ਰੁਦਰ ਦੀ ਮਾਲਾ...?
ਗਰਮੀ ਦਾ ਮੌਸਮ ਆ ਗਿਆ ਸੀ, ਬਾਬਾ ਫੌਜਾ ਸਿੰਘ ਇਕ ਦਿਨ ਸ਼ਾਮੀ ਜਿਹੀ ਸੈਰ ਕਰਨ ਪਾਰਕ ਨੂੰ ਨਿਕਲ ਗਿਆ। ਪਿੱਛਲੇ ਘਰ ਦਾ ਗੁਆਂਢੀ ਬਾਬੇ ਨੂੰ ਮਿਲ ਪਿਆ। ਬਾਬੇ ਦੇਖਿਆ ਕਿ ਉਹ ਗਰਮੀ ਹੋਣ ਦੇ ਬਾਵਜੂਦ ਵੀ ‘ਝੱਗੇ’ ਦਾ ਉਪਰਲਾ ਕਾਲਰ ਘੁੱਟੀ ਜਾ ਰਿਹਾ ਸੀ। ਬਾਬੇ ਨੂੰ ਸ਼ੱਕ ਜਿਹਾ ਹੋਇਆ ਜਿਵੇਂ ਉਹ ਕੁਝ ਲੁਕਾ ਰਿਹਾ ਹੈ। ਆਖਰ ਬਾਬੇ ਨੇ ਉਸ ਦੀ ਇਹ ਔਖਿਆਈ ਜਿਹੀ ਤਾੜ ਪੁੱਛ ਹੀ ਲਿਆ ਕਿ "ਭਾਅ ਗਲਾ ਜਿਹਾ ਕਿਉਂ ਘੁੱਟੀ ਜਾ ਰਿਹੈਂ, ਜਿਵੇਂ ਕੁਝ ਲੁਕਾਇਆ ਹੋਵੇ !!!"
ਗੁਆਂਢੀ, ਹੀ, ਹੀ, ਹੀ, ਹੀ, ਨਹੀਂ ਕੁਝ ਨਹੀਂ ਬੱਸ ਐਵੇਂ ਹੀ! ਤੇ ਉਸ ਚੋਰੀ ਫੜੀ ਗਈ ਕਰਕੇ ਗਲਾ ਖੁਲ੍ਹਾ ਛੱਡ ਦਿੱਤਾ।
ਬਾਬਾ ਫੌਜਾ ਸਿੰਘ, ਓ ਭਾਈ ਆਹ ਕੀ ਬੇਰ ਜਿਹੇ ਗਲ ਪਾਈ ਫਿਰਦਾਂ?
ਗੁਆਂਢੀ, ਬੇਰ ਜਿਹੇ ਨਹੀਂ ਬਾਬਾ, ਇਹ "ਰੁਦਰ ਦੀ ਮਾਲਾ" ਹੈ!
ਬਾਬਾ ਫੌਜਾ ਸਿੰਘ, ਇਸ ਨਾਲ ਕੀ ਹੁੰਦਾ। ਬਾਬੇ ਜਾਣ ਕੇ ਪੁੱਛਿਆ।
ਗੁਆਂਢੀ, ਇਹ ਬਾਬਾ ਬੜੀ ਮਹਿੰਗੀ ਮਾਲਾ ਰੁਦਰ ਦੇ ਰੁੱਖ ਦੀ, ਇਸ ਨੂੰ ਸ਼ਿਵ ਜੀ ਭਗਵਾਨ ਦਾ ਵਰ ਹੋਇਆ ਹੋਇਆ ਸੀ।
ਬਾਬਾ ਫੌਜਾ ਸਿੰਘ, ਪਰ ਤੈਨੂੰ ਕੀ ਲੋੜ ਪੈ ਗਈ ਸ਼ਿਵ ਜੀ ‘ਭਗਵਾਨ’ ਦੀ।
ਉਸ ਅਪਣੇ ਦੁੱਖਾਂ ਦੀਆਂ ਕਈ ਪੰਡਾਂ ਬਾਬੇ ਅਗੇ ਖ੍ਹੋਲ ਮਾਰੀਆਂ ਜਿਹੜੀਆਂ ਇਹ ਮਾਲਾ ਪਾਉਂਣ ਨਾਲ ਹੌਲੀਆਂ ਹੋਈਆਂ ਸਨ।
ਬਾਬਾ ਫੌਜਾ ਸਿੰਘ, ਸਿਰ 'ਤੇ ਤੇਰੇ ਪੱਗ ਬੰਨੀ ਤੁਰਿਆ ਤੂੰ ਸ਼ਿਵ ਜੀ ਮਗਰ ਫਿਰਦਾਂ?
ਗੁਆਂਢੀ, ਲੈ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਸ਼ਿਵ ਜੀ ਦੀ ਅਰਾਧਨਾ ਕੀਤੀ ਸੀ ਹੇਮਕੁੰਟ 'ਤੇ।
ਬਾਬੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ‘ਮੱਨੁਖ’ ਦੀ ਅਕਲ ਤੇ ਰੋਵੇ ਜਾਂ ਹੱਸੇ।
ਬਾਬਾ ਫੌਜਾ ਸਿੰਘ, ਪਰ ਹੇਮਕੁੰਟ ਵਾਲੀ ‘ਕਥਾ’ ਤਾਂ ‘ਕਾਲਕਾ ਅਰਾਧੀ’ ਦੱਸਦੀ, ਤੂੰ ਸ਼ਿਵ ਜੀ ਕਿਥੋਂ ਕੱਢ ਮਾਰਿਆ?
ਬਾਬੇ ਦੀ ਇਸ ਗੱਲ ਤੋਂ ਉਹ ਥੋੜਾ ਭੰਵਤਰ ਜਿਹਾ ਗਿਆ, ਪਰ ਉਸ ਨੇ ਅਗਲੀ ‘ਕਥਾ’ ਸੁਣਾ ਮਾਰੀ, ਜਿਸ ਅਨੁਸਾਰ ‘ਦੁਸ਼ਟ-ਦੁਮਨ’ ਨਾਂ ਦੇ ਭਗਤ ਨੇ ਹੇਮਕੁੰਟ ਪੰਜ ਹਜਾਰ ਸਾਲ ਘੋਰ ਤੱਪ ਕੀਤਾ ਤੇ ਉਹੀ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਸਨ। ਉਹ ਸੁਣੀ ਸੁਣਾਈ ਕਹਾਣੀ ਕਰਕੇ ‘ਦੁਸਟ ਦਮਨ’ ਨੂੰ ‘ਦੁਸਟ ਦੁਮਨ’ ਹੀ ਕਹੀ ਜਾ ਰਿਹਾ ਸੀ।
ਬਾਬੇ ਫੌਜਾ ਸਿੰਘ ਨੂੰ ਉਸ ਦੀ ਇਹ ਬੇਥਵੀ ਜਿਹੀ ਸੁਣਕੇ ਬਾਬੇ ਲੂਲ੍ਹੋਂ ਵਾਲੇ ਦੀ ‘ਬੇਥਵੀ’ ਯਾਦ ਆ ਗਈ, ਜਿਸ ਵਿੱਚ ਉਹ ਕਹਿ ਰਿਹਾ ਸੀ ਕਿ "ਸਾਧ ਸੰਗਤ ਜੀ ਹੇਮਕੁੰਟ ਵਰਗੀਆਂ ਠਰੀਆਂ ਪਹਾੜੀਆਂ ਤੇ ਐਂਵੇ ਨਹੀਂ ਬੈਠ ਹੁੰਦਾ, ਸਗੋਂ ਇਸ ਦੀ ਤਿਆਰੀ ਲਈ ਗੁਰੂ ਸਾਹਬ ਨੇ ਹਜੂਰ ਸਾਹਬ ਸੱਚਖੰਡ ਵਾਲੀ ਥਾਂ 'ਤੇ ਤੱਪ ਕਰਕੇ ਪਹਿਲਾਂ ਤਿਆਰੀ ਕੀਤੀ ਸੀ।"
ਪੂਰੀ ਕਹਾਣੀ ਮੁਤਾਬਕ ਜਦ ਗੁਰੂ ਸਾਹਿਬ ਹਜੂਰ ਸਾਹਿਬ ਗਏ, ਤਾਂ ਗੁਦਾਵਰੀ ਕੰਢੇ ਖੜਕੇ ਉਨ੍ਹਾਂ ਤੀਰ ਮਾਰਿਆ ਜਿਹੜਾ ਮਸਜ਼ਿਦ ਦੇ ਵੱਜਾ, ਤਾਂ ਮਸਜ਼ਿਦ ਦੀ ਕੰਧ ਢੱਠ ਗਈ। ਮੁਸਲਮਾਨਾਂ ਇਕੱਠੇ ਹੋ ਕੇ ਬਹਾਦਰ ਸ਼ਾਹ ਕੋਲੇ ਸ਼ਕਾਇਤ ਕੀਤੀ, ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਜਗ੍ਹਾ ਸਾਡੀ ਹੈ, ਇਥੇ ਸਾਡਾ ਪਿੱਛਲੇ ਜਨਮ ਦਾ ਧੂਣਾ ਹੈ, ਤੇ ਜਦ ਮਸਜ਼ਿਦ ਢਾਹ ਕੇ ਦੇਖਿਆ ਗਿਆ ਤਾਂ ਸੱਚਮੁਚ ਉਥੋਂ ਗੁਰੂ ਸਾਹਿਬ ਦਾ ਧੂਣਾ, ਸਿੱਪੀ, ਕਰਮੰਡਲ ਤੇ ਹੋਰ ਕਈ ਕੁਝ ਨਿਕਲਿਆ। ਤੇ ਉਥੇ ਹੀ ਹੁਣ ਸੱਚਖੰਡ ਵਾਲੀ ਥਾਂ ਹੈ। ਆਖੋ ਸਾਤਿਨਾਮ ਵਾਹਿਗੁਰੂ....
ਬਚਿੱਤਰ ਨਾਟਕ ਨੇ ਇਸ਼ਾਰਾ ਕੀਤਾ ਹੇਮ ਕੁੰਟ ਦਾ, ‘ਸੂਰਜ ਪ੍ਰਕਾਸ਼’ ਨੇ ਦੁਸਟ-ਦਮਨ ਦੀ ਪੂਰੀ ਕਹਾਣੀ ਲਿਖ ਮਾਰੀ, ਜਿਸ ਵਿੱਚ ਦੁਸਟ-ਦਮਨ ਬ੍ਰਾਹਮਣ ਦੀ ਖੱਲ ਚੋਂ ਪੈਦਾ ਹੋਇਆ ਸਾਬਤ ਕਰ ਦਿੱਤਾ ਤੇ ਭਾਈ ਵੀਰ ਸਿੰਘ ਨੇ ਜਾਣਦੇ ਬੁਝਦੇ ਹੋਏ ਨੇ ਵੀ ਐਸਾ ਉਧਰ ਮੁੰਹ ਚੁਕਿਆ ਕਿ ਕੋਲੋਂ ਪੈਸਾ ਖਰਚ ਕੇ ਸਾਬਤ ਕਰ ਦਿੱਤਾ, ਕਿ ਇਸ ਕੌਮ ਦੇ 'ਵਿਦਵਾਨ' ਐਸੇ ਵੀ ਹੁੰਦੇ ਨੇ, ਤੇ ਸਿੱਖਾਂ ਦੇ ਖੱਡਾਂ 'ਚ ਡਿੱਗ ਡਿੱਗ ਮਰਨ ਦਾ ਸਮਾਨ ਪੈਦਾ ਕਰ ਦਿੱਤਾ, ਜਿਹੜੇ ਖੋਤਿਆਂ 'ਤੇ ਚੜ੍ਹ ਚੜ੍ਹ, ਗੁਰੂ ਆਪਣੇ ਨੂੰ ਬ੍ਰਾਹਮਣ ਦੀ ਖੱਲ 'ਚੋਂ ਪੈਦਾ ਹੋਇਆ ਸਾਬਿਤ ਕਰਕੇ, ਆਪਣੀ ਹੀ ਅਕਲ ਦਾ ਜਲੂਸ ਕੱਢ ਰਹੇ ਹਨ!!!
ਬਾਬੇ ਨੇ ਉਸ ਦੀ ਮਾਲਾ 'ਤੇ ਜਿਆਦਾ ਫਸਣਾ ਠੀਕ ਨਾ ਜਾਤਾ, ਉਹ ਸੋਚ ਰਿਹਾ ਸੀ ਕਿ ਜਦ ਮੇਰੇ ਬੇੜੇ ਦੇ ਮੁਹਾਣੇ ਹੀ ਇਸ ਨੂੰ ਮੰਝਧਾਰ ਵਲ ਧੱਕ ਰਹੇ ਹਨ, ਤਾਂ ਇੰਨ੍ਹਾ ਆਮ ਸਿੱਖਾਂ ਦਾ ਕੀ ਕਸੂਰ। ਬਾਬੇ ਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਬਾਬੇ ਜਦ ਘਰ ਬਦਲਿਆ, ਤਾਂ ਦੂਜਾ ਘਰ ਲੈਣ ਲਈ ਉਸ ਨੇ ਕੋਈ 20 ਘਰ ਦੇਖੇ। ਪਰ ਵੀਹਾਂ ਵਿਚੋਂ 10-12 ਘਰਾਂ ਵਿੱਚ ਸ਼ਿਵ ਜੀ ਤੋ ਬਿਨਾ ਵਡਭਾਗ ਸਿੰਘ ਦੀ ਮੂਰਤੀ ਵੀ ਟੰਗੀ ਹੋਈ ਸੀ, ਜਿਥੇ ਬਕਾਇਦਾ ‘ਪੂਜਾ’ ਦਾ ਸਮ੍ਹਾਨ ਤੇ ਆਰਤੀ ਵਾਲੇ ਦੀਵਿਆਂ ਦੀ ਥਾਲੀ ਆਮ ਰੱਖੀ ਹੋਈ ਸੀ ਤੇ ਘਰ ਸਾਰੇ ‘ਸਿੱਖਾਂ’ ਦੇ ਸਨ।
ਕੈਲੇਫੋਰਨੀਆਂ ਤੋਂ ਬਾਬੇ ਦੇ ਮਿੱਤਰ ਦਾ ਇੱਕ ਦਿਨ ਫੋਨ ਆਉਂਦਾ ਹੈ, ਕਿ ਬਾਬਾ ਫੌਜਾ ਸਿੰਆਂ ਤੂੰ ‘ਨੈਗਟਿਵ’ ਬਹੁਤ ਚਲਦਾਂ।
ਬਾਬੇ ਦੇ ਮੂੰਹੋਂ ਸੁਭਾਇਕੀ ਨਿਕਲ ਗਿਆ, ਕਿ ਹੋਰ ਤੇਰਾ ਸਿਆਪਾ ਕਰਾਂ, ਕਿ ਅਸੀਂ ਤੁਸੀਂ ਬੜੇ ਮਹਾਨ ਹਾਂ ਅਤੇ ਸਾਡੇ ਮੂੰਹਾਂ 'ਤੇ ਖਾਲਸਈ ਜਲੋਅ ਦੀਆਂ ਲਾਲੀਆਂ ਚੋ ਚੋ ਪੈ ਰਹੀਆਂ ਹਨ। ਸਿੱਖੀ ਦੀ ਸ਼ਕਲ ਨਹੀਂ ਦਿੱਸਦੀ ਤੈਨੂੰ ਸ਼ੀਸੇ ਵਿੱਚ। ਇਸ ਮਿਲਗੋਭੇ ਜਿਹੇ ਨੂੰ ਹੋਰ ਖਾਲਸੇ ਦੀ ਕੀ ਸ਼ਾਨ ਕਹਾਂ?
ਪਰ ਤੈਨੂੰ ਚੰਗਾ ਕੁਝ ਨਹੀਂ ਦਿੱਸਦਾ? ਉਹ ਭੁੜਕਿਆ ਅੱਗੋਂ।
ਦਿੱਸਦਾ ਕਰਕੇ ਹੀ ਤਾਂ ਰੋਣ ਡਿਹਾਂ ਕਿ ਉਸ ਚੰਗੇ ਨੂੰ ਮੁਹਾਣੇ ਤੇਰੇ ਤਬਾਹ ਕਰੀ ਜਾ ਰਹੇ ਹਨ। ਸ਼ੇਰਾਂ ਵਰਗੀ ਕੌਮ ਟੱਲੀਆਂ ਖੜਕਾਉਂਣੀਆਂ ਭੇਡਾਂ ਵਿੱਚ ਰਲੀ ਜਾ ਰਹੀ ਹੈ। ਰੋਲ ਕੇ ਰੱਖ 'ਤੇ ਕੌਮ ਮੇਰੀ ਦੇ ਦੂਲੇ, ਲੱਭ ਕਿਥੇ ਤੇਰੀਆਂ ਸਟੇਜਾਂ 'ਤੇ ਨਲੂਏ, ਬੰਦੇ ਬਹਾਦਰ, ਅਕਾਲੀ ਫੂਲਾ ਸਿੰਘ, ਨੀਹਾਂ ਵਿਚ ਚਿਣੇ ਜਾਣ ਵਾਲੇ, ਖੈਬਰਾਂ ਤੱਕ ਧਮਕਾਂ ਪਾਉਂਣ ਵਾਲੇ। ਇਨ੍ਹਾਂ ਭੇਡਾਂ ਦੇ ਵੱਗਾਂ ਨੂੰ ਹੋਰ ਖਾਲਸਾ ਕਹਾਂ, ਜਿਹੜੇ ਗੰਦੀਆਂ ਕਵਿਤਾਵਾਂ ਅਗੇ ਹੀ ਆਰਤੀਆਂ ਕਰੀ ਜਾ ਰਹੇ ਹਨ? ਹਿੰਦੂ ਦੇ ਆਪਣੇ ਗਰੰਥਾਂ ਮੁਤਾਬਕ ਭੰਗ ਅਤੇ ਧਤੂਰਾ ਪੀਣੇ ਸ਼ਿਵ ਨੂੰ ਭਗਵਾਨ ਮੰਨੀ ਫਿਰਦੇ ਹਨ? ਇਸ ਕਾਲੀ ਬੋਲੀ ਹਨੇਰੀ ਵਿੱਚ ਕੌਮ ਪੱਤਿਆਂ ਵਾਂਗ ਉੱਡ ਰਹੀ ਏ ਰੌਲਾ ਨਾ ਪਾਵਾਂ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਰੁਦਰ ਦੀ ਮਾਲਾ...?
Page Visitors: 2715