ਇਹ ਵਿਆਹ ਨਹੀਂ ਹੋ ਸਕਦਾ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ
ਇਸ ਮੁੰਡੇ ਦਿਆਂ ਲਾਵਾਂ ਗੁਰੂਦਵਾਰਾ ਸਾਹਿਬ ਵਿਚ ਨਹੀਂ ਹੋ ਸਕਦੀਆਂ (ਹੈਡ ਗ੍ਰੰਥੀ ਗੁਰਮੁਖ ਸਿੰਘ ਜੀ ਪਤਿਤ ਮੁੰਡੇ ਨੂੰ ਵੇਖ ਕੇ ਬੋਲ ਰਹੇ ਸਨ) !
ਮੁੰਡੇ ਦਾ ਪਿਤਾ ਜਸਬੀਰ ਸਿੰਘ : ਪਰ ਕਿਓ ਭਾਈ ਸਾਹਿਬ ਜੀ ? ਇਹ ਮੇਰਾ ਹੀ ਬੇਟਾ ਹੈ !
ਗੁਰਮੁਖ ਸਿੰਘ : ਇਸਦਾ ਆਪਣੇ ਇਸ਼ਟ ਉੱਤੇ ਨਿਸ਼ਚਾ ਹੀ ਨਹੀਂ, ਉਸ ਨੂੰ ਸਾਖੀ (ਗਵਾਹ) ਬਣਾ ਕੇ ਲਾਵਾਂ ਲੈ ਲਵੇਗਾ ਪਰ ਫਿਰ ਬਾਅਦ ਵਿਚ ਇਸਦਾ ਕੋਈ ਭਰੋਸਾ ਨਹੀਂ !
ਜਸਬੀਰ ਸਿੰਘ : ਨਿਸ਼ਚਾ ਨਹੀਂ ਹੈ ? ਮਤਲਬ ? (ਹੈਰਾਨੀ ਨਾਲ ਪੁਛਦਾ ਹੈ) ਇਹ ਤੇ ਰੋਜ਼ ਗੁਰੂਦੁਆਰੇ ਮੱਥਾ ਟੇਕਣ ਜਾਉਂਦਾ ਹੈ!
ਗੁਰਮੁਖ ਸਿੰਘ : ਆਮ ਤੌਰ ਤੇ ਮੁਸਲਿਮ ਸਮਾਜ ਵਿਚ ਕੁਰਾਨੇ-ਪਾਕ ਨੂੰ ਗਵਾਹ ਰਖ ਕੇ ਨਿਕਾਹ ਹੁੰਦਾ ਹੈ … ਇਸਾਈ ਧਰਮ ਵਿਚ ਬਾਈਬਲ … ਹਿੰਦੂ ਧਰਮ ਵਿਚ “ਅਗਨੀ ਦੇਵਤਾ” ਨੂੰ ਮੁਖ ਰਖਿਆ ਜਾਂਦਾ ਹੈ … ਤੇ ਸਿਖ ਧਰਮ ਵਿਚ “ਸ੍ਰੀ ਗੁਰੁ ਗਰੰਥ ਸਾਹਿਬ ਜੀ” ਬਤੌਰ ਸਾਖੀ (ਗਵਾਹ) ਸਮਝੇ ਜਾਉਂਦੇ ਹਨ ਅੱਤੇ ਗੁਰੂ ਨੂੰ ਹਾਜਿਰ ਨਾਜਿਰ ਜਾਣ ਕੇ ਚਾਰ ਲਾਵਾਂ ਰੂਪੀ ਗੁਰਮੁਖ ਜੀਵਨ ਦਾ ਸੰਦੇਸ਼ ਦਿਤਾ ਜਾਂਦਾ ਹੈ ਜੋੜੀ ਨੂੰ ! ਆਪਣੇ ਇਸ਼ਟ ਨੂੰ ਸਾਹਮਣੇ ਰਖ ਕੇ ਇਹ ਪ੍ਰਣ ਕੀਤਾ ਜਾਂਦਾ ਹੈ ਕਿ ਅਸੀਂ ਇੱਕ ਦੂਜੇ ਦਾ ਸਾਥ ਦਵਾਂਗੇ ਤੇ ਸਮਾਜਿਕ ਤੌਰ ਤੇ ਪਤੀ-ਪਤਨੀ (ਵਿਭਚਾਰ ਨਹੀਂ) ਰਹ ਕੇ ਸਮਾਜ ਵਿਚ ਵਿਚਰਾਂਗੇ !
(ਗੁਰਮੁਖ ਸਿੰਘ ਬੋਲਦਾ ਰਿਹਾ ਤੇ ਜਸਬੀਰ ਸਿੰਘ ਸੁਣਦਾ ਰਿਹਾ )
ਵਿਆਹ ਇੱਕ ਸੰਸਥਾ ਹੈ ਜਿਸਦਾ ਸ਼ੁਰੁਵਾਤੀ ਮਕਸਦ ਵਿਭਚਾਰ ਤੇ ਕਮਜੋਰ ਇਮਾਨ ਵਾਲਿਆਂ ਉੱਤੇ ਰੋਕ ਲਾਉਣਾ ਸੀ ਤਾਂਕਿ ਸਮਾਜ ਵਿਚ ਕਮਜੋਰ ਵਰਗ (ਪਹਿਲਾਂ ਇਸਤਰੀ ਨੂੰ ਕਮਜੋਰ ਮਨਿਆ ਜਾਉਂਦਾ ਸੀ ) ਨੂੰ ਬਰਾਬਰੀ ਦਾ ਅਧਿਕਾਰ ਮਿਲ ਸੱਕੇ ਤੇ ਮਰਦ ਦੀ ਸ਼ਿਕਾਰੀ ਸੋਚ ਨੂੰ ਠੱਲ ਪਵੇ ! ਹਰ ਧਰਮ ਵਿਚ ਜੇਕਰ ਕਿਸੀ ਹੋਰ ਧਰਮ ਦਾ ਬੰਦਾ ਵਿਆਹ ਕਰਦਾ ਹੈ ਤੇ ਓਹ ਕਿਸ “ਸਾਖੀ” ਨੂੰ ਮੁਖ ਰਖ ਕੇ ਵਚਨ ਲਵੇਗਾ ? ਜਿਸ ਨੂੰ ਓਹ ਮਨਦਾ ਹੀ ਨਹੀਂ ? ਜਿਸ ਕੋਲੋਂ ਉਸਨੂੰ ਕੋਈ ਭੈ ਹੀ ਨਹੀਂ ? ਤੇ ਇਸ ਤਰਾਂ ਓਹ ਕਦੀ ਵੀ ਸਮਾਜਿਕ ਬੰਧਨ ਨੂੰ ਤੋੜ ਸਕਦਾ ਹੈ ! ਇਸ ਮੁੰਡੇ ਨੇ ਪਤਿਤ ਹੋ ਕੇ ਪਹਿਲਾਂ ਹੀ ਦੱਸ ਦਿੱਤਾ ਹੈ ਕੀ ਇਸ ਦਾ ਆਪਣੇ ਗੁਰੂ ਵਿਚ ਕੋਈ ਭਰੋਸਾ ਨਹੀਂ ਹੈ ਤੇ ਪਦਾਰਥਵਾਦੀ ਸਮਾਜ ਵਿਚ ਇਹ ਆਪਣੇ ਇਮਾਨ (ਗੁਰੂ ਦੀ ਮੱਤ) ਨੂੰ ਵਿਸਾਰ ਚੁੱਕਾ ਹੈ, ਇਸ ਲਈ ਮੈਂ ਆਪ ਜੀ ਨੂੰ ਇਨਕਾਰ ਕਿੱਤਾ ਹੈ !
ਜਸਬੀਰ ਸਿੰਘ ਵਿਚਾਰ ਕਰਦਾ ਹੋਇਆ ਸਿਰ ਨੀਵਾਂ ਪਾ ਲੈਂਦਾ ਹੈ (ਕੁਛ ਕਹਿਣਾ ਚਾਹੁੰਦਾ ਹੈ, ਪਰ ਗੱਲ ਨੂੰ ਪੂਰਾ ਵਿਚਾਰ ਕੇ ਸਮਝਦਾ ਹੋਇਆ ਘਰ ਨੂੰ ਚਾਲੇ ਪਾਉਂਦਾ ਹੈ !)