ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਕੌੜਾ ਸੱਚ ?
- ਜਸਵੰਤ ਸਿੰਘ ‘ਅਜੀਤ’
ਕੁਝ ਹੀ ਸਮੇਂ ਪਹਿਲਾਂ ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਤ੍ਰਕਾਰਾਂ ਨਾਲ ਹੋਈ ਇੱਕ ਮੁਲਾਕਾਤ ਦੌਰਾਨ ਪੁਛੇ ਗਏ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਕਿਹਾ ਕਿ ਦਲ-ਬਦਲੂਆਂ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਸਿਧਾਂਤ। ਨਾ ਹੀ ਉਹ ਕਿਸੇ ਦੇ ਵਫਾਦਾਰ ਹੁੰਦੇ ਹਨ। ਇਨ੍ਹਾਂ ਦੀ ਵਫਾਦਾਰੀ ਕੇਵਲ ਆਪਣੇ ਸੁਆਰਥ ਦੀ ਪੂਰਤੀ ਤਕ ਹੀ ਸੀਮਤ ਰਹਿੰਦੀ ਹੈ। ਇਸ ਕਾਰਣ ਇਨ੍ਹਾਂ ਪੁਰ ਵਿਸ਼ਵਾਸ ਕਰਨਾ ਜਾਣਦਿਆਂ-ਬੂਝਦਿਆਂ ਆਪਣੇ ਆਪਨੂੰ ਧੋਖਾ ਦੇਣ ਦੇ ਸਮਾਨ ਹੁੰਦਾ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਨੂੰ ਲੈ ਕੇ ਜਦੋਂ ਪੰਜਾਬ ਕਦੀ ਅਕਾਲੀ ਰਾਜਨੀਤੀ ਦੇ ਇੱਕ ਮਾਹਿਰ ਨਾਲ ਗਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੋ ਗਲ ਕਹੀ ਹੈ, ਭਾਵੇਂ ਉਹ ਬਹੁਤ ਹੀ ਕੌੜੀ ਹੈ, ਪ੍ਰੰਤੂ ਹੈ ਠੋਸ ਸੱਚਾਈ। ਉਸਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜੋ ਵਿਅਕਤੀ ਉਸ ਦਲ ਜਾਂ ਪਾਰਟੀ ਦਾ ਵਫਾਦਾਰ ਨਹੀਂ, ਜਿਸਦਾ ਹੱਥ ਫੜ ਉਸਨੇ ਰਾਜਨੀਤੀ ਵਿੱਚ ਆਪਣੀ ਥਾਂ ਬਣਾਈ ਅਤੇ ਜਿਸ ਨਾਲ ਸੋਚ ਅਤੇ ਸਿਧਾਂਤਾਂ ਦੀ ਸਾਂਝ ਹੋਣ ਦਾ ਦਾਅਵਾ ਕਰ, ਲੰਮੇਂ ਸਮੇਂ ਤਕ ਜੁੜਿਆ ਰਿਹਾ, ਕਿਸੇ ਸਵਾਰਥ ਦੇ ਚਲਦਿਆਂ ਉਸੇ ਨਾਲੋਂ ਨਾਤਾ ਤੋੜ ਕਿਸੇ ਹੋਰ ਨਾਲ ਜਾ ਨਾਤਾ ਜੋੜ ਲੈਂਦਾ ਹੈ, ਤਾਂ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਉਹ ਹੁਣ ਜਿਸ ਨਾਲ ਜਾ ਖੜਾ ਹੋਇਆ ਹੈ, ਉਸਦਾ ਉਹ ਵਫਾਦਾਰ ਬਣਿਆ ਹੀ ਰਹੇਗਾ ਅਤੇ ਜਿਸ ਸਵਾਰਥ ਨੂੰ ਲੈ ਕੇ ਆਇਆ ਹੈ, ਉਸਦੇ ਪੂਰਿਆਂ ਨਾ ਹੋ ਪਾਣ ਤੇ ਉਸਦਾ ਸਾਥ ਨਹੀਂ ਛੱਡ ਜਾਇਗਾ?
ਇਸ ਰਾਜਨੈਤਿਕ ਮਾਹਿਰ ਦਾ ਕਹਿਣਾ ਸੀ ਕਿ ਇਸ ਗਲ ਨੂੰ ਸਵੀਕਾਰ ਕਰਨਾ ਹੀ ਹੋਵੇਗਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਅਜਿਹੀ ਸੱਚਾਈ ਬਿਆਨ ਕੀਤੀ ਹੈ, ਜੋ ਬਹੁਤ ਹੀ ਕੌੜੀ ਹੈ। ਉਸਨੇ ਇੱਕ ਹੋਰ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ ਕਿ ਸ. ਬਾਦਲ ਰਾਜਨੀਤੀ ਦੇ ਚੰਗੇ ਸੁਲਝੇ ਹੋਏ ਖਿਡਾਰੀ ਹਨ, ਉਹ ਜਾਣਦੇ ਹਨ ਕਿ ਕਿਸ ਗੋਟੀ ਨੂੰ ਕਿਥੇ ਫਿਟ ਕਰਨਾ ਹੈ? ਉਹ ਜਿਨ੍ਹਾਂ ਦਲ-ਬਦਲੂਆਂ ਨੂੰ ਮਿੱਠੀ ਗੋਲੀ ਦੇ, ਆਪਣੇ ਨਾਲ ਲਿਆਂਦੇ ਹਨ, ਉਨ੍ਹਾਂ ਪੁਰ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਅਤੇ ਨਾ ਹੀ ਵਫਾਦਾਰਾਂ ਦੀ ਵਫਾਦਾਰੀ ਦੀ ਕੀਮਤ ’ਤੇ ਪਰ ਉਨ੍ਹਾਂ ਨੂੰ ਸਨਮਾਨ ਦਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜੋ ਦਲ-ਬਦਲ ਕਰ ਉਨ੍ਹਾਂ ਨਾਲ ਆਇਆ ਹੈ, ਉਹ ਉਨ੍ਹਾਂ ਦੀਆਂ ਨੀਤੀਆਂ ਜਾਂ ਉਨ੍ਹਾਂ ਪ੍ਰਤੀ ਵਿਸ਼ਵਾਸ ਦੇ ਆਧਾਰ ’ਤੇ ਨਹੀਂ ਆਇਆ, ਸਗੋਂ ਆਪਣੇ ਕਿਸੇ ਨਿਜੀ ਸਵਾਰਥ ਦੀ ਪੂਰਤੀ ਦੇ ਚਲਦਿਆਂ ਹੀ ਆਇਆ ਹੈ, ਜਿਵੇਂ ਕਿ ਉਨ੍ਹਾਂ ਆਪਣੇ ਬਿਆਨ ਵਿੱਚ ਵੀ ਕਿਹਾ ਹੈ।
ਉਸਨੇ ਹੋਰ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਰਾਜਨੀਤੀ ਦੇ ਇੱਕ ਅਜਿਹੇ ਮਾਹਿਰ ਖਿਡਾਰੀ ਹਨ, ਜਿਨ੍ਹਾਂ ਦੀ ਰਾਜਸੀ ਰਣਨੀਤੀ ਨੂੰ ਸਮਝ ਪਾਣਾ ਸਹਿਜ ਨਹੀਂ ਹੁੰਦਾ। ਉਨ੍ਹਾਂ ਜ. ਗੁਰਚਰਨ ਸਿੰਘ ਟੌਹੜਾ ਸ਼ਹਿਤ ਜਿਤਨੇ ਵੀ ‘ਦਲ-ਬਦਲੂਆਂ ਦੀ ਘਰ-ਵਾਪਸੀ ਕਰਵਾਈ, ਉਨ੍ਹਾਂ ਸਾਰਿਆਂ ਨੂੰ ਦਲ ਵਿੱਚ ‘ਸਨਮਾਨਤ’ ਅਹੁਦੇ ਦੇ, ਉਨ੍ਹਾਂ ਪਾਸੋਂ ਆਪਣਾ ਗੁਣਗਾਨ ਹੀ ਕਰਵਾਇਆ, ਜਿਸ ਨਾਲ ਲੋਕਾਂ ਵਿੱਚ ਇਹੀ ਸੁਨੇਹਾ ਗਿਆ ਕਿ ਇਹ ਲੋਕੀ ਉਹੀ ਹਨ ਜੋ ਕਲ ਤਕ ਸ. ਬਾਦਲ ਨੂੰ ਭਲਾ-ਬੁਰਾ ਕਹਿੰਦੇ ਨਹੀਂ ਸਨ ਥਕਦੇ, ਅੱਜ ਉਨ੍ਹਾਂ ਦਾ ਹੀ ਗੁਣਗਾਨ ਕਰਨ ਵਿੱਚ ਜ਼ਮੀਨ-ਅਸਮਾਨ ਇੱਕ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਇਨ੍ਹਾਂ ਲੋਕਾਂ ਦਾ ‘ਦੀਨ-ਈਮਾਨ’ ਕੇਵਲ ਨਿਜ ਸਵਾਰਥ ਹੀ ਹੈ। ਜਦੋਂ ਤਕ ਇਨ੍ਹਾਂ ਦੇ ਸਵਾਰਥ ਦੀ ਪੂਰਤੀ ਨਹੀਂ ਹੁੰਦੀ, ਇਹ ਭਲਾ-ਬੁਰਾ ਕਹਿੰਦੇ ਰਹਿੰਦੇ ਹਨ ਅਤੇ ਸਵਾਰਥ ਪੂਰਾ ਹੁੰਦਿਆਂ ਹੀ ਇਨ੍ਹਾਂ ਦੇ ‘ਸੁਰ’ ਬਦਲ ਜਾਂਦੇ ਹਨ।
ਬਾਦਲ ਅਕਾਲੀ ਦਲ ਦਾ ਦੋਹਰਾ ਵਿਧਾਨ : ਇਨ੍ਹਾਂ ਹੀ ਦਿਨਾਂ ਵਿ ੱਚ ਆਈਆਂ ਖਬਰਾਂ ਦੇ ਅਨੁਸਾਰ ਸੋਸ਼ਲਿਸ਼ਟ ਪਾਰਟੀ (ਇੰਡਿਆ) ਦੇ ਇੱਕ ਮੁਖੀ ਬਲਵੰਤ ਸਿੰਘ ਖੇੜਾ, ਜੋ ਬੀਤੇ ਲਗਭਗ 15 ਵਰ੍ਹਿਆਂ ਤੋਂ ਪੰਜਾਬ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਰਾਜਸੀ ਦਲ ਵਜੋਂ ਮਿਲੀ ਹੋਈ ਮਾਨਤਾ ਨੂੰ ਰੱਦ ਕਰਵਾਣ ਲਈ ਕਾਨੂੰਨੀ ਲੜਾਈ ਲੜਦੇ ਚਲੇ ਆ ਰਹੇ ਹਨ, ਨੇ ਇਹ ਦਾਅਵਾ ਕਰ, ਇੱਕ ਵਾਰ ਮੁੜ ਇਸ ਮਾਮਲੇ ਨੂੰ ਹਵਾ ਦੇ ਦਿੱਤੀ, ਕਿ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਵਲੋਂ ਦਿੱਲੀ ਹਾਈਕੋਰਟ ਵਿੱਚ ਕੀਤੀ ਗਈ ਹੋਈ ਪਟੀਸ਼ਨ ’ਤੇ ਮੁੜ ਸੁਣਵਾਈ ਸ਼ੁਰੂ ਹੋ ਗਈ ਹੈ, ਜੋ ਅਦਾਲਤ ਦੇ ਆਦੇਸ਼ ਅਨੁਸਾਰ ਫੈਸਲਾ ਹੋਣ ਤਕ ਲਗਾਤਾਰ ਚਲੇਗੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦਾ ਮੁੱਦਾ : ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਨੂੰ ਲੈ ਕੇ ਜੋ ਚਰਚਾ ਲਗਾਤਾਰ ਹੁੰਦੀ ਚਲੀ ਆ ਰਹੀ ਹੈ। ਇਸਦਾ ਕਾਰਣ ਇਹ ਹੈ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਵਾਉਣ ਲਈ ਸੁਪ੍ਰੀਮ ਕੋਰਟ ਵਿਚ ਇਸ ਆਧਾਰ ਤੇ ਅਪੀਲ ਕੀਤੀ ਗਈ ਹੋਈ ਹੈ, ਕਿ ਉਸਦੇ ਮੁਖੀਆਂ ਨੇ ਮੁਖ ਚੋਣ-ਕਮਿਸ਼ਨ ਪਾਸ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਜੋ ਵਿਧਾਨ ਜਮ੍ਹਾਂ ਕਰਵਾ ਕੇ, ਲੋਕਸਭਾ ਅਤੇ ਵਿਧਾਨ ਸਭਾ ਆਦਿ ਲੋਕਤਾਂਤ੍ਰਿਕ ਰਾਜਨੈਤਿਕ ਸੰਸਥਾਵਾਂ ਦੀਆਂ ਚੋਣਾਂ ਲੜਨ ਲਈ ਮਾਨਤਾ ਪ੍ਰਾਪਤ ਕੀਤੀ ਹੋਈ ਹੈ, ਉਸ ਵਿਚ ਦਲ ਦੇ ਧਰਮ ਨਿਰਪੱਖ ਹੋਣ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਜਦਕਿ ਧਾਰਮਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦੀਆਂ ਚੋਣਾਂ ਲੜਨ ਦੀ ਮਾਨਤਾ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਨੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਜਮ੍ਹਾ ਕਰਵਾਏ ਗਏ ਹੋਏ ਵਿਧਾਨ ਵਿਚ ਸਿਂਖਾਂ (ਇਕ ਫਿਰਕੇ) ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕੀਤਾ ਹੋਇਆ ਹੈ। ਦੇਸ਼ ਦੇ ਕਾਨੂੰਨ ਅਤੇ ਮੁਖ ਚੋਣ ਕਮਿਸ਼ਨ ਵਲੋਂ ਨਿਸ਼ਚਿਤ ਮਾਪਦੰਡਾਂ ਅਤੇ ਭਾਰਤੀ ਸੰਵਿਧਾਨ ਦੀਆਂ ਮਾਨਤਾਵਾਂ ਦੇ ਆਧਾਰ ਤੇ ਦੋਹਰੇ ਵਿਧਾਨ ਵਾਲੀ ਕੋਈ ਵੀ ਪਾਰਟੀ ਲੋਕਸਭਾ, ਵਿਧਾਨ ਸਭਾ ਆਦਿ ਰਾਜਨੈਤਿਕ ਲੋਕਤਾਂਤ੍ਰਿਕ ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕਦੀ। ਦੂਜੇ ਪਾਸੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਇਸੇ ਆਧਾਰ ਤੇ ਉਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਅਯੋਗ ਕਰਾਰ ਦੁਆਉਣ ਦੇ ਲਈ ਅਪੀਲ ਕੀਤੀ ਗਈ ਹੋਈ ਹੈ।
ਇਸ ਸਾਰੀ ਚਰਚਾ ਨੂੰ ਮੁਖ ਰਖਦਿਆਂ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਵਿਧਾਨ ਦੇ, ਕੇਵਲ ਉਸ ਹਿਸੇ ਦੀ ਚਰਚਾ ਕੀਤੀ ਜਾ ਰਹੀ ਹੈ, ਜਿਸ ਵਿਚ ਅਕਾਲੀ ਦਲ ਦੀ ਸਥਾਪਨਾ ਕਰਦਿਆਂ ਉਸ ਲਈ ਭਰਤੀ ਕਰਨ ਦੇ ਨਿਯਮ ਮਿਥੇ ਗਏ ਹੋਏ ਹਨ, ਜੋ ਉਨ੍ਹਾਂ ਸਾਰੇ ਅਕਾਲੀ ਦਲਾਂ ਪੁਰ ਲਾਗੂ ਹੁੰਦੇ ਹਨ, ਜੋ ਸਿਂਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਚਲੇ ਆ ਰਹੇ ਹਨ।
ਅਕਾਲੀ ਦਲ ਦੀ ਭਰਤੀ : (ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਅਨੁਸਾਰ)
ਭੂਮਿਕਾ : ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁਚੀ ਮਰਜ਼ੀ ਦਾ ਇਕੋ ਇਕ ਪ੍ਰਗਟਾਉ ਹੈ ਅਤੇ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਨ ਦਾ ਪੂਰਾ ਅਧਿਕਾਰ ਰਖਦਾ ਹੈ। ਹੇਠ ਲਿਖੇ ਅਨੁਸਾਰ ਇਸ ਜਥੇਬੰਦੀ ਦੀ ਭਰਤੀ ਹੋਇਆ ਕਰੇਗੀ-
ਹਰ ਇਕ ਬਾਲਗ ਸਿੰਘ ਸਿੰਘਣੀ ਦੋ-ਸਾਲਾ ਚੰਦਾ ਪੇਸ਼ਗੀ ਦੇ ਕੇ ਮੈਂਬਰ ਬਣ ਸਕਦਾ ਹੈ, ਬਸ਼ਰਤੇ ਕਿ:-(ੳ) ਉੁਹ ਪਤਤ ਨਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਤੇ ਪਾਲਿਸੀ ਦਾ ਸਮਰਥਕ ਹੋਵੇ। (ਅ) ਜ਼ਾਤ-ਪਾਤ ਤੇ ਇਲਾਕੇ ਬੰਦ ਦੀ ਬਿਨਾ ਤੇ ਭਿੰਨ-ਭੇਦ ਜਾਂ ਛੂਤ-ਛਾਤ ਨਾ ਮੰਨਦਾ ਹੋਵੇ। (ੲ) ਸ਼ਰਾਬ ਨਾ ਪੀਂਦਾ ਹੋਵੇ। (ਸ) ਕੋਈ ਅਜਿਹਾ ਸਜਣ ਅਕਾਲੀ ਦਲ ਦੀ ਜਥੇਬੰਦੀ ਦਾ ਮੈਂਬਰ ਨਹੀਂ ਬਣ ਸਕੇਗਾ ਜੋ ਕਿਸੇ ਅਜਿਹੀ ਧਾਰਮਕ ਜਾਂ ਸਿਆਸੀ ਜਥੇਬੰਦੀ ਦਾ ਮੈਂਬਰ ਹੋਵੇ, ਜਿਸਦਾ ਸਿਧਾਂਤ ਸਿਖ ਧਰਮ ਦੇ ਵਿਰੁਧ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁਧ ਹੋਵੇ ਜਾਂ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਥ-ਵਿਰੋਧੀ ਜਮਾਤ ਕਰਾਰ ਦਿਤਾ ਹੋਵੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਮੈਬਰ ਵਰਕਿੰਗ ਕਮੇਟੀ ਦੀ ਆਗਿਆ ਬਿਨਾਂ ਕਿਸੇ ਹੋਰ ਸਿਆਸੀ ਜਥੇਬੰਦੀ ਦਾ ਮੈਂਬਰ ਨਹੀਂ ਬਣ ਸਕੇਗਾ। (ਹ) ਜੋ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ, ਪਾਲਿਸੀ ਤੇ ਸਿਧਾਂਤ ਦਾ ਸਮਰਥਕ ਹੋਵੇ, ਅਕਾਲੀ ਦਲ ਉਹਨਾਂ ਵਿਚੋਂ ਵੀ ਵਰਕਿੰਗ ਕਮੇਟੀ ਦੀ ਆਗਿਆ ਨਾਲ ਸਮੇਂ-ਸਮੇਂ ਐਸੋਸੀਏਟ ਮੈਂਬਰ ਭਰਤੀ ਕਰ ਸਕੇਗਾ ਤਾਂ ਕਿ ਅਕਾਲੀ ਦਲ ਸਮੁਚੇ ਸਮਾਜ ਦੀ ਸੇਵਾ ਦੇ ਲਕਸ਼ ਦਾ ਰਾਹ ਪਧਰਾ ਕਰ ਸਕੇ।
ਜਾਤ-ਪਾਤ ਦੇ ਆਧਾਰ ਉਤੇ ਬਣੀਆਂ ਜਥੇਬੰਦੀਆਂ, ਸਿਖ ਧਰਮ ਦੇ ਸਿਧਾਤਾਂ ਦੇ ਵਿਰੁਧ ਸਮਝੀਆਂ ਜਾਣਗੀਆਂ ਪ੍ਰੰਤੂ ਆਰਥਕ ਲਾਭਾਂ ਲਈ ਬਣੀਆਂ ਜਥੇਬੰਦੀਆਂ ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ।
ਇਹਨਾਂ ਨਿਯਮਾਂ ਵਿਚੋਂ ਚੰਦੇ ਦੀ ਗਲ ਨੂੰ ਇਕ ਪਾਸੇ ਕਰ ਦਿੱਤਾ ਜਾਏ ਤਾਂ ਵੀ ਬਾਕੀ ਨਿਯਮਾਂ ਅਤੇ ਸਿਧਾਂਤਾਂ ਦੇ ਆਧਾਰ ਤੇ ਅਕਾਲੀ ਦਲ ਦੇ ਨਾਂ ਤੇ ਸਥਾਪਤ ਗੁਟਾਂ ਲਈ ਜੋ ਭਰਤੀ ਕੀਤੀ ਜਾਂਦੀ ਹੈ, ਉਸ ਬਾਰੇ ਵੀ ਚਰਚਾ ਕਰਨ ਦੀ ਲੋੜ ਨਹੀਂ ਜਾਪਦੀ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਅਕਾਲੀ ਦਲਾਂ ਦੀ ਭਰਤੀ ਕਰਨ ਦੇ ਨਾਂ ਤੇ ਕੇਵਲ ਫੰਡ ਹੀ ਇਕਠੇ ਕੀਤੇ ਜਾਂਦੇ ਹਨ। ਜੋ ਜਿਤਨਾ ਫੰਡ ਦੇਵੇ ਉਸ ਦੀ ਉਤਨੀ ਹੀ ਭਰਤੀ ਮੰਨ ਲਈ ਜਾਂਦੀ ਹੈ। ਭਰਤੀ ਫਾਰਮ ਕੇਵਲ ਖਾਨਾ-ਪੂਰਤੀ ਲਈ ਹੀ ਛਪਵਾਏ ਤੇ ਵੰਡੇ ਜਾਂਦੇ ਹਨ। ਅਜ ਕੋਈ ਵੀ ਅਕਾਲੀ ਦਲ ਅਜਿਹਾ ਨਹੀਂ ਹੈ, ਜੋ ਮਾਨਤਾ ਪ੍ਰਾਪਤ ਭਰਤੀ ਦਾ ਰਿਕਾਰਡ ਪੇਸ਼ ਕਰ ਸਕੇ।
…ਅਤੇ ਅੰਤ ਵਿੱਚ : ਇਹ ਮੰਨਣਾ ਕਿ ਅਕਾਲੀ ਦਲਾਂ ਦੀ ਭਰਤੀ ਪੁਰੀ ਤਰ੍ਹਾਂ ਉਨ੍ਹਾਂ ਦੇ ਨਿਸ਼ਚਿਤ ਵਿਧਾਨ ਅਨੁਸਾਰ ਹੀ ਹੁੰਦੀ ਹੈ ਆਪਣੇ-ਆਪਨੂੰ ਧੋਖਾ ਦੇਣ ਦੇ ਤੁਲ ਹੀ ਹੋਵੇਗਾ। ਮੁਖ ਚੋਣ ਕਮਿਸ਼ਨ ਪਾਸ ਜਮ੍ਹਾਂ ਕਰਵਾਇਆ ਗਿਆ ਵਿਧਾਨ ਸਾਰਵਜਨਿਕ ਨਹੀਂ ਕੀਤਾ ਗਿਆ। ਫਿਰ ਵੀ ਹਰ ਕੋਈ ਜਾਣਦਾ ਹੈ ਕਿ ਦੇਸ਼ ਦੀਆਂ ਰਾਜਸੀ ਸੰਸਥਾਵਾਂ ਦੀਆਂ ਚੋਣਾਂ ਲੜਨ ਦੇ ਲਈ ਕੇਵਲ ਉਨ੍ਹਾਂ ਹੀ ਜਥੇਬੰਦੀਆਂ ਨੂੰ ਮਾਨਤਾ ਦਿਤੀ ਜਾਂਦੀ ਹੈ ਜੋ ਦੇਸ਼ ਦੇ ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਵਿਚ ਵਿਸ਼ਵਾਸ ਰਖਦੀਆਂ ਹਨ।