ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 3)
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥1॥
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥1॥ਰਹਾਉ॥
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥
ਦੂਜਹਿ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥2॥
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥3॥
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥4॥
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
ਲਖ ਚੁਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥5॥3॥36॥
॥ਰਹਾਉ॥ ਹੇ ਮੇਰੇ ਰਾਮ, ਮੇਰਾ ਹਰੀ ਤੋਂ (ਤੇਰੇ ਤੋਂ) ਬਗੈਰ ਹੋਰ ਕੋਈ ਨਹੀਂ ਹੈ।
ਹੇ ਭਾਈ, ਸਤਿਗੁਰੁ, ਪਰਮਾਤਮਾ, ਪ੍ਰਭੂ ਹੀ ਪਵਿਤ੍ਰ ਸਰੂਪ (ਸੱਚ) ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸ਼ਬਦ ਗੁਰੂ ਦੇ ਨਾਲ ਜੁੜਿਆਂ, ਸ਼ਬਦ ਵਿਚਾਰ ਆਸਰੇ ਹੀ ਉਸ ਪ੍ਰਭੂ ਨਾਲ ਮਿਲਾਪ, ਜੋਗ ਪਰਾਪਤ ਕੀਤਾ ਜਾ ਸਕਦਾ ਹੈ।
॥1॥ ਜਿਵੇਂ ਸਾਰੀ ਪਰਜਾ ਉਸ ਦੀ ਹੀ ਹੋ ਕੇ ਰਹਿੰਦੀ ਹੈ, ਜਿਸ ਦਾ ਰਾਜ ਹੋਵੇ, ਇਵੇਂ ਹੀ ਗੁਰਮੁਖ ਹੋ ਕੇ ਕੰਮ ਕਰਨ ਵਾਲੇ ਦੇ, ਗੁਰ ਸ਼ਬਦ ਦੀ ਸਿਖਿਆ ਅਨੁਸਾਰ ਚੱਲਣ ਵਾਲੇ ਦੇ ਹਿਰਦੇ ਵਿਚ, ਹਮੇਸ਼ਾ ਕਾਇਮ ਰਹਣ ਵਾਲਾ ਕਰਤਾਰ ਜ਼ਾਹਰ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਜ਼ਾਹਰ ਹੋ ਜਾਂਦਾ ਹੈ, ਉਹ ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ, ਤੇ ਉਹ ਹਮੇਸ਼ਾ ਕਾਇਮ ਰਹਣ ਵਾਲੀ ਸੋਭਾ ਪਾਂਦਾ ਹੈ। ਜਿਹੜੇ ਬੰਦੇ ਸਦਾ-ਥਿਰ ਅਕਾਲਪੁਰਖ ਵਿਚ ਜੁੜੇ ਰਹਿੰਦੇ ਹਨ, ਉਹ ਫਿਰ ਉਸ ਨਾਲੋਂ ਕਦੀ ਵਿਛੁੜਦੇ ਨਹੀਂ, ਉਨ੍ਹਾਂ ਦਾ ਧਿਆਨ ਹਮੇਸ਼ਾ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਹੈ, ਉਨ੍ਹਾਂ ਦੀ ਮਾਇਆ ਪਿੱਛੇ ਦੌੜ-ਭੱਜ ਮੁਕ ਜਾਂਦੀ ਹੈ।
॥2॥ ਪਰਮਾਤਮਾ ਆਪ ਹੀ ਜਿਸ ਨੂੰ ਆਪਣੇ ਨਾਲ ਜੋੜੇ, ਉਹ ਸ਼ਬਦ ਗੁਰੂ ਦੀ ਸਿਖਿਆ ਵਿਚ ਚਲਦਿਆਂ ਕਰਤਾਰ ਦੇ ਚਰਨਾਂ ਨਾਲ, ਉਸ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ। ਜਿਹੜਾ ਬੰਦਾ ਦੂਜੇ ਭਾਇ, ਮਾਇਆ ਦੇ ਮੋਹ ਵਿਚ ਜੁੜਿਆ ਰਹਿੰਦਾ ਹੈ, ਉਹ ਕਿਸੇ ਹਾਲਤ ਵਿਚ ਵੀ ਅਕਾਲ-ਪੁਰਖ ਨੂੰ ਨਹੀਂ ਮਿਲ ਸਕਦਾ, ਉਹ ਤਾਂ ਆਵਾ-ਗਵਣ ਦੇ ਚੱਕਰ ਵਿਚ ਹੀ ਪਿਆ ਰਹਿੰਦਾ ਹੈ।
ਸਾਰਿਆਂ ਜੀਵਾਂ ਵਿਚ ਕਰਤਾਰ ਹੀ ਵਸਦਾ ਹੈ ਅਤੇ ਸਭ ਥਾਂਵਾਂ ਤੇ ਉਹ ਹੀ ਮੌਜੂਦ ਹੈ, ਫਿਰ ਵੀ, ਉਹ ਮਨੁੱਖ ਹੀ ਸ਼ਬਦ ਗੁਰੂ ਦੀ ਸਿਖਿਆ ਤੇ ਚਲਦਿਆਂ ਪਰਮਾਤਮਾ ਦੀ ਰਜ਼ਾ ਵਿਚ ਲੀਨ ਹੁੰਦਾ ਹੈ, ਜਿਸ ਤੇ ਦਿਆਲ ਹੋ ਕੇ ਪ੍ਰਭੂ ਆਪ, ਉਸ ਨੂੰ ਸ਼ਬਦ ਗੁਰੂ ਨਾਲ ਜੋੜ ਕੇ, ਉਸ ਨੂੰ ਗੁਰਮੁਖਿ ਬਣਾ ਦੇਵੇ।
॥3॥ ਵਿਦਵਾਨ ਅਤੇ ਜੋਤਸ਼ੀ, ਆਪਣੀਆਂ ਕਿਤਾਬਾਂ ਪੜ੍ਹ-ਪੜ੍ਹ ਕੇ, ਉਨ੍ਹਾਂ ‘ਚੋਂ ਪਰਾਪਤ ਕੀਤੇ ਗਿਆਨ ਆਸਰੇ ਵਾਦ-ਵਿਵਾਦ (ਬਹਸ) ਬਾਰੇ ਹੀ ਵਿਚਾਰ ਕਰਦੇ ਰਹਿੰਦੇ ਹਨ। ਇਵੇਂ ਉਨ੍ਹਾਂ ਦੇ ਅੰਦਰ ਲੋਭ ਅਤੇ ਹੰਕਾਰ ਪੈਦਾ ਹੋ ਜਾਂਦਾ ਹੈ, ਉਨ੍ਹਾਂ ਨੂੰ ਇਹ ਵੀ ਸੋਝੀ ਨਹੀਂ ਹੁੰਦੀ ਕਿ ਉਨ੍ਹਾਂ ਦੀ ਮੱਤ ਕੁਰਾਹੇ ਪਈ ਹੋਈ ਹੈ।
ਇਵੇਂ ਇਹ ਲੋਕ ਚੌਰਾਸੀ ਲੱਖ (ਬੇ-ਗਿਣਤ) ਜੂਨਾਂ ਵਿਚ ਭਟਕਦੇ ਹੋਏ ਖੁਆਰ ਹੁੰਦੇ ਰਹਿੰਦੇ ਹਨ, ਪਰ ਉਨ੍ਹਾਂ ਦੇ ਵੱਸ ਦੀ ਵੀ ਕੀ ਗੱਲ ਹੈ ? ਪੂਰਬਲੇ ਕੀਤੇ ਕਰਮਾਂ ਦੇ ਆਧਾਰ ਤੇ ਬਣੇ ਸੰਸਕਾਰਾਂ ਦਾ ਲੇਖਾ ਭੁਗਤਣਾ ਹੀ ਪੈਂਦਾ ਹੈ, ਉਨ੍ਹਾਂ ਸੰਸਕਾਰਾਂ ਨੂੰ ਕੋਈ ਵੀ ਮੇਟ ਨਹੀਂ ਸਕਦਾ।
॥4॥ ਸਤਿਗੁਰ ਦੀ ਸੇਵਾ, ਸ਼ਬਦ ਵਿਚਾਰ ਕਰਨਾ ਬੜਾ ਔਖਾ ਹੈ, ਇਸ ਵਾਸਤੇ ਮਨੋ ਹਉਮੈ ਦੂਰ ਕਰ ਕੇ, ਮੱਤ ਗੁਰੂ ਨੂੰ ਅਰਪਣ ਕਰਨੀ ਪੈਂਦੀ ਹੈ। ਜਦ ਬੰਦੇ ਸ਼ਬਦ ਵਿਚਾਰ ‘ਚ ਜੁੜਦੇ ਹਨ ਤਾਂ ਉਨ੍ਹਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ, ਉਨ੍ਹਾਂ ਨੂੰ ਰੱਬ ਮਿਲ ਪੈਂਦਾ ਹੈ। ਇਵੇਂ ਪਾਰਸ ਨਾਲ ਜੁੜ ਕੇ ਪਾਰਸ ਹੀ ਹੋ ਜਾਈਦਾ ਹੈ, ਬੰਦੇ ਦੀ ਜੋਤ ਆਪਣੇ ਮੂਲ ਕਰਤਾਰ ਦੀ ਜੋਤ ਵਿਚ ਹੀ ਵਿਲੀਨ ਹੋ ਜਾਂਦੀ ਹੈ।
ਪਰ ਸਤਿਗੁਰੁ, ਪਰਮਾਤਮਾ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ।
॥5॥ ਹੇ ਮਨ, ਹਰ ਵੇਲੇ ਭੁੱਖ-ਭੁੱਖ ਕਰਦਾ, ਪੁਕਾਰ-ਫਰਿਆਦ ਹੀ ਨਾ ਕਰਦਾ ਰਹੁ।
ਜਿਸ ਨੇ ਇਹ ਚੌਰਾਸੀ ਲੱਖ ਜੂਨਾਂ ਪੈਦਾ ਕੀਤੀਆਂ ਹਨ, ੳੇੁਹ ਉਨ੍ਹਾਂ ਵਿਚੋ ਹਰ ਜੀਵ ਦੀ ਜ਼ਿੰਦਗੀ ਚਲਦੀ ਰੱਖਣ ਲਈ, ਆਸਰਾ ਵੀ ਦਿੰਦਾ ਹੈ। ਉਹ ਨਿਰਭਉ ਦਾਤਾ ਹਮੇਸ਼ਾ ਦਿਆਲ ਹੈ, ਉਹ ਸਭਨਾਂ ਦੀ ਸਾਰ-ਸੰਭਾਲ ਵੀ ਕਰਦਾ ਹੈ।
ਹੇ ਨਾਨਕ, ਗੁਰਮੁਖ ਹੋ ਕੇ, ਸ਼ਬਦ ਗੁਰੂ ਦੀ ਵਿਚਾਰ ਆਸਰੇ ਹੀ ਇਹ ਸਭ ਸੋਝੀ ਹਾਸਲ ਹੁੰਦੀ ਹੈ, ਅਤੇ ਮੁਕਤੀ ਦਾ ਦਵਾਰਾ ਮਿਲਦਾ ਹੈ। ਆਵਾ-ਗਵਣ ਤੋਂ ਖਲਾਸੀ ਹੁੰਦੀ ਹੈ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 3) ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ
Page Visitors: 2734