ਕਾਦੀ ਕੂੜੁ ਬੋਲਿ ਮਲੁ ਖਾਇ
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਤੋਂ ਛਪਦੀ ਇਕ ਅਖ਼ਬਾਰ ਵਿੱਚ ਕੈਲੰਡਰ ਸਬੰਧੀ ਦੋ ਦਿਨਾਂ ਵਿਚ ਦੋ ਵੱਖ-ਵੱਖ ਬਿਆਨ ਪੜ੍ਹਨ ਨੂੰ ਮਿਲੇ ਹਨ। ਪਰ ਬਿਆਨ ਦੇਣ ਵਾਲਾ ਵਿਅਕਤੀ ਇਕ ਹੀ ਹੈ। ਮਾਰਚ 9 ਦੀ ਅਖ਼ਬਾਰ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ ਛਪਿਆ ਸੀ, “ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੱਤਵੀਂ ਪਾਤਸ਼ਾਹੀ ਦਾ ਗੁਰਤਾਗੱਦੀ ਦਿਵਸ ਮਨਾਉਣ ਦਾ ਸੱਦਾ” ਇਸ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ ਜੋ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ, 1 ਚੇਤ/14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਉਣ ਦਾ ਸੱਦਾ ਦਿੱਤਾ ਸੀ। “ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਕੱਤਰੇਤ ਤੋਂ ਸੂਚਨਾ ਜਾਰੀ ਕਰਦਿਆਂ ਕਿਹਾ ਕਿ 14 ਮਾਰਚ 1644 ਨੂੰ ਗੁਰੂ ਸਾਹਿਬ ਦਾ ਗੁਰਤਾਗੱਦੀ ਦਿਵਸ ਸੀ, ਜਿਸ ਦੀ ਯਾਦ 'ਚ ਪੰਜ ਸਿੰਘ ਸਾਹਿਬਾਨ ਵੱਲੋਂ ਹਰ ਸਾਲ 14 ਮਾਰਚ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਸੀ, ਜਿਸ 'ਤੇ ਅਮਲ ਕਰਦਿਆਂ ਇਹ ਰਵਾਇਤ ਜਾਰੀ ਰੱਖੀ ਜਾਵੇਗੀ”ਙ ਇਸ ਦਾ ਕਾਰਨ ਇਹ ਸੀ ਅਮਰੀਕਾ ਵਿੱਚ ਸਿੱਖਾਂ ਦੀ ਇਕ ਜਥੇਬੰਦੀ “ਈਕੋ ਸਿੱਖ” ਵੱਲੋਂ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਨ ਕਾਰਨ, ਗਿਆਨੀ ਗੁਰਬਚਨ ਸਿੰਘ ਜੀ ਨੇ 18 ਫਰਵਰੀ 2012 ਨੂੰ ਇਕ ਆਦੇਸ਼ (ਨੰਬਰ ਅ:3/12/3632) ਜਾਰੀ ਕੀਤਾ ਸੀ, “...ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਾਸ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਸਮੇਂ ਸਮੁੱਚੇ ਸੰਸਾਰ ਵਿੱਚ ਵੱਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਸੰਦੇਸ਼ ਦੇਂਦਾ ਹਾਂ ਕਿ ਅੱਜ ਦੇ ਦਿਨ ਹਰ ਸਿੱਖ ਆਪਣੇ ਗਰਾਂ, ਸੈਰ-ਗਾਹਾਂ ਅਤੇ ਆਲੇ ਦੁਵਾਲੇ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਿਤ ਰਹਿਤ ਰੱਖਣ ਲਈ ਗੁਰੂ ਹਰਿ ਰਾਏ ਸਾਹਿਬ ਦੇ ਗੁਰਤਾ ਗੱਦੀ ਦਿਵਸ ਨੂੰ ‘ਵਿਸ਼ਵ ਵਾਤਾਵਰਣ ਦਿਵਸ’ ਵਜੋਂ ਮਨਾ ਕੇ ਸਤਿਗੁਰ ਪਾਤਸ਼ਾਹ ਦੀਆਂ ਖੁਸ਼ੀਆਂ ਵਾਚੇ ਤੇ ਲੋਕ ਅਤੇ ਪ੍ਰਲੋਕ ਸੁਹੇਲਾ ਹੋਵੇ” (ਗੁਰੂ ਪੰਥ ਦਾ ਦਾਸ ਗੁਰਬਚਨ ਸਿੰਘ)
ਅਕਾਲ ਤਖਤ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਵੰਬਰ 2009 ਵਿਚ ਬਣੀ ਦੋ ਮੈਂਬਰੀ ਕਮੇਟੀ (ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁਮਾ) ਵੱਲੋਂ ਪੇਸ਼ ਕੀਤੀ ਗਈ ਰਿਪੋਟ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਛਾਪੇ ਗਏ ਕੈਲੰਡਰ ਵਿਚ 4 ਦਿਹਾੜੇ ਚੰਦਰ ਸੂਰਜੀ ਕੈਲੰਡਰ ਮੁਤਾਬਕ ਦਰਜ ਕੀਤੇ ਗਏ ਸਨ, ਬਾਕੀ ਸਾਰੇ ਦਿਹਾੜੇ ਸੂਰਜੀ ਬਿਕ੍ਰਮੀ ਮੁਤਾਬਕ ਰੱਖੇ ਗਏ ਸਨ। ਇਸ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਹਾੜਾ 1 ਚੇਤ/14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਮਨਾਇਆ ਜਾਂਦਾ ਰਿਹਾ ਹੈ। ਇਸੇ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਫਰਵਰੀ 2012 ਵਿੱਚ ਉਪ੍ਰੋਕਤ ਸੰਦੇਸ਼ ਰਾਹੀ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਹਾੜਾ 1 ਚੇਤ/14 ਮਾਰਚ ਨੂੰ ਵਾਤਾਵਰਣ ਦਿਵਸ ਵੱਜੋਂ ਮਨਾਉਣ ਦਾ ਹੁਕਮ ਜਾਰੀ ਕੀਤਾ ਸੀ। ਪਿਛਲੇ ਸਾਲ ਬਿਨਾ ਕਿਸੇ ਕਮੇਟੀ ਬਣਾਏ, ਬਿਨਾਂ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲਿਆ ਸ਼੍ਰੋਮਣੀ ਕਮੇਟੀ ਨੇ ਸਾਰੇ ਗੁਰਪੁਰਬ ਹੀ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਛਾਪ ਦਿੱਤੇ ਹਨ। ਜਿਸ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਤਾ ਗੱਦੀ ਦਿਵਸ ਚੇਤ ਵਦੀ 13 ਮੁਤਾਬਕ 5 ਚੇਤ/18 ਮਾਰਚ ਨੂੰ ਆਇਆ ਸੀ। ਪਰ ਮਨਾਇਆ ਪਿਛਲੇ ਸਾਲ ਵੀ 1 ਚੇਤ/14 ਮਾਰਚ ਨੂੰ ਹੀ ਗਿਆ ਸੀ, “ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਨੋਟ ‘ਚ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 547 ਅਨੁਸਾਰ 1 ਚੇਤ ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ”।
10 ਮਾਰਚ ਨੂੰ ਉਸੇ ਅਖ਼ਬਾਰ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਦਾ ਦੂਜਾ ਬਿਆਨ ਛਪਿਆ,“ਦਿਹਾੜੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਕੈਲੰਡਰ ਅਨੁਸਾਰ ਮਨਾਏ ਜਾਣ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਾ ਗੁਰਤਾਗੱਦੀ ਪੁਰਬ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ 14 ਮਾਰਚ ਨੂੰ ਮਨਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਦਿਨ ਇਸ ਵਾਰ ਸੁਭਾਵਿਕ ਹੀ ਪੁਰੇਵਾਲ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਅਨੁਸਾਰ ਆ ਰਿਹਾ ਹੈ, ਉਨ੍ਹਾਂ ਕਿਹਾ ਕਿ ਬਾਕੀ ਦਿਨ-ਦਿਹਾੜੇ, ਗੁਰਤਾਗੱਦੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਦਿੱਤੀ ਮਾਨਤਾ ਅਨੁਸਾਰ ਹੀ ਮਨਾਏ ਜਾਣ” ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਸੱਚ ਦੇ ਦਰਬਾਰ ਦਾ ਮੁਖ ਸੇਵਾਦਾਰ ਵੀ ਸਿਆਸਤਦਾਨਾਂ ਵਾਂਗੂ ਬਹੁਤ ਹੀ ਹਲਕੇ ਪੱਥਰ ਦੀ ਬਿਆਨਬਾਜ਼ੀ ਕਰ ਰਿਹਾ ਹੈ। ਗਿਆਨੀ ਗੁਰਬਚਨ ਸਿੰਘ ਜੀ ਦਾ ਇਹ ਕਹਿਣਾ ਕਿ, “ਉਨ੍ਹਾਂ ਕਿਹਾ ਕਿ ਇਹ ਦਿਨ ਇਸ ਵਾਰ ਸੁਭਾਵਿਕ ਹੀ ਪੁਰੇਵਾਲ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਅਨੁਸਾਰ ਆ ਰਿਹਾ ਹੈ” ਸਚਾਈ ਤੋਂ ਕੋਹਾਂ ਦੂਰ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦਾ ਦਾਵਾ ਕਰਨ ਵਾਲਾ ਗਿਆਨੀ ਗੁਰਬਚਨ ਸਿੰਘ ਝੂਠ ਬੋਲ ਰਿਹਾ ਹੈ। ਕਿਥੇ 1 ਚੇਤ ਕਿਥੇ 23 ਚੇਤ, ਤਿੰਨ ਹਫ਼ਤਿਆਂ ਦਾ ਫਰਕ! ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ, “ਇਸ ਵਾਰ ਸੁਭਾਵਿਕ ਹੀ ਪੁਰੇਵਾਲ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਅਨੁਸਾਰ ਆ ਰਿਹਾ ਹੈ”। ਗਿਆਨੀ ਜੀ ਕੌਮ ਨੂੰ ਹੁਕਮ ਦੇਣ ਤੋਂ ਪਹਿਲਾ ਕੰਧ ਤੇ ਟੰਗਿਆ ਹੋਇਆ ਕੈਲੰਡਰ ਤਾ ਪੜ੍ਹ ਲੈਂਦੇ। ਰਹਿੰਦੀ ਖੂਹਦੀ ਕਸਰ ਤੁਹਾਡੇ ਹੁਕਮ ਤੇ ਅਮਲ ਕਰਦਿਆਂ ਅਵਤਾਰ ਸਿੰਘ ਮੱਕੜ ਨੇ 12 ਮਾਰਚ ਨੂੰ ਬਿਆਨ ਦੇ ਕੇ ਪੂਰੀ ਕਰ ਦਿੱਤੀ, “ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਨਾਨਕਸ਼ਾਹੀ ਸੰਮਤ 548 ਅਨੁਸਾਰ 1 ਚੇਤ ਨੂੰ ਵਾਤਾਵਰਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ” (sgpc.net) ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਦਿਹਾੜਾ 1 ਚੇਤ ਨੂੰ ਮਨਾਉਣਾ ਹੈ ਤਾਂ ਕੈਲੰਡਰ ਵਿੱਚ 23 ਚੇਤ ਲਿਖਣ ਦੀ ਕੀ ਲੋੜ ਸੀ, ਉਥੇ ਹੀ 1 ਚੇਤ ਕਿਓ ਨਹੀ ਲਿਖਿਆ ਗਿਆ?ਕਾਸ਼! ਸਿੱਖਾਂ ਵਿੱਚ ਇਹ ਚੇਤਨਾ ਆਵੇ ਕਿ ਉਹ ਬਾਣੀ ਦੀ ਇਸ ਪਾਵਨ ਪੰਗਤੀ,
“ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ”॥
ਤੇ ਅਮਲ ਕਰਦੇ ਹੋਏ ਧਾਰਮਿਕ ਪਹਿਰਾਵੇ ਹੇਠ ਝੂਠ ਬੋਲਣ ਵਾਲਿਆਂ ਦੀ ਪਹਿਚਾਣ ਕਰਨ ਵੱਲ ਧਿਆਨ ਵੀ ਦੇਣ।
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਬਿਕ੍ਮੀ ਕੈਲੰਡਰ ਮੁਤਾਬਕ ਨਾ ਤਾਂ ਪਿਛਲੇ ਸਾਲ ਇਹ ਦਿਹਾੜਾ 1 ਚੇਤ/14 ਮਾਰਚ ਨੂੰ ਸੀ, ਨਾ ਹੀ ਇਸ ਸਾਲ ਹੈ ਅਤੇ ਨਾ ਹੀ ਨੇੜ ਭਵਿੱਖ ਵਿੱਚ ਅਜੇਹੀ ਕੋਈ ਸੰਭਾਵਨਾ ਹੈ। ਪਿਛਲੇ ਸਾਲ ਇਹ ਦਿਹਾੜਾ 5 ਚੇਤ/18 ਮਾਰਚ ਨੂੰ ਸੀ। 22 ਜਨਵਰੀ 2016 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਵਿੱਚ ਇਹ ਦਿਹਾੜਾ 23 ਚੇਤ/5 ਅਪ੍ਰੈਲ ਦਾ ਦਰਜ ਹੈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਕੈਲੰਡਰ ਨਹੀਂ ਵੇਖਿਆ ਹੋਵੇਗਾ। ਅਖ਼ਬਾਰੀ ਬਿਆਨ ਮੁਤਾਬਕ ਉਹ ਆਪ ਮੰਨਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਪ੍ਰਾਪਤ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ (22 ਜਨਵਰੀ 2016) ਮੁਤਾਬਕ ਤਾਂ ਇਹ ਦਿਹਾੜਾ 23 ਚੇਤ/5 ਅਪ੍ਰੈਲ ਨੂੰ ਮਨਾਇਆ ਜਾਵੇਗਾ। ਪਰ ਗਿਆਨੀ ਗੁਰਬਚਨ ਸਿੰਘ ਦੇ 18 ਫਰਵਰੀ 2012 ਦੇ ਹੁਕਮ ਮੁਤਾਬਕ ਇਹ 1 ਚੇਤ 14 ਮਾਰਚ ਨੂੰ ਮਨਾਇਆ ਜਾਵੇਗਾ। ਅਗਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਦਿਹਾੜਾ ਚੇਤ ਵਦੀ 13 ਮੁਤਾਬਕ 13 ਚੇਤ/26 ਮਾਰਚ ਦਾ ਹੋਵੇਗਾ। ਪਰ ਮਨਾਇਆ ਕਦੋਂ ਜਾਵੇਗਾ ਇਹ ਐਲਾਨ ਗਿਆਨੀ ਗੁਰਬਚਨ ਸਿੰਘ ਜੀ ਕਰਨਗੇ।
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਇਹ ਚੇਤ ਵਦੀ 13 ਬਣਦੀ ਹੈ, ਪਰ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਉਤੇ ਇਹ ਤਾਰੀਖ 3 ਮਾਰਚ ਦਰਜ ਹੈ, ““Guru Hargobind Sahib, before his departure for heavenly abode, nominated his grandson, Har Rai Ji at the tender age of 14, as his successor (Seventh Nanak), on 3rd March, 1644”. (Sgpc. Net) 3 ਮਾਰਚ ਮੁਤਾਬਕ ਚੇਤ ਸੁਦੀ 5 ਬਣਦੀ ਹੈ। ਕੈਲੰਡਰ ਕਮੇਟੀ ਨੇ ਆਪਣੀ ਖੋਜ-ਪੜਤਾਲ ਮੁਤਾਬਕ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਹਾੜਾ ਚੇਤ ਵਦੀ 15/1 ਚੇਤ ਸੰਮਤ 1700 ਬਿਕ੍ਰਮੀ (27 ਫਰਵਰੀ 1644 ਜੂਲੀਅਨ) ਨੂੰ ਸਹੀ ਮੰਨਿਆ ਹੈ। ਪ੍ਰਚੱਲਤ ਕੈਲੰਡਰਾਂ ਮੁਤਾਬਕ ਉਸ ਦਿਨ ਦੋ (ਚੇਤ ਵਦੀ 15 ਅਤੇ 1 ਚੇਤ) ਤਾਰੀਖਾਂ ਸਨ। ਚੇਤ ਵਦੀ 15, ਜੋ ਚੰਦ ਦੇ ਕੈਲੰਡਰ ਦੀ ਤਾਰੀਖ ਹੈ ਅਤੇ ਇਹ ਹਰ ਸਾਲ ਬਦਲੀ ਰਹਿੰਦੀ ਹੈ। 1 ਚੇਤ, ਸੂਰਜੀ ਕੈਲੰਡਰ ਦੀ ਤਾਰੀਖ ਹੈ। ਕੈਲੰਡਰ ਕਮੇਟੀ ਨੇ 1 ਚੇਤ ਨੂੰ ਹੀ ਮੁਖ ਰੱਖਿਆ ਹੈ ਜੋ ਹਰ ਸਾਲ 14 ਮਾਰਚ ਨੂੰ ਹੀ ਆਵੇਗੀ। ਗੁਰੂ ਦੇ ਸਿੱਖਾਂ ਨੂੰ ਇਸ ਤੇ ਕੀ ਇਤਰਾਜ਼ ਹੋ ਸਕਦਾ ਹੈ? ਨਹੀ! ਸਿਖਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀ ਹੈ। ਦੁਨੀਆਂ ਭਰ ਵਿੱਚ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਲਿਆ ਹੈ। ਹਾਂ! ਉਨ੍ਹਾਂ ਨੂੰ ਇਤਰਾਜ਼ ਜਰੂਰ ਹੈ ਜਿਨ੍ਹਾਂ ੱਚ ਬਿਪਰ ਦੀ ਰੂਹ ਪ੍ਰਵੇਸ਼ ਕਰ ਚੱਕੀ ਹੈ। ਉਨ੍ਹਾਂ ਨੂੰ ਫਿਕਰ ਹੈ ਕਿ ਜੇ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਕਿ ਕਿਹੜਾ ਦਿਹਾੜਾ ਅਸੀਂ ਕਿਸ ਤਾਰੀਖ ਨੂੰ ਮਨਾਉਣਾ ਹੈ ਤਾਂ ਅਸੀਂ ਹੁਕਮਨਾਮੇ ਕਿਵੇਂ ਜਾਰੀ ਕਰਿਆ ਕਰਾਂਗੇ।
ਖਾਲਸਾ ਜੀ ਜਾਗੋ ਅਤੇ ਆਪਣੇ ਨਿਜੀ ਹਿੱਤਾਂ ਖਾਤਰ ਝੂਲ ਬੋਲ ਕੇ, ਗੁਮਰਾਹ ਕਰਨ ਵਾਲਿਆਂ ਦੀ ਪਛਾਣ ਕਰੋ।
ਸਰਵਜੀਤ ਸਿੰਘ ਸੈਕਰਾਮੈਂਟੋ
ਕਾਦੀ ਕੂੜੁ ਬੋਲਿ ਮਲੁ ਖਾਇ
Page Visitors: 2932