ਸਿਮਰਨਜੀਤ ਸਿੰਘ ਮਾਨ ਅਤੇ ਪੰਜਾਬ ਦੀ ਰਾਜਨੀਤੀ
ਪਿਛਲਿਆਂ ਸਮਿਆਂ ਵਿਚ ਸਿਮਰਨਜੀਤ ਸਿੰਘ ਮਾਨ ਦੇ ਕੀਤੇ ਕੰਮਾ ਤੋਂ ਇੱਕ ਗੱਲ ਤਾਂ ਸਪੱਸ਼ਟ ਹੋਈ ਹੈ ਕਿ ਉਹ ਬਹੁਤੇ ਕੰਮ ਉਹ ਕਰਦਾ ਰਿਹਾ ਹੈ ਜਿਹੜੇ ਉਸ ਦੇ ਨਹੀਂ ਹੁੰਦੇ ਤੇ ਜਿੰਨਾ ਦਾ ਕੌਮ ਨੂੰ ਕਦੇ ਕੋਈ ਫਾਇਦਾ ਨਹੀਂ ਹੋਇਆ! ਮਾਨ ਦੇ ਜਿਹਲ ਚੋਂ ਅਪਣੇ 'ਪ੍ਰੂਭੂਆਂ' ਅੱਗੇ ਕੀਤੇ ਰਿਹਾਈ ਵੇਲੇ ਦੇ ਤਰਲਿਆਂ ਤੋਂ ਲੈ ਕੇ ਕ੍ਰਿਪਾਨ ਦੇ ਮੁੱਦੇ ਤੋਂ ਲੈ ਕੇ ਸਰਬਤ ਖਾਲਸੇ ਤੱਕ ਦੀਆਂ ਕੀਤੀਆਂ ਕਾਰਵਾਈਆਂ, ਮਾਨ ਦੀਆਂ ਨੀਤੀਆਂ ਨੂੰ ਸਪੱਸ਼ਟ ਕਰਦੀਆਂ ਹਨ।
ਰਾਜਨੀਤਕ ਦੰਗਲ ਵਿਚ ਇਸ ਵਾਰੀ ਪੰਜਾਬ ਵਿਚ ਤਿੰਨ ਧਿਰਾਂ ਉਭਰ ਕੇ ਸਾਹਵੇਂ ਆਈਆਂ ਜਿਸ ਵਿਚ ਨਵੀਂ ਧਿਰ ਹੈ "ਆਮ ਆਦਮੀ ਪਾਰਟੀ"। ਇਸ ਵਾਰੀ ਪਹਿਲੀਆਂ ਦੋਹਾਂ ਪਾਰਟੀਆਂ ਦੀ ਲੜਾਈ ਆਪਸ ਵਿਚ ਦੀ ਬਜਾਇ ਉਨ੍ਹਾਂ ਦੀਆਂ ਤੋਪਾਂ ਦਾ ਮੂੰਹ ਆਮ ਪਾਰਟੀ ਵਲ ਹੈ। ਕਾਰਨ ਸਪੱਸ਼ਟ ਹੈ ਇਸ ਵਾਰੀ ਦੋਂਹ ਪਾਰਟੀਆਂ ਦਾ 'ਉਤਰ ਕਾਂਟੋਂ ਮੈਂ ਚੜ੍ਹਾਂ' ਵਾਲੀ ਕਹਾਣੀ ਫਿਹਲ ਹੁੰਦੀ ਜਾਪਦੀ। ਹਰ ਵਾਰੀ ਹੋ ਰਹੇ 'ਫ੍ਰੈਂਡਲੀ ਮੈਚ' ਵਿਚ ਇਸ ਵਾਰੀ ਨਵੀ ਟੀਮ ਸੱਚੀਂ ਹੀ ਖੇਡਣ ਦੇ ਰਉਂ ਵਿਚ ਹੈ ਜਿਸ ਕਰਕੇ ਪਹਿਲੀਆਂ ਦੋਵੇਂ ਟੀਮਾਂ ਇਸ ਦੁਆਲੇ ਡਾਂਗ ਚੁੱਕੀ ਖੜੀਆਂ ਹਨ ਤੇ ਉਨ੍ਹਾਂ ਦੋਹਾਂ ਦਾ ਸਾਝਾਂ ਦੁਸ਼ਮਣ ਕੇਜਰੀਵਾਲ ਜਾਪਦਾ ਹੈ! ਆਮ ਦਿਨੀ ਇਕੱਠੇ ਰੱਸਗੁਲੇ ਛਕਣ ਵਾਲੇ, ਪਰ ਚੋਣਾਂ ਵੇਲੇ ਮਿਹਣਿਓਂ ਮਿਹਣੀ ਹੋ ਕੇ ਲੋਕਾਂ ਅੱਖੀਂ ਘੱਟਾ ਪਾਉਂਣ ਵਾਲੇ ਇਸ ਵਾਰੀ ਰਸਮੀ ਜਿਹੇ ਵੀ ਇੱਕ ਦੂਏ ਵੰਨੀ ਨਹੀਂ ਹੋਏ!
ਕੇਜਰੀਵਾਲ ਪੰਜਾਬ ਵਿਚ ਆ ਕੇ ਕੀ ਕਰਦਾ ਕੀ ਨਹੀਂ, ਇਹ ਕਹਿਣਾ ਸਮੇਂ ਤੋਂ ਪਹਿਲਾਂ ਹੈ, ਪਰ ਸਵਾਲ ਇਹ ਹੈ ਕਿ ਜਦ ਤੁਸੀਂ ਪਿੱਛਲੇ ਦਹਾਕਿਆਂ ਤੋਂ ਕਾਲੀਆਂ-ਕਾਂਗਰਸੀਆਂ ਦੀਆਂ ਕਾਰਗੁਜਾਰੀਆਂ ਦੇਖਦੇ ਹੋਂ ਅਤੇ ਪੰਜਾਬ ਦਾ ਹਾਲ, ਤਾਂ ਨਵਿਆਂ ਨੂੰ ਪਰਖ ਲੈਣ ਵਿਚ ਹਰਜ ਕੀ ਹੈ! ਇਹ ਗੱਲ ਸਮਝੋਂ ਬਾਹਰ ਹੈ ਕਿ ਇਸ ਪਾਰਟੀ ਦੀ ਵਿਰੋਧਤਾ ਕਰਨ ਵਾਲੇ ਬਿਨਾ ਪਰਖੇ ਦੂਜੀਆਂ ਦੋਹਾਂ ਨਾਲੋਂ ਵੀ ਇਸ ਨੂੰ ਖਤਰਨਾਕ ਕਿਉਂ ਸਮਝ ਰਹੇ ਹਨ? ਪਰ ਜੇ ਸਮਝ ਰਹੇ ਹਨ ਤਾਂ ਉਨ੍ਹਾਂ ਵਲੋਂ ਇਸ ਨੂੰ ਖਤਰਨਾਕ ਸਮਝਣ ਪਿੱਛੇ ਤਰਕ ਕੀ ਹੈ? ਪਰ ਜਿਵੇਂ ਸਾਡੀ ਆਦਤ ਹੈ ਵਿਰੋਧ ਵਾਲੇ ਵੀ ਅਤੇ ਹੱਕ ਵਾਲੇ ਵੀ ਪਾਣੀਓਂ ਪਹਿਲਾਂ ਮੌਜੇ ਲਾਹੀ ਫਿਰ ਰਹੇ ਨਜਰ ਆਉਂਦੇ ਹਨ। ਵਿਰੋਧ ਵਾਲਿਆਂ ਨੂੰ ਉਨ੍ਹਾਂ ਦੀਆਂ ਟੋਪੀਆਂ ਦਿੱਸੀ ਜਾਦੀਆਂ ਤੇ ਹੱਕ ਵਾਲਿਆਂ ਨੂੰ ਜਿਵੇਂ ਰਾਤੋ ਰਾਤ ਇਨਕਲਾਬ ਹੋਣਾ ਦਿੱਸੀ ਜਾਂਦਾ!
ਇਨਾਂ ਵਿਚੋਂ ਇੱਕ ਹੋਰ ਧਿਰ ਹੈ ਯਾਣੀ ਮਾਨ ਐਂਡ ਪਾਰਟੀ ਜਿਹੜੀ ਹਮੇਸ਼ਾਂ 'ਨਾ ਖੇਡਣਾ ਨਾ ਖੇਡਣ ਦੇਣਾ' ਵਾਲੀ ਨੀਤੀ ਉਪਰ ਗੱਡ ਕੇ ਪਹਿਰਾ ਦਿੰਦੀ ਆ ਰਹੀ ਹੈ, ਜਾਂ ਕਹਿ ਲਓ 'ਟਿੰਡ 'ਚ ਕਾਨਾ' ਪਾਈ ਰੱਖਦੀ ਹੈ। ਮਿਸਟਰ ਮਾਨ ਇੱਕ ਉਹ ਮੋਹਰਾ ਹੈ, ਜਿਹੜਾ ਐਨ ਉਸ ਸਮੇਂ ਵਰਤਿਆ ਜਾਂਦਾ ਹੈ, ਜਦ ਕਿਸੇ ਸਥਾਪਤ ਧਿਰ ਨੂੰ ਖਾਸ ਕਰ ਬਾਦਲ ਐਂਡ ਪਾਰਟੀ ਨੂੰ ਕੋਈ ਬਾਹਰੀ ਖਤਰਾ ਜਾਪਣ ਲੱਗੇ।
ਬਰਗਾੜੀ ਵੇਲੇ ਵਰਤਿਆ ਨਹੀਂ?
ਪੰਜਾਬ ਦੀ ਕਿਸਾਨੀ, ਜੱਥੇਦਾਰਾਂ ਦੀ ਗੱਦਾਰੀ, ਸ੍ਰੀ ਗੁਰੂ ਜੀ ਦੀ ਬੇਅਦਬੀ, ਸਭ ਮਾਮਲੇ ਮਾਨ ਨੇ ਖਾਧੇ ਨਹੀਂ?
ਬਾਦਲਾਂ ਨੂੰ ਵਰ੍ਹਦੀ ਅੱਗ ਵਿਚੋਂ ਕੱਢਿਆ ਮਾਨ ਨੇ!
...ਨਹੀਂ ਕੱਢਿਆ ?
ਇਸ ਵਾਰੀ ਮਾਨ ਦੀ ਤੋਪ ਦਾ ਮੂੰਹ ਵੀ ਕਾਂਗਰਸ-ਕਾਲੀਆਂ ਦੀ ਬਜਾਇ ਆਮ ਪਾਰਟੀ ਵਲ ਹੈ, ਜਿਵੇਂ ਉਸ ਦੇ ਖਾਲਿਸਤਾਨ ਦੇ ਖੁੱਭੇ ਹੋਏ ਗੱਡੇ ਪਿੱਛੇ ਆਮ ਪਾਰਟੀ ਦਾ ਹੱਥ ਹੋਵੇ?
ਹੁਣ ਮਾਨ ਬਾਬਾ ਜਰਨੈਲ ਸਿੰਘ ਨੂੰ 'ਹਾਈਲੈੱਟ' ਕਰਕੇ ਲੋਕਾਂ ਦੀਆਂ 'ਅਮੋਸ਼ਨਲ' ਕੈਸ਼ ਕਰੇਗਾ ਅਤੇ ਵੋਟਾਂ ਦੀ ਤੋੜ ਭੰਨ ਵਿਚਦੀ ਮੁੜ ਤੋਂ ਬਾਦਲਾਂ ਦੀ ਸਥਾਪਤੀ ਦਾ ਰਾਹ ਮੋਕਲਾ ਕਰੇਗਾ। ਕਿਉਂਕਿ ਖੁਦ ਮਾਨ ਦੀ ਇਨੀ ਔਕਾਤ ਨਹੀਂ, ਕਿ ਵੋਟਾਂ ਦੀ ਬੇੜੀ ਬੈਠ ਉਹ ਕਿਸੇ ਕਿਨਾਰੇ ਲੱਗ ਸਕੇ।
ਮੈਨੂੰ ਕੇਜਰੀਵਾਲ ਨਾਲ ਕੁਝ ਲੈਣਾ ਦੇਣਾ ਨਹੀਂ, ਨਾ ਉਸ ਦੀ ਪਾਰਟੀ ਨਾਲ ਪਰ ਕਿਸੇ ਬੰਦੇ ਦੇ ਕਹੇ ਜਾਂ ਕੀਤੇ ਸੱਚ ਨੂੰ ਸੱਚ ਹੀ ਨਾ ਮੰਨਣਾ ਅਪਣੇ ਆਪ ਨਾਲ ਬੇਈਮਾਨੀ ਹੈ, ਧੋਖਾ ਹੈ। ਆਪਣੇ ਬੰਦੇ ਕਹਿੰਦੇ ਕਿ ਉਹ ਆਰ. ਆਰ. ਐਸ. ਦੀ ਬੀ ਜਾਂ ਸੀ ਟੀਮ ਜਾਂ ਕੋਈ ਹੋਰ, ਪਰ ਮੈਂ ਕਹਿੰਨਾ ਹੋਵੇ, ਪਰ ਤੁਹਾਡੇ ਕੋਲੇ ਕਿਹੜੀ ਟੀਮ ਹੈ ਜਿਹੜੀ ਤੁਸੀਂ ਪੰਜਾਬ ਵਿੱਚ ਉਤਾਰਨੀ ਚਾਹੁੰਦੇ? ਬਾਜਪਾ? ਬਾਦਲ? ਕੈਪਟਨ? ਜਾਂ ਮਾਨ? ਇਹ ਕਿਸ ਦੀਆਂ ਟੀਮਾਂ ਹਨ? ਜੇ ਮੇਰੇ ਕੋਲੇ ਹੀ ਕੱਖ ਨਹੀਂ ਤੇ ਪਹਿਲੇ ਮੇਰੇ ਪਰਖੇ ਹੋਏ ਨੇ, ਤਾਂ ਇਹ ਤੁਹਾਡਾ ਕੀ ਲੁੱਟ ਲਚੱਲਿਆ ਜਿਹੜਾ ਬਚਿਆ ਰਹਿ ਗਿਆ? ਪੰਜਾਬ ਦੀ ਤਾਂ ਉਹ ਹਾਲਤ ਹੈ ਕਿ 'ਨੰਗ ਪੁੱਤ ਚੋਰਾਂ 'ਚ ਖੇਡੇ'! ਅਜਿਹੀ ਹਾਲਤ ਵਿਚ ਕੇਜਰੀ ਵਾਲ ਤੁਹਾਡਾ ਕੀ ਲੁੱਟ ਲਊ? ਭੁਲੇਖਾ ਤਾਂ ਨਾ ਰਵ੍ਹੇ ਕਿ ਇੱਕ ਰਹਿ ਗਿਆ ਸੀ।
ਧਾਰਮਿਕ ਪੱਤਾ ਬਾਦਲਕੇ ਖੇਡਣਗੇ ਤੇ ਜਾਪਦਾ ਇਸ ਵਾਰੀ ਮਾਨ ਰਾਹੀਂ ਉਹ ਬਾਬਾ ਜਰਨੈਲ ਸਿੰਘ ਵਾਲਾ ਪੱਤਾ ਖੇਡੇਗਾ। ਮਾਨ ਵਰਗੇ ਮੋਹਰੇ ਰਾਹੀਂ ਉਹ ਸਿੱਖਾਂ ਦੀ ਭਾਵੁਕ ਵੋਟ ਪਾੜੇਗਾ ਅਤੇ ਹਿੰਦੂ ਵੋਟ ਨੂੰ ਬਾਬੇ ਤੋਂ ਡਰਾ ਕੇ ਆਪਣੇ ਹੱਕ ਵਿਚ ਭੁਗਤਾਉਂਣ ਦੀ ਕੋਸ਼ਿਸ਼ ਕਰੇਗਾ!
ਯਾਦ ਰਹੇ ਕਿ ਮਾਨ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਖੁਦ ਇੱਕ ਰਜਵਾੜਾ ਹੈ, ਉਹ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਕਦੇ ਵੀ ਨਹੀਂ ਸਮਝ ਸਕਦਾ ਨਾ ਉਸ ਕਦੇ ਸਮਝਣ ਦੀ ਕੋਸ਼ਿਸ਼ ਕੀਤੀ, ਸਿਵਾਏ ਤੱਤੇ ਨਾਹਰੇ ਮਾਰ ਕੇ ਲੋਕਾਂ ਨੂੰ 'ਅਮੋਸ਼ਨਲ ਬਲੈਕਮੇਲ' Emotional Blackmail ਕਰਨ ਦੇ! ਮੋਟੇ ਤੌਰ 'ਤੇ ਮਾਨ ਕੋਲੇ 700 ਕੀਲਾ ਜਮੀਨ ਪੰਜਾਬ ਵਿਚ ਤੇ ਕੁੱਲ ਕੋਈ 1500 ਕੀਲਾ। ਕਿਸੇ ਭਰਾ ਨੇ 'ਵੱਟਸਅੱਪ' 'ਤੇ ਸਵਾਲ ਉਠਾਇਆ ਸੀ ਕਿ ਮਾਨ ਸਾਹਬ ਇਹ ਨਾਹਰਾ ਦੇ ਰਹੇ ਹਨ ਉਹ ਖਾਲਿਸਤਾਨ ਵਿਚ ਵੱਡੀਆਂ ਢੇਰੀਆਂ ਮੁਜਾਰਿਆਂ ਵਿੱਚ ਵੰਡਣਗੇ, ਤਾਂ ਉਹ ਪਹਿਲਾਂ ਸ਼ੁਰੂ ਹੀ ਅਪਣੇ ਤੋਂ ਕਿਉਂ ਨਹੀਂ ਕਰਦੇ, ਕਿ 1500 ਵਿਚੋਂ 1000 ਕੀਲਾ ਹੀ ਲੋਕਾਂ ਵਿਚ ਵੰਢਣ ਤੇ ਲੋਕ ਕਿਉਂ ਨਹੀਂ ਉਨ੍ਹਾਂ ਦੀ ਕਹੀ ਨੂੰ ਸੱਚ ਮੰਨ ਕੇ ਉਨ੍ਹਾਂ ਮਗਰ ਤੁਰਨਗੇ ਅਤੇ ਖਾਲਿਸਤਾਨ ਦੀ ਲੜਾਈ ਕਿਉਂ ਨਹੀਂ ਸੌਖੀ ਹੋਏਗੀ?
ਕਹਿੰਦੇ ਸਹੇ ਨੂੰ ਕਿਹਾ ਮਾਸ ਖਾਣਾ, ਉਹ ਕਹਿੰਦਾ ਭਰਾਵਾ ਅਪਣਾ ਬਚਾਉਂਣ ਦੇ ਲਾਲ੍ਹੇ ਪਏ ਤੂੰ ਕਿਹੜੇ ਮਾਸ ਦੀ ਗੱਲ ਕਰਦਾਂ? ਪੰਜਾਬ ਜਿਸ ਬਰਬਾਦੀ ਤੇ ਬੈਠਾ ਉਥੇ ਫਿਕਰਮੰਦ ਤਾਂ ਸੋਚਦੇ ਕਿ ਨਿਆਣੇ ਬੱਚ ਜਾਣ ਸਾਡੇ ਪਰ ਇਹ 'ਮਹਾਂਪੁਰਖ' ਤੁਹਾਨੂੰ 'ਖਾਲਿਸਤਾਨ' ਦਾ ਸ਼ਿਕਾਰ ਕਰਨ ਦੇ ਸੁਪਨੇ ਦਿਖਾ ਰਿਹਾ?
ਕਈ ਭਰਾ ਕਹਿੰਦੇ ਇੱਕ ਮਾਨ ਹੀ ਤਾਂ ਹੈ ਜਿਹੜਾ ਸਿੱਖ ਮਸਲਿਆਂ ਤੇ ਬੋਲਦਾ ਹੋਰ ਤਾਂ ਕੋਈ ਬੋਲਦਾ ਵੀ ਨਹੀਂ। ਮਾਨ ਦਾ ਬੋਲਣਾ ਉਨ੍ਹਾਂ ਸਾਧਾਂ ਦਾ ਸਿੱਖੀ 'ਤੇ ਬੋਲਣ ਵਰਗਾ ਹੈ, ਜਿਹੜੇ ਧਰਮ ਪ੍ਰਚਾਰ ਦੇ ਨਾਂ 'ਤੇ ਸਿੱਖ ਕੌਮ ਦਾ ਹਿੰਦੂਕਰਨ ਕਰਨ 'ਤੇ ਲੱਗੇ ਹੋਏ ਨੇ। ਬਾਹਰ ਬੈਠੀਆਂ ਕੁਝ ਧਿਰਾਂ ਮਾਨ ਦੇ 'ਖਾਲਿਸਤਾਨ' ਦੇ ਗੱਡੇ ਨੂੰ ਧੱਕਾ ਲਾ ਕੇ ਰਿਹੜਨ ਦੀ ਕੋਸ਼ਿਸ ਕਰ ਰਹੀਆਂ ਹਨ, ਜਾਂ ਕਿ ਸ਼ਾਇਦ ਮਾਨ ਰਾਹੀਂ ਅਪਣੀ ਹੀ ਮਰ ਚੁੱਕੀ ਲਾਸ਼ ਵਿਚ ਮਾੜਾ-ਮੋਟਾ ਸਾਹ ਫੂਕਣ ਦੀ ਕੋਸ਼ਿਸ਼ ਵਿੱਚ ਨੇ, ਪਰ ਪੰਜਾਬ ਦੀ ਹੁਣ ਵੇਲੇ ਦੀ ਜ਼ਮੀਨੀ ਹਕੀਕਤ ਨਾਲ ਉਨ੍ਹਾਂ ਦਾ ਵੀ ਵਾਹ ਵਾਸਤਾ ਨਹੀਂ ਤੇ ਨਾ ਉਹ ਗੰਭੀਰ! ਨਹੀਂ ਤਾਂ ਉਨ੍ਹਾਂ ਨੂੰ ਇਨਾ ਕੁ ਤਾਂ ਦਿੱਸ ਹੀ ਜਾਣਾ ਚਾਹੀਦਾ ਕਿ ਜਿਸ ਮੁਕਾਮ 'ਤੇ ਪੰਜਾਬ ਬੈਠਾ ਉਥੇ ਇਸ ਵੇਲੇ ਉਨ੍ਹਾਂ ਨੂੰ ਖਾਲਿਸਤਾਨ ਨਹੀਂ, ਬਲਕਿ ਬਾਦਲਾਂ ਦੇ ਖੂਨੀ ਪੰਜੇ ਚੋਂ ਬਚਾਉਂਣਾ ਮੁੱਖ ਗੱਲ ਹੈ!
ਸਾਡੀ ਵੱਡੀ ਮੁਸ਼ਕਲ ਹੈ ਕਿ ਅਸੀਂ ਰਾਜਨੀਤੀ ਨੂੰ ਰਾਜਨੀਤੀ ਵਾਂਗ ਨਹੀਂ ਲੜਦੇ। ਅਸੀਂ ਰਾਜਨੀਤੀ ਨੂੰ ਵੀ ਧਰਮ ਬਣਾ ਕੇ ਲੜਦੇ ਹਾਂ ਅਤੇ ਧਰਮ ਨੂੰ ਰਾਜਨੀਤੀ! ਅਸੀਂ ਕਿਉਂ ਧਰਮ ਨੂੰ ਧਰਮ ਤੇ ਰਾਜਨੀਤੀ ਨੂੰ ਰਾਜਨੀਤੀ ਨਹੀਂ ਰਹਿਣ ਦਿੰਦੇ। ਸਾਡਾ ਧਰਮ ਤੇ ਰਾਜਨੀਤੀ ਇਕੱਠੀ ਦਾ ਮੱਤਲਬ ਹਰਗਿਜ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਧਰਮ ਦੀ ਵਾਗਡੋਰ ਚੋਰਾਂ, ਗੁੰਡਿਆਂ ਅਤੇ ਲੁੱਚੇ ਲੋਕਾਂ ਹੱਥ ਫੜਾ ਦਈਏ ਅਤੇ ਰਾਜਨੀਤੀ ਦੀ ਵਾਗ ਗੱਧੇ, ਅਨਪੜ ਅਤੇ ਮੂਰਖ ਸਾਧਾਂ ਹੱਥ!
ਇਹੀ ਕਾਰਨ ਹੈ ਕਿ ਰਾਜਨੀਤਕ ਲੋਕ ਸਾਨੂੰ ਧਰਮ ਦੇ ਨਾਂ ਭੜਕਾ-ਲੜਾ ਕੇ ਰਾਜਨੀਤੀ ਦੀਆਂ ਕੁਰਸੀਆਂ ਮੱਲ ਬੈਠਦੇ ਹਨ ਤੇ ਅਸੀਂ ਵਾਰ ਵਾਰ ਸ਼ਿਕਾਰ ਹੋਈ ਜਾਂਦੇ ਰਹਿੰਦੇ ਹਾਂ! ਪਤਾ ਨਹੀਂ ਕਿੰਨੀ ਵਾਰ ਇਨ੍ਹਾਂ ਹੀ ਬਾਦਲਾਂ ਸਾਨੂੰ ਪੰਥ ਖਤਰੇ ਵਿੱਚ ਦਿਖਾ ਕੇ ਬਲੈਕਮੇਲ' ਕੀਤਾ ਤੇ ਮੁੜ ਸਾਡੇ ਨਿਆਣਿਆਂ ਦੀਆਂ ਲਾਸ਼ਾਂ ਤੇ ਕੁਰਸੀ ਡਾਹ ਕੇ ਰਾਜ ਕੀਤਾ! ਅੱਜ ਉਨ੍ਹਾਂ ਬਾਦਲਾਂ ਦਾ ਕੰਮ ਮਾਨ ਵਰਗੇ ਕਰਦੇ ਨਜਰ ਆ ਰਹੇ ਹਨ, ਜਿਹੜੇ ਕੌਮ ਨੂੰ ਇਸ ਗੱਲ ਲਈ ਉਕਸਾ ਰਹੇ ਹਨ, ਕਿ ਉਨ੍ਹਾਂ ਨੂੰ ਬੱਚ ਨਿਕਲਣ ਦੀ ਨਹੀਂ, ਬਲਕਿ ਖਾਲਿਸਤਾਨ ਦੀ ਲੋੜ ਹੈ????
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਸਿਮਰਨਜੀਤ ਸਿੰਘ ਮਾਨ ਅਤੇ ਪੰਜਾਬ ਦੀ ਰਾਜਨੀਤੀ
Page Visitors: 2520