ਮੰਡੀਆਂ ਵਿਚ ਵਿਕ ਰਹੀ ਔਰਤ !
ਸਾਡੇ ਅੰਮ੍ਰਤਿਸਰ ਪਸ਼ੂਆਂ ਦੀ ਮੰਡੀ ਲੱਗਦੀ ਹੁੰਦੀ ਸੀ। ਬੜੀ ਵੱਡੀ। ਬੜੀ ਦੂਰੋਂ ਦੂਰੋਂ ਲੋਕ ਅਪਣੇ ਪਸ਼ੂ ਉਸ ਮੰਡੀ ਵਿਚ ਲੈ ਕੇ ਆਇਆ ਕਰਦੇ ਸਨ। ਮੰਡੀ ਲੋਕਾਂ ਨੂੰ ਇਹ ਸਹੂਲਤ ਮਹੱਈਆ ਕਰਦੀ ਸੀ ਕਿ ਕਿਸੇ ਪਸ਼ੂ ਵੇਚਣਾਂ ਜਾਂ ਖਰੀਦਣਾ, ਦੋਵਾਂ ਲਈ ਸੌਖਾ ਰਹੇ। ਤੇ ਲੋਕ ਅਪਣੇ ਪਸ਼ੂ ਨੂੰ ਵੇਚਣ ਲਈ ਬੜਾ ਸ਼ਿੰਗਾਰ ਕੇ, ਮਹੇਲਾਂ ਪਾ ਕੇ, ਗਲ ਟੱਲੀਆਂ ਬੰਨ ਕੇ, ਪਿੰਡੇ ਲਿਸ਼ਕਾ ਕੇ ਲਿਆਉਂਦੇ ਹੁੰਦੇ ਸਨ ਤਾਂ ਕਿ ਖਰੀਦਾਰ ਨੂੰ ਪਸ਼ੂ ਉਸ ਦਾ ਸੋਹਣਾ ਲੱਗੇ। ਮੰਡੀ ਵਿਚ ਦੋ ਤਰ੍ਹਾਂ ਦੇ ਲੋਕ ਜਾਂਦੇ ਹਨ ਵੇਚਣ ਵਾਲੇ ਅਤੇ ਖਰੀਦਣ ਵਾਲੇ। ਵੇਚਣ ਵਾਲਾ ਪਸ਼ੂ ਨੂੰ ਸ਼ਿੰਗਾਰਦਾ ਹੈ ਅਤੇ ਖਰੀਦਣ ਵਾਲਾ ਪਸ਼ੂ ਨੂੰ ਗਹੁ ਨਾਲ ਵੇਖਦਾ ਹੈ, ਉਸ ਦੇ ਦੁਆਲੇ ਘੁੰਮ ਕੇ!
ਅਮਰੀਕਾ ਵਿਚ ਜਦ ਕਾਲੇ ਲੋਕ ਅਜਾਦ ਨਹੀ ਸਨ ਤਾਂ ਇਨ੍ਹਾਂ ਦੀਆਂ ਵੀ ਮੰਡੀਆਂ ਲੱਗਿਆ ਕਰਦੀਆਂ ਸਨ। ਲੋਕ ਅਪਣੇ ਘਰਾਂ ਜਾ ਖੇਤਾਂ ਦੇ ਕੰਮਾ ਲਈ ਇਨ੍ਹਾਂ ਨੂੰ ਲਿਜਾਇਆ ਕਰਦੇ ਸਨ ਯਾਨੀ ਮਨੁੱਖਾਂ ਦੀਆਂ ਮੰਡੀਆਂ?
ਨਾਦਰਾਂ ਅਬਦਾਲੀਆਂ ਵੇਲੇ ਕਹਿੰਦੇ ਕਾਬਲ-ਕੰਧਾਰ ਦੀਆਂ ਮੰਡੀਆਂ ਵਿਚ ਹਿੰਦੋਸਤਾਨੀ ਔਰਤਾਂ ਦੀ ਮੰਡੀ ਲੱਗਿਆ ਕਰਦੀ ਸੀ। ਕੀਮਤ ਇਨੀ ਥੋੜੀ ਹੁੰਦੀ ਸੀ ਕਿ ਕੇਵਲ ਕੁਝ ਇਕ ਟਕੇ? ਕਾਰਨ? ਕਾਰਨ ਕਿ ਖੱਪਤ ਘੱਟ ਸੀ ਤੇ ਲੁੱਟ ਕੇ ਲਿਆਦੀਆਂ ਔਰਤਾਂ ਜਿਆਦਾ । ਹਜਾਰਾਂ ਦੇ ਹਿਸਾਬ! ਇਹ ਗੱਲ ਵੱਖਰੀ ਹੈ ਕਿ ਬਾਅਦ ਜਦ ਸਿੰਘਾਂ ਦਾ ਜੋਰ ਪੈਣ ਲੱਗਾ ਤਾਂ ਅਫਗਾਨਾ ਦੀਆਂ ਮੰਡੀਆਂ ਵਿਚ ਵਿਕਣ ਵਾਲੀਆਂ ਔਰਤਾਂ ਉਨ੍ਹਾਂ ਅਬਦਾਲੀਆਂ ਕੋਲੋਂ ਰਾਹ ਵਿਚ ਹੀ ਖੋਹ ਕੇ ਉਨ੍ਹਾਂ ਦੇ ਘਰੇ ਉਪੜਦੀਆਂ ਕਰ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਦੋਂ ਤੋਂ ਇਹ ਕਹਾਵਤ ਚਲ ਪਈ ਕਿ,
'ਰੰਨ ਬਸਰੇ ਨੂੰ ਗਈ, ਮੋੜੀਂ ਬਾਬਾ ਕੱਛ ਵਾਲਿਆ ਸਰਦਾਰਾ'।
ਇੱਕ ਔਰਤਾਂ ਦੀ ਮੰਡੀ ਹੋਰ ਲੱਗਿਆ ਕਰਦੀ ਸੀ ਜਿਸ ਨੂੰ ਅੱਜ ਤੀਆਂ ਕਹਿੰਦੇ ਹਨ। ਜਗੀਰਦਾਰ ਲੋਕ ਤੀਆਂ ਦੇ ਨਾਂ ਤੇ ਔਰਤਾਂ ਦੀ ਮੰਡੀ ਲਾਇਆ ਕਰਦੇ ਸਨ ਤਾਂ ਕਿ ਉਸ ਮੰਡੀ ਵਿਚੋਂ ਅਪਣੇ ਪਸੰਦ ਦੀ ਔਰਤ ਚੁਣੀ ਜਾ ਸਕੇ। ਹੁਣ ਘਰ ਘਰ ਕਿਹੜਾ ਜਾ ਕੇ ਦੇਖੇ ਕਿ ਕਿਸ ਘਰ ਵਿਚ ਸੋਹਣੀ ਔਰਤ ਹੈ ਤੇ ਇਸ ਦਾ ਸੌਖਾ ਰਾਹ ਤੀਆਂ ਸਨ। ਪਰ ਜਿਵੇਂ ਔਰਤ ਨੇ ਅਪਣੇ ਨੱਕ ਦੀ ਨਕੇਲ ਨੂੰ ਕੋਕੇ ਵਿਚ ਅਤੇ ਕੰਨਾ ਵਿਚ ਪਾਈ ਨੱਥ ਵਰਗੀ ਸ਼ੈਅ ਨੂੰ ਕਾਂਟੇ-ਵਾਲੀਆਂ ਵਿਚ ਅਤੇ ਪੈਰੀਂ ਪਾਈਆਂ ਬੇੜੀਆਂ ਨੂੰ ਝਾਝਰਾਂ ਵਿਚ ਬਦਲ ਕੇ ਸ਼ਿੰਗਾਰ ਦਾ ਰੂਪ ਦੇ ਲਿਆ ਹੈ ਉਵੇਂ ਹੀ ਮੰਡੀਆਂ ਵਿਚ ਲਾਈਆਂ ਜਾਂਦੀਆਂ ਨੁਮਾਇਸ਼ਾਂ ਨੂੰ ਹੁਣ ਤੀਆਂ ਦਾ 'ਫੈਸ਼ਨ' ਬਣਾ ਲਿਆ ਗਿਆ ਹੈ ਤੇ ਜਿਸ ਵਿਚ ਗਾਇਕਾਂ ਦੇ ਨਾਂ ਤੇ ਪੰਜਾਬ ਤੋਂ ਆਏ ਮੁਸ਼ਟੰਡੇ ਵੀ ਨੱਚਦੇ ਹਨ।
ਬੰਦਾ 'ਸਿਆਣਾ' ਬੜਾ ਹੋ ਗਿਆ ਉਸ ਇਕ ਹੋਰ ਮੰਡੀ ਦੀ ਕਾਢ ਕੱਢੀ। ਉਹ ਸੀ ਫੈਸ਼ਨ ਸ਼ੌਅ! ਫੈਸ਼ਨ ਸ਼ੋਅ ਦੇ ਨਾਂ ਤੇ ਔਰਤ ਆਉਂਦੀ ਹੈ, ਅਪਣੇ ਜਿਸਮ ਦੀ ਨੁਮਾਇਸ਼ ਲਾਉਂਦੀ ਹੈ, ਅਪਣੀ ਦੇਹ ਨੂੰ ਅੱਧ ਨੰਗਿਆਂ ਕਰ ਵਿੱਕਣ ਲਈ ਤਿਆਰ ਖੜੀ ਦਿੱਸਦੀ ਹੈ। ਤੇ ਉਨ੍ਹਾਂ ਫੈਸ਼ਨ ਸ਼ੌਆਂ ਵਿਚ ਔਰਤ ਨੂੰ ਖਰੀਦਣ ਵਾਲੇ ਅਮੀਰ ਘਰਾਣਿਆਂ ਦੇ ਲੁੱਚੇ ਲੋਕ ਆਉਂਦੇ ਹਨ। ਅੰਦਰਾਖਾਤੇ ਪਸੰਦ ਆਈ ਔਰਤ ਦੀ ਵਧ ਚੜ੍ਹ ਕੇ ਬੋਲੀ ਲੱਗਦੀ ਹੈ ਅਤੇ ਉਸ ਮੰਡੀ ਵਿਚੋਂ ਅਪਣੇ ਪਸੰਦ ਦੀ ਔਰਤ ਅਮੀਰ ਲੋਕਾਂ ਦੀਆਂ ਰਾਤਾਂ ਦਾ ਸ਼ਿੰਗਾਰ ਬਣਦੀ ਹੈ। ਇਹ ਮੰਡੀ ਕਿਉਂਕਿ ਆਮ ਲੋਕਾਂ ਲਈ ਨਹੀ ਹੁੰਦੀ ਇਸ ਲਈ ਅਵਾਮ ਤੱਕ ਇਸ ਦੀ ਜਾਣਕਾਰੀ ਵੀ ਬਹੁਤੀ ਨਹੀ ਪਹੁੰਚਦੀ ਪਰ ਇਸ ਦੇ ਪਿੱਛੇ ਕਾਰਨ ਔਰਤ ਨੂੰ ਮੰਡੀ ਵਿਚ ਵੇਚਣਾ ਹੀ ਹੁੰਦਾ ਹੈ। ਵਿੱਕੀ ਹੋਈ ਔਰਤ ਨੂੰ ਵਪਾਰੀ ਬੰਦਾ ਫਿਰ ਦੁਬਾਰਾ ਬਦਲਵੇਂ ਰੂਪ ਵਿਚ ਵੇਚਦਾ ਹੈ ਯਾਨੀ ਇਸ਼ਤਿਹਾਰ-ਬਾਜੀ ਕਰਕੇ! ਉਸ ਦੇ ਅੱਧ-ਨੰਗੇ ਜਿਸਮ ਨੂੰ ਉਹ ਅਪਣੇ ਵਾਪਰ ਦੇ ਇਸ਼ਤਿਹਾਰਾਂ ਵਿਚ ਬਾਖੂਬ ਵੇਚਦਾ ਹੈ। ਯਾਨੀ ਔਰਤ ਹੀ ਇਕ ਅਜਿਹੀ ਸ਼ੈਅ ਬਣਾ ਦਿੱਤੀ ਗਈ ਹੈ ਕਿ ਉਸ ਨੂੰ ਵਿਕੀ ਹੋਈ ਨੂੰ ਵੀ ਦੁਬਾਰਾ ਦੁਬਾਰਾ ਵੇਚੀ ਤੁਰਿਆ ਜਾਂਦਾ ਹੈ ਬੰਦਾ।
ਇਕ ਮੰਡੀ ਹੋਰ ਲੱਭੀ ਸ਼ੈਤਾਨ ਅਤੇ ਲੁੱਚੇ ਕਿਸਮ ਦੇ ਬੰਦੇ ਨੇ। ਉਹ ਮੰਡੀ ਹੈ 'ਮਿੱਸਾਂ' ਦੀ। ਆਹ ਮਿੱਸ ਯੂਨੀਵਰਸ, ਆਹ ਮਿੱਸ ਅਮਰੀਕਾ, ਆਹ ਮਿਸ ਕਨੇਡਾ, ਆਹ ਮਿਸ ਇੰਡੀਆਂ ਤੇ ਹੁਣ ਆਹ ਲਓ ਮਿੱਸ ਪੰਜਾਬਣ? ਗੱਲ ਬਣੀ ਨਹੀ। ਲੁੱਚੇ ਲੋਕਾਂ ਨਾਲ ਤਾਂ ਦੁਨੀਆਂ ਭਰੀ ਪਈ ਹੁਣ ਬਾਕੀ ਕਿਧਰ ਜਾਣ। ਉਨ੍ਹਾਂ ਦੀ ਪਹੁੰਚ ਵੱਡੀਆਂ ਮੰਡੀਆਂ ਗੋਚਰੀ ਤਾਂ ਹੈ ਨਹੀ ਸੀ ਉਨ੍ਹਾਂ ਸ਼ਹਿਰਾਂ ਦੇ ਨਾਂ ਤੇ ਛੋਟੀਆਂ ਮੰਡੀਆਂ ਲਾਉਂਣੀਆਂ ਸ਼ੁਰੂ ਕਰ ਦਿੱਤੀਆਂ। ਲੋਕਲ! ਮਿਸ ਟਰੰਟੋ? ਗੱਲ ਰੁਕੀ ਥੋੜੋਂ ਹਾਲੇ। ਹਵਸੀ ਅਤੇ ਵਪਾਰੀ ਮਨੁੱਖ ਹੁਣ ਗੱਲ ਨੂੰ ਹੋਰ ਅਗੇ ਲੈ ਗਿਆ ਹੈ। ਹੁਣ ਪੰਜਾਬ ਵਿਚ ਕੀ ਏ ਅਖੇ 'ਮਿਸ ਕਰਵਾਚੌਥ'? ਇਹ ਨਵੀ ਕੱਢ ਮਾਰੀ 'ਮਿਸ ਕਰਵਾਚੌਥ'! ਕਰਵਾਚੌਥ ਦਾ ਮਿਸ ਹੋਣ ਨਾਲ ਦੂਰ ਦਾ ਵੀ ਵਾਸਤਾ ਨਹੀ। ਪਰ ਵਾਸਤੇ ਨੂੰ ਮੋਇਆ ਪੁੱਛਣਾ। ਗੱਲ ਚਲ ਜਾਣੀ ਹੈ ਤੇ 'ਮਿਸ ਕਰਵਾਚੌਥ' ਵੀ ਵਪਾਰ ਕਰਕੇ ਦੇਵੇਗੀ। ਤੁਹਾਨੂੰ ਪਤੈ ਇਸ ਵਾਰੀ ਪੰਜ ਹਜਾਰ ਕ੍ਰੋੜ ਰੁਪਏ ਦਾ ਵਪਾਰ ਹੋਇਆ ਇਸ ਕਰਵਾਚੌਥ ਉਪਰ! ਤੇ ਜਦ ਅਗਲੀ ਵਾਰੀ ਥਾਂ ਥਾਂ ਮਿਸ ਕਰਵਾਚੌਥ ਹੋਣਗੀਆਂ ਤਾਂ ਉਸ ਦਾ ਵਪਾਰ? ਕੋਈ ਵੱਡੀ ਗੱਲ ਨਹੀ ਕਿ ਕੱਲ ਨੂੰ ਮਿਸ ਦੀਵਾਲੀ, ਫਿਰ ਮਿਸ ਦੁਸਹਿਰਾ, ਫਿਰ ਮਿਸ ਲੋਹੜੀ, ਫਿਰ ਮਿਸ ਵਿਸਾਖੀ ਵਲ ਵੀ ਮਨੁੱਖ ਵਧ ਤੁਰੇ। ਜਦ ਬੰਦੇ ਸ਼ਰਮ ਹੀ ਸਾਰੀ ਲਾਹ ਮਾਰੀ ਤੇ ਉਸ ਨੂੰ ਰੋਕਣ-ਟੋਕਣ ਵਾਲਾ ਵੀ ਕੋਈ ਨਾ ਰਿਹਾ ਤਾਂ ਉਹ ਕੱਲ ਨੂੰ ਅਲਫ ਨੰਗੀ ਔਰਤ ਦੀ ਮੰਡੀ ਵੀ ਲਾ ਸਕਦਾ। ਉਸ ਨੂੰ ਤਾਂ ਬਹਾਨਾ ਚਾਹੀਦਾ ਔਰਤ ਨੂੰ ਮੰਡੀ ਵਿਚ ਵੇਚ ਕੇ ਅਪਣੀ ਹਵਸ ਪੂਰੀ ਕਰਨ ਦਾ! ਨਹੀ?
ਆਹ ਹੁਣੇ ਜਿਹੇ ਮਿਸ ਟਰੰਟੋ ਹੋ ਹਟੀ ਹੈ। ਉਸ ਵਿਚ ਪੰਜਾਬ ਦੇ 'ਸ਼ੇਰ' ਵੀ ਕਿਉਂ ਪਿੱਛੇ ਰਹਿਣ ਉਨ੍ਹਾਂ ਕੀ ਕੀਤਾ? ਉਨ੍ਹਾ ਵੀ ਪੰਜਾਬ ਦੀਆਂ ਧੀਆਂ-ਭੈਣਾਂ ਦੀਆਂ ਮੰਡੀਆਂ ਲਾਉਂਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹ ਕੀ ਏ! ਅਖੇ ਸਭਿਆਚਾਰ? ਕੋਈ ਬਾਂਹ ਖੜੀ ਕਰਕੇ ਦੱਸੇ ਕਿ ਪੰਜਾਬ ਨੇ ਅਪਣੀਆਂ ਧੀਆਂ-ਭੈਣਾਂ ਦੀ ਲੱਗੀ ਮੰਡੀ ਨੂੰ ਪੰਜਾਬ ਦਾ ਸਭਿਆਚਾਰ ਮੰਨਿਆ ਹੋਵੇ! ਕਿਹੜੇ ਸਭਿਆਚਾਰ ਦੀ ਗੱਲ ਕਰਦੇ ਨੇ ਇਹ ਬੇਸ਼ਰਮ ਲੋਕ!
ਮੰਡੀ ਕਿਸਦੀ ਲੱਗਦੀ ਹੈ? ਵਿਕਾਊ ਚੀਜ ਦੀ! ਤੁਸੀਂ ਰੂਪ ਜੋ ਮਰਜੀ ਦੇ ਲਓ ਪਰ ਤੁਸੀਂ ਦੌੜ ਨਹੀ ਸਕਦੇ ਇਸ ਗੱਲ ਤੋਂ ਕਿ ਅਜਿਹੇ ਸ਼ੌਅ ਮੰਡੀਆਂ ਤੋਂ ਸਿਆਏ ਕੁਝ ਨਹੀ। ਤੁਸੀਂ ਹੈਰਾਨ ਹੋਵੋਂਗੇ ਅਪਣੀ ਧੀ-ਭੈਣ ਵਲ ਅੱਖ ਪੁੱਟ ਕੇ ਵੇਖਣ ਵਾਲੇ ਦਾ ਗਾਟਾ ਲਾਹ ਦੇਣ ਵਾਲਾ ਪੰਜਾਬੀ ਅਪਣੀਆਂ ਧੀਆਂ ਨੂੰ ਹੁਣ ਖੁਦ ਪਸ਼ੂਆਂ ਵਾਂਗ ਸ਼ਿੰਗਾਰ ਕੇ ਇਸ ਮੰਡੀ ਵਿਚ ਲਿਜਾਂਦਾ ਹੈ ਅਤੇ ਮੁਸ਼ਟੰਡੇ ਲੋਕਾਂ ਦੇ ਪੇਸ਼ ਕਰਕੇ ਮਾਣ ਮਹਿਸੂਸ ਕਰਦਾ ਹੈ। ਅਤੇ ਅਗੋਂ ਉਹ ਉਸ ਸ਼ਿੰਗਾਰ ਨੂੰ ਮੀਡੀਏ ਵਿਚ ਪੇਸ਼ ਕਰਕੇ ਅਪਣੀ ਵਪਾਰੀ ਹਵਸ ਨੂੰ ਪੁਰਾ ਕਰਦਾ ਹੈ।
ਸ਼ਰਮ ਲੱਥ ਗਈ ਅਤੇ ਅਣਖ ਮਰ ਗਈ ਉਨ੍ਹਾਂ ਲੋਕਾਂ ਦੀ ਜਿਹੜੇ ਅਪਣੀ ਧੀਆਂ ਨੂੰ ਸ਼ਿੰਗਾਰ ਕੇ ਮੰਡੀਆਂ ਵਿਚ ਲਿਜਾਂਦੇ ਹਨ। ਇਹ ਪੰਜਾਬ ਦੀਆਂ ਧੀਆਂ ਮੰਡੀਆਂ ਵਿਚ ਵਿਕਣ ਵਾਲੀਆਂ ਨਹੀ ਸਨ। ਪੰਜਾਬ ਦੇ ਸੂਰਬੀਰ ਤਾਂ ਲੋਕਾਂ ਦੀਆਂ ਧੀਆਂ ਨੂੰ ਮੰਡੀਆਂ ਵਿਚ ਲਿਜਾਣੋਂ ਰੋਕਦੇ ਸਨ ਅਤੇ ਰੋਕਦੇ ਵੀ ਅਪਣੀਆਂ ਜਾਨਾਂ ਦੇ ਕੇ। ਅੱਜ ਪੰਜਾਬ ਵਿਚ ਹੀ ਪੱਗਾਂ-ਟਾਈਆਂ ਵਾਲੇ ਅਬਦਾਲੀ, ਨਾਦਰ, ਗਜਨਵੀ ਪੈਦਾ ਹੋ ਗਏ ਜਿਹੜੇ ਪੰਜਾਬ ਦੀਆਂ ਧੀਆਂ ਦੀ ਮੰਡੀ ਪੰਜਾਬ ਵਿਚ ਲਾਉਂਣ ਲਗ ਪਏ ਅਤੇ ਬਾਹਰਲੇ ਸਿੱਖਾਂ ਦੀ ਗੈਰਤ ਦਾ ਵੀ ਭੋਗ ਪੈ ਗਿਆ ਅਤੇ ਇਸ ਹੱਦ ਤੱਕ ਪੇ ਗਿਆ ਉਹ ਅਜਿਹੀ ਬੇਸ਼ਰਮੀ ਵਾਲੀਆਂ ਅਪਣੀਆਂ ਮੂਰਤੀਆਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਵੇਖਦੇ ਕਿ ਕਿਸੇ ਅਖਬਾਰ ਵਿਚ ਲਗੀਆਂ ਜਾਂ ਨਹੀ! ਅਜਿਹੇ ਹਲਾਤ ਨੂੰ ਹੀ ਬਾਬਾ ਜੀ ਨੇ ਕਿਹਾ ਸੀ ਕਿ
'ਸ਼ਰਮ ਧਰਮ ਦੋਇ ਛਪ ਖਲੋਇ ਕੂੜ ਫਿਰੇ ਪ੍ਰਧਾਨ ਵੇ ਲਾਲੋ'॥
ਤੇ ਇਸ ਸ਼ਰਮ ਭਰੇ ਕੂੜ ਖਿਲਾਫ ਕੋਈ ਧਾਰਮਿਕ ਵਿਅਕਤੀ ਤੇ ਨਾ ਧਾਰਮਿਕ ਸੰਸਥਾ ਬੋਲਦੀ! ਕਿ ਬੋਲਦੀ?
ਗੁਰਦੇਵ ਸਿੰਘ ਸੱਧੇਵਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਮੰਡੀਆਂ ਵਿਚ ਵਿਕ ਰਹੀ ਔਰਤ !
Page Visitors: 2705