ਜਿਨ੍ ਮਨਿ ਹੋਰੁ ਮੁਖਿ ਹੋਰੁ...
-: ਗੁਰਦੇਵ ਸਿੰਘ ਸੱਧੇਵਾਲੀਆ
ਕੱਲ ਦੀ ਗੱਲ ਹੈ। ਮੈਂ ਡਿਕਸੀ ਗੁਰਦੁਆਰੇ ਪ੍ਰੋ. ਧੂੰਦਾ ਨੂੰ ਸੁਣਨ ਗਿਆ ਸੀ। ਉਸ ਨੇ ਕੋਈ ਚਾਲੀ ਕੁ ਮਿੰਟ ਵਿਚ ਜੋਗੀ, ਸਾਧ, ਸੁੱਖਣਾ ਵਾਲੇ, ਗੁਰਦੁਆਰਿਆਂ ਵਿੱਚ ਯੋਗਾ ਕਰਨ ਵਾਲੇ, ਸੁਆਮੀ ਦਯਾ ਨੰਦ ਵਰਗੇ ਕਈ ਕੁਝ ਵੱਡ ਟੁੱਕ ਕੇ ਮੂਹਰੇ ਰੱਖ ਦਿੱਤੇ। ਅੰਦਾਜ ਜੱਟਕਾ, ਦੇਸੀ ਤੇ ਠਾਹ! ਗੱਲ ਸਮਝ ਆਉਂਦੀ ਸਭ ਦੇ। ਪਰ ਇਥੇ ਮੇਰਾ ਵਿਸ਼ਾ ਪ੍ਰੋ. ਧੂੰਦਾ ਦੀ ਕਥਾ ਨਹੀਂ, ਹੋਰ ਹੈ!
ਇੱਕ ਕਹਾਵਤ ਹੈ ਕਿ ਮਰਦ ਤੇ ਔਰਤ ਦੀ ਨਿਸ਼ਾਨੀ ਕੀ?
ਕਹਿੰਦੇ ਮਰਦ ਦੇ ਮੁੱਛ ਤੇ ਔਰਤ ਦੀ ਗੁੱਤ?
ਪਰ ਨਹੀਂ! ਮਰਦ ਦੀ ਜ਼ੁਬਾਨ ਤੇ ਔਰਤ ਦਾ ਈਮਾਨ! ਇਹ ਨਿਸ਼ਾਨੀ ਹੈ।
ਮੈਂ ਇਹ ਗੱਲ ਸ਼ਾਇਦ ਨਾ ਸ਼ੁਰੂ ਕਰਦਾ ਜੇ ਧੂੰਦਾ ਨੂੰ ਸੁਣਨ ਗਿਆ ਮੈਂ ਮਿਸਟਰ ਦੂਲੇ ਨੂੰ ਸੱਚ ਦਾ ਉਪਦੇਸ਼ ਕਰਦਾ ਨਾ ਸੁਣਦਾ! ਪ੍ਰੋ. ਧੂੰਦਾ ਤੋਂ ਪਹਿਲਾਂ ਗੁਰਦੁਆਰੇ ਦਾ ਸੈਕਟਰੀ ਯਾਣੀ ਮਿਸਟਰ ਰਣਜੀਤ ਦੂਲੇ ਨੂੰ ਮੈਂ ਸੁਣ ਰਿਹਾ ਸੀ, ਜਿਹੜਾ ਕੋਈ 5-7 ਮਿੰਟ ਇਸ ਗੱਲ 'ਤੇ ਹੀ ਲੈ ਗਿਆ ਕਿ "ਸਾਨੂੰ ਲਾਹਾ ਲੈਣਾ ਚਾਹੀਦਾ, ਸਾਨੂੰ ਅਮਲ ਕਰਨਾ ਚਾਹੀਦਾ, ਸਾਨੂੰ ਸੁਣਕੇ ਅਪਣੇ ਜੀਵਨ ਵਿਚ ਢਾਲਣਾ ਚਾਹੀਦਾ! ਇਹ ਵੀ ਕਿ ਸੁਣਕੇ ਛੱਡ ਨਹੀਂ ਜਾਣਾ, ਬਲਕਿ ਸੱਚ ਜਿਉਂਣਾ ਚਾਹੀਦਾ..."
ਇਹ ਗੱਲ ਹਾਲੇ ਮੈਂ ਨਹੀਂ ਸੀ ਛੇੜਨੀ, ਜੇ ਮਿਸਟਰ ਦੂਲੇ ਦੇ ਸੱਚ ਦੇ ਉਪਦੇਸ਼ ਨੇ ਮੈਨੂੰ ਉਤੇਜਤ ਨਾ ਕੀਤਾ ਹੁੰਦਾ। ਹਾਲਾਂ ਕਿ ਮੈਂ ਇਹ ਵੀ ਜਾਣਦਾ ਹਾਂ ਗੁਰਦੁਆਰੇ ਦਾ 30 ਲੱਖ ਡਾਲਰ ਕੋਟਾਂ ਵਿਚ ਫੂਕਣ ਵਾਲੀ ਧਿਰ ਵਿਚ ਮਿਸਟਰ ਦੂਲੇ ਵੀ ਸ਼ਾਮਲ ਹੈ, ਤੇ ਅੱਜ ਜੇ ਮਿਸਟਰ ਦੂਲੇ ਕੋਲੇ ਗੁਰਦੁਆਰੇ ਦਾ ਮਾਈਕ ਹੈ, ਤਾਂ ਇਹ ਉਸ ਦੀ ਉਸ ਧਿਰ ਨਾਲ ਖੜ ਕੇ ਦਿੱਤੀ 'ਕੁਰਬਾਨੀ' ਕਰਕੇ ਹੈ??
ਇਸ ਨਵੀਂ ਕਲੇਸ਼ ਦਾ ਮੈਨੂੰ ਨਾ ਕੋਈ ਰਾਜਨੀਤਕ ਨਾਂ ਧਾਰਮਿਕ ਲਾਭ ਹੈ, ਸਿਵਾਏ ਕੇਸਾਂ ਦਾ ਸਾਹਮਣਾ ਕਰਨ ਦੇ, ਕਿਉਂਕਿ ਪਹਿਲਾਂ ਹੀ ਦੋ ਕੇਸ ਮੇਰੇ ਉਪਰ ਚਲ ਰਹੇ ਹਨ ਤੇ ਤੀਜੇ ਵਾਲੇ ਵੀ ਸ਼ਾਇਦ ਬਾਹਾਂ ਟੰਗੀ ਫਿਰਦੇ ਹੋਣ, ਪਰ ਸਾਨੂੰ ਕਿਉਂ ਨਹੀਂ ਬੋਲਣਾ ਚਾਹੀਦਾ? ਅਸੀਂ ਕਿੰਨਾ ਕੁ ਚਿਰ ਹਾਂ ਇਸ ਧਰਤੀ 'ਤੇ ਕਿ ਮਰਨ ਤੱਕ ਦੋ ਹਰਫ ਵੀ ਨਾ ਬੋਲ ਪਾਈਏ?
ਪਰ ਮੇਰਾ ਇੱਕ ਮੱਕਸਦ ਹੈ ਉਹ ਇਹ ਦੱਸਣਾ ਕਿ ਅਸੀਂ ਗੱਲਾਂ ਕੀ ਕਰਦੇ, ਪਰ ਅਸਲ ਵਿਚ ਸਾਡੇ ਆਗੂ ਕਰਦੇ ਕੀ ਹਨ? ਤੁਸੀਂ ਅਸੀਂ ਪੰਜਾਬ ਦੇ ਬਾਦਲਾਂ ਦੀ ਗੱਲ ਤਾਂ ਕਰਦੇ ਹਾਂ, ਪਰ ਜਿਹੜੇ ਮੇਰੇ ਆਸ ਪਾਸ ਬਾਦਲ ਵਰਤਾਰਾ ਹੈ? ਹਰੇਕ ਸ਼ਹਿਰ, ਮੁਲਕ, ਮੁਹੱਲੇ ਬਾਦਲ ਹਨ! ਤੁਹਾਡੇ ਗੁਰਦੁਆਰਿਆਂ ਵਿਚ ਬਾਦਲ ਨਹੀਂ?
ਪਰ ਚਲੋ ਗੱਲ ਹੋਰ ਪਾਸੇ ਚਲੇ ਗਈ। ਮੈਂ ਤਾਂ ਇਸ ਹੱਡੀਂ ਵਾਪਰੀ ਕਹਾਣੀ ਰਾਹੀਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਹਾਂ ਕਿ ਵੱਡੀਆਂ ਤੇ ਉੱਚੀਆਂ ਗੱਲਾਂ ਕਰਨ ਵਾਲੇ ਗੁਰਦੁਆਰਿਆਂ ਦੇ ਚੌਧਰੀ ਸੱਚ, ਜੁਬਾਨ, ਅਮਲ, ਬਚਨ, ਜਾਂ ਗੁਰੂ ਸਾਹਿਬਾਨਾਂ ਪ੍ਰਤੀ ਕਿੰਨੇ ਕੁ ਸੁਹਿਰਦ ਹਨ, ਇਸ ਘਟਨਾ ਤੋਂ ਤੁਹਾਨੂੰ ਜਾਣਕਾਰੀ ਹੋ ਜਾਣੀ ਚਾਹੀਦੀ। ਇਹ ਲੋਕ ਸਟੇਜਾਂ 'ਤੇ ਕੀ ਅਤੇ ਰਾਮਲੀਲ੍ਹਾ ਪਾਤਰਾਂ ਵਾਂਗ ਸਟੇਜ ਤੋਂ ਹੇਠਾਂ ਕੀ? ਇਹ ਜਾਨਣਾ ਕਿਉਂ ਜ਼ਰੂਰੀ ਨਹੀਂ?
ਇਹ ਗੱਲ ਉਦੋਂ ਦੀ ਜਦ ਖ਼ਬਰਦਾਰ ਵਿਚ ਅਖੌਤੀ ਤਰਕਸ਼ੀਲਾਂ ਵਲੋਂ ਗੁਰੂ ਸਾਹਿਬਾਨਾਂ ਪ੍ਰਤੀ ਵਰਤੀ ਮਾੜੀ ਸਬਦਾਵਲੀ ਨੂੰ ਲੈ ਕੇ ਖ਼ਬਰ ਲੱਗੀ ਸੀ। ਭਾਈ ਚਾਰੇ ਵਿਚ ਗੁੱਸਾ ਦੇਖ ਡਿਕਸੀ ਗੁਰਦੁਆਰੇ ਇਕੱਠ ਹੋਇਆ ਸੀ, ਜਿਸ ਵਿਚ ਦੋ ਬੰਦੇ ਖਾਸ ਤੌਰ 'ਤੇ ਵਰਨਣਜੋਗ ਹਨ, ਜਿੰਨਾ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਹਿੱਕ ਥਾਪੜ ਕੇ ਕਿਹਾ ਸੀ ਕਿ ਇਸ ਸਬੰਧੀ ਜੇ ਖ਼ਬਰਦਾਰ ਉਪਰ ਕੇਸ ਚਲਿਆ, ਤਾਂ ਉਹ ਖੁਦ ਲੜਨਗੇ, ਕਿਉਂਕਿ ਇਹ ਮਸਲਾ ਖ਼ਬਰਦਾਰ ਦਾ ਨਿੱਜੀ ਨਹੀਂ! ਇਹ ਦੋ 'ਮਹਾਂਪੁਰਖ' ਸਨ ਰਣਜੀਤ ਸਿੰਘ ਦੂਲੇ ਅਤੇ ਬਲਕਰਨ ਸਿੰਘ ਗਿੱਲ!
ਚਲੋ ਕੇਸ ਦੀ ਖਾਧੀ ਕੜੀ, ਨਾ ਇਨੀ ਲੜਿਆ ਨਾ ਲੜਨਾ ਸੀ, ਪਰ ਮੇਰੇ ਵਕੀਲ ਨੇ ਕਿਹਾ ਵਿਰੋਧੀ ਧਿਰ 'ਅਮੋਸ਼ਨ' ਨਾ ਲੈ ਆਵੇ, ਇਸ ਲਈ ਮੈਨੂੰ ਕਿਸੇ ਜਿੰਮੇਵਾਰ ਸੱਜਣਾਂ ਦੇ ਹਲਫੀਆ ਬਿਆਨ ਚਾਹੀਦੇ ਕਿ ਇਸ ਸਬੰਧੀ ਉਸ ਧਿਰ ਦਾ ਇੱਕ ਸੱਜਣ ਗੁਰਦੁਆਰੇ ਬਕਾਇਦਾ ਵਿੰਗੀ ਟੇਹਢੀ ਮਾਫੀ ਮੰਗ ਕੇ ਗਿਆ ਹੈ।
ਮੇਰੀ ਨਿਗਾਹ ਵਿਚ ਜਿੰਮੇਵਾਰ ਦੋ ਬੰਦੇ ਸਨ, ਜਿੰਨਾ ਗੁਰਦੁਆਰੇ ਖੜਕੇ ਇਸ ਕੇਸ ਦੀ ਜਿੰਮੇਵਾਰੀ ਲੈਣ ਦੀ ਗੱਲ ਕੀਤੀ ਸੀ। ਇਹ ਗੱਲ ਕੋਈ ਪਿੱਛਲੀ ਵਿਸਾਖੀ ਕੁ ਵਾਲੇ ਦਿਨਾਂ ਦੀ ਹੈ। ਮਿਸਟਰ ਦੂਲੇ ਹੋਰਾਂ ਨੂੰ ਫੋਨ ਕੀਤਾ, ਉਹ ਕਹਿੰਦੇ ਨਗਰ ਕੀਰਤਨ ਵਿਚ ਬਿੱਜੀ ਹਾਂ, ਅਗਲੇ ਹਫਤੇ ਫੋਨ ਕਰਨਾ। ਅਗਲੇ ਹਫਤੇ ਕੀਤਾ ਕਹਿੰਦੇ ਸ਼ਨੀਵਾਰ ਐਗਜੈਕਟਿਵ ਦੀ ਮੀਟਿੰਗ ਹੈ ਠਹਿਰ ਕੇ ਕਰਨਾ। ਠਹਿਰ ਕੇ ਕੀਤਾ ਤਾਂ ਜਵਾਬ ਪਤਾ ਕੀ ਮਿਲਿਆ?
ਸਾਡਾ ਸਰਬ-ਸਾਂਝਾ ਫੈਸਲਾ ਹੋਇਆ ਹੈ 'ਐਗਜ਼ੈਕਟਿਵ' ਦਾ ਕਿ ਅਸੀਂ ਕਿਸੇ ਦੀ ਨਿੱਜੀ ਲੜਾਈ ਵਿਚ ਨਹੀਂ ਪੈਣਾ?????????????
ਤੁਸੀਂ ਸਮਝ ਗਏ ਮਿਸਟਰ ਦੂਲੇ ਕੀ ਕਹਿ ਰਹੇ ਨੇ, ਤੇ ਉਸ ਦਿਨ ਸਟੇਜ 'ਤੇ ਕੀ ਕਹਿ ਕੇ ਗਏ ਸਨ???
ਪਰ ਇੱਕ 'ਐਗਜ਼ੈਕਟਿਵ' ਦੇ ਜਿੰਮੇਵਾਰ ਇੱਕ ਸੱਜਣ ਨੂੰ ਮੈਂ ਜਦ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਨਗਰ ਕੀਰਤਨ ਤੋਂ ਬਾਅਦ ਤਾਂ ਹਾਲੇ ਤੱਕ ਕੋਈ 'ਐਗਜ਼ੈਕਟਿਵ' ਦੀ ਮੀਟਿੰਗ ਹੀ ਨਹੀਂ ਹੋਈ????
ਦੂਜੇ 'ਮਹਾਪੁਰਖ' ਬਾਰੇ ਵੀ ਸੁਣਦੇ ਜਾਉ। ਮਿਸਟਰ ਬਲਕਰਨ ਨੂੰ ਫੋਨ ਕੀਤਾ, ਉਹ ਕਹਿੰਦੇ ਬਾਕੀ ਸਿੰਘਾਂ ਨਾਲ ਗੱਲ ਕਰਕੇ ਦੱਸਦੇ ਹਾਂ। ਅਗਲੇ ਦਿਨ ਫੋਨ! ਨਹੀਂ ਚੁੱਕਿਆ! ਫਿਰ ਫੋਨ ਨਹੀਂ ਚੁੱਕਿਆ! ਫਿਰ! ਨਹੀਂ ਚੁੱਕਿਆ! ਮੈਸਿਜ! ਕੋਈ ਜਵਾਬ ਨਹੀਂ????? ਤੁਸੀਂ ਸਮਝ ਗਏ ਨਾ??
ਸਮਾਂ ਲੰਘ ਚਲਿਆ ਸੀ, ਹਲਫੀਆ ਬਿਆਨ ਦਾ ਆਖਰੀ ਦਿਨ ਸੀ। 'ਵੀਕਡੇਅ' ਹੋਣ ਕਾਰਨ ਬਹੁਤੇ ਭਰਾ ਕੰਮਾਂ 'ਤੇ ਸਨ। ਐਨ ਸਮੇਂ ਸਿਰ ਦੋ ਬੰਦੇ ਹਲਫੀਆ ਬਿਆਨ ਦੇਣ ਪਹੁੰਚੇ, ਜਿਹੜੇ ਉਸ ਦਿਨ ਵਾਲੀ ਖੁਲ੍ਹੀ ਮੀਟਿੰਗ ਵਿਚ ਸ਼ਾਮਲ ਸਨ। ਸ੍ਰ. ਦਰਸ਼ਨ ਸਿੰਘ ਘਣਕੱਸ ਤੇ ਪਰਮਿੰਦਰ ਸਿੰਘ ਖਹਿਰਾ! ਖਹਿਰਾ ਆਪਣੇ ਬੱਚੇ ਚੁੱਕ ਰਿਹਾ ਸੀ ਸਕੂਲੋਂ, ਜਦ ਫੋਨ ਗਿਆ ਉਹ ਬੰਦਾ ਘਰ ਨਹੀਂ ਪਹੁੰਚਿਆ ਸਮੇਤ ਨਿਆਣਿਆ ਵਕੀਲ ਕੋਲੇ? ਇਹ ਦੋਨੋ ਕਿਸੇ ਗੁਰਦੁਆਰੇ ਦੇ ਚੌਧਰੀ ਨਹੀਂ ਹਨ!
ਇਸ ਕਹਾਣੀ ਨੂੰ ਛੋਹਣ ਦਾ ਮੱਤਲਬ ਕਿ ਸਟੇਜਾਂ 'ਤੇ ਕੀ ਤੇ ਹੇਠਾਂ ਕੀ? ਦੂਜਾ ਜਿਸ ਗੁਰੂ ਦੇ ਨਾਂ 'ਤੇ ਗੁਰਦੁਆਰੇ ਚਲਦੇ ਨੇ, ਤੇ ਇਹ ਲੋਕ ਆਪਣੀਆਂ ਚੌਧਰਾਂ ਕਾਇਮ ਰੱਖ ਰਹੇ ਨੇ, ਉਸ ਗੁਰੂ ਦੀ ਬੇਇਜੱਤੀ ਕੀਤੀ ਕੁੱਝ ਟੁਕੜਬੋਚਾਂ, ਪਰ ਇਹ ਕਿਸੇ ਕੰਮ ਨਹੀਂ ਆਏ। ਗੱਲਾਂ ਤੇ ਨਾਹਰੇ ਜਿੰਨੇ ਮਰਜੀ ਮਰਵਾ ਲਓ !
ਪਰ ਮਿਸਟਰ ਦੂਲੇ ਦੀ ਇੱਕ ਗੱਲ ਵਾਜਬ ਸੀ, ਕਿ ਉਹ ਲੜਾਈ ਮੇਰੀ ਨਿੱਜੀ ਸੀ, ਕਿਉਂਕਿ ਬਾਪ ਮੇਰੇ ਨੂੰ ਗਾਹਲਾਂ ਕੱਢੀਆਂ ਗਈਆਂ ਸਨ, ਬੋਲਿਆ ਮੈਂ ਸੀ ਤੇ ਲੜਾਈ ਵੀ ਤਾਂ ਮੇਰੀ ਨਿੱਜੀ ਹੀ ਹੋਈ ਨਾ। ਇਨ੍ਹਾਂ ਦਾ ਕਿਹੜਾ ਉਹ ਕੁੱਝ ਲੱਗਦਾ ਸੀ। ਲੱਗਦਾ ਹੁੰਦਾ ਤਾਂ ਇੰਝ ਦੌੜਦੇ ਇਹ?
ਪਰ ਕੱਲ ਮੈਂ ਸੁਣ ਰਿਹਾ ਸੀ ਕਿ ਕੇਵਲ ਸੁਣਨਾ ਹੀ ਨਹੀਂ, ਭਾਈ ਸਾਨੂੰ ਅਮਲ ਕਰਨਾ ਚਾਹੀਦਾ?
ਗੁਰਦੇਵ ਸਿੰਘ ਸੱਧੇਵਾਲੀਆ
ਜਿਨ੍ ਮਨਿ ਹੋਰੁ ਮੁਖਿ ਹੋਰੁ...
Page Visitors: 2527