ਗੁਰਮਤਿ ਸੰਬੰਧੀ ਪਏ ਕੁੱਝ ਭੁਲੇਖੇ
ਕਈ ਸੱਜਣ ਸਵਾਲ ਕਰਦੇ ਹਨ ਕਿ: “ਆਮ ਖਿਆਲ ਇਹ ਪਾਇਆ ਜਾਂਦਾ ਹੈ ਕਿ ਮਨੁੱਖ ਜਦੋਂ ਮਾੜੇ ਕਰਮ ਕਰਦਾ ਹੈ ਤਾਂ ਉਸ ਨੂੰ ਮਾੜੀ ਜੂਨ ਭੋਗਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਚੰਗੇ ਦਾਨ ਪੁੰਨ ਕਰਨ ਨਾਲ ਉਸ ਨੂੰ ਚੰਗਿਆਂ ਘਰਾਂ ਵਿੱਚ ਜਨਮ ਮਿਲ ਜਾਂਦਾ ਹੈ। ਪੁਰਾਣੇ ਖਿਆਲਾਂ ਅਨੁਸਾਰ ਸ਼ੂਦਰ ਵਿਚਾਰੇ ਦਾ ਜਨਮ ਹੀ ਬ੍ਰਹਮਣ ਦੇਵਤੇ ਦੀ ਸੇਵਾ ਕਰਨ ਲਈ ਹੋਇਆ ਹੈ। ਪਰ ਕਬੀਰ ਜੀ ਤਾਂ ਕਹਿੰਦੇ ਹਨ:
ਜੌ ਤੂੰ ਬ੍ਰਹਮਣ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥ 2॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ (ਪੰਨਾ-324)।
ਆਮ ਤੌਰ ਤੇ ਭੁਲੇਖੇ ਉਸ ਵਕਤ ਪੈਂਦੇ ਹਨ ਜਦੋਂ ਆਪਾਂ ਆਪਣੇ ਬਣ ਚੁੱਕੇ ਵਿਚਾਰਾਂ ਅਨੁਸਾਰ ਗੁਰਬਾਣੀ ਦੇ ਅਰਥ ਕਰਦੇ ਹਾਂ ਅਤੇ ਬਿਨਾਂ ਸੋਚੇ ਸਮਝੇ ਕਿਸੇ ਹੋਰ ਮਤ ਦੀਆਂ ਗੱਲਾਂ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਗੁਰਬਾਣੀ ਵਿੱਚ ਕਿਸੇ ਹੋਰ ਮੱਤ ਦਾ ਲੱਫ਼ਜ਼ ਦੇਖਦਿਆਂ ਹੀ ਨੱਫ਼ਰਤ ਨਾਲ ਗੁਰਬਾਣੀ ਦੇ ਅਸਲੀ ਅਰਥ ਬਦਲ ਕੇ ਆਪਣੇ ਹੀ ਅਰਥ ਕਰਨ ਲੱਗ ਜਾਂਦੇ ਹਾਂ।
ਉਪਰ ਦਿੱਤੀ ਵਿਚਾਰ ਵਿੱਚ ਸਭ ਤੋਂ ਪਹਿਲੀ ਸਮਝਣ ਵਾਲੀ ਗੱਲ ਇਹ ਹੈ ਕਿ ਚੰਗੀਆਂ ਮਾੜੀਆਂ ਜੂਨਾਂ ਅਤੇ (ਮਿਥੀਆਂ ਗਈਆਂ) ਚੰਗੀਆਂ ਮਾੜੀਆਂ ਜਾਤਾਂ ਵਿੱਚ ਫ਼ਰਕ ਹੈ। ਪਸ਼ੂ, ਪੰਛੀ, ਇਨਸਾਨ ਆਦਿ ਜੂਨਾਂ ਹਨ ਜੋ ਪ੍ਰਭੂ ਦੇ ਹੁਕਮ ਵਿੱਚ ਦੁਨੀਆਂ ਤੇ ਜਨਮ ਲੈ ਕੇ ਆਉਂਦੇ ਹਨ। ਇਹਨਾ ਜੂਨਾਂ ਦੇ ਜਨਮ ਲੈਣ ਵਿੱਚ ਕਿਸੇ ਬ੍ਰਹਮਣ ਦਾ ਕੋਈ ਹੱਥ ਜਾਂ ਜੋਰ ਜਾਂ ਦਖ਼ਲ ਨਹੀਂ ਹੈ। ਇਸ ਦੇ ਉਲਟ ਇਨਸਾਨਾਂ ਵਿੱਚ ਬ੍ਰਹਮਣ, ਖੱਤਰੀ, ਵੈਸ਼, ਸ਼ੁਦਰ ਆਦਿ ਉਚੀਆਂ ਨੀਵੀਆਂ ਜਾਤਾਂ ਦੀ ਵੰਡੀ ਬ੍ਰਹਮਣ ਦੀ ਪਾਈ ਹੋਈ ਹੈ। ਇਹ ਜਾਤੀ ਵੰਡ ਪਰਮਾਤਮਾ ਨੇ ਨਹੀਂ ਪਾਈ। ਉਪਰ ਦਿੱਤੀਆਂ ਗੁਰਬਾਣੀ ਦੀਆਂ ਤੁਕਾਂ ਵਿੱਚ ਵੀ ਬ੍ਰਹਮਣ ਦੁਆਰਾ ਉਚੀ ਨੀਵੀਂ ਜਾਤ ਦੀ ਪਾਈ ਗਈ ਵੰਡ ਦਾ ਜ਼ਿਕਰ ਹੈ ਚੰਗੀਆਂ ਮਾੜੀਆਂ ਜੂਨਾਂ ਦਾ ਨਹੀਂ। ਏਥੇ ਬ੍ਰਹਮਣ ਅਤੇ ਸ਼ੂਦ੍ਰ ਵਾਲ਼ੀ ਜਾਤੀ ਵੰਡ ਦੀ ਗੱਲ ਕੀਤੀ ਗਈ ਹੈ ਜੂਨਾਂ ਦੀ ਨਹੀਂ।
ਗੁਰਮਤ ਸੰਬੰਧੀ ਇਹ ਵੀ ਭੁਲੇਖਾ ਹੈ ਕਿ: “ਹਰ ਧਰਮ ਦੇ ਪੁਜਾਰੀ ਦੀ ਆਮਦਨ ਦਾ ਮੁੱਖ ਸਾਧਨ ਮਰਨ ਤੋਂ ਬਾਅਦ ਵਾਲੇ ਜੀਵਨ ਕਰਕੇ ਹੈ, ਤੇ ਹਰ ਮਨੁੱਖ ਸ੍ਵਰਗ ਦੀ ਲਾਲਸਾ ਤੇ ਨਰਕ ਦੇ ਸੰਭਾਵੀ ਖ਼ਤਰੇ ਤੋਂ ਬਚਣ ਲਈ ਧਰਮ ਦੇ ਪੁਜਾਰੀਆਂ ਤੋਂ ਆਪਣੇ ਬਚਾ ਦੇ ਸਾਧਨ ਢੂੰਡਦਿਆਂ ਸਾਰੀ ਜ਼ਿੰਦਗ਼ੀ ਇਹਨਾਂ ਸੰਸਿਆਂ ਵਿੱਚ ਗੁਜ਼ਾਰ ਦੇਂਦਾ ਹੈ। ਪਰ ਗੁਰਬਾਣੀ ਨੇ ਦੋ ਟੂਕ ਫ਼ੈਸਲਾ ਦੇਂਦਿਆਂ ਸਿੱਧਾ ਹੀ ਸਮਝਾ ਦਿੱਤਾ ਹੈ:
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ (ਭਗਤ ਨਾਮ ਦੇਵ, ਪੰਨਾ-1292)”।
ਏਥੇ ਸਭ ਤੋਂ ਪਹਿਲਾਂ ਹਿੰਦੂ ਮੱਤ ਅਤੇ ਸਿੱਖ ਮੱਤ ਵਿੱਚ ਮੰਨੀਂ ਗਈ ਮੁਕਤੀ ਦਾ ਫ਼ਰਕ ਸਮਝਣ ਦੀ ਜਰੂਰਤ ਹੈ। ਹਿੰਦੂ ਮੱਤ ਅਨੁਸਾਰ ਬੰਦਾ ਦਾਨ ਪੁੰਨ ਕਰੇ, ਪੁਜਾਰੀ/ਬ੍ਰਹਮਣ ਤੋਂ ਪੂਜਾ ਪਾਠ ਕਰਵਾਏ, ਤੀਰਥਾਂ ਤੇ ਇਸ਼ਨਾਨ ਕਰੇ, ਬ੍ਰਹਮਣ ਨੂੰ ਗਊ ਦਾਨ ਕਰੇ …. ।
ਅਤੇ ਬੰਦੇ ਦੇ ਮਰਨ ਪਿੱਛੋਂ ਉਸ ਦੇ ਸੰਬੰਧੀ, ਰਿਸਤੇਦਾਰ ਮਰੇ ਬੰਦੇ ਨਮਿਤ ਪੂਜਾ ਪਾਠ, ਦਾਨ ਪੁੰਨ ਕਰਨ, ਮਰੇ ਬੰਦੇ ਦਾ ਪੁੱਤਰ ਸਿਰ ਮੁੰਨਵਾਕੇ (ਮੁੰਡਣ ਕਰਵਾ ਕੇ) ਤੀਰਥਾਂ ਤੇ ਇਸ਼ਨਾਨ ਕਰੇ …. ਤਾਂ ਮਰੇ ਬੰਦੇ ਨੂੰ ਮੁਕਤੀ ਹਾਸਲ ਹੁੰਦੀ ਹੈ।।
ਇਸ ਦੇ ਉਲਟ ਸਿੱਖ ਮੱਤ ਵਿੱਚ ‘ਪੁਜਾਰੀ’ ਲਈ ਕੋਈ ਥਾਂ ਨਹੀਂ ਹੈ। ਗੁਰਮਤ ਵਿੱਚ ਸ੍ਵਰਗ ਜਾਂ ਨਰਕ ਨੂੰ ਵੀ ਕੋਈ ਮਾਨਤਾ ਨਹੀਂ ਹੈ। ਜਿਉਂਦੇ ਜੀ ਜਾਂ ਮਰਨ ਪਿੱਛੋਂ ਰਿਸਤੇਦਾਰਾਂ ਦੁਆਰਾ ਪੈਸੇ ਦੇ ਕੇ ਪਾਠ ਕਰਵਾਉਣ ਨੂੰ ਵੀ ਕੋਈ ਮਾਨਤਾ ਨਹੀਂ ਹੈ। ਗੁਰਮਤ ਵਿੱਚ ਜਿਉਂਦੇ ਜੀ ਆਪ ਗੁਰਬਾਣੀ ਦਾ ਪਾਠ ਕਰਕੇ ਜਾਂ ਕਿਸੇ ਕੋਲੋਂ ਸੁਣ ਕੇ, ਉਸ ਉਪਰ ਅਮਲ ਕਰਕੇ, ਗੁਰਮਤ ਅਨੁਸਾਰ ਜੀਵਨ ਢਾਲਣ ਨਾਲ ਜੀਵ ਜਿਉਂਦੇ-ਜੀ ਮੁਕਤ ਹੈ ਅਰਥਾਤ ਪ੍ਰਭੂ ਵਿੱਚ ਸਮਾਇਆ ਹੋਇਆ ਹੈ ਅਤੇ ਮਰਨ ਪਿੱਛੋਂ ਫ਼ੇਰ ਜੂਨਾਂ ਵਿੱਚ ਨਹੀਂ ਭਟਕਦਾ। ਪਰ ਜੇ ਬੰਦੇ ਨੇ ਸਾਰੀ ਉਮਰ ਮਨਮੁੱਖਾਂ ਵਾਲਾ ਜੀਵਨ ਬਿਤਾਇਆ ਹੋਵੇ, ਫ਼ੇਰ ਭਾਵੇਂ ਉਸ ਨੇਂ ਕਿੰਨੇ ਵੀ ਦਾਨ ਪੁੰਨ ਕੀਤੇ ਹੋਣ, ਤੀਰਥਾਂ ਤੇ ਇਸ਼ਨਾਨ ਕੀਤੇ ਹੋਣ, (ਅਖੰਡ) ਪਾਠ ਕਰਵਾਏ ਹੋਣ, ਆਪਣੇ ਬਚਾਵ ਲਈ ਪੁਜਾਰੀਆਂ ਕੋਲ ਜਾਂ ਹੋਰ ਥਾਵਾਂ ਤੇ ਭੱਜਿਆ ਫ਼ਿਰੇ, ਮਨਮੁੱਖ ਬੰਦੇ ਨੂੰ ਆਵਾਗਉਣ ਤੋਂ ਛੁਟਕਾਰਾ ਨਹੀਂ ਮਿਲ ਸਕਦਾ (ਸਿੱਖ, ਪੁਜਾਰੀਆਂ ਪਿੱਛੇ ਨਹੀਂ ਭੱਜਿਆ ਫ਼ਿਰਦਾ, ਜੇ ਭੱਜਿਆ ਫ਼ਿਰਦਾ ਹੈ ਤਾਂ ਉਹ ਸਿੱਖ ਨਹੀਂ)।
“ ਸੋ ਗੁਰਮਤ ਅਨੁਸਾਰ ਮਨਮੁੱਖ ਬੰਦੇ ਨੂੰ ਆਵਾਗਉਣ ਅਵੱਛ ਹੈ, ਚਾਹੇ ਉਸ ਨੇ ਜਾਂ ਮਰਨ ਪਿੱਛੋਂ ਉਸ ਦੇ ਰਿਸਤੇਦਾਰਾਂ ਦੁਆਰਾ ਉਸ ਨਮਿੱਤ ਕਿੰਨੇ ਵੀ ਪੂਜਾ ਪਾਠ ਜਾਂ ਦਾਨ ਪੁੰਨ ਕੀਤੇ ਹੋਣ। ਗੁਰਮਤ ਵਿੱਚ ਮੁਕਤੀ ਹਾਸਲ ਕਰਨ ਲਈ ਬੰਦੇ ਨੂੰ ਸਿਰਫ਼ ਅਤੇ ਸਿਰਫ਼ ਗੁਰਮੁਖ ਬਣਨ ਦੀ ਜਰੂਰਤ ਹੈ। ਅਤੇ ਗੁਰਮੁਖ ਬਣਨ ਲਈ ਕਿਸੇ ਪੁਜਾਰੀ, ਕਿਸੇ ਦਾਨ ਪੁੰਨ, ਕਿਸੇ ਤੀਰਥ ਇਸ਼ਨਾਨ ਦੀ ਜਰੂਰਤ ਨਹੀਂ। ਇੱਕ ਵੀ ਪੈਸਾ ਖ਼ਰਚ ਕਰਨ ਦੀ ਜਰੂਰਤ ਨਹੀਂ। ਗੁਰਮੁਖ ਬੰਦਾ ਹਰ ਕਿਸਮ ਦੇ ਜਨਮ ਮਰਣ ਦੇ ਸੰਸੇ ਤੋਂ ਮੁਕਤ ਹੁੰਦਾ ਹੈ।ਹਉ ਬਾਹੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ”
ਗੁਰਮਤ ਸੰਬੰਧੀ ਇੱਕ ਇਹ ਵੀ ਭੁਲੇਖਾ ਹੈ ਕਿ: “ਗੁਰੂ ਸਾਹਿਬ ਜੀ ਨੇ ਸਾਨੂੰ ਇਸ ਜੀਵਨ ਵਿਚਲੀਆਂ ਸੁਭਾਅ ਕਰਕੇ ਜੂਨਾਂ ਤੋਂ ਬਚਣ ਲਈ ਤਾਕੀਦ ਕੀਤੀ ਸੀ ਪਰ ਅਸੀਂ ਸਾਰੀਆਂ ਜੂਨਾਂ ਮਰਣ ਉਪਰੰਤ ਦੀਆਂ ਮਿਥ ਬੈਠੇ ਹਾਂ। ਸੂਰਾਂ ਵਾਂਗ ਖਾਣਾ, ਬੱਚਿਆਂ ਨੂੰ ਜਨਮ ਦਈ ਜਾਣਾ ਤੇ ਹਰ ਵੇਲੇ ਗੰਦਗੀ ਵਿੱਚ ਰਹਿਣਾ ਗਧਿਆਂ ਵਾਂਗ ਦੁਲੱਤੇ ਮਾਰਨੇ ਤੇ ਰੂੜੀਆਂ ਵਿੱਚ ਲਿਟਣਾ, ਕਾਂ ਵਾਂਗ ਹਮੇਸ਼ਾਂ ਚਲਾਕੀਆਂ ਕਰਨੀਆਂ, ਗੰਦ ਫ਼ਰੋਲਦੇ ਰਹਿਣਾ ਤੇ ਸੱਪ ਵਾਂਗ ਜ਼ਹਿਰ ਉਗਲਦੇ ਰਹਿਣਾ ਹੀ ਵੱਖ ਵੱਖ ਜੂਨਾਂ ਵਿੱਚ ਇਨਸਾਨ ਘੁੰਮਦਾ ਰਹਿੰਦਾ ਹੈ। ਗੁਰਬਾਣੀ ਨੇ ਅੱਜ ਦਾ ਜੀਵਨ ਸਵਾਰਨ ਦੀ ਗੱਲ ਕੀਤੀ ਹੈ ਪਰ ਅਸੀਂ ਅੱਜ ਬੰਦੇ ਬਣਨ ਲਈ ਤਿਆਰ ਨਹੀਂ ਹਾਂ ਇਸ ਲਈ ਸਾਰੀ ਅਵਸਥਾ ਅਗਲੇ ਜਨਮ ਜਾਂ ਜੀਵਨ ਤੇ ਪਾ ਦਿੱਤੀ ਹੈ”।
ਇਹ ਬਿਲਕੁਲ ਠੀਕ ਹੈ ਕਿ ਗੁਰੂ ਸਾਹਿਬ ਨੇ ਇਸੇ ਮਨੁੱਖਾ ਜਨਮ ਨੂੰ ਸਵਾਰਨ ਦਾ ਉਪਦੇਸ਼ ਕੀਤਾ ਹੈ। ਅਤੇ ਬਹੁਤ ਥਾਵਾਂ ਤੇ ਮਨਮੁਖ ਬੰਦੇ ਦੇ ਸੁਭਾਵ ਨੂੰ ਜਾਨਵਰਾਂ ਨਾਲ ਤੁਲਣਾ ਦੇ ਕੇ ਬੰਦਾ ਬਣਨ ਲਈ ਚੇਤਾਵਨੀ ਕੀਤੀ ਹੈ। ਪਰ ਨਾਲ ਹੀ ਇਹ ਉਪਦੇਸ਼ ਵੀ ਕੀਤਾ ਹੈ ਕਿ ਇਹ ਮਨੁੱਖਾ ਜਨਮ ਸਵਾਰ ਕੇ ਹੀ ਜਨਮ ਮਰਣ ਤੋਂ ਛੁਟਕਾਰਾ ਹੈ। ਜੇ ਇਹ ਮਨੁੱਖਾ ਜਨਮ ਹੁੰਦਿਆਂ ਜੀਵਨ ਨਾ ਸਵਾਰਿਆ ਤਾਂ ਮਰਨ ਪਿੱਛੋਂ ਇਹ ਮੌਕਾ ਫ਼ੇਰ ਨਹੀਂ ਮਿਲਣਾ। ਫ਼ੇਰ ਤਾਂ ਮਨੁੱਖਾ ਜਨਮ ਵਿੱਚ ਮਨਮੁੱਖਾਂ ਵਾਲਾ ਜੀਵਨ ਬਿਤਾਉਣ ਤੇ ਪ੍ਰਭੂ ਦੇ ਹੁਕਮ ਵਿੱਚ ਵੱਖ ਵੱਖ ਜੂਨਾਂ ਵਿੱਚ ਜਨਮ ਲੈਣਾ ਪਏਗਾ, ਅਤੇ ਦੁਖ ਭੋਗਣੇ ਪੈਣਗੇ। ਇਹ ਠੀਕ ਹੈ ਕਿ ਗੁਰੂ ਸਾਹਿਬ ਨੇ ਇਹ ਮਨੁੱਖਾ ਜਨਮ ਸਵਾਰਨ ਦੀ ਗੱਲ ਕੀਤੀ ਹੈ ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਜੇ ਇਹ ਜਨਮ ਨਾ ਸਵਾਰਿਆ ਤਾਂ ਫ਼ੇਰ ਕੀ ਹੋਵੇਗਾ?
ਜੇ ਬੱਚਾ ਇਸੇ ਕਲਾਸ ਵਿੱਚ, (ਜਿਸ ਵਿੱਚ ਉਹ ਪੜ੍ਹ ਰਿਹਾ ਹੈ) ਮਿਹਨਤ ਕਰਕੇ ਨਹੀਂ ਪੜ੍ਹੇਗਾ ਤਾਂ ਸਾਲ ਪਿੱਛੋਂ ਰਜ਼ਲਟ ਆਉਣ ਤੇ ਮੁੜ ਇਸੇ ਕਲਾਸ ਵਿੱਚ ਹੀ ਧੱਕੇ ਖਾਣੇ ਪੈਣਗੇ। ਇਸੇ ਤਰ੍ਹਾਂ ਜੇ ਬੰਦੇ ਨੇ ਇਸੇ ਮਨੁੱਖਾ ਜਨਮ ਵਿੱਚ ਜੀਵਨ ਨਾ ਸਵਾਰਿਆ ਤਾਂ ਸਰੀਰ ਛੱਡ ਜਾਣ ਤੇ ਮੁੜ ਇਸੇ ਧਰਤੀ ਤੇ ਵੱਖ ਵੱਖ ਜੂਨਾਂ ਵਿੱਚ ਜਨਮ ਲੈ ਕੇ ਭਟਕਣਾ ਪਏਗਾ।
ਕਦੇ ਅੱਜ ਤੱਕ ਇਹ ਨਹੀਂ ਦੇਖਿਆ ਗਿਆ ਕਿ ਕੋਈ ਬੱਚਾ ਇਸੇ ਕਲਾਸ ਵਿੱਚ ਇਸ ਲਈ ਮਿਹਨਤ ਕਰਕੇ ਪੜ੍ਹਣ ਦੇ ਰਾਹ ਤੇ ਨਹੀਂ ਤੁਰ ਰਿਹਾ ਕਿਉਂਕਿ ਉਹ ਇਸ ਗੱਲ ਦਾ ਧਾਰਣੀ ਹੈ ਕਿ ਸਾਲ ਪਿੱਛੋਂ ਰਜ਼ਲਟ ਆਉਣ ਤੇ ਫ਼ੇਲ੍ਹ ਹੋ ਜਾਣ ਤੇ ਫ਼ੇਰ ਇਸੇ ਕਲਾਸ ਵਿੱਚ ਧੱਕੇ ਖਾਣੇ ਪੈਣਗੇ। ਇਸੇ ਤਰ੍ਹਾਂ ਕਦੇ ਅੱਜ ਤੱਕ ਇਹ ਵੀ ਨਹੀਂ ਦੇਖਿਆ ਗਿਆ ਕਿ ਕੋਈ ਬੰਦਿਆਂ ਵਾਲ਼ੇ ਰਸਤੇ ਤੁਰਨ ਲਈ ਇਸ ਲਈ ਤਿਆਰ ਨਹੀਂ ਕਿਉਂਕਿ ਉਹ ਇਸ ਗੱਲ ਦਾ ਧਾਰਣੀ ਹੈ ਕਿ ਇਸ ਜਨਮ ਵਿੱਚ ਜੀਵਨ ਨਾ ਸਵਾਰਿਆ ਤਾਂ ਮਰਨ ਪਿੱਛੋਂ ਵੱਖ ਵੱਖ ਜੂਨਾਂ ਵਿੱਚ ਧੱਕੇ ਖਾਣੇ ਪੈਣਗੇ।
ਇਹ ਗੱਲ ਕਿਸੇ ਵੀ ਤਰੀਕੇ ਨਾਲ ਮੰਨੀਂ ਜਾਣ ਵਾਲੀ ਨਹੀਂ ਕਿ ਕੋਈ ਵਿਅਕਤੀ ਇਸ ਲਈ ਬੰਦਿਆਂ ਦੇ ਰਾਹ ਤੇ ਤੁਰਨ ਲਈ ਤਿਆਰ ਨਹੀਂ ਕਿਉਂਕਿ ਉਹ ਇਸ ਗੱਲ ਦਾ ਧਾਰਣੀ ਹੈ ਕਿ ਬੰਦਿਆਂ ਵਾਲੇ ਰਾਹ ਤੇ ਨਾ ਤੁਰਨ ਨਾਲ ਮਰਨ ਪਿੱਛੋਂ ਅਨੇਕਾਂ ਜੂਨਾਂ ਵਿੱਚ ਜਨਮ ਲੈ ਕੇ ਭਟਕਣਾ ਪਏਗਾ। ਬਲਕਿ ਇਹ ਗੱਲ ਮੰਨਣ ਵਾਲੀ ਹੈ ਕਿ ਜੇ ਬੰਦਾ ਇਸ ਗੱਲ ਦਾ ਧਾਰਣੀ ਹੈ ਕਿ ਇਸ ਜਨਮ ਤੋਂ ਅੱਗੇ ਕੋਈ ਜਨਮ ਨਹੀਂ ਹੈ, ਤਾਂ ਸੁਭਾਵਕ ਹੀ ਵਿਅਕਤੀ ਇਸ ਰਸਤੇ ਤੁਰੇਗਾ ਕਿ ਅਗਲਾ ਪਿਛਲਾ ਕੋਈ ਜਨਮ ਤਾਂ ਹੈ ਨਹੀਂ ਇਸੇ ਜਨਮ ਵਿੱਚ ਰੰਗ ਰਲੀਆਂ ਮਾਣ ਲਓ ਚਾਹੇ ਕਿਸੇ ਵੀ ਤਰੀਕੇ ਨਾਲ ਦੌਲਤ ਇਕੱਠੀ ਕਰਕੇ ਸਹੀ।
ਇਹ ਗੱਲ ਮੰਨਣ ਨਾਲ ਕਿ ਇਹ ਜਨਮ ਨਾ ਸਵਾਰਿਆ ਤਾਂ ਮਰਨ ਪਿੱਛੋਂ ਅਨੇਕਾਂ ਜੂਨਾਂ ਵਿੱਚ ਭਟਕਣਾ ਪਏਗਾ, ਇਹ ਮਨੁੱਖਾ ਜਨਮ ਸਵਾਰਨ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਬਲਕਿ ਜੇ ਇਹ ਮੰਨਕੇ ਚੱਲੀਏ ਕਿ ਇਹ ਮਨੁੱਖਾ ਜਨਮ ਸਵਾਰਨਾ ਹੈ ਪਰ ਜੇ ਨਾ ਸਵਾਰਿਆ ਤਾਂ ਵੀ ਕੋਈ ਗੱਲ ਨਹੀਂ, ਤਾਂ ਬੰਦੇ ਦੇ ਭਟਕਣ ਦੇ ਜਿਆਦਾ ਅਸਾਰ ਹਨ।
ਜੇ ਗੁਰਬਾਣੀ ਦੇ ਸਹੀ ਅਰਥ ਨਾ ਕਰਦੇ ਹੋਏ ਇਹ ਅਰਥ ਕਰਕੇ ਚੱਲੀਏ ਕਿ ਗੁਰੂ ਸਾਹਿਬ ਨੇ ਹਰ ਜਗ੍ਹਾ ਤੇ ਬੰਦੇ ਦੀ ਮਾਨਸਿਕ ਦਸ਼ਾ (ਸੁਭਾਅ) ਬਾਰੇ ਸਮਝਾਉਣ ਲਈ ਹੀ ਵੱਖ ਵੱਖ ਜੂਨਾਂ ਦੀ ਮਿਸਾਲ ਦਿੱਤੀ ਹੈ ਤਾਂ ਇਸ ਗੱਲ ਦਾ ਜਵਾਬ ਨਹੀਂ ਮਿਲਦਾ ਕਿ ਅਸਲ ਵਿੱਚ ਜਿਹੜੇ ਅਨੇਕਾਂ ਜੂਨਾਂ ਦੇ ਜੀਵ ਆਪਾਂ ਦੇਖਦੇ ਹਾਂ ਅਤੇ ਜਿਨ੍ਹਾਂ ਦੀ ਉਦਾਹਰਣ ਦੇ ਕੇ ਗੁਰੂ ਸਾਹਿਬ ਸਾਨੂੰ ਸਾਡੀ ਮਾਨਸਿਕ ਦਸ਼ਾ ਅਤੇ ਸਾਡੀਆਂ ਕਰਤੂਤਾਂ ਬਾਰੇ ਸਮਝਾਉਂਦੇ ਹਨ, ਇਹ ਅਸਲੀ ਘਟੀਆ ਜੂਨਾਂ ਪਰਮਾਤਮਾ ਨੇ ਕਿਉਂ ਪੈਦਾ ਕੀਤੀਆਂ? ਆਖਿਰ ਤਾਂ ਬੰਦਿਆਂ ਸਮੇਤ ਹੋਰ ਸਾਰੀਆਂ ਜੂਨਾਂ ਵੀ ਤਾਂ ਇੱਕੋ ਪਰਮਾਤਮਾ ਨੇ ਹੀ ਪੈਦਾ ਕੀਤੀਆਂ ਹਨ ਉਹਨਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਪਰਮਾਤਮਾ ਨਹੀਂ। ਅਤੇ ਨਾ ਹੀ ਪਰਮਾਤਮਾ ਨੇ ਜੀਵਾਂ ਦੇ ਨਾਂ ਤੇ ਕੇਵਲ ਮਨੁੱਖ ਹੀ ਪੈਦਾ ਕੀਤੇ ਹਨ। ਗੁਰਬਾਣੀ ਵਿੱਚ ਇਹ ਵੀ ਉਦਾਹਰਣਾਂ ਮਿਲਦੀਆਂ ਹਨ ਕਿ ਉਸ ਦੀ ਕਿਰਪਾ ਨਾਲ ਮਨੁੱਖਾ ਦੇਹੀ ਮਿਲਦੀ ਹੈ। ਤਾਂ ਫੇਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਪਰਮਾਤਮਾ ਦਾ ਇਹ ਕਿਹੜਾ ਇਨਸਾਫ਼ ਹੈ ਕਿ ਇੱਕ ਨੂੰ ਤਾਂ ਕ੍ਰਿਪਾ ਕਰਕੇ ਮਨੁਖਾ ਦੇਹੀ ਦੇ ਦਿੱਤੀ ਅਤੇ ਦੂਸਰੇ ਨੂੰ ਹੋਰ ਜੂਨ ਵਿੱਚ ਪਾ ਕੇ ਮਨੁੱਖ ਦੀ ਪਨਿਹਾਰੀ ਬਣਾ ਦਿੱਤਾ। ਪਰ ਗੁਰਬਾਣੀ ਤਾਂ ਇਹ ਦੱਸਦੀ ਹੈ ਇਹ ਵੱਖ ਵੱਖ ਜੂਨਾਂ ਦੇ ਜੀਵ ਸਭ ਆਪਣੇ ਕੀਤੇ ਕਰਮਾਂ ਕਰਕੇ ਪਸ਼ੂ, ਪੰਛੀ ਹਨ। “ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜ ਬੋਵਸਿ ਭੋਗ ਭੋਗਹਿ ਕੀਆ ਆਪਣਾ ਪਾਵਏ॥” (ਪੰਨਾ-705)
ਇਹ ਕਹਿਣਾ ਵੀ ਗ਼ਲਤ ਹੈ ਕਿ ਬੰਦੇ ਦੇ ਕਰਮਾਂ ਦਾ ਹਿਸਾਬ ਨਾਲ ਦੀ ਨਾਲ ਇਸੇ ਜਨਮ ਵਿੱਚ ਭੁਗਤਿਆ ਜਾ ਰਿਹਾ ਹੈ। ਕਿਉਂ ਕਿ ਗੁਰਬਾਣੀ ਵਿੱਚ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਲਿਖਿਆ ਹੈ ਕਿ, ਹੇ ਬੰਦੇ! ਤੇਰਾ ਸਿਰ ਕੰਬਣ ਲੱਗ ਗਿਆ, ਨੈਣਾਂ ਦੀ ਜੋਤੀ ਚਲੀ ਗਈ, ਦਾੜ੍ਹੀ ਅਤੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ, ਸਾਰੇ ਸਰੀਰਕ ਇੰਦਰੇ ਕੰਮ ਛੱਡ ਗਏ, ਜੀਵਾਤਮਾ ਸਰੀਰ ਛੱਡ ਕੇ ਜਾਣ ਨੂੰ ਤਿਆਰ ਹੈ, ਤੂੰ ਇਹ ਮਨੁੱਖਾ ਜਨਮ ਨਹੀਂ ਸਵਾਰਿਆ, ਇੰਦਰੀਆਂ ਦੇ ਭੋਗਾਂ ਦੇ ਚਸਕਿਆਂ ਵਿੱਚ ਰੁੱਝਾ ਹੋਇਆ ਹੈਂ ਤੂੰ ਆਪਣਾ ਇਹ ਮਨੁੱਖਾ ਜੀਵਨ ਨਹੀਂ ਸਵਾਰਿਆ। ਬੰਦਾ ਮਰਨ ਦੇ ਨੇੜੇ ਪੁਹੁੰਚ ਜਾਂਦਾ ਹੈ ਪਰ ਇੰਦਰਿਆ ਦੇ ਚਸਕੇ ਭੋਗਣ ਤੋਂ ਤੌਬਾ ਨਹੀਂ ਕਰਦਾ। “ਆਪੀਨ੍ਹੇ ਭੋਗ ਭੋਗ ਕੇ ਹੋਇ ਭਸਮੜਿ ਭਉਰ ਸਿਧਾਇਆ”।
ਬੰਦਾ ਸਾਰੀ ਉਮਰ ਭੋਗ ਭੋਗਕੇ ਗੁਜ਼ਾਰ ਦਿੰਦਾ ਹੈ, ਅਖੀਰ ਜੀਵਆਤਮਾ ਸਰੀਰ ਛੱਡ ਕੇ ਚਲਾ ਜਾਂਦਾ ਹੈ, ਅਤੇ ਸਰੀਰ ਸੁਆਹ ਦੀ ਢੇਰੀ ਬਣ ਜਾਂਦਾ ਹੈ। ਇਕ ਇਹ ਵੀ ਭੁਲੇਖਾ ਹੈ ਕਿ: “ਕਿਸੇ ਜਾਨਵਰ ਨੂੰ ਮਾਰੋ ਉਹ ਮਰਨ ਲਈ ਤਿਆਰ ਨਹੀਂ ਹੈ। ਇਸ ਦਾ ਅਰਥ ਹੈ ਕਿ ਉਹ ਜਾਨਵਰ ਆਪਣੇ ਤਲ਼ ਤੇ ਬਹੁਤ ਖੁਸ਼ ਹੈ। ਇਹ ਅਸੀਂ ਹੀ ਕਹਿ ਰਹੇ ਹਾਂ ਕਿ ਸਾਡੀ ਮਨੁੱਖਾ ਜੂਨ ਬਹੁਤ ਵਧੀਆ ਹੈ”।
ਕੋਈ ਜਾਨਵਰ ਮਰਨ ਲਈ ਤਿਆਰ ਨਹੀਂ, ਇਸ ਗੱਲ ਤੋਂ ਇਹ ਅੰਦਾਜਾ ਲਗਾਣਾ ਕਿ ਉਹ ਆਪਣੀ ਜੂਨ ਤੋਂ ਖ਼ੁਸ਼ ਹੈ, ਬਿਲਕੁਲ ਗ਼ਲਤ ਹੈ। ਇਨਸਾਨ ਤੋਂ ਬਿਨਾ ਕਿਸੇ ਹੋਰ ਜੀਵ ਨੂੰ ਚੰਗੀ ਮਾੜੀ ਜੂਨ ਬਾਰੇ ਸੋਝੀ ਨਹੀਂ ਹੁੰਦੀ। ਅਤੇ ਨਾ ਹੀ ਇਹ ਸੋਝੀ ਹੁੰਦੀ ਹੈ ਕਿ ਕੋਈ ਉਸ ਨੂੰ ਮਾਰ ਦੇਵੇ ਤਾਂ ਉਸ ਨੂੰ ਘਟੀਆ ਜੂਨ ਤੋਂ ਛੁਟਕਾਰਾ ਮਿਲ ਜਾਏਗਾ। ਹਰ ਜੀਵ ਦਾ ਆਪਣੀ ਜ਼ਿੰਦਗ਼ੀ ਨਾਲ ਪਿਆਰ ਕਰਨਾ ਕੁਦਰਤ ਵੱਲੋਂ ਇੱਕ ਸੁਭਾਵਕ ਗੱਲ ਹੈ। ਇਸ ਵਿੱਚ ਉਸ ਦੇ ਖੁਸ਼ੀ ਜਾਂ ਦੁਖੀ ਹੋਣ ਵਾਲੀ ਗੱਲ ਨਹੀਂ ਹੈ। ਜਿਸਤਰ੍ਹਾਂ ਮਾਲਕ ਦਾ ਵਫ਼ਾਦਾਰ ਹੋਣਾ ਅਤੇ ਮਾਲਕ ਦੀ ਚੋਰਾਂ ਤੋਂ ਰਾਖੀ ਕਰਨੀਂ ਕੁੱਤੇ ਦਾ ਸੁਭਾਵਕ ਗੁਣ ਹੈ। ਬਲਦ ਨੂੰ ਕੋਹਲੂ ਨਾਲ ਜੋਤ ਕੇ ਸਾਰਾ ਦਿਨ ਗੇੜੇ ਕਢਵਾਏ ਜਾਂਦੇ ਹਨ ਜਾਂ ਨੱਕ ਵਿੱਚ ਨਕੇਲ ਪਾ ਕੇ ਹਲ਼ ਅੱਗੇ ਜੋਤਿਆ ਜਾਂਦਾ ਹੈ, ਉਹ ਆਪਣੀ ਖ਼ੁਸ਼ੀ ਨਾਲ ਦੁਖ ਨਹੀਂ ਸਹਾਰਦੇ। ਪਰ ਫ਼ੇਰ ਵੀ ਜੇ ਬਲਦ ਨੂੰ ਮਾਰਨ ਦੀ ਕੋਸ਼ਿਸ਼ ਕਰੋ ਉਹ ਵੀ ਖ਼ੁਸ਼ੀ ਖ਼ੁਸ਼ੀ ਮਰਨ ਲਈ ਤਿਆਰ ਨਹੀਂ ਹੋਵੇਗਾ। ਅਤੇ ਹੋਰ ਸਾਰੀਆਂ ਜੂਨਾਂ ਨਾਲੋਂ ਮਨੁੱਖਾ ਜਨਮ ਹੀ ਸਭ ਤੋਂ ਉਤਮ ਹੈ ਇਹ ਵੀ ਗੁਰੂ ਸਾਹਿਬ ਦਾ ਫ਼ੈਸਲਾ ਹੈ।
ਮਨ: ਕਈ ਸੱਜਣਾਂ ਦਾ ਵਿਚਾਰ ਹੈ ਕਿ ਜੀਵ ਅਨੇਕਾਂ ਜੂਨਾਂ ਵਿੱਚ ਭਟਕਦਾ ਫ਼ਿਰਦਾ ਹੈ। ਮਨੁੱਖਾ ਜਨਮ ਫ਼ਿਰ ਤੋਂ ਅਵਸਰ ਹੁੰਦਾ ਹੈ ਜਨਮ ਮਰਣ ਦੇ ਗੇੜ ਚੋਂ ਨਿਕਲਣ ਲਈ। ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ‘ਮਨ’ ਵਾਲ਼ੀ ਦਾਤ ਮਿਲ਼ੀ ਹੋਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਨਸਾਨ ਤੋਂ ਬਿਨਾਂ ਹੋਰ ਜੀਵਾਂ ਵਿੱਚ ‘ਮਨ’ ਨਹੀਂ ਹੁੰਦਾ? ਇਸ ਤੋਂ ਪਹਿਲਾਂ ਕਿ ਇਹ ਦੇਖਿਆ ਜਾਵੇ ਕਿ ਹੋਰ ਜੀਵਾਂ ਵਿੱਚ ਮਨ ਹੁੰਦਾ ਹੈ ਕਿ ਨਹੀਂ, ਇਹ ਦੇਖਣਾ ਜਰੂਰੀ ਹੈ ਕਿ ‘ਮਨ’ ਹੈ ਕੀ?
‘ਮਨ’ ਪ੍ਰਾਣੀਆਂ ਅੰਦਰ ਉਹ ਸ਼ਕਤੀ ਹੈ ਜਿਸ ਨਾਲ ‘ਮੈ’ ‘ਮੇਰੀ’ ਦਾ ਅਹਿਸਾਸ ਹੁੰਦਾ ਹੈ। ਸੁਖ-ਦੁਖ, ਅਨੰਦ, ਇੱਛਾ, ਇੱਜਤ-ਬੇਇੱਜਤੀ, ਮਾਨ-ਅਪਮਾਨ, ਪ੍ਰਤਿਸ਼ਟਾ, ਜੋਸ਼, ਰੂਚੀ- ਅਰੂਚੀ, ਭਾਵਨਾਵਾਂ, ਈਰਖਾ, ਘਿਰਣਾ, ਫ਼ੁਰਨਾ, ਸੰਕਲਪ- ਵਿਕਲਪ (ਕਿਸੇ ਕੰਮ ਦਾ ਇਰਾਦਾ ਕਰਨਾ ਜਾਂ ਇਰਾਦਾ ਤਿਆਗਣਾ), ਸੇਵਾ-ਭਾਵ ਆਦਿ ‘ਮਨ’ ਤੋਂ ਪੈਦਾ ਹੁੰਦੇ ਹਨ। ਜੀਵਾਂ ਅੰਦਰ ‘ਗਿਆਨ’ ਬੁੱਧੀ ਦਾ ਵਿਸ਼ਾ ਹੈ ਅਤੇ ਸੁਖ-ਦੁਖ, ਸੰਕਲਪ- ਵਿਕਲਪ …ਆਦਿ ‘ਮਨ’ ਦਾ ਵਿਸ਼ਾ ਹੈ।
ਕਿਸੇ ਕੰਮ ਲਈ ਇੱਛਾ ਕਰਨੀ, ਯਕੀਨ ਲਿਆਉਣਾ-ਯਕੀਨ ਤਿਆਗਣਾ, ਸ਼ਰਮ ਮਹਿਸੂਸ ਕਰਨੀਂ ਡਰਨਾ ਆਦਿ ਇਹ ਸਾਰੇ ਕੰਮ ‘ਮਨ’ ਦੇ ਹਨ। ਸਰੀਰਕ ਇੰਦਰੇ ‘ਮਨ’ ਦੁਆਰਾ ਸੂਖਮ ਰੂਪ ਵਿੱਚ ਬੁੱਧੀ ਨੂੰ ਕੀਤੀ ਪ੍ਰੇਰਣਾ ਦੁਆਰਾ ਕੰਮ ਕਰਦੇ ਹਨ।ਮਨ ਜਦੋਂ ਚੰਚਲ ਹੁੰਦਾ ਹੈ ਤਾਂ ਇੱਛਾਵਾਂ ਪਿੱਛੇ ਦੋੜਿਆ ਫ਼ਿਰਦਾ ਹੈ। ਅਤੇ ਥਿਰ ਮਨ ਟਿਕੇ ਪਾਣੀ ਵਾਂਗ ਹੈ। ਜਿਸਤਰ੍ਹਾਂ ਟਿਕੇ ਪਾਣੀ ਵਿੱਚ ਆਪਣਾ ਚਿਹਰਾ ਦੇਖਿਆ ਜਾ ਸਕਦਾ ਹੈ, ਇਸੇ ਤਰ੍ਹਾਂ ਥਿਰ ਮਨ ਨਾਲ ਆਪਣਾ ਨਿਜ, ਆਪਣਾ ਅਸਲਾ (ਕਿ ਜੀਵ ਪਰਮਾਤਮਾ ਦੀ ਅੰਸ਼ ਹੈ) ਦੇਖਿਆ ਜਾ ਸਕਦਾ ਹੈ। ਚੰਚਲ ਮਨ ਬੰਦੇ ਨੂੰ ਜਨਮ ਮਰਣ ਦੇ ਗੇੜ ਵਿੱਚ ਪਾਉਂਦਾ ਹੈ ਅਤੇ ਥਿਰ ਮਨ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਦਿਵਾਉਂਦਾ ਹੈ।
ਭਟਕਦੇ ਮਨ ਤੇ ਕਾਬੂ ਪਾਉਣਾ ਜਾਂ ਇਸ ਨੂੰ ਇੱਛਾਵਾਂ, ਤ੍ਰਿਸ਼ਨਾਵਾਂ ਪਿੱਛੇ ਭੱਜੇ ਫ਼ਿਰਨ ਦੀ ਖੁਲੀ ਛੁੱਟੀ ਦੇਈ ਰੱਖਣੀ, ਅਰਥਾਤ ਮਨ ਤੇ ਕਾਬੂ ਪਾਉਣਾ ਜਾਂ ਨਾ ਪਾਉਣਾ ਸਿਰਫ਼ ਮਨੁੱਖਾ ਜਨਮ ਵਿੱਚ ਹੀ ਸੰਭਵ ਹੈ। ਹੋਰ ਜੂਨਾਂ ਵਿੱਚ ਮਨ ਦਾ ਸਿਰਫ਼ ਏਨਾ ਹੀ ਕੰਮ ਹੈ ਕਿ ਉਸ ਨੂੰ ਵਾਪਰਦੇ ਦੁੱਖ ਜਾਂ ਸੁਖ ਭੋਗੇ। ਮਨੁੱਖੀ ਮਨ ਤੋਂ ਬਿਨਾਂ ਹੋਰ ਜੂਨਾਂ ਦੇ ਮਨ ਵਿੱਚ ਕਿਸੇ ਕਿਸਮ ਦੇ ਭਾਵ ਉਤਪਨ ਨਹੀਂ ਹੁੰਦੇ (ਜਾਂ ਬਿਲਕੁਲ ਨਾ-ਮਾਤਰ ਹੀ ਹੁੰਦੇ ਹਨ)।
ਇਸ ਦੇ ਉਲਟ ਮਨੁੱਖੀ ਮਨ ਵਿੱਚ ਇਹ ਸ਼ਕਤੀ ਹੈ ਕਿ ਜਿਸ ਤਰ੍ਹਾਂ ਦੇ ਮਰਜ਼ੀ ਚੰਗੇ ਜਾਂ ਮਾੜੇ ਗੁਣਾਂ ਬਾਰੇ ਸੋਚ ਸਕੇ ਅਤੇ ਉਸੇ ਮੁਤਾਬਕ ਆਪਣਾ ਜੀਵਨ ਢਾਲ਼ ਸਕੇ, (1-ਕਿਸੇ ਗੱਲ ਦਾ ਫ਼ੁਰਨਾ ਆਉਣਾ ਮਨ ਦਾ ਕੰਮ ਹੈ, 2-ਫ਼ੁਰਨੇ ਬਾਰੇ ਸੋਚਣਾ, ਵਿਚਾਰ ਕਰਨੀ ਦਿਮਾਗ਼ ਦਾ ਕੰਮ ਹੈ, 3-ਸੋਚੇ ਹੋਏ ਉਤੇ ਸੰਕਲਪ ਜਾਂ ਵਿਕਲਪ ਕਰਨਾ ਮਨ ਦਾ ਕੰਮ ਹੈ, 4-ਸੰਕਲਪ ਉਤੇ ਇੰਦਰਿਆਂ ਦੇ ਜ਼ਰੀਏ ਅਮਲ ਕਰਵਾਉਣਾ ਦਿਮਾਗ਼ ਦਾ ਕੰਮ ਹੈ)।
ਮਨ ਅਤੇ ਦਿਮਾਗ਼ ਦਾ ਕੰਮ ਆਪਸ ਵਿੱਚ ਏਨਾ ਘੁਲ਼ਿਆ-ਮਿਲ਼ਿਆ ਹੋਇਆ ਹੈ ਕਿ ਦੋਨੋਂ ਇੱਕ ਹੀ ਲੱਗਦੇ ਹਨ। ਇਸ ਲਈ ਭੁਲੇਖਾ ਇਹ ਪੈਂਦਾ ਹੈ ਕਿ ਜੀਵ ਵਿੱਚ ਮਨ ਨਾਂ ਦੀ ਕੋਈ ਚੀਜ ਨਹੀਂ ਹੈ। ਸਿਰਫ਼ ਦਿਮਾਗ਼ ਹੈ ਜੋ ਸਰੀਰ ਨੂੰ ਸੰਚਾਲਿਤ ਕਰਦਾ ਹੈ, ਹੋਰ ਕੁੱਝ ਵੀ ਨਹੀਂ ਹੈ। (ਜਿਹੜੀ ਚੀਜ ਵਿਗਿਆਨਕ ਜਾਂ ਕਿਸੇ ਹੋਰ ਤਰੀਕੇ ਨਾਲ ਦੇਖੀ ਜਾਂ ਮਹਿਸੂਸ ਨਾ ਕੀਤੀ ਜਾ ਸਕੇ ਉਸ ਦੀ ਹੋਂਦ ਹੀ ਨਹੀਂ ਹੁੰਦੀ, ਇਹ ਗੱਲ ਮੰਨਣ ਨਾਲ ਹੀ ਗੁਰਮਤ ਬਾਰੇ ਅੱਜ-ਕਲ੍ਹ ਜਿਆਦਾਤਰ ਭੁਲੇਖੇ ਪੈ ਰਹੇ ਹਨ)।
ਕਿਸੇ ਡਾਕਟਰ ਦਾ ਆਪਣੇ ਕਿੱਤੇ ਪ੍ਰਤੀ ਸਫ਼ਲ ਜਾਂ ਅਸਫ਼ਲ ਹੋਣਾ ਬੁੱਧੀ ਦਾ ਵਿਸ਼ਾ ਹੈ, ਕਿਸੇ ਗ਼ਰੀਬ ਮਰੀਜ ਦਾ ਨਿਸ਼ਕਾਮ ਭਾਵਨਾ ਨਾਲ ਇਲਾਜ ਕਰਨਾ, ਜਾਂ ਬਿਨਾ ਕਿਸੇ ਕਿਸਮ ਦੇ ਲਿਹਾਜ ਦੇ (ਸਿਰਫ਼ ਧਨ ਕਮਾਉਣ ਦੇ ਇਰਾਦੇ ਨਾਲ) ਇਲਾਜ ਕਰਨਾ, ਉਸ ਦੀ ਮਾਨਸਿਕਤਾ ਤੇ ਨਿਰਭਰ ਕਰਦਾ ਹੈ। ਭਾਈ ਘਨਈਆ ਜੀ, ਭਗਤ ਪੂਰਨ ਸਿੰਘ ਪਿੰਗਲਵਾੜਾ, ਮਦਰ ਟੈਰੇਸਾ ਆਦਿ ਡਾਕਟਰੀ ਇਲਾਜ ਬਾਰੇ ਕਿੰਨੇ ਕੁ ਸਫ਼ਲ ਜਾਂ ਅਸਫ਼ਲ ਸਨ ਇਹ ਬੁੱਧੀ ਦਾ ਵਿਸ਼ਾ ਹੈ। ਉਹਨਾਂ ਦੁਆਰਾ ਆਪਾ-ਭਾਵ ਨਾਲ ਜਰੂਰਤ-ਮੰਦਾਂ ਦੀ ਸੇਵਾ ਕੀਤੀ ਜਾਣੀ ‘ਮਨ’ ਦਾ ਵਿਸ਼ਾ ਹੈ। ‘ਮਨ’ ਵਾਲ਼ੀ ਦਾਤ ਸਿਰਫ਼ ਮਨੁੱਖ ਕੋਲ ਹੀ ਹੈ ਜਿਸ ਦੁਆਰਾ ਜਨਮ ਮਰਣ ਦੇ ਚੱਕਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਕਿਸੇ ਜੀਵ ਕੋਲ਼ ਇਹ ਦਾਤ ਨਹੀਂ ਹੈ।
ਮਨੁੱਖ ਇਸ ਲਈ ਮਨੁੱਖ (ਮਾਨਸ) ਹੈ ਕਿਉਂਕਿ ਇਸ ਕੋਲ਼ ‘ਮਨ’ ਹੈ। (ਅਰਥ-) ਮਾਨਸ= ਮਨ ਨਾਲ਼ ਹੈ ਜਿਸ ਦਾ ਸੰਬੰਧ (ਮਹਾਨ ਕੋਸ਼)। ਮਾਨਸ= ਮਨ ਸੇ ਸੰਬੰਧ ਰਖਨੇ ਵਾਲਾ (ਸੰਸਕ੍ਰਿਤ ਹਿੰਦੀ ਕੋਸ਼, ਵਾਮਨ ਸ਼ਿਵ ਰਾਮ ਆਪਟੇ)।
ਜਸਬੀਰ ਸਿੰਘ (ਕੈਲਗਰੀ)