ਭਾਵੇਂ ਰੋ ਤੇ ਭਾਵੇਂ ਹੱਸ ! (ਨਿੱਕੀ ਕਹਾਣੀ)
ਸਿੱਖਾਂ ਵਿਚ ਜਾਗ੍ਰਿਤੀ ਤਾਂ ਆ ਰਹੀ ਹੈ, ਪਰ ਅਜੇ ਵੀ ਕਿਸੀ ਮੁੱਦੇ ਉੱਤੇ ਬੈਠ ਕੇ ਕੋਈ ਫੈਸਲਾ ਕਰਨ ਦੀ ਥਾਂ ਉਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਜਿਆਦਾ ਖੁਸ਼ ਹਨ ! (ਗੁੱਡੀ (ਪਤੰਗ) ਉਡਾ ਰਹੇ ਖੁਸ਼ਵੰਤ ਸਿੰਘ ਨੇ ਆਪਣਾ ਦਿਲ ਖੋਲ ਕੇ ਕਿਹਾ)
ਹਾ ਹਾ ਹਾ .... ਤੇ ਬਾਅਦ ਵਿੱਚ ਉਨ੍ਹਾਂ ਠੰਡੇ ਬਸਤਿਆਂ ਵਿੱਚੋਂ ਮੁੱਦੇ ਕਢ-ਕਢ ਕੇ ਆਪਸ ਵਿੱਚ ਲੜਦੇ ਹਨ ਤੇ ਇਸ ਤਰੀਕੇ ਪੂਰੇ ਪੰਥ ਦਾ ਦਿਲ ਪਰਚਾਵਾਂ ਹੁੰਦਾ ਹੈ ! ਪਰ ਅਫਸੋਸ ਇਸ ਗੱਲ ਦਾ ਹੈ ਕੀ ਇਸ ਦਿਲ ਪਰਚਾਵੇਂ ਕਰਕੇ ਸਹਿਜੇ ਸਹਿਜੇ ਇੱਕ ਘਰੇਲੂ ਜੰਗ ਦਾ ਮਾਹੌਲ ਬਣਦਾ ਜਾ ਰਿਹਾ ਹੈ ! (ਪੰਥਪ੍ਰੇਮ ਸਿੰਘ ਨੇ ਚਰਖੜੀ ਤੇ ਮਾਂਝਾ ਲਪੇਟਦੇ ਹੋਏ ਜਵਾਬ ਦਿੱਤਾ)
ਖੁਸ਼ਵੰਤ ਸਿੰਘ : ਵੱਡੇ ਵੱਡੇ ਵਿਦਵਾਨ ਵੀ "ਗੁੰਝਲ ਪੈਣ ਦੇ ਡਰ" ਤੋਂ ਇਹ ਪੰਥਕ ਮਸਲੇ ਸੁਲਝਾਉਣ ਵਾਲੇ "ਢੀਲ ਦੇ ਪੇਚੇ" ਲਾ ਨਹੀਂ ਪਾ ਰਹੇ ਤੇ ਖਿੱਚਾ ਲਾਉਣ ਦੀ ਤਾਬ ਕਿਸੀ ਵੀ ਧਰਮਿਕ ਜਾਂ ਸਿਆਸੀ ਲੀਡਰ ਵਿੱਚ ਦਿਸਦੀ ਨਹੀਂ ! ਸਭ ਆਪਣੇ ਆਪਣੇ ਟੀਚੇ ਮਿੱਥ ਕੇ ਉਨ੍ਹਾਂ ਦੇ ਦੁਆਲੇ ਆਪਣੀਆਂ ਗੁੱਡੀਆਂ ਉੜਾ ਰਹੇ ਹਨ ਤੇ ਜਾਹਿਰ ਕਰ ਰਹੇ ਹਨ ਕੀ ਉਨ੍ਹਾਂ ਤੋਂ ਵੱਡਾ ਪੇਚੇਬਾਜ਼ ਕੋਈ ਵੀ ਨਹੀਂ ਹੈ, ਪਰ ਅਸਲ ਵਿੱਚ ਉਨ੍ਹਾਂ ਸਭਨਾਂ ਨੂੰ ਆਪਣੀ ਗੁੱਡੀ ਕੱਟੇ ਜਾਣ ਦਾ ਡਰ ਹੈ, ਇਸ ਕਰਕੇ ਤੁਨਕੇ ਮਾਰੀ ਜਾਂਦੇ ਹਨ ਪਰ ਪੇਚੇ ਕੋਈ ਨਹੀਂ ਲਾਉਂਦਾ !
ਪੰਥਪ੍ਰੇਮ ਸਿੰਘ : ਗੁੱਡੀ ਤਾਂ ਅਖੀਰ ਸਭ ਦੀ ਹੀ ਕੱਟੀ ਜਾਣੀ ਹੈ ! ਆਮ ਸੰਗਤ ਨੂੰ ਚਾਹੀਦਾ ਹੈ ਕੀ ਹੁਣ ਓਹ ਖੁਦ ਸੜਕਾਂ ਤੇ ਆਵੇ ਅੱਤੇ ਆਪਣੇ ਆਪਣੇ ਇਲਾਕੇ ਦੇ ਮੈਂਬਰਾ ਦੀ ਨੱਕ ਵਿੱਚ ਨਕੇਲ ਪਾਵੇ ! ਅਸੀਂ ਸ਼ਾਇਦ ਇਨ੍ਹਾਂ ਵੱਡੀਆਂ ਕਮੇਟੀਆਂ ਨਾਲ ਇਸ ਵੇਲੇ ਲੜ ਨਹੀਂ ਸਕਦੇ ਪਰ ਕੱਲੇ-ਕੱਲੇ ਮੇੰਬਰ ਨੂੰ ਰੋਕਣਾ ਸੌਖਾ ਹੈ!
ਖੁਸ਼ਵੰਤ ਸਿੰਘ : ਸਹੀ ਕਹਿੰਦੇ ਹੋ ! ਕਿਸੀ ਵੀ ਕਮੇਟੀ ਮੇੰਬਰ ਵਿੱਚ ਇਤਨਾ ਹੌਸਲਾ ਨਹੀਂ ਹੋਵੇਗਾ ਕੀ ਓਹ ਸੰਗਤ ਦੇ ਖਿਲਾਫ਼ ਜਾ ਕੇ ਗੁਰਮਤ ਵਿਰੋਧੀ ਕਾਰਜ ਕਰ ਸਕੇ ! ਹਰ ਇਲਾਕੇ ਤੋਂ ਵੀਹ-ਪੱਚੀ ਬੰਦੇ ਵੀ ਹੱਲਾ ਮਾਰ ਕੇ ਇੱਕ-ਸੁਰ ਆਪਣੇ ਆਪਣੇ ਇਲਾਕੇ ਵਿੱਚ ਗੁਰਮਤ ਤੇ ਪਹਿਰਾ ਦੇਣ ਤਾਂ ਇਨ੍ਹਾਂ ਮੈਂਬਰਾਂ ਨੂੰ ਝੱਕ ਮਾਰ ਕੇ ਸੁਧਰਨਾ ਹੀ ਪਵੇਗਾ !
ਪੰਥਪ੍ਰੇਮ ਸਿੰਘ : ਗੱਲ ਤਾਂ ਠੀਕ ਹੈ ! ਖਿਚੜੀ ਵੀ ਵਿਚੋਂ ਗਰਮਾ ਗਰਮ ਖਾਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਮੁੰਹ ਸੜ੍ਹ ਜਾਂਦਾ ਹੈ ਪਰ ਸਹਿਜੇ ਸਹਿਜੇ ਕਿਨਾਰਿਆਂ ਤੋਂ ਖਾਦੀ ਜਾਵੇ ਤਾਂ ਸਾਰੀ ਖਿਚੜੀ ਪੂਰਾ ਸੁਆਦ ਲੈਂਦੇ ਹੋਏ ਖਾਦੀ ਜਾ ਸਕਦੀ ਹੈ ! ਖਿੱਚਾ ਲਾਉਣ ਨਾਲ ਹੱਥ ਕਟਣ ਦਾ ਖਤਰਾ ਹੁੰਦਾ ਹੈ ਤੇ ਨਾਲ ਮਾਝਾ ਗੁੰਝਲ ਸਕਦਾ ਹੀ ਪਰ ਜੇਕਰ ਇੱਕ ਬੰਦਾ ਢੀਲ ਦੇ ਪੇਚੇ ਲਾਵੇ ਤੇ ਦੂਜੇ ਨੇ ਚਰਖੜੀ ਫੜੀ ਹੋਵੇ ਤਾਂ ਢੀਲ ਦੇ ਪੇਚੇ ਸੁਆਦਲੇ ਹੋ ਜਾਂਦੇ ਹਨ ਤੇ ਮਾਂਝਾ ਵੀ ਖਰਾਬ ਨਹੀਂ ਹੁੰਦਾ ਭਾਵ ਮਿਲ ਕੇ ਤਾਂ ਪੰਥਕ ਮਸਲੇ ਸੁਲਝਾਏ ਜਾ ਸਕਦੇ ਹਨ ਪਰ ਆਪਸ ਵਿੱਚ ਖਿਚ-ਧਰੂ ਕਰ ਕੇ ਗੁੱਸੇ ਵਿੱਚ ਸਿਰਫ਼ ਇੱਕ ਦੂਜੇ ਦੀ ਗੁੱਡੀ ਹੀ ਫਾੜੀ ਜਾ ਸਕਦੀ ਹੈ !
ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ ! ਗੁੰਝਲ ਪਾਉਣੀ ਸੌਖੀ ਹੈ ਪਰ ਗੁੰਝਲ ਨੂੰ ਸੁਲਝਾਉਣਾ ਇੱਕ ਵੱਡਾ ਕੰਮ ਹੈ .... ਪਰ ਜੇਕਰ ਗੁੰਝਲ ਪੈ ਹੀ ਚੁੱਕੀ ਹੈ ਤਾਂ ਫਿਰ ਸੁਲਝਾਉਣੀ ਤਾਂ ਪੈਣੀ ਹੀ ਹੈ ਭਾਵੇਂ ਰੋ ਕੇ ਸੁਲ੍ਝਾਓ ਤੇ ਭਾਵੇ ਹੱਸ ਕੇ ! (ਖੁਸ਼ਵੰਤ ਸਿੰਘ ਨੇ ਗੱਲ ਮੁਕਾਈ)
ਬਲਵਿੰਦਰ ਸਿੰਘ ਬਾਈਸਨ
http://nikkikahani.com/