ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
ਖ਼ਬਰ ਸਿਰ ਝੁਕਾਉਣ ਵਾਲੀ, ਕੌਮੀ ਪੱਧਰ ਤੇ ਹਾਨੀਕਾਰਕ ਅਤੇ ਸਿੱਖੀ ਪੱਧਰ ਤੇ ਵਿਨਾਸ਼ਕਾਰੀ ਹੈ। ਜਦੋਂ ਜਦੋਂ ਵੀ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਬਾਹਰਲੇ ਵਿਕਸਤ ਮੁਲਕਾਂ ਵਿਚ ਵਸੇ ਸਿੱਖ ਵੀ ਕੂਟਨੀਤਕ, ਰਾਜਨੀਤਕ ਅਤੇ ਕੌਮੀ ਨਿਰਮਾਣ ਕਾਰੀ ਸੂਝ ਪੱਖੋਂ ਸੱਖਣੇ ਦੇ ਸੱਖਣੇ ਹੀ ਰਹਿ ਗਏ ਹਨ ਤਾਂ ਸਿਧਾਂਤਕ, ਸੰਕਲਪ ਅਤੇ ਗੁਰਮਤਿ ਪੱਖ ਤੋਂ ਬੜੀ ਵੱਡੀ ਨਮੋਸ਼ੀ ਦਾ ਸਾਹਮਣਾ ਹੁੰਦਾ ਹੈ। ਸਿੱਖਾਂ ਨੂੰ ਸਿੱਖ ਕੌਮ ਪ੍ਰਤੀ ਸਕਾਰਾਤਮਿਕ ਰਾਜਨੀਤੀ ਅਤੇ ਵਿਉਂਤਬੰਦੀ ਦੀ ਸਿਆਸੀ ਕੂਟਨੀਤੀ; ਇੰਨੀ ਮਾਰ ਖਾ ਕੇ ਵੀ ਹਾਲੇ ਤਕ ਆਈ ਨਹੀਂ ਹੈ; ਇਹ ਗੱਲ ਦਿਲ ਚੀਰਵੀਂ ਹੈ।
ਮੇਰੀ ਕੌਮੀ ਸਮਝ ਤੋਂ ਪਰੇ ਦੀ ਗੱਲ ਹੈ ਇੱਕ ਕੇਸਾਧਾਰੀ ਸਿੱਖ ਵੱਲੋਂ ਅਮਰੀਕਾ ਵਿਚ ਰਾਸ਼ਟਰ ਪਤੀ ਦੇ ਦਾਅਵੇਦਾਰ ਸ੍ਰੀਮਾਨ ਟਰੰਪ ਦੀ ਰੈਲੀ ਵਿਚ ਜਾ ਕੇ "ਮੁਸਲਮਾਨਾਂ” ਦਾ ਪੱਖ ਲੈਣਾ ! ਜਦ ਮੁਸਲਮਾਨ ਹੀ ਨਹੀਂ ਬੋਲ ਰਿਹਾ ਹੈ ਤਾਂ ਆਪਣੇ ਪੈਰਾਂ ਤੇ ਆਪੇ ਕੁਹਾੜਾ ਮਾਰਨ ਦੀ ਕੀ ਲੋੜ ਸੀ ? ਇਸ ਨੇ ਸਾਬਤ ਕੀਤਾ ਹੈ ਕਿ ਇਹ "ਪਗੜੀਧਾਰੀ” ਲੋਕ "ਠੀਕ” ਨਹੀਂ ਹਨ ਤੇ ਉਹੀ ਹਨ ਜਿਨ੍ਹਾਂ ਤੇ "ਗੋਰੇ” ਸ਼ੱਕ ਕਰਦੇ ਹਨ। ਸਿੱਖ ਪਹਿਚਾਣ ‘ਆਈਡੈਂਟਿਟੀ’ ਦੇ ਮੁੱਦੇ ਨੂੰ ਇਸ ਸਟੰਟ ਬਾਜ਼ੀ ਨੇ ਹੋਰ ਪੇਚੀਦਾ ਬਣਾ ਕੇ ਪੂਰੀ ਤਾਣੀ ਨੂੰ ਹੀ ਮੁੜ ਤੋਂ ਅਜਿਹਾ ਉਲਝਾ ਦਿੱਤਾ ਹੈ ਕਿ ਹੁਣ ਫਿਰ ਨਵੇਂ ਸਿਰੇ ਤੋਂ ਸਭ ਕੁੱਝ ਸ਼ੁਰੂ ਕਰਨਾ ਪਵੇ। ਜਦੋਂ ਸਮੁੱਚੀ ਕੌਮ ਆਪਣੀ "ਪਹਿਚਾਣ ਦੀ ਜੰਗ” ਲੜ ਰਹੀ ਹੋਵੇ, ਅਤੇ ਉਨ੍ਹਾਂ ਦੀ ਪਹਿਚਾਣ ਤੇ ਸ਼ੱਕ ਅਤੇ ਕਿੰਤੂ ਵਿਆਪਤ ਹੋਣ ਤਾਂ ਅਜਿਹੇ ਮਾਹੌਲ ਵਿਚ ਉਨ੍ਹਾਂ ਲੋਕਾਂ ਨਾਲ ਖੜਨਾ ਜਿਨ੍ਹਾਂ ਤੇ ਸ਼ੱਕ ਕੀਤਾ ਜਾ ਰਿਹਾ ਹੈ ਤੇ ਸਿੱਧਾ ਨਿਸ਼ਾਨ ਲਾ ਕੇ ਚਿੰਨ੍ਹਤ ਕੀਤਾ ਜਾ ਰਿਹਾ ਹੈ ਕਿਵੇਂ ਸਿਆਣਪ ਅਤੇ ਸਹੀ ਸਾਬਤ ਕੀਤਾ ਜਾ ਸਕਦਾ ਹੈ ? ਇਸ ਕਰਮ ਨੇ ਤਾਂ ‘ਮੁਸਲਿਮ’ ਵਜੋਂ ਹੀ ਆਪਣੇ ਆਪ ਨੂੰ ਖ਼ੁਦ ਚਿੰਨ੍ਹਿਤ ਕਰਵਾ ਲਿਆ ਹੈ; ਠੀਕ ਓਵੇਂ ਹੀ ਜਿਵੇਂ ਗੁਰਦੁਆਰਿਆਂ ਨੇ ‘ਮੰਦਰ, ਲਿਖ ਕੇ ਆਪਣੇ ਆਪ ਨੂੰ ਹਿੰਦੂ ਸਾਬਤ ਕਰਵਾਇਆ ਹੋਇਆ ਹੈ। ‘ਹਰਿਮੰਦਰ’ ਦਾ ਅਰਥ ਜਿਵੇਂ ਸਾਹਮਣੇ ‘ਗੋਲਡਨ ਟੈਂਪਲ’ ਬਣਾ ਖੜ੍ਹਾ ਕਰ ਦਿੱਤਾ ਗਿਆ ਹੈ ਓਵੇਂ ਹੀ ਇਸ ਬੇਵਕੂਫਾਨਾਂ ਹਰਕਤ ਨੇ ਪਗੜੀਧਾਰੀ ਸਾਬਤ ਸੂਰਤ ਸਿੱਖ ਦਾ ਅਰਥ ਇੱਕੋ ਕਰਤੂਤ ਰਾਹੀਂ ‘ਇਸਲਾਮਿਕ ਅਤਿਵਾਦ’ ਦੀ ਪਹਿਚਾਣ ਅਤੇ ਸ਼ਬਦਾਵਲੀ ਦੀ ਕਤਾਰ ਵਿਚ ਲਿਆ ਮਾਰਿਆ ਹੈ। ਜਦ ਉਨ੍ਹਾਂ ਦੀ ਆਪਣੀ ਕਮੁਨਿਟੀ ਦੜ ਵੱਟ ਮੁਕੰਮਲ ਚੁੱਪ ਹੈ ਤਾਂ ਦੂਜੇ ਦੇ ਮਾਮਲਿਆਂ ਵਿਚ ਆਪਣਾ ਸਭ ਕੁੱਝ ਦਾਅ ਤੇ ਲਾ ਦੇਣਾ ਵਰਤਮਾਨ ਆਧੂਨਿਕ, ਕੂਟਨੀਤਕ, ਸਿਆਸੀ ਸੰਸਾਰ ਅੰਦਰ ਆਪਣੀ ਖ਼ੁਦ ਦੀ ਹੋਂਦ ਦੀ ਮੌਤ ਦੀ ਕੀਮਤ ਤੇ "ਇਸਤੇਮਾਲ ਕੀਤਾ ਜਾਣਾ ਹੈ”। ਸਟੰਟ ਬਾਜ਼ੀ ਦੀ ਇੰਤਹਾਈ ਗਿਰੀ ਹੋਈ ਰਾਜਨੀਤਕ ਅਵਸਥਾ ਹੈ ਨਾਅਰੇਬਾਜ਼ੀ; ਜਿਸ ਨੂੰ ਸਿੱਖ ਪਸੰਦ ਕਰਦੇ ਕਰਦੇ ਆਪਣਾ ਪਿੱਛਾ ਤਾਂ ਮੁਕਾ ਹੀ ਚੁੱਕੇ ਹਨ ਤੇ ਅੱਗਾ ਭ੍ਰਿਸ਼ਟ, ਕਲੰਕਿਤ ਅਤੇ ਨਸ਼ਟ ਕਰਵਾ ਕੇ ਹਾਲੇ ਵੀ ਧੜਿਆਂ ਦੀ ਸੌੜੀ ਦਮਗਜ਼ੀ, ਸ਼ੇਖੀਬਾਜ਼ੀ ਨੂੰ ਹੀ ਰਾਜਨੀਤੀ ਮੰਨੀ ਤੁਰੀ ਜਾ ਰਹੇ ਹਨ। ਫਿਰ 100 ਸਾਲਾਂ ਤੋਂ ਵੱਧ ਤੋਂ ਸੰਸਾਰ ਦੇ ਸਭ ਤੋਂ ਵਿਕਸਤ ਮੁਲਕਾਂ ਵਿਚ ਜਾ ਕੇ ਵੀ ਸਿੱਖ ਨੇ ਆਪਣੀ ਕੌਮੀਅਤਾ ਅਤੇ ਗੁਰਤਾ ਲਈ ਕੀ ਸਿੱਖਿਆ ਹੈ ਤੇ ਕੀ ਹਾਸਲ ਕਰ ਕੇ ਦਿੱਤਾ ਹੈ ?! ਘਟੋਂ ਘੱਟ ਹੁਣ ਤਾਂ ਸਮੁੱਚੀ ਸਿੱਖ ਵਸੋਂ ਨੂੰ ਇਕਾਗਰਤਾ ਨਾਲ ਇਸ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖੀ ਦਾ ਤਾਂ ਗੱਲ ਹੀ ਛੱਡ ਦਿਓ, ਉਹ ਆਪਣੇ ਖ਼ੁਦ ਦੇ ਬੱਚਿਆਂ ਨੂੰ ਕਿਹੜਾ ਭਵਿੱਖ ਦੇ ਰਹੇ ਹਨ ?
ਸ੍ਰੀ ਟਰੰਪ ਦੀ ਰੈਲੀ ਵਿਚ ਵਾਪਰੀ ਇਸ ਘਟਨਾਂ ਦੇ ਬੜੇ ਹੀ ਦੂਰਗਾਮੀ, ਦੂਰ ਰਸੀ ਅਤੇ ਗੁੱਝੇ ਨਤੀਜੇ ਨਿਕਲਣਗੇ ਜਿਸ ਲਈ ਸਮੁੱਚੀ ਸਿੱਖ ਕੌਮ ਨੂੰ ਇਸ ਇੱਕ ਸਟੰਟ ਬਾਜ਼ ਦੇ ਅਜਿਹੇ ਸਟੰਟ ਦਾ ਓਵੇਂ ਹੀ ਖ਼ਮਿਆਜ਼ਾ ਭੁਗਤਣਾ ਪੈਣਾ ਹੈ ਜਿਵੇਂ ਭਾਰਤ ਵਿਚ ਸਟੰਟ ਬਾਜ਼ ‘ਮਾਨ’, ‘ਟਕਸਾਲ’ ਅਤੇ ‘ਪੰਥਕ ਕਮੇਟੀਆਂ ਦੇ ਖਾੜਕੂਆਂ’ ਕਰ ਕੇ ਭੁਗਤਣਾ ਪਿਆ ਹੈ।
ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਮੁਸਲਿਮ ਦੇਸ਼ਾਂ ਨੇ ਸਿੱਖਾਂ ਨੂੰ ਆਪਣੇ ਹਿਤਾਂ ਲਈ ਠੀਕ ਓਵੇਂ ਹੀ ਇਸਤੇਮਾਲ ਕੀਤਾ ਹੈ ਜਿਵੇਂ ਆਰ ਐੱਸ ਐੱਸ ਅਤੇ ਹੋਰ ਹਿੰਦੂਆਂ ਨੇ……ਕੀ ਸਿੱਖ ਇਸਤੇਮਾਲ ਹੋ ਹੋ ਕੇ ਹੀ ਆਪਣੇ ਕੌਮੀ ਰਾਸ਼ਟਰੀ ਭਵਿੱਖ ਦਾ ਭੋਗ ਉਸ ਦੀ ਪਹਿਚਾਣ ਬਣਨ ਤੋਂ ਪਹਿਲਾਂ ਹੀ ਪੁਆਉਂਦੇ ਹੀ ਰਹਿਣਗੇ ? ਇਹ ਵੀ ਕੌਮ ਨਾਨਕਸ਼ਾਹੀ ਦੇ ਰਾਸ਼ਟਰਵਾਦ ਦੀ ਭਰੂਣ ਹੱਤਿਆ ਹੈ। ਕਿਸੇ ਵੀ ਮੁਸਲਮਾਨ ਨੇ ਆਪਣੇ ਕਿਸੇ ਵੀ ਇਸਲਾਮਿਕ ਦੇਸ਼ ਨੂੰ ਸਿੱਖਾਂ ਨੂੰ ਯੂ.ਐਨ.ਓ. ਚਾਰਟਰ ਤਹਿਤ ਸ਼ਰਨ ਦੇਣ ਦਾ ਹੋਕਾ ਤਕ ਨਹੀਂ ਭਰਿਆ ਹੈ, ਕੰਮ ਕਰਨਾ ਅਤੇ ਸਲਾਹ ਦੇਣੀ ਤਾਂ ਬੜੇ ਦੂਰ ਦੀ ਗੱਲ ਹੈ । ਪਤਾ ਨਹੀਂ ਸਿੱਖ ਕਿਉਂ ਮਾਇਨੈਰਿਟੀ ਦੇ ਫੌਬੀਏ ਅਧੀਨ ਇਨ੍ਹਾਂ ਪੱਖੀ ਪੱਬਾਂ ਭਾਰ ਹੋ ਕੇ ਆਪਣਾ ਰਾਸ਼ਟਰੀ ਭਵਿੱਖ ਕਤਲ ਕਰਵਾਈ ਜਾ ਰਹੇ ਹਨ ? ਸਿੱਖਾਂ ਨੂੰ ਆਪਣੇ ਸਿਆਸੀ ਪੈਂਤੜੇ ਬੜੀ ਹੀ ਬਾਰੀਕ ਬੀਨੀ ਸੋਚ ਅਤੇ ਪਹੁੰਚ ਨਾਲ ਅਖ਼ਤਿਆਰ ਕਰਨੇ ਚਾਹੀਦੇ ਹਨ। ਹਰ ਸਿੱਖ ਨੂੰ ਆਪਣੇ ਇੱਕਵਲੜੇ ਜਜ਼ਬਾਤਾਂ ਨੂੰ ਅਨੁਸ਼ਾਸਨ ਦੀ ਲਗਾਮ ਲਗਾਉਣੀ ਸਿੱਖ ਲੈਣੀ ਚਾਹੀਦੀ ਹੈ ਜਿਸ ਦੀ ਕਿ ਸਿੱਖ ਕੌਮ ਵਿਚ ਨਿਹਾਇਤ ਹੀ ਕਮੀ ਨਹੀਂ ਸਗੋਂ ਮਨਫ਼ੀ ਸੋਚ ਹੈ।
ਬਹੁਤ ਸਾਰੇ ਲੋਕਾਂ ਨੂੰ ਮੇਰੀ ਗੱਲ ਮਾੜੀ ਲੱਗੇਗੀ ਅਤੇ ਕੁਰਖ਼ਤ ਕਮੈਂਟਸ ਵੀ ਆਉਣਗੇ, ਪਰ ਉਹ ਸਭ ਨਾਨਕਸ਼ਾਹੀ ਰਾਸ਼ਟਰ ਵਾਦੀ ਸੰਕਲਪ ਅਤੇ ਘਰ ਦੇ ਇੱਕ ਮੁਖੀ ਏਜੰਡੇ ਤੋਂ ਇਸ ਨਿਮਿਤ ਵਿਚਾਰਨ ਦੀ ਕਿਰਪਾ ਕਰਨ। ਇਹ ਕੋਈ ਮਾਅਰਕੇ ਵਾਲਾ ਕੰਮ ਨਹੀਂ ਹੈ ਸਗੋਂ ਕੌਮੀ ਭਵਿੱਖ ਨੂੰ ਮਾਰ ਮੁਕਾਉਣਾ ਹੈ……ਮੈਂ ਅਜਿਹੇ ਕੰਮਾਂ ਦੀ ਘੋਰ ਨਿੰਦਾ ਕਰਦਾ ਹੋਇਆ ਅਜਿਹੇ ਲੋਕਾਂ ਨੂੰ ਰੱਦ ਕਰਦਾ ਹਾਂ। ਤੁਸੀਂ ਵੀ ਕਰੋ……
ਅਤਿੰਦਰਪਾਲ ਸਿੰਘ
................................................
ਟਿਪਣੀ :- ਸਿਖਾਂ ਨੂ ਇਸ ਗਲ ਦਾ ਜਰੂਰ ਖਿਆਲ ਰਖਣਾ ਚਾਹੀਦਾ ਹੈ !
ਅਮਰ ਜੀਤ ਸਿੰਘ ਚੰਦੀ
ਅਤਿੰਦਰ ਪਾਲ ਸਿੰਘ ਖਾਲਸਤਾਨੀ
ਸ੍ਰੀ ਟਰੰਪ ਦੀ ਰੈਲੀ ਵਿਚ ਸਿੱਖ ਵੱਲੋਂ ਕੀਤੀ ਹਰਕਤ ਕੀ ਠੀਕ ਹੈ ?
Page Visitors: 2808