ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਅਤੇ ਖਾਲਿਸਤਾਨੀ ਧਿਰਾਂ ਦਾ ਦੋਗਲਾਪਨ
ਬਾਬਾ ਜਰਨੈਲ ਸਿੰਘ ਵੀਹਵੀਂ ਸਦੀ ਦਾ ਜਰਨੈਲ ਅਤੇ ਹਿੱਕ ਡਾਹ ਕੇ ਲੜਨ ਵਾਲਾ ਸ਼ਹੀਦ। ਉਹ ਹਰੇਕ ਗੈਰਤਮੰਦ ਸਿੱਖ ਦੇ ਦਿੱਲ ਦੀ ਧੜਕਨ। ਅਜਾਦੀ ਦੀ ਤੜਫ ਰੱਖਣ ਵਾਲਾ ਹਰੇਕ ਸਿੱਖ ਉਸ ਨੂੰ ਇਸ ਜਮਾਨੇ ਦਾ 'ਰੋਲ-ਮਾਡਲ' ਮੰਨਦਾ।
ਤੁਸੀਂ ਕਹਿੰਦੇ ਤੁਹਾਡੇ ਪਹਿਲੇ ਇਤਿਹਾਸ ਦਾ ਮੂੰਹ ਮੁਹਾਂਦਰਾ ਬਹੁਤ ਵਿਗਾੜ ਦਿੱਤਾ ਗਿਆ ਹੈ ਯਾਣੀ ਰਲਾ ਪਾ ਦਿੱਤਾ ਗਿਆ ਹੈ। ਕਾਰਨ ਇਹ ਕਿ ਅਸੀਂ ਅਪਣਾ ਇਤਿਹਾਸ ਖੁਦ ਨਹੀ ਲਿਖਿਆ। ਬਹੁਤਾ ਇਤਿਹਾਸ ਸਾਡਾ ਸਾਡੇ ਵਿਰੋਧੀਆਂ ਯਾਣੀ ਦੁਸ਼ਮਣਾ ਦਾ ਲਿਖਿਆ ਹੋਇਆ ਹੈ।
ਪਰ ਅੱਜ? ਹੁਣ ਦੇ ਇਤਿਹਾਸ ਦਾ ਮੁਹਾਂਦਰਾ ਕਿਸ ਵਿਗਾੜਿਆ? ਹੁਣ ਦੇ ਇਤਿਹਾਸ ਵਿਚ ਰਲਾ ਕਿੰਨ ਪਾਇਆ? ਮਸਲਨ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਦੀ ਹੀ ਜੇ ਗੱਲ ਕਰਨੀ ਹੋਵੇ? ਉਸ ਨੂੰ ਭਗੌੜਾ ਸਾਬਤ ਕਰਨ ਦੀ ਕੋਸ਼ਿਸ਼ ਕਿੰਨ ਕੀਤੀ?
ਹੁਣ ਤਾਂ ਅਸੀਂ ਲਿਖ ਸਕਦੇ ਸਾਂ। ਹੁਣ ਤਾਂ ਸਾਡੇ ਕੋਲੇ ਸਾਧਨ ਸਨ ਪਰ ਹੁਣ ਵੀ ਉਸ ਜਰਨੈਲ ਦੀ ਸ਼ਹੀਦੀ ਨੂੰ ਚੁਰਾਹੇ ਕਿਸ ਰੋਲਿਆ?
ਬਾਬਾ ਜਰਨੈਲ ਸਿੰਘ, ਖਾਲਸੇ ਦੀ ਅਜਾਦੀ ਦਾ ਪ੍ਰਤੀਕ। ਪਰ ਤੁਸੀਂ ਉਸ ਨੂੰ ਸ਼ਹੀਦ ਹੀ ਮੰਨਣੋ ਇਨਕਾਰੀ? ਤੇ ਆਖੇ ਕਿਸ ਦੇ ਲੱਗਕੇ? 'ਬਾਬਾ' ਠਾਕੁਰ ਸਿੰਘ ਦੇ? ਜਿਸ ਨੂੰ ਬੋਲਣਾ ਵੀ ਨਹੀ ਆਉਂਦਾ? ਕੌਮ ਦੇ ਸ਼ਹੀਦ ਦਾ ਫੈਸਲਾ ਬਾਬਾ ਠਾਕੁਰ ਸਿੰਘ ਕਿਵੇਂ ਕਰ ਸਕਦਾ ਕਿ ਉਹ ਸ਼ਹੀਦ ਨਹੀ? ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਕਰਨ ਵਾਲੇ ਇਸ ਸਵਾਲ ਦੇ ਸਨਮੁੱਖ ਕਿਉਂ ਨਹੀ ਹੁੰਦੇ ਕਿ ਬਾਬਾ ਜੀ ਨੂੰ ਭਗੌੜਾ ਸਾਬਤ ਕਰਨ ਵਾਲਾ ਬੰਦਾ ਬ੍ਰਹਮਗਿਆਨੀ ਕਿਵੇਂ? ਤੇ ਲਗਾਤਾਰ ਦੋ ਦਹਾਕੇ ਝੂਠ ਬੋਲੀ ਜਾਣ ਵਾਲੇ ਬੰਦੇ ਦੀਆਂ ਬ੍ਰਹਮਗਿਆਨੀ ਕਹਿਕੇ ਬਰਸੀਆਂ ਕਿਉਂ?
ਖਾਲਿਸਤਾਨੀ ਧਿਰਾਂ ਹਾਲੇ ਏਨੀ ਗੱਲ ਤੇ ਹੀ ਸਪੱਸ਼ਟ ਨਹੀ ਹਨ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਹੈ ਜਾਂ ਨਹੀ? ਤੁਸੀਂ ਸੋਚ ਸਕਦੇਂ ਕਿ ਜਿਹੜੇ ਲੋਕ ਬਾਬਾ ਜੀ ਦੀ ਸ਼ਹਾਦਤ ਬਾਰੇ ਹੀ ਸਪੱਸ਼ਟ ਨਹੀ ਉਹ ਖਾਲਿਸਤਾਨ ਬਾਰੇ ਕਿੰਨਾ ਕੁ ਸਪੱਸ਼ਟ ਹੋਣਗੇ?
ਸਾਰੀਆਂ ਧਿਰਾਂ ਦੀ ਸੁਰ ਅਲੱਗ। ਤੇ ਜਿਹੜੇ ਬਾਬਾ ਜੀ ਨੂੰ ਸ਼ਹੀਦ ਮੰਨਦੇ ਵੀ ਹਨ ਉਹ ਬੋਲਦੇ ਨਹੀ! ਪਤਾ ਕਿਉਂ? ਬਾਕੀ ਨਰਾਜ ਹੁੰਦੇ!
ਕਿਸੇ ਸ਼ਹੀਦ ਦੀ ਸ਼ਹਾਦਤ ਨੂੰ ਹੀ ਰੋਲ ਦੇਣਾ, ਇੱਕ ਵੱਡਾ ਧੋਖਾ ਨਹੀ? ਪੂਰੀ ਕੌਮ ਨਾਲ ਧੋਖਾ? ਇਹ ਧੋਖਾ ਕੌਣ ਕਰ ਰਹੇ ਹਨ? ਤੇ ਇਸ ਪਿੱਛੇ ਉਨ੍ਹਾਂ ਦਾ ਪ੍ਰਯੋਜਨ ਕੀ ਹੈ। ਮਿਸਟਰ ਮਾਨ ਖਾਲਿਸਤਾਨ ਦੀ ਗੱਲ ਕਰਦੇ ਹਨ। ਪਰ ਉਧਰ ਉਨ੍ਹਾਂ ਦਾ ਹੀ ਥਾਪਿਆ ਹੋਇਆ 'ਜਥੇਦਾਰ' ਮਿਸਟਰ ਅਜਨਾਲਾ ਬਾਬਾ ਜੀ ਨੂੰ ਸ਼ਹੀਦ ਹੀ ਨਹੀ ਮੰਨਦਾ? ਮਾਨ ਅਪਣਾ ਪੱਖ ਸਪੱਸ਼ਟ ਤਾਂ ਕਰਨ ਕਿ ਉਹ ਕਿਧਰ ਹਨ? ਜਾਂ ਦੋਵੇਂ ਪਾਸੇ?
ਇਹ ਦੋਗਲਾ-ਪਨ ਹੈ। ਦੋਹਰੀ ਨੀਤੀ ਨਾਲ ਕਦੇ ਲਹਿਰਾਂ ਨਹੀ ਉੱਠਦੀਆਂ। ਖਾਲਿਸਤਾਨ ਦੀ ਗੱਲ ਕਰਨ ਵਾਲੇ ਬਹੁਤੇ ਲੋਕਾਂ ਦਾ ਦੋਗਲਾ ਪਨ ਇਥੋਂ ਹੀ ਸਾਬਤ ਹੁੰਦਾ ਕਿ ਪਹਿਲਾਂ ਤਾਂ ਉਹ ਬਾਬੇ ਨੂੰ ਖੁਲ੍ਹ ਕੇ ਸ਼ਹੀਦ ਹੀ ਨਹੀ ਕਹਿੰਦੇ ਤੇ ਜਿਹੜੇ ਕਹਿੰਦੇ ਉਹ 'ਬਾਬੇ' ਠਾਕੁਰ ਸਿੰਘ ਦੇ ਲਗਾਤਾਰ ਬੋਲੇ ਝੂਠ ਤੋਂ ਕਿਨਾਰਾ ਕਰ ਜਾਂਦੇ ਹਨ ਜਿਸ ਨੇ ਵੀਹਵੀਂ ਸਦੀ ਦੇ ਜਰਨੈਲ ਦੀ ਸ਼ਹਾਦਤ ਨੂੰ ਘੱਟੇ ਰੋਲੀ ਰੱਖਿਆ! ਨਹੀ ਰੱਖਿਆ??
ਗੁਰਦੇਵ ਸਿੰਘ ਸੱਧੇਵਾਲੀਆ