ਸਿੱਖ ਰਹਿਤ ਮਰਿਆਦਾ ਨੂੰ ਬਣਨ ਵਿਚ ਕਿਤਨੇ ਸਾਲ ਲੱਗੇ?
ਵਿਦੇਸ਼ (usa) ਤੋਂ ਇਕ ਪ੍ਰੋ.ਜੀ ਨੇ ਆਪਣੇ ਇਕ ਲੇਖ ਵਿਚ ਸਵਾਲ ਖੜਾ ਕੀਤਾ ਕਿ ‘ਸਿੱਖ ਰਹਿਤ ਮਰਿਆਦਾ ਨੂੰ ਬਣਨ ਵਿਚ ੧੪ ਸਾਲ ਕਿਉਂ ਲੱਗੇ?’ ਸਵਾਲ ਖੜਾ ਕਰਨ ਉਪਰੰਤ ਉਹ ਲਿਖਦੇ ਹਨ:-
" ਸਿੱਖ ਰਹਿਤ ਮਰਯਾਦਾ ਦੇ ੨੪ ਪੰਨੇ ਹਨ ਜਿਨ੍ਹਾਂ ਨੂੰ ਲਿਖਣ ਵਿਚ ੧੪ ਸਾਲ ਜਾਂ ੧੬੮ ਮਹੀਨੇ ਲੱਗੇ…."
ਉਪਰੋਕਤ ਸਿੱਟੇ ਤੋਂ ਪਤਾ ਚਲਦਾ ਹੈ ਕਿ ਅਜਿਹਾ ਝੂਠ ਲਿਖਣ ਨੂੰ ਤਾਂ ਪੰਜ ਮਿੰਟ ਵੀ ਨਹੀਂ ਲੱਗਦੇ।ਪਰ ਜਿਸ ਵੇਲੇ ਪੜਿਆ ਲਿਖਿਆ ਸੱਜਣ ਝੂਠ ਬੋਲੇ ਤਾਂ ਅਫ਼ਸੋਸ ਜਿਹਾ ਹੁੰਦਾ ਹੈ।ਤੇ ਫਿਰ ਝੂਠ ਨੁੰ ਤੱਥ ਦੇ ਰੂਪ ਵਿਚ ਪ੍ਰਚਾਰਤ ਕਰਨਾ ਧਰਮ ਨਹੀਂ।ਸੱਚ ਇਹ ਹੈ ਕਿ ੧੯੩੧ ਵਿਚ ਅਰੰਭ ਹੋਏ ਇਸ ਉਪਰਾਲੇ ਦੇ ਸਿੱਟੇ ਵੱਜੇ ਤਿਆਰ ਖਰੜੇ ਨੂੰ ਸ਼੍ਰੋਮਣੀ ਕਮੇਟੀ ਵਲੋਂ ੧੨-੧੦-੧੯੩੬ ਪਰਵਾਨਗੀ ਦੇ ਦਿੱਤੀ ਗਈ ਅਤੇ ਸਿੱਖ ਰਹਿਤ ਮਰਿਆਦਾ ਤਿਆਰ ਹੋ ਗਈ। ਇਹ ਸਮਾਂ ੧੪ ਸਾਲ ਦਾ ਨਹੀਂ ਬਲਕਿ ੫ ਕੁ ਸਾਲ ਦਾ ਹੈ। ਸਵਾਲ ਸਮੇਂ ਦਾ ਨਹੀਂ ਬਲਕਿ ਸਮੇਂ ਨੂੰ ਲੈ ਕੇ ਝੂਠ ਬੋਲਣ ਦਾ ਹੈ।
ਇਸ ਕਰਕੇ ਸਿੱਖ ਰਹਿਤ ਮਰਿਆਦਾ ਦੇ ਖਰੜੇ ਅਤੇ ਉਸਦੀ ਪ੍ਰਵਾਣਗੀ ਨੂੰ ੧੪ ਸਾਲ ਨਾਲ ਜੋੜਨਾ ਕੋਰਾ ਝੂਠ ਹੈ।੧੯੩੬ ਵਿਚ ਤਿਆਰ ਅਤੇ ਪਰਵਾਣ ਹੋ ਚੁੱਕੀ ਮਰਿਆਦਾ ਵਿਚ, ਧਾਰਮਕ ਸਲਾਹਕਾਰ ਕਮੇਟੀ ਨੇ ਕੁੱਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ੯ ਸਾਲ ਬਾਦ ਵਿਚ ਕੀਤੀ ਸੀ ਜਿਸ ਨੂੰ ਕਮੇਟੀ ਨੇ ਪ੍ਰਵਾਣ ਕਰ ਲਿਆ ਸੀ।
ਅਸੀਂ ਜਾਣਦੇ ਹਾਂ ਕਿ ਦੇਸ਼ ਦੀ ਵੰਡ ਉਪਰੰਤ ਪਾਕਿਸਤਾਨ ਵਿਚ ਰਹੇ ਗਏ ਗੁਰੂ ਸਥਾਨਾਂ ਬਾਰੇ ਵਾਧਾ ਰਹਿਤ ਮਰਿਆਦਾ ਵਿਚ ੧੯੪੮ ਤੋਂ ਬਾਦ ਹੋਇਆ ਸੀ ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਰਹਿਤ ਮਰਿਆਦਾ ੧੯੪੮ ਤੋਂ ਬਾਦ ਤਿਆਰ ਹੋਈ ਜਾਂ ‘ਸਿੱਖ ਰਹਿਤ ਮਰਿਆਦਾ ਨੂੰ ਬਣਨ ਨੂੰ ੧੪+੪=੧੮ ਸਾਲ ਦਾ ਸਮਾਂ ਲੱਗਾ।
ਹੁਣ ਅੱਗੇ ਚਲਦੇ ਹਾਂ ਤਾਂ ਕਿ ਪਾਠਕ ੦੭.੦੧.੧੯੪੫ ਵਾਲੀ ਤਾਰੀਖ ਨੂੰ ਪਰਵਾਨ ਹੋਏ ਵਾਧੇ ਘਾਟੇਆਂ ਦਾ ਸੱਚ ਜਾਣ ਸਕਣ ਕਿ ਉਹ ਕਿਹੜੇ 'ਵਾਧੇ ਘਾਟੇ' ਸੀ ਜਿਨਾਂ ਨੂੰ ਅੱਜ, ਕੁੱਝ ਸੱਜਣਾ ਵਲੋਂ ਇੱਕ ਸਾਜਸ਼/ਸਮਝੋਤਾਵਾਦ ਦੇ ਨਾਮ ਨਾਲ ਪ੍ਰਚਾਰਿਆ ਜਾ ਰਿਹਾ ਹੈ? ਇਸ ਸਵਾਲ ਦੇ ਜਵਾਬ ਨੂੰ ਲੱਭਣ ਲਈ ਦਾਸ ਨੂੰ ਮਹਨਤ ਕਰਨੀ ਪਈ ਸੀ।ਜ਼ਾਹਰ ਜਿਹੀ ਗਲ ਹੈ ਕਿ ਇਸਦਾ ਜਵਾਬ ਤਾਂ ਮਿਤੀ ੦੭.੦੧.੧੯੪੫ ਨੂੰ ਧਾਰਮਿਕ ਸਲਾਹਕਾਰ ਕਮੇਟੀ ਦੀ ਹੋਈ ਇਕੱਤਰਤਾ ਦੀ ਕਾਰਵਾਈ ਤੋਂ ਹੀ ਪਤਾ ਚਲ ਸਕਦਾ ਸੀ।ਇਸ ਬਾਰੇ ਆਪਣੀ ਪੜਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਉਪਰੰਤ ਦਾਸ ਉਸ ਦਿਨ ਦੀ ਮੀਟਿੰਗ ਵਿਚ ਰਹਿਤ ਮਰਿਆਦਾ ਦੀਆਂ ਮੱਧਾ ਵਿਚ ਕੀਤੇ ਗਏ ਵਾਧੇ-ਘਾਟਿਆਂ ਸਬੰਧਤ ਕਾਰਵਾਈ/ਫ਼ੈਸਲਿਆਂ ਦੀ ਸੂਚਨਾ ਪਾਠਕਾਂ ਦੀ ਜਾਣਕਾਰੀ ਲਈ ਦੇ ਰਿਹਾ ਹੈ ਜੋ ਕਿ ਇਸ ਪ੍ਰਕਾਰ ਹੈ:-
MINUTS OF MEETING (28th July 1944)
" ਸ਼੍ਰੋ: ਗੁ:ਪ੍ਰ: ਕਮੇਟੀ ਵਲੋਂ ਛਪੀ ਰਹਿਤ ਮਰਿਯਾਦਾ ਕੁਝ ਕੁ ਵਾਧੇ ਘਾਟੇ ਕਰਨ ਸਬੰਧੀ ਧਾਰਮਿਕ ਸਾਲਹਕਾਰ ਕਮੇਟੀ ਦਾ ਮਤਾ ਨੰ: ੧ ਮਿਤੀ ੨੮.ਜੁਲਾਈ ੧੯੪੪ ਦੁਬਾਰਾ ਵਿਚਾਰ ਲਈ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਰਹਿਤ ਮਰਿਆਦਾ ਵਿਚ ਹੇਠ ਲਿਖੇ ਅਨੁਸਾਰ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ:-
(੧) ਨਾਮ ਬਾਣੀ ਦਾ ਅਭਿਆਸ: ਹੇਠ ਸੋਦਰ ਰਹਿਰਾਸ ਦੇ ਹੈਡਿੰਗ ਹੇਠ ਲਫ਼ਜ਼ 'ਦੁਸ਼ਟ ਦੋਖ ਤੇ ਲੇਹੁ ਬਚਾਈ'ਤਕ ਅਤੇ ਲਫ਼ਜ਼ 'ਅਨੰਦ ਦੀਆਂ ਪਹਿਲਿਆਂ ਪੰਜ ਪਾਉੜੀਆਂ ਵਿਚਾਲੇ ਸਵਯਾ ਪਾਇ ਗਹੇ ਜਬ ਤੇ ਤੁਮਹਰੇ ਅਤੇ ਦੋਹਰਾ ਸਗਲ ਦੁਆਰ ਕੋ ਛਾਡਕੇ ਵਧਾਏ ਜਾਣ ਅਤੇ "ਆਨੰਦ ਦੀਆਂ ਪਹਿਲੀਆਂ ਪੰਜ ਪਾਉੜੀਆਂ ਤੇ ਅੰਤਲੀ ਇਕ ਪਾਉੜੀ ਦੇ ਅਗੇ ਲਫ਼ਜ਼ ਮੁੰਦਾਵਣੀ ਤੇ "ਸਲੋਕ ਮਹਲਾ ੫ ਤੇਰਾ ਕੀਤਾ ਜਾਤੋ ਨਾਹੀ ਵਧਾਏ ਜਾਣ।
(੨) ਹੈਡਿੰਗ ਗੁਰਦੁਆਰੇ ਦੇ ਅੰਕ (e) ਵਿਚ 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਨੂੰ ਸੰਭਾਲ ਕੇ ਪ੍ਰਕਾਸ਼ਣ ਲਈ" ਵਿਚੋਂ ਲਫ਼ਜ਼ 'ਦੀ ਦੇਹ' ਕਟ ਦਿੱਤੇ ਜਾਣ।
(੩) ਹੈਡਿੰਗ ਗੁਰਦੁਆਰੇ ਦੇ ਅੰਕ (ਕ) ਵਿਚ ਲਫ਼ਜ਼ "ਬਨਾਣੀਆਂ ਜਾਂ ਰਖਣੀਆਂ ਅਤੇ 'ਇਹੇ ਜਿਹੇ ਕਰਮ' ਵਿਚ ਲਫ਼ਜ਼ ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅਗੇ ਮਥੇ ਟੇਕਣੇ ਵਧਾ ਦਿਤੇ ਜਾਣ।
(੪) ਹੈਡਿੰਗ ਗੁਰਦੁਆਰੇ ਦੇ ਅੰਕ (ਫ) ਵਿਚੋਂ ਲਫ਼ਜ਼ 'ਸਿਰ ਨਿਵਾ ਕੇ' ਕਟ ਦਿਤੇ ਜਾਣ।
(੫) ਹੈਡਿੰਗ ਗੁਰਦੁਆਰੇ ਦੇ ਅੰਕ (ਖ) ਵਿਚ ਜਿਥੇ ਲਫ਼ਜ਼ 'ਅਸਵਾਰਾ ਸਾਹਿਬ' ਆਉਂਦੇ ਹਨ ਉਥੇ-ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਦਿੱਤਾ ਜਾਵੇ।
(੬) ਹੈਡਿੰਗ ਗੁਰਦੁਆਰੇ ਦੇ ਅੰਕ (ਢ) ਵਿਚ ਅਖੀਰੀ ਲਾਇਨ ਵਿਚ ਲਫ਼ਜ਼ "ਲੋਹੇ ਦਾ" ਅਤੇ ਲਫ਼ਜ਼ "ਖੰਡਾ ਹੋਵੇ" ਵਿਚਾਲੇ ਲਫ਼ਜ਼ "ਭਾਲਾ ਜਾਂ" ਵਧਾ ਦਿਤੇ ਜਾਣ।
(੭) ਹੈਡਿੰਗ ਗੁਰਦੁਆਰੇ ਦੇ ਅਕੀਰ ਵਿਚ ਹੇਠ ਲਿਖਿਆ ਅੰਕ (ਣ) ਵਧਾ ਦਿੱਤਾ ਜਾਵੇ। (ਣ) ਗੁਰਦੁਆਰੇ ਵਿਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ।
(੮) ਹੈਡਿੰਗ ਅਖੰਡ ਪਾਠ ਦੇ ਅੰਕ (e) ਵਿਚ 'ਜੋਤ' ਤੇ ਲਫ਼ਜ਼ 'ਆਦਿ' ਵਿਚ ਨਲੀਏਰ ਵਧਾ ਦਿਤੇ ਜਾਣ।
(੯) ਹੈਡਿੰਗ ਕੜਾਹ ਪ੍ਰਸ਼ਾਦਿ ਦੇ ਅੰਕ (e) ਵਿਚ "ਪੰਜਾ ਪਿਆਰਿਆਂ ਦਾ ਗਫਾ ਤੋਂ ਅਗੇ ਲਫ਼ਜ਼ "ਕੱਢਿਆ ਜਾਏ, ਤੋਂ ਲੈ ਕੇ ਸਾਰੀ ਸੰਗਤ ਵਿਚ ਵਰਤਾ ਦੇਵੇ ਤਕ" ਕਟ ਦਿਤੇ ਜਾਣ ਤੇ ਇਨਾਂ੍ਹ ਦੀ ਥਾਂ ਅਗੇ ਦਰਕ ਲਫ਼ਜ਼ ਕਰ ਦਿਤੇ ਜਾਣ:- ਕਢ ਕੇ ਵਰਤਾਇਆ ਜਾਵੇ, aਪਰੰਤ।
(੧੦) ਹੈਡਿੰਗ ਜਨਮ ਤੇ ਮਰਨ ਸੰਸਕਾਰ ਦਾ ਅੰਕ (ਉ) ਸਾਰਾ ਕਟ ਦਿੱਤਾ ਕਾਵੇ ਤੇ ਅੰਕ (ਅ) ਨੂੰ (a), (e) ਨੂੰ (ਅ) ਤੇ (ਸ) ਨੂੰ (e) ਕਰ ਦਿੱਤਾ ਜਾਵੇ ਅਤੇ ਨਵੇਂ ਅੰਕ (ਉ) ਦੇ ਸ਼ਰੂ ਦੇ ਲਫ਼ਜ਼ਾਂ ਤੋਂ ਪਹਿਲੇ ਲਫ਼ਜ਼ "ਸਿਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਵਧਾ ਦਿਤੇ ਜਾਣ।
(੧੧) ਹੈਡਿੰਗ ਅਨੰਦ ਸੰਸਕਾਰ ਦਾ ਮੌਜੂਦਾ ਅੰਕ (੨) ਹੇਠ ਲਿਖੇ ਅਨੁਸਾਰ ਕਰ ਦਿਤਾ ਜਾਵੇ।(੨) ਆਮ ਹਾਲਾਤਾਂ ਵਿਚ ਸਿੱਖ ਨੂੰ ਇਕ ਇਸਤਰੀ ਦੇ ਹੁੰਦਿਆ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ"
ਨੇਟ: ਇਸ ਅੰਕ ਤੇ ਬਹਿਸ ਦੇ ਦੌਰਾਨ ਪ੍ਰੋ. ਸ਼ੇਰ ਸਿੰਘ ਜੀ ਇਕੱਤਰਤਾ ਵਿਚੋਂ ਚਲੇ ਗਏ ਸਨ।ਪ੍ਰੋ. ਤੇਜਾ ਸਿੰਘ ਜੀ ਅਤੇ ਅੱਛਰ ਸਿੰਘ ਜੀ ਨੇ ਇਸ ਤਬਦੀਲੀ ਵਿਰੁਧ ਆਪਣੀ ਅਸੰਮਤੀ ਨੋਟ ਕਰਵਾਈ।
(੧੨) ਹੈਡਿੰਗ ਸੇਵਾ ਦਾ ਅੰਕ (ਅ) ਕਟ ਦਿਤਾ ਜਾਵੇ।
(੧੩) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਸ) ਦੀ ਤੀਜੀ ਲਾਈਨ ਵਿਚ ਲਫ਼ਜ਼ "ਜੋ ਸਿਖੀ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉਪਰ ਚਲਣ ਦਾ ਚਾਹਵਾਨ ਹੋਵੇ" ਦੀ ਥਾਂ "ਜੋ ਸਿਖੀ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉਪਰ ਚਲਣ ਦਾ ਪ੍ਰਣ ਕਰੇ" ਕਰ ਦਿੱਤੇ ਜਾਣ।ਇਸ ਅੰਕ ਵਿਚ "ਕਿਰਪਾਨ ਗਾਤਰੇ ਵਾਲੀ" ਵਿਚੋਂ ਲਫ਼ਜ਼ "ਵਾਲੀ" ਕਟ ਦਿਤੇ ਜਾਣ।
(੧੪) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਵਿਚ ਲਫ਼ਜ਼ 'ਵਾਹਿਗੁਰੂ ਦਾ ਸਰੂਪ ਦਸਣ ਲਈ" ਦੀ ਥਾਂ ਲਫ਼ਜ਼ "ਵਾਹਿਗੁਰੂ ਦਾ ਨਾਮ ਦਸਕੇ" ਕਰ ਦਿੱਤੇ ਜਾਣ।
(੧੫) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (੨) ਦੇ ਆਖਰੀ ਵਿਕਰੇ ਵਿਚੋਂ ਲਫ਼ਜ਼ "ਉਸੇ ਇਕ ਬਾਟੇ ਵਿਚੋਂ" ਕਟ ਦਿਤੇ ਜਾਣ।
(੧੬) ਹੈਡਿੰਗ ਅੰਮ੍ਰਿਤ ਸੰਸਕਾਰ ਦੇ ਅੰਕ (ਡ) ਦੇ ਲਘੂਅੰਕ (੩) ਵਿਚੋਂ ਲਫ਼ਜ਼ "ਚਿਟੇ ਚੁਗਣ ਵਾਲਾ" ਕਟ ਦਿਤੇ ਜਾਣ।
(੧੭) ਹੈਡਿੰਗ ਪੰਥਕ ਰਹਿਣੀ ਦੇ ਅੰਕ (੧) ਵਿਚ ਲਫ਼ਜ਼ "ਗੁਰੂ ਸੰਗਤ ਤੇ" ਕਟ ਦਿਤੇ ਜਾਣ।ਇਸੇ ਤਰਾਂ ਹੈਡਿੰਗ 'ਗੁਰ ਸੰਗਤ ਤੇ ਗੁਰੂ ਪੰਥ' ਦੀ ਥਾਂ ਕੇਵਲ ਗੁਰੂ ਪੰਥ ਕਰ ਦਿਤੇ ਜਾਣ।ਇਸ ਹੈਡਿੰਗ ਦੇ ਅੰਕ (ਅ) (e) ਤੇ (ਸ) ਕਟ ਦਿਤੇ ਜਾਣ।…
ਸਹੀ ਰਵੇਲ ਸਿੰਘ,
ਮੀਤ ਸਕੱਤਰ"
ਅਸੀਂ ਵੇਖ ਸਕਦੇ ਹਾਂ ਕਿ ਇਹ ੧੭ ਵਾਧੇ ਘਾਟੇ ਕਿਸ ਕਿਸਮ ਦੇ ਸਨ ਅਤੇ ਇਸ ਮੀਟਿੰਗ ਦਾ ਸੰਬਧ ਸਿੱਖ ਰਹਿਤ ਮਰਿਆਦਾ ਵਿਚ ਅਰਦਾਸ ਜਾਂ ਨਿਤਨੇਮ ਵਿਚ ਦਸ਼ਮੇਸ਼ ਜੀ ਦੀਆਂ ਰਚਨਾਵਾਂ ਸ਼ਾਮਲ ਕਰਨ ਨਾਲ ਨਹੀਂ ਸੀ। ਧਾਰਮਕ ਸਲਾਹਕਾਰ ਕਮੇਟੀ ਦੀ ਉਪਰੋਕਤ ਸਿਫ਼ਾਰਸ਼ਾਂ ਨੂੰ ਕਮੇਟੀ ਨੇ ੦੩.੦੨.੧੯੪੫ ਵਿਚ ਪ੍ਰਵਾਨਗੀ ਦਿੱਤੀ ਸੀ।
ਹਰਦੇਵ ਸਿੰਘ, ਜੰਮੂ-29.01.2016
ਹਰਦੇਵ ਸਿੰਘ ਜਮੂੰ
ਸਿੱਖ ਰਹਿਤ ਮਰਿਆਦਾ ਨੂੰ ਬਣਨ ਵਿਚ ਕਿਤਨੇ ਸਾਲ ਲੱਗੇ?
Page Visitors: 4598