ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
= * ਮਰਨ ਮੁਕਤਿ ਕਿਨਿ ਪਾਈ॥ * = (ਭਾਗ 2)
= * ਮਰਨ ਮੁਕਤਿ ਕਿਨਿ ਪਾਈ॥ * = (ਭਾਗ 2)
Page Visitors: 2654

=  *  ਮਰਨ ਮੁਕਤਿ ਕਿਨਿ ਪਾਈ॥  * =
               (ਭਾਗ 2)
      ਬੇਣੀ ਜੀ ਦੇ ਸ਼ਬਦ ਵਿਚ ,
       ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ
   ਦਾ ਅਸਲੀ ਮੰਤਵ ਕੀ ਹੈ ?
     ਬੇਣੀ ਜੀ ਨੇ ਪੂਰੇ ਸ਼ਬਦ ਵਿਚ ਸਮਝਾਇਆ ਹੈ ਕਿ, ਜੋ ਮਨੁੱਖ ਸਾਰੀ ਉਮਰ,
    ਜਦੋਂ ਦਾ ਤੂੰ ਗਰਭ ਛੱਡ ਕੇ ਸੰਸਾਰ ਵਿਚ ਆਇਆ ਹੈਂ, ਤੂੰ ਆਪਣੇ ਮਨ ਨੂੰ ਦੁਨਿਆਵੀ ਝੰਜਟਾਂ ‘ਚ ਫਸਾ ਕੇ ਕਰਤਾਰ ਨੂੰ ਭੁਲਾਅ ਦਿੱਤਾ ਹੈ।1।
   ਤੂੰ ਅਮੋੜ੍ਹ ਹੋ ਕੇ ਫਿਰਦਾ ਹੈਂ ।1॥ਰਹਾਉ॥
   ਬਾਲਪਨ ਵਿਚ ਤਾਂ ਤੂੰ ਖੇਡਾਂ ਵਿਚ ਲੱਗਾ ਰਿਹਾ, ਹੁਣ ਤੂੰ ਪ੍ਰਭੂ ਦੇ ਨਾਮ ਨੂੰ ਭੁੱਲ ਕੇ, ਕਾਮ, ਕ੍ਰੋਧ, ਲੋਭ, ਮੋਹ. ਹੰਕਾਰ ਨਾਲ ਆਪਣਾ ਨਾਤਾ ਜੋੜ ਲਿਆ ਹੈ।2।  
   ਹੁਣ ਤੈਨੂੰ ਜੁਆਨੀ ਦੇ ਜੋਰ ਕਾਰਨ, ਕਾਮ ਅਤੇ ਮਾਇਆ ਵਿਚ ਫਸੇ ਨੂੰ ਪਾਪ-ਪੁੰਨ ਦੀ ਸੋਝੀ ਵੀ ਨਹੀਂ ਰਹੀ, ਤੂੰ ਮਨੋ ਪ੍ਰਭੂ ਨੂੰ ਵਿਸਾਰ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ।3।
   ਤੇਰੇ ਕੇਸ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ ਮੱਧਮ ਪੈ ਗਈ ਹੈ, ਤੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਤੇਰੀ ਚਤਰਾਈ ਵਾਲੀ ਮੱਤ ਕਮਜ਼ੋਰ ਹੋ ਚੁੱਕੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੇ ਦਾ ਤੇਰਾ ਕੌਲ ਫੁੱਲ ਵਰਗਾ ਸਰੀਰ ਵੀ ਕਮਲਾਅ ਗਿਆ ਹੈ, ਤੂੰ ਕਰਤਾਰ ਦਾ ਭਜਨ ਛੱਡ ਕੇ ਪਿੱਛੋਂ ਪਛਤਾਵੇਂਗਾ।4।
   ਤੈਨੂੰ ਕੁਟੰਭ ਦੇ ਪਿਆਰ ਵਿਚ ਇਹ ਵੀ ਯਾਦ ਨਹੀਂ ਰਹਿੰਦਾ ਕਿ, ਇਕ ਦਿਨ ਤੇਰਾ ਇਹ ਸਰੀਰ ਵੀ ਜਰਜਰਾ ਹੋ ਜਾਣਾ ਹੈ, ਤੂੰ ਇਹ ਸਾਰਾ ਪਰਿਵਾਰ ਛੱਡ ਕੇ, ਇਸ ਸੰਸਾਰ ਤੋਂ ਚਲੇ ਜਾਣਾ ਹੈ। ਫਿਰ ਤੇਰੀ ਇਹ ਮੁਰਦਾ ਦੇਹੀ ਵੇਹੜੇ ਵਿਚ ਪਈ, ਕਿਸੇ ਨੂੰ ਵੀ ਚੰਗੀ ਨਹੀਂ ਲੱਗਣੀ।
ਬੇਣੀ ਜੀ ਸਮਝਾਉਂਦੇ ਹਨ ਕਿ, ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਵਿਸ਼ੇ ਵਿਕਾਰਾਂ ਤੋਂ ਮੁਕਤ ਨਾ ਹੋਇਆ, ਤਾਂ ਮਰਨ ਮਗਰੋਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ।5।
   ਬੇਣੀ ਜੀ ਨੇ ਸਾਫ ਲਫਜ਼ਾਂ ਵਿਚ ਸਮਝਾਇਆ ਹੈ ਕਿ ਜੋ ਮਨੁੱਖ ਸਾਰੀ ਜ਼ਿੰਦਗੀ, ਕਰਤਾਰ ਨੂੰ ਵਿਸਾਰੀ ਰੱਖਦਾ ਹੈ, ਉਹ ਮਰਨ ਮਗਰੋਂ ਮੁਕਤੀ ਨਹੀਂ ਪਾ ਸਕਦਾ
   ਇਸ ਮਗਰੋਂ ਦੋ ਹੀ ਗੱਲਾਂ ਰਹਿ ਜਾਂਦੀਆਂ ਹਨ,
 1 .  ਅਸੀਂ ਮੰਨ ਲਈਏ ਕਿ ਜੋ ਬੰਦਾ ਸਾਰੀ ਉਮਰ ਪ੍ਰਭੂ ਨੂੰ ਵਿਸਾਰੀ ਰੱਖਦਾ ਹੈ, ਉਹ ਮੁਕਤੀ ਨਹੀਂ ਪਾ ਸਕਦਾ।  ਜਾਂ,
 2 .  ਅਸੀਂ ਇਹ ਮੰਨੀਏ ਕਿ ਬੰਦੇ ਦੇ ਮਰਨ ਮਗਰੋਂ ਕੀਤੇ ਜਾਂਦੇ ਕਰਮ ਕਾਂਡਾਂ ਆਸਰੇ ਵੀ ਬੰਦੇ ਨੂੰ ਮੁਕਤੀ ਮਿਲ ਸਕਦੀ ਹੈ।
    ਅਸਲ ਵਿਚ ਬੇਣੀ ਜੀ ਨੇ ਗੁਰਮਤਿ ਦੀ ਇਹੀ ਗੱਲ ਸਮਝਾਈ ਹੈ ਕਿ,
            ਭਾਂਡਾ ਹਛਾ ਸੋਇ ਜੋ ਤਿਸ ਭਾਵਸੀ ॥
            ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
            ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
            ਏਤੁ ਦੁਆਰੇ ਧੋਇ ਹਛਾ ਹੋਇਸੀ ॥
            ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
            ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
            ਜੇਹੇ ਕਰਮ ਕਮਾਇ ਤੇਹਾ ਹੋਇਸੀ ॥
            ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
            ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
            ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
            ਨਾਨਕ ਆਪਿ ਨਿਹਾਲੁ ਸਭਿ ਕੁਲ ਤਾਰਸੀ
॥1॥4॥6॥
       ਅਰਥ:-  ਉਹੀ ਹਿਰਦਾ ਚੰਗਾ ਹੈ ਜਿਹੜਾ ਕਰਤਾਰ ਨੂੰ ਚੰਗਾ ਲੱਗਣ ਲਗ ਜਾਂਦਾ ਹੈ। ਜੇ ਮਨੁੱਖ ਦਾ ਹਿਰਦਾ, ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ, ਤਾਂ ਤੀਰਥ ਆਦਿ ਤੇ ਇਸ਼ਨਾਨ ਕੀਤਿਆਂ, ਹਿਰਦਾ ਸਾਫ ਨਹੀਂ ਹੋ ਸਕਦਾ।
          ਜੇ ਗੁਰੂ ਦੇ ਦਰ ਤੇ (ਗੁਰਦਵਾਰੇ) ਹਉਮੈ ਰਹਿਤ ਹੋ ਕੇ ਸਵਾਲੀ ਬਣੀਏ, ਤਾਂ ਹਿਰਦੇ ਨੂੰ ਸਾਫ ਕਰਨ ਦੀ ਸੋਝੀ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਸਾਫ ਕਰਨ ਨਾਲ ਹਿਰਦਾ ਸਾਫ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਟਿਕੇ ਰਹੀਏ ਤਾਂ ਪਰਮਾਤਮਾ ਆਪ ਹੀ ਇਹ ਵਿਚਾਰਨ ਦੀ ਸਮਝ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ, ਜਾਂ ਮੰਦੇ ਹਾਂ ?
         ਜੇ ਇਸ ਮਨੁੱਖਾ ਜੀਵਨ ਵਿਚ, ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਵੇ ਕਿ, ਏਥੋਂ ਖਾਲੀ ਹੱਥ ਜਾ ਕੇ, ਪਰਲੋਕ ਵਿਚ ਜੀਵਨ ਪਵਿਤ੍ਰ ਕਰਨ ਦੀ ਸੋਝੀ ਮਿਲੇਗੀ। ਇਹ ਕੁਦਰਤੀ ਨਿਯਮ ਹੈ ਕਿ ਏਥੇ ਬੰਦਾ ਜੇਹੋ-ਜੇਹੇ ਕਰਮ ਕਰਦਾ ਹੈ, ਓਹੋ ਜਿਹਾ ਉਹ ਬਣ ਜਾਂਦਾ ਹੈ।
         ਜੋ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਸ ਨੂੰ ਪਰਮਾਤਮਾ ਆਪ, ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਬਖਸ਼ਦਾ ਹੈ। ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ, ਉਹ ਆਪਣਾ ਮਨੁੱਖਾ ਜਨਮ ਸਵਾਰ ਕੇ, ਇੱਜ਼ਤ ਖੱਟ ਕੇ ਏਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ ਏਥੇ ਵਜਾ ਜਾਂਦਾ ਹੈ। ਕੋਈ ਇਕ ਮਨੁੱਖ ਕੀ ? ਪਰਮਾਤਮਾ ਉਸ ਦੀ ਸੋਭਾ ਤਿੰਨਾਂ ਲੋਕਾਂ (ਧਰਤੀ, ਆਕਾਸ਼, ਪਾਤਾਲ) ਵਿਚ ਖਿਲਾਰਦਾ ਹੈ।
         ਹੇ ਨਾਨਕ ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਤਾਰ ਲੈਂਦਾ ਹੈ।
      ਏਥੇ ਜ਼ਰਾ ਸਾਰੀਆਂ ਕੁਲਾਂ ਬਾਰੇ ਵਿਚਾਰ ਕਰਨਾ ਵੀ ਜ਼ਰੂਰੀ ਹੈ, ਰਾਗੀਆਂ, ਢਾਡੀਆਂ, ਪਰਚਾਰਕਾਂ ਦੇ ਕਹਿਣ ਮੁਤਾਬਕ, ਨਾਨਕਿਆਂ, ਦਾਦਕਿਆਂ, ਸਹੁਰਿਆਂ, ਨਿਆਣਿਆਂ ਦੇ ਸਹੁਰਿਆਂ ਦੀਆਂ  21 ਕੁਲਾਂ ਬਣਦੀਆਂ ਹਨ, ਅਜਿਹਾ ਬੰਦਾ 21 ਹੀ ਕੁਲਾਂ ਤਾਰ ਲੈਂਦਾ ਹੈ। ਪਰ ਅਜਿਹਾ ਨਹੀਂ ਹੈ, ਜੇ ਅਸੀਂ ਗੁਰੂ ਨਾਨਕ ਜੀ ਦੀ ਕੁਲ ਬਾਰੇ ਵਿਚਾਰ ਕਰੀਏ ਤਾਂ ਸਾਰਾ ਭੁਲੇਖਾ ਦੂਰ ਹੋ ਜਾਂਦਾ ਹੈ। ਗੁਰੂ ਨਾਨਕ ਜੀ ਦੀ ਕੁਲ ‘ਚੋਂ ਭਾਈ ਲਹਿਣਾ ਜੀ ਸਨ, ਸਿਰੀ ਚੰਦ ਜਾਂ ਲਖਮੀਦਾਸ ਨਹੀਂ। ਜਿਹੜੇ ਬੰਦੇ, ਅਜਿਹੇ ਬੰਦੇ ਦੀ ਸੰਗਤ ਵਿਚ ਰਹਿਣਗੇ, ਉਸ ਵਰਗਾ ਹੀ ਜੀਵਨ ਬਤੀਤ ਕਰਨਗੇ ਉਹੀ ਤਰਨਗੇ, ਰਿਸ਼ਤੇਦਾਰ ਨਹੀਂ ।                   ਅਤੇ,
     ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥     (315)         ਅਤੇ,
     ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥   (474)         ਅਤੇ,
     ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥      (146)        ਅਤੇ,
     ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
     ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ
॥20॥  (4)     ਅਤੇ,
     ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥          (134)       ਅਤੇ,
     ਮਨੂਆ ਡੋਲੈ ਦੂਤ ਸੰਗਤਿ ਮਿਲਿ  ਸੋ ਪਾਏ ਜੋ ਕਿਛੁ ਕੀਨਾ ਹੇ ॥7॥   (1028)
  ਗੁਰਬਾਣੀ ਤਾਂ ਬੜੇ ਸਾਫ ਲਫਜ਼ਾਂ ਵਿਚ ਸਮਝਾਉਂਦੀ ਹੈ ਕਿ, ਬੰਦਾ ਆਪਣੇ ਕੀਤੇ ਦਾ ਫੱਲ ਆਪ ਹੀ ਭੋਗਦਾ ਹੈ। ਬੇਣੀ ਜੀ ਵੀ ਇਹੀ ਕਹਿੰਦੇ ਹਨ ਕਿ, ਜਿਸ ਬੰਦੇ ਨੇ ਇਸ ਦੁਨੀਆ ਵਿਚ, ਬੰਦੇ ਦੀ ਜੂਨੇ, ਆਪਣੀ ਮੁਕਤੀ ਦਾ ਪ੍ਰਬੰਧ ਆਪ ਨਹੀਂ ਕੀਤਾ, ਉਹ ਮਰਨ ਮਗਰੋਂ ਮੁਕਤੀ ਨਹੀਂ ਪਾ ਸਕਦਾ।  ਹੁਣ ਇਹ ਵਿਦਵਾਨ ਕਿਸ ਗੱਲ ਤੇ ਟੇਕ ਰੱਖਦੇ ਹਨ ?
  ੳ. ਇਹ ਗੁਰਬਾਣੀ ਨਾਲੋਂ ਆਪਣੀ ਮਤ ਨੂੰ ਜ਼ਿਆਦਾ ਮੰਨਦੇ ਹਨ ?
  ਅ.  ਇਹ ਬ੍ਰਾਹਮਣਾਂ ਵਲੋਂ, ਮਰਨ ਮਗਰੋਂ ਕੀਤੇ ਕਰਮ ਕਾਂਡਾਂ ਆਸਰੇ ਮੁਕਤੀ ਨੂੰ ਮੰਨਦੇ ਹਨ ?
  ੲ.  ਜਾਂ ਅੱਜ-ਕਲ ਦੇ ਸਿੱਖਾਂ ਵਲੋਂ ਮਰਨ ਮਗਰੋਂ ਕੀਤੇ ਕੰਮ, ਹੱਡੀਆਂ ਪਾਤਾਲ ਪੁਰੀ ਪਾਉਣ, ਜਾਂ ਬੰਦੇ ਦੇ ਮਰਨ ਮਗਰੌਂ ਕੀਤੇ ਅਖੰਡ-ਪਾਠ, ਜਿਸ ਦੀ ਮਗਰੋਂ ਅਰਦਾਸ ਕੀਤੀ ਜਾਂਦੀ ਹੈ ਕਿ, ਇਸ ਅਖੰਡ-ਪਾਠ ਦਾ ਫੱਲ ਵਿਛੜੀ ਰੂਹ ਨੂੰ ਮਿਲੇ, ਜਾਂ ਅੰਤਮ ਅਰਦਾਸ ਵਿਚ ਕੀਤੀ ਅਰਦਾਸ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੀਂ, ਆਸਰੇ ਹੀ ਮੁਕਤੀ ਦੀ ਕਲਪਣਾ ਕਰਦੇ ਹਨ ?
ਸ. ਜਾਂ ਉਹ ਇਹ ਸਮਝਦੇ ਹਨ ਕਿ ਜਿਵੇਂ ਏਥੇ ਸਿੱਖਾਂ ਨੂੰ ਗਲਤ ਪੜ੍ਹਾ ਕੇ, ਉਨ੍ਹਾਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ ਕੋਲੋਂ ਪੈਸੇ ਵੀ ਲੈਂਦੇ ਹਾਂ , ਓਸੇ ਤਰ੍ਹਾਂ ਅਸੀਂ ਰੱਬ ਨੂੰ ਵੀ ਬੇਵਕੂਫ ਬਣਾ ਕੇ ਲੇਖੇ ਵਿਚ ਵੀ ਘਾਲਾ-ਮਾਲਾ ਕਰ ਲਵਾਂਗੇ ਅਤੇ ਉਸ ਨਾਲ ਇਕ-ਮਿਕ ਵੀ ਹੋ ਜਾਂਵਾਂਗੇ।                                              
  ਖੈਰ ਉਨ੍ਹਾਂ ਦੀਆਂ ਉਹ ਹੀ ਜਾਨਣ, ਪਰ ਬੇਣੀ ਜੀ ਨੇ ਜੋ ਸੇਧ ਸਾਨੂੰ ਦਿੱਤੀ ਹੈ, ਉਸ ਨੂੰ ਅਸੀਂ ਸਮਝਿਆ ਹੈ ।
                     ਅਮਰ ਜੀਤ ਸਿੰਘ ਚੰਦੀ               
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.