ਅੰਤਰਰਾਸ਼ਟਰੀ ਔਰਤ ਦਿਵਸ ! (ਨਿੱਕੀ ਕਹਾਣੀ)
ਅੱਜ "ਅੰਤਰਰਾਸ਼ਟਰੀ ਔਰਤ ਦਿਵਸ - ਇੰਟਰਨੇਸ਼ਨਲ ਵੂਮੇਨ ਡੇ" ਮਨਾਇਆ ਜਾ ਰਿਹਾ ਹੈ ! ਸਾਰੇ ਸੰਸਾਰ ਨੂੰ ਹੁਣ ਜਾ ਕੇ ਔਰਤ ਦੀ ਮਹਤੱਤਾ ਸਮਝ ਆਈ ਹੈ ਪਰ ਗੁਰੂ ਸਾਹਿਬਾਨ ਇਤਨੇ ਸੌ ਸਾਲ ਪਹਿਲਾਂ ਹੀ ਔਰਤ ਦੀ ਉੱਚੀ ਸ਼ਖਸੀਅਤ ਅੱਤੇ ਉਸ ਦੇ ਰੱਬੀ ਗੁਣਾਂ ਬਾਰੇ ਲਿਖ ਗਏ ਹਨ ! ਸਿੱਖ ਧਰਮ ਵਿੱਚ ਬਾਕੀ ਧਰਮਾਂ ਵਾਂਗ ਔਰਤ ਨੂੰ ਨੀਵਾਂ ਨਹੀਂ ਸਮਝਿਆ ਜਾਂਦਾ ਕਿਓਂਕਿ ਪਰਮੇਸ਼ਵਰ ਨੇ ਆਪਣੇ ਰੱਬੀ ਕਾਨੂਨ ਵਿਚ ਇੱਕ ਔਰਤ ਨੂੰ ਇਹ ਸੱਤਾ ਦਿੱਤੀ ਹੈ ਕੀ ਓਹ ਨਵੇਂ ਸੰਸਾਰ ਦੀ ਰਚਨਾ ਕਰ ਸਕਦੀ ਹੈ ਭਾਵ ਮਾਂ ਬਣਨ ਦਾ ਗੌਰਵ ਉਸਨੂੰ ਹਾਸਿਲ ਹੈ ! ਇਤਨੇ ਪ੍ਰਤਾਪੀ ਵੱਡੇ ਵੱਡੇ ਰਾਜੇ ਅਤੇ ਭਗਤਾਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੀ ਸੀ ! (ਇੱਕ ਆਡੀਟੋਰੀਅਮ ਦੀ ਸਟੇਜ ਤੋਂ ਭਾਸ਼ਣ ਦੇ ਰਹੇ ਗੁਰਛਲ ਸਿੰਘ ਨੇ ਕਿਹਾ)
ਸੰਗਤਾਂ ਵਿੱਚੋਂ ਅਮਨਦੀਪ ਕੌਰ ਨੇ ਕੁਝ ਪੁਛਣ ਲਈ ਹੱਥ ਚੁਕਿਆ !
ਹਾਂਜੀ ਬੀਬਾ ਜੀ ! ਕਹੋ ਕੀ ਕਹਿਣਾ ਚਾਹੁੰਦੇ ਹੋ ?
ਅਮਨਦੀਪ ਕੌਰ : ਕੁਝ ਗੱਲਾਂ ਕਹਿਣ-ਸੁਨਨ ਵਿੱਚ ਚੰਗੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ! ਸਮਾਜ ਵਿੱਚ ਉਨ੍ਹਾਂ ਗੱਲਾਂ ਨੂੰ ਕਹਿਆ ਤਾਂ ਗੱਜ-ਵੱਜ ਕੇ ਜਾਂਦਾ ਹੈ ਪਰ ਮੰਨੀਆਂ ਨਹੀਂ ਜਾਂਦੀਆਂ ! ਜਿਵੇਂ ਬੋਰਡ ਲੱਗਾ ਹੋਵੇ ਕੀ ਐਥੇ ਫਲਾਣਾ ਕੰਮ ਨਹੀਂ ਕਰਨਾ ਕਿਓਂ ਕੀ ਓਹ ਗਲਤ ਹੈ, ਆਮ ਤੌਰ ਤੇ ਓਹ ਕੰਮ ਜਿਆਦਾ ਕੀਤੇ ਜਾਂਦੇ ਹਨ ! ਪਛਮੀ ਸਮਾਜ ਵੀ ਇਸ ਔਰਤ-ਮਰਦ ਦੇ ਵਿਤਕਰੇ ਦੀ ਕੁਰੀਤੀ ਤੋਂ ਬਚ ਨਹੀਂ ਪਾਇਆ ਤੇ ਓਥੇ ਵੀ ਭਾਵੇਂ ਸਲੋਗਨ ਪੁਰਸ਼-ਇਸਤਰੀ ਦੀ ਬਰਾਬਰੀ ਦਾ ਲਾਇਆ ਜਾਂਦਾ ਹੈ ਪਰ ਅਮਲੀ ਤੌਰ ਤੇ ਪੁਰਸ਼ ਪ੍ਰਧਾਨ ਸਮਾਜ ਹੀ ਹੈ ! ਆਪਣੀ ਪ੍ਰਭੂਸੱਤਾ ਉੱਤੇ ਸੱਟ ਸਮਝ ਕੇ ਜਾਣੇ-ਅਨਜਾਣੇ ਪੁਰਸ਼ ਨੇ ਰੱਬ ਦੇ ਸਿਧਾਂਤ ਕਿ ਔਰਤ-ਮਰਦ ਬਰਾਬਰ ਹਨ ਨੂੰ ਵਿਸਾਰ ਕੇ ਔਰਤ ਨੂੰ ਦੂਜੇ ਦਰਜੇ ਦਾ ਓਹਦਾ ਦਿੱਤਾ ਹੋਇਆ ਹੈ ਪਰ ਜਿਆਦਾ ਦੁੱਖ ਇਸ ਗੱਲ ਦਾ ਹੈ ਕੀ ਵੱਡੀ ਗਿਣਤੀ ਵਿੱਚ ਔਰਤਾਂ ਵੀ ਇਸ ਦੁਨੀਆਂ ਵਿੱਚ ਆਪਣੇ ਪੰਜਾਹ ਪ੍ਰਤਿਸ਼ਤ ਦੇ ਹੱਕ ਨੂੰ ਵਿਸਾਰ ਕੇ ਪੁਰਸ਼ ਦੀ ਗੁਲਾਮੀ ਵਿੱਚ ਜਿਉਣ ਨੂੰ ਨੀਅਤੀ ਸਮਝ ਬੈਠੀਆਂ ਹਨ !
ਗੁਰਛਲ ਸਿੰਘ (ਰੱਤਾ ਕੁ ਔਖਾ ਹੁੰਦਾ ਹੋਇਆ) : ਬੀਬਾ, ਸਾਫ਼ ਗੱਲ ਕਰ ! ਤੇਰੀ ਇਹ ਫਿਲਾਸਫੀ ਸਾਨੂੰ ਸਮਝ ਨਹੀਂ ਆ ਰਹੀ !
ਅਮਨਦੀਪ ਕੌਰ : ਇਹ ਗੱਲ ਸੱਚੀ ਹੈ ਕੀ ਸਾਡੇ ਗੁਰੂ ਸਾਹਿਬਾਨ ਨੇ ਔਰਤ ਨੂੰ ਬਰਾਬਰ ਦੇ ਹੱਕ ਦਿੱਤੇ ਹਨ ਪਰ ਸਾਡਾ ਆਪਣਾ ਸਿੱਖ ਸਮਾਜ ਇਸ ਸੁਨੇਹੇ ਦੀਆਂ ਡੀਂਗਾਂ ਬਾਕੀ ਧਰਮਾਂ ਨੂੰ ਨੀਵਾਂ ਦਰਸ਼ਾਉਣ ਲਈ ਹਰ ਸਾਲ ਰਖੜੀ, ਕਰਵਾਚੌਥ ਆਦਿ ਦੇ ਮੌਕੇ ਤੇ ਮਾਰਦਾ ਹੈ ਪਰ ਅਮਲੀ ਤੌਰ ਤੇ ਖੁਦ ਇਸ ਦੀ ਪਾਲਣਾ ਨਹੀਂ ਕਰਦਾ ! ਉਨ੍ਹਾਂ ਧਰਮਾਂ ਵਿੱਚ ਧਾਰਮਿਕ ਤੌਰ ਤੇ ਔਰਤਾਂ ਨੂੰ ਕੋਈ ਹੱਕ ਨਹੀਂ ਹੈ ਪਰ ਐਥੇ ਤਾਂ ਹੱਕ ਹੁੰਦੇ ਹੋਏ ਵੀ ਪੁਰਸ਼ ਪ੍ਰਧਾਨ ਸੋਚ ਨੂੰ ਬਦਲਿਆ ਨਹੀਂ ਜਾ ਰਿਹਾ ! ਗੱਲ ਭਾਵੇਂ ਦਰਬਾਰ ਸਾਹਿਬ ਕੀਰਤਨ ਕਰਨ ਦੀ ਹੋਵੇ, ਭਾਵੇਂ ਪੰਜ ਪਿਆਰਿਆਂ ਜਾਂ ਖੰਡੇ ਕੀ ਪਾਹੁਲ ਦੇਣ ਵਿੱਚ ਸ਼ਾਮਿਲ ਹੋਣ ਦੀ ਤੇ ਭਾਵੇਂ ਮਾਹਵਾਰੀ ਦੇ ਦਿਨਾਂ
ਵਿੱਚ ਗੁਰੂ ਦੀ ਤਾਬਿਆ ਬੈਠਣ ਜਾਂ ਸਰੋਵਰ ਵਿੱਚ ਇਸ਼ਨਾਨ ਕਰਨ ਦੀ, ਹਰ ਥਾਂ ਤੇ ਉਨ੍ਹਾਂ ਨਾਲ ਦੂਜੇ ਦਰਜੇ ਦਾ ਵਿਵਹਾਰ ਕੀਤਾ ਜਾਂਦਾ ਹੈ ! ਮਾਪੇ ਕੁੜੀਆਂ ਨੂੰ ਖੰਡੇ ਦੀ ਪਾਹੁਲ ਲੈਣ ਜਾਂ ਦਸਤਾਰ ਸਜਾਉਣ ਤੋਂ ਰੋਕਦੇ ਹਨ ਤੇ ਅਕਸਰ ਕਹਿਆ ਜਾਂਦਾ ਹੈ ਕੇ ਦੂਜੇ ਘਰ ਜਾ ਕੇ ਇਹ ਸਭ ਕਰ ਲਵੀਂ ਭਾਵ ਮਾਂ-ਪਿਓ ਵੀ ਆਪਣੀ ਲੜਕੀ ਨੂੰ ਭਾਰ ਜਾਂ ਪਰਾਇਆ ਧਨ ਸਮਝ ਕੇ ਹੀ ਪਾਲਦੇ ਹਨ ! ਇਸ ਬਾਰੇ ਵੀ ਕੁਝ ਜੁਬਾਨ ਖੋਲੋ, ਵਰਨਾ "ਕਹਿਣ-ਸੁਣਨ ਨੂੰ ਚੰਗੀ" ਪਰ "ਵਰਤਾਵੇ ਵਿੱਚ ਮਨਮਤੀ" ਸਿੱਖੀ ਦੇ ਦਮਗੱਜੇ ਮਾਰਨੇ ਬੰਦ ਕਰੋ !
ਮੈਂ ਬੇਨਤੀ ਕਰਦਾ ਹਾਂ ਵਾਲੰਟੀਅਰ ਸਾਹਿਬਾਨ ਨੂੰ ਕੀ ਇਨ੍ਹਾਂ ਬੀਬਾ ਜੀ ਨੂੰ ਹਾਲ ਤੋਂ ਬਾਹਰ ਲੈ ਜਾਣ ਕਿਓਂਕਿ ਇਨ੍ਹਾਂ ਕਰਕੇ ਸਮਾਗਮ ਦਾ ਬਹੁਤ ਸਮਾਂ ਪਹਿਲਾਂ ਹੀ ਖਰਾਬ ਹੋ ਚੁੱਕਾ ਹੈ ! ਅਸੀਂ ਤੁਹਾਡੇ ਇਨ੍ਹਾਂ ਵਿਚਾਰਾਂ ਬਾਰੇ ਬਾਅਦ ਵਿੱਚ ਬੈਠ ਕੇ ਜਰੂਰ ਗੱਲਾਂ ਕਰਾਂਗੇ ! ਹੁਣ ਮੈ ਬੇਨਤੀ ਕਰਦਾ ਹਾਂ ਕੇ ਅਗਲੇ ਬੁਲਾਰੇ ਸਟੇਜ ਤੇ ਆਉਣ ਤੇ ਸਿੱਖੀ ਵਿੱਚ ਔਰਤ ਦੇ ਫ਼ਰਜ਼ਾਂ ਬਾਰੇ ਰੋਸ਼ਨੀ ਪਾਉਣ ! (ਮੱਥੇ ਤੇ ਆਏ ਪਸੀਨੇ ਨੂੰ ਪੂੰਝਦੇ ਹੋਏ ਗੁਰਛਲ ਸਿੰਘ ਨੇ ਪਿਛੇ ਪਈ ਇੱਕ ਕੁਰਸੀ ਮਲ ਲਈ) !
- ਬਲਵਿੰਦਰ ਸਿੰਘ ਬਾਈਸਨ
http://nikkikahani.com/
ਬਲਵਿੰਦਰ ਸਿੰਘ ਬਾਈਸਨ
ਅੰਤਰਰਾਸ਼ਟਰੀ ਔਰਤ ਦਿਵਸ ! (ਨਿੱਕੀ ਕਹਾਣੀ)
Page Visitors: 2726