ਦੇ ਇਸ਼ਾਰੇ ਤੇ ਪੰਜਾਂ ਤਖਤਾਂ ਉੱਤੇ ਸਥਾਪਤ ਸਰਕਾਰੀ ਜੱਥੇਦਾਰਾਂ ਵੱਲੋਂ ਗੁਰਮੀਤ ਰਾਮ ਨੂੰ ਬਿਨਾਂ ਮੰਗਿਆਂ ਮੁਆਫੀ ਦੇ ਦਿੱਤੀ ਗਈ ਹੈ| ਉਸ ਵਕਤ ਇੱਕ ਅਣ-ਕਿਆਸਿਆ ਤੀਰ ਅਚਾਨਕ ਹੀ ਹਰ ਸਿੱਖ ਦੇ ਸੀਨੇ ਵਿੱਚੋਂ ਆਰ-ਪਾਰ ਹੋ ਗਿਆ ਸੀ| ਇਹ ਸਿੱਖ ਕੌਮ ਦੀ ਮਾਨਸਿਕਤਾ ਤੇ ਇੱਕ ਅਜਿਹਾ ਹਮਲਾ ਸੀ ਕਿ ਕਿਸੇ ਨੂੰ ਇੱਕ ਦੱਮ ਕੁਝ ਵੀ ਸੁੱਝ ਨਹੀਂ ਸੀ ਰਿਹਾ ਕਿ ਹੁਣ ਇਸਦਾ ਹਿਸਾਬ ਚੁਕਤਾ ਕਿਵੇਂ ਕੀਤਾ ਜਾਵੇ ਕਿਉਂਕਿ ਇਸ ਮੁਆਫੀਨਾਮੇ ਤੋਂ ਬਾਅਦ ਹੁਣ ਸਿਰਸੇ ਵਾਲੇ ਗੁਰਮੀਤ ਰਾਮ ਤੋਂ ਵੀ ਵੱਡੇ ਦੋਸ਼ੀ ਅਖੌਤੀ ਜੱਥੇਦਾਰ ਬਣ ਗਏ ਸਨ| ਬੇਸ਼ੱਕ ਇਸ ਨਮੋਸ਼ੀ ਭਰੇ ਕਾਂਡ ਨੂੰ ਸਿੱਖ ਇਤਿਹਾਸ ਨਾਲ ਜੋੜਨ ਵਾਲੇ ਦੋਸ਼ੀਆਂ ਦੀ ਲਾਈਨ ਬਹੁਤ ਲੰਬੀ ਹੈ ਅਤੇ ਇਸ ਕਤਾਰ ਵਿੱਚ ਖੜੇ ਦੋਸ਼ੀ ਸਾਰੇ ਹੀ ਇੱਕ ਦੂਜੇ ਨਾਲੋਂ ਵਧਕੇ ਹਨ| ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਸ ਕੇਸ ਵਿੱਚ ਸੁਖਬੀਰ ਬਾਦਲ ਵੱਡਾ ਦੋਸ਼ੀ ਹੈ| ਇਸ ਤੋਂ ਬਾਅਦ ਸਭ ਤੋਂ ਵੱਡਾ ਦੋਸ਼ੀ (ਗਿਆਨੀ) ਗੁਰਮੁਖ ਸਿੰਘ ਹੈ, ਜੋ ਆਪਣੇ ਨਾਮ ਤੋਂ ਉਲਟ ਕਿਰਦਾਰ ਵਾਲਾ ਸ਼ਖਸ ਹੈ| ਗੁਰਮੁੱਖ ਸਿੰਘ ਦੀ ਇਸ ਮਾਮਲੇ ਵਿੱਚ ਭੂਮਿਕਾ ਦਲਾਲ ਵਾਲੀ ਹੈ| ਪਰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਹੋਣ ਦੀ ਹੈਸੀਅਤ ਨਾਲ ਗਿਆਨੀ ਗੁਰਬਚਨ ਸਿੰਘ ਇੱਥੇ ਸਭ ਤੋਂ ਵੱਡਾ ਦੋਸ਼ੀ ਸਾਬਤ ਹੋਇਆ ਹੈ| ਸਿਰਮਨਜੀਤ ਸਿੰਘ ਮਾਨ ਦੇ ਸਤਿਕਾਰਯੋਗ ਨਾਨਾ ਜੀ ਅਰੂੜ ਸਿੰਘ ਤੋਂ ਬਾਅਦ ਗੁਰਬਚਨ ਸਿੰਘ ਨੇ ਇਹ ਨਾਮਣਾ ਖੱਟਿਆ ਹੈ|
ਸੁਰਿੰਦਰ ਕੌਰ ਨਿਹਾਲ
ਸੁਰਿੰਦਰ ਕੌਰ ਨਿਹਾਲ
ਆਪਣੇ ਧਰਮ ਦਾ ਮੂਲ ਬਚਾਉ ਸਿੱਖੋ! ਜਾਗੋ (ਭਾਗ 2)
Page Visitors: 2808