ਰੱਬ ਖੈਰ ਕਰੇ !!!
- ਗੁਰਦੇਵ ਸਿੰਘ ਸੱਧੇਵਾਲੀਆ
ਦਿੱਲੀ ਕਮੇਟੀ ਦੀ ਚੋਣ ਬਾਦਲ ਜਿੱਤ ਗਿਆ? ਬਾਦਲ ਕਹਿੰਦਾ ਨਹੀਂ! ਇਹ ਜਿੱਤ ਅਕਾਲ ਤਖਤ ਦੀ ਹੈ। ਪਰ ਨਹੀਂ! ਨਾ ਇਹ ਜਿੱਤ ਬਾਦਲ ਦੀ ਹੈ ਨਾ ਅਕਾਲ ਤਖਤ ਦੀ। ਫਿਰ ਕਿਸਦੀ ਜਿੱਤ ਹੈ? ਇਹ ਭਾਜਪਾ ਦੀ ਯਾਨੀ ਸਿੱਧੇ ਰੂਪ ਵਿਚ ਆਰ.ਆਰ.ਐਸ ਦੀ ਹੈ।
ਸਾਡੇ ਗੁਆਂਡ ਹਨ। ਉਹ ਨਾਨਕਸਰੀਆਂ ਦੇ ਚੇਲੇ ਹਨ। ਉਨ੍ਹਾਂ ਦੇ ਕਾਫੀ ਟਰੱਕ ਤੇ ਚੰਗਾ ਕਾਰੋਬਾਰ ਹੈ। ਉਨ੍ਹਾਂ ਨੂੰ ਜਦ ਪੁੱਛੋ ਕਿ ਕਾਰੋਬਾਰ ਕਿੰਝ ਹੈ ਤਾਂ ਉਹ ਦੋਵੇਂ ਹੱਥ ਜੋੜ ਕੇ ਕਹਿੰਦੇ ਹਨ ਕਿ ‘ਬਾਬਾ ਜੀ ਦੀ ਬੜੀ ਹੀ ਕ੍ਰਿਪਾ ਹੈ, ਸਭ ਬਾਬਾ ਜੀ ਦੀ ਹੀ ਕ੍ਰਿਪਾ ਹੈ’! ਪਰ ਜਦ ਉਸੇ ਕੰਪਨੀ ਵਿਚ ਕੰਮ ਕਰਦੇ ਲੋਕਾਂ ਕੋਲੋਂ ਪਤਾ ਲੱਗਾ ਤਾਂ ਉਹ ਬਾਬਾ ਜੀ ਦੀ ਕ੍ਰਿਪਾ ਨਹੀਂ ਸੀ, ਬਲਕਿ ਡਿਸਪੈਚਰਾਂ ਨੂੰ ਦਿੱਤੀਆਂ ਸ਼ਰਾਬ ਦੀਆਂ ਪੇਟੀਆਂ ਦੀ ਕ੍ਰਿਪਾ ਸੀ। ਬਾਦਲ ਕਹਿੰਦਾ ਇਹ ਅਕਾਲ ਤਖਤ ਦੀ ਜਿੱਤ ਹੈ। ਅਕਾਲ ਤਖਤ ਦੀ ਜਾਂ ਦਿੱਲੀ ਵਿਚ ਵੀ ਸ਼ਰਾਬ ਦੇ ਵਗਾਏ ਦਰਿਆ ਦੀ ਜਿੱਤ ਹੈ? ਜਾਂ ਭਗਵਿਆਂ ਦੀ?
ਇੱਕ ਗੱਲ ਜਿਹੜੀ ਯਾਦ ਰੱਖਣ ਜੋਗ ਹੈ ਕਿ ਜਦ ਸਿੱਖੀ ਦਾ ਭਗਵਾਂਕਰਨ, ਕਰਨ ਦਾ ਮਸਲਾ ਹੋਵੇਗਾ ਤਾਂ ਹਿੰਦੂ ਲਈ ਪਾਰਟੀ ਬਾਅਦ ਹਿੰਦੂ ਪਹਿਲਾਂ। ਹਿੰਦੂ, ਚਾਹੇ ਉਹ ਕਾਂਗਰਸ ਵਿਚ ਹੋਵੇ ਤਾਂ ਚਾਹੇ ਭਾਜਪਾ ਵਿਚ, ਉਹ ਘੱਟ ਗਿਣਤੀਆਂ ਨੂੰ ਨਿਗਲਣ ਵਿਚ ਇਕੋ ਸੋਚ ਰੱਖਦਾ ਹੈ। ਤੇ ਦੁਨੀਆਂ ਵਿਚ ਹਿੰਦੂ ਨੂੰ ਦੀਵਾ ਲੈ ਕੇ ਵੀ ਬਾਦਲ ਜਿੰਨਾ ਵੱਡਾ ਵਫਾਦਾਰ ਪਾਲਤੂ ਨਹੀਂ ਮਿਲ ਸਕਦਾ। ਮਿਲ ਸਕਦਾ? ਸਿੱਖ ਕੌਮ ਨੂੰ ਤਹਿਸ-ਨਹਿਸ ਕਰਨ ਹਿੱਤ ਬਾਦਲ, ਹਿੰਦੂ ਲਈ ਵਰਦਾਨ ਹੈ। ਉਸ ਨੂੰ ਕੁਝ ਕਰਨ ਦੀ ਲੋੜ ਨਹੀਂ ਬਸ ਬਾਦਲ ਨੂੰ ਬਚਾਉਂਣਾ ਉਸ ਲਈ ਕਾਫੀ ਹੈ।
ਇੱਕ ਹੋਰ ਦੁਖਾਂਤ ਦੇਖੋ ਮੇਰੀ ਕੌਮ ਦਾ ਉਨਹੀਂ ਕਿਥੇ ਚੁਰਾਹੇ ਲਿਆ ਖੜਾ ਕੀਤਾ ਇਸ ਨੂੰ ਕਿ ਬਾਦਲ ਸਿਰੇ ਦਾ ਗਦਾਰ ਹੋਣ ਦੇ ਬਾਵਜੂਦ ਕਈ ਭਰਾਵਾਂ ਨੂੰ ਹਾਲੇ ਵੀ ਚੰਗਾ ਲੱਗੀ ਜਾਂਦਾ। ਕਿਉਂ? ‘ਦਸਮ ਗਰੰਥ’ ਨਾਂ ਦੀ ਕਿਤਾਬ ਉਨ੍ਹਾਂ ਦੇ ਹੱਡਾਂ ਵਿਚ ਪਾਰਾ ਬਣ ਉਤਰ ਗਈ ਹੈ ਜਿਸ ਦਾ ਜ਼ਹਿਰ ਉਨ੍ਹਾਂ ਨੂੰ ਬਾਦਲ ਵਰਗੇ ਕਮੀਨੇ ਬੰਦੇ ਨੂੰ ਵੀ ਮਾੜਾ ਨਹੀਂ ਕਹਿਣ ਦੇਣ ਡਿਹਾ। ਮੇਰੇ ਇੱਕ ਮਿੱਤਰ ਦਾ ਬੇਲੀ ਹੈ ‘ਦਸਮ ਗਰੰਥ’ ਦਾ ਉਪਾਸ਼ਕ। ਉਸ ਨੇ ਜਦ ਉਸ ਨਾਲ ਗੱਲ ਕੀਤੀ, ਕਿ ਯਾਰ ਮਾੜਾ ਹੋਇਆ ਬਾਦਲ ਵਰਗਾ ਬੰਦਾ ਤਾਂ ਹਵਾਵਾਂ ਵਿਚ ਵੀ ਸਿੱਖੀ ਨਹੀਂ ਰਹਿਣ ਦੇਵੇਗਾ ਤਾਂ ਉਹ ਅਗੋਂ ਖੁਸ਼ ਹੋਇਆ ਕਹਿਣ ਲੱਗਾ ਕਿ ਚਲੋ ਧੂੰਦਿਆਂ-ਸ਼ੂੰਦਿਆਂ ਤੋਂ ਜਾਨ ਛੁੱਟੇਗੀ ਕੌਮ ਦੀ???
ਰਾਣਾ ਸਿੱਧੂ ਨੂੰ ਮੈਂ ਸੁਣ ਰਿਹਾ ਸੀ। ਉਹ ਤਾਂ ਕੋਈ ਮਿਸ਼ਨਰੀ ਨਹੀਂ ਪਰ ਉਹੋ ਜਿਹੇ ਬੰਦੇ ਵੀ ਸੋਚ ਰੱਖਦੇ ਕਿ ਭਰਾਵੋ ਆਉਣ ਵਾਲੇ ਸਮੇਂ ਵਿਚ ‘ਦਸਮ ਗਰਥੰ’ ਤੋਂ ਬਾਅਦ ਅਗਲੇ ‘ਗਰੰਥ’ ਹੁਣ ਪ੍ਰਗਟ ਹੋਣਗੇ, ਜਿਹੜੇ ਉਨਹੀਂ ਪਹਿਲਾਂ ਹੀ ਲਾਇਨ ਵਿਚ ਲਾਏ ਹੋਏ ਹਨ ਜਿਵੇਂ ‘ਸਰਬ ਲੋਹ’ ਜਾਂ ‘ਗੁਰਬਿਲਾਸ’ ਆਦਿ। ਤੇ ਆਖਰ ਉਹ ਹਉਕਾ ਲੈ ਕੇ ਕਹਿਣ ਲੱਗਾ, ‘ਰੱਬ ਖੈਰ ਕਰੇ’!
ਹਾਲੇ ਉਹ ਲੋਕ ਤਾਂ ਸੋਚ ਰਹੇ ਜਿਹੜੇ ਸਿੱਖੀ ਦੇ ਝੰਡੇ ਨਹੀਂ ਚੁੱਕੀ ਖੜੇ ਪਰ ਇਧਰ ਧਰਮ ਦੇ ਠੇਕੇਦਾਰਾਂ ਦੇ 12 ਵੱਜੇ ਪਏ! ਇਨ੍ਹਾਂ ਭਰਾਵਾਂ ਵਲ ਦੇਖ ਤਾਂ ਕਈ ਵਾਰੀ ਜਾਪਦਾ ਹਿੰਦੂ ਇਸ ਗੱਲੇ ਸੱਚਾ ਹੀ ਹੈ, ਕਿ ਸਿੱਖਾਂ ਦੇ ਬਾਰਾਂ ਵੱਜੇ। ਬਾਰਾਂ ਹੀ ਨਹੀਂ ਵੱਜੇ ਤਾਂ ਕੀ ਹੈ ਗੁਰੂ ਬਾਜਾਂ ਵਾਲੇ ਦੇ ਨਾਂ ਗੰਦੀਆਂ ਕਹਾਣੀਆਂ ਵੀ ਤਾਜੇ ਕੜਾਹ ਵਾਂਗ ਨਿਗਲੀ ਜਾ ਰਹੇ ਹਨ ਤੇ ਹਾਜਮਾ ਦੇਖੋ ਕਿੰਨਾ ਤਗੜਾ? ਅੱਜ ਦੇ ਜੁੱਗ ਵਿਚ ਵੀ ਇਨ੍ਹਾਂ ਨੂੰ ‘ਬਲੱਡ-ਪ੍ਰੈਸ਼ਰ’ ਨਹੀਂ ਹੁੰਦਾ। ਅੱਖਾਂ ਲਾਲ ਨਹੀਂ ਹੁੰਦੀਆਂ ਕਿ ਮੇਰੇ ਗੁਰੂ ਨਾਲ ਇਹ ਕਹਾਣੀਆਂ ਜੋੜਨ ਦੀ ਜੁਅਰਤ?
ਦਿੱਲੀ ਚੋਣਾਂ ਨਾ ਸਰਨਾ ਹਾਰਿਆ ਤੇ ਨਾਂ ਬਾਦਲ ਜਿੱਤਿਆ। ਇਹ ਚੋਣਾਂ ਭਗਵਾਂ ਬ੍ਰਿਗੇਡ ਜਿੱਤੀ ਜਿਸ ਦੀ ਅੱਧਿਓਂ ਵੱਧ ਕੌਮ ਨੂੰ ਸਮਝ ਨਹੀਂ ਆ ਰਹੀ। ਸਰਨੇ ਨਾਲ ਕਿਸੇ ਨੂੰ ਹਮਦਰਦੀ ਨਹੀਂ। ਬਾਦਲ ਵਰਗਾ ਕੁਰਪੱਟ ਹੀ ਸਰਨਾ ਹੈ, ਪਰ ਗਲ ਨੂੰ ਸਮਝਣ ਵਾਲਾ ਸਿੱਖ ਮਹਿਸੂਸ ਕਰਦਾ ਕਿ ਬਾਦਲ ਦੇ ਕੀ ਮਨਸੂਬੇ ਹਨ। ਨਹੀਂ ਬਾਦਲ ਦੇ ਨਹੀਂ, ਉਸ ਦੇ ਪਿੱਛੇ ਖੜੀ ਭਗਵਾਂ-ਬ੍ਰਿਗੇਡ ਦੇ। ਡਾ. ਦਿਲਗੀਰ ਦੀ ਟਿੱਪਣੀ ਸੱਚ ਹੈ ਕਿ ਬਾਦਲ ਗੱਦੀ ਖਾਤਰ ਹਿੰਦੂ ਨੂੰ ਅਪਣੀ ਕੁੜੀ ਵੀ ਦੇ ਦਏਗਾ, ਸਿੱਖੀ ਵੇਚਣੀ ਤਾਂ ਉਸ ਦੇ ਖੱਬੇ ਹੱਥ ਦਾ ਕੰਮ ਹੈ। ਨਹੀਂ?
ਪਰ ਸਿੱਖ ਨੂੰ ਇਨਾ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਪਰ ਉਨ੍ਹਾਂ ਭਰਾਵਾਂ ਨੂੰ ਜਰੂਰ ਸੋਚਣਾ ਚਾਹੀਦਾ ਕਿ ਭਰਾਵੋ ਸਾਡੇ ਨਾਲ ਸੱਪ ਅਤੇ ਡੱਡੂ ਵਾਲੀ ਕਹਾਣੀ ਹੋਣੀ ਹੈ, ਇੱਕ ਧਿਰ ਨੂੰ ਮਾਰ ਕੇ ਹਿੰਦੂ ਸੱਪ ਨੇ ਛੱਡਣੀ ਦੂਜੀ ਧਿਰ ਵੀ ਨਹੀਂ!
ਰੱਬ ਖੈਰ ਕਰੇ!!!