ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 4) ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 4) ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ
Page Visitors: 2850

   ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ   (ਭਾਗ 4) 
     ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ

     ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
    ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
    ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
    ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ
॥1॥
    ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥
    ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ
॥1॥ਰਹਾਉ॥
    ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
    ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
    ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥
    ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ
॥2॥
    ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥
    ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥
    ਕੂੜਾ ਰੰਗੁ ਕੁਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥
    ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ
॥3॥
    ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
    ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
    ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
    ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ
॥4॥
    ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
    ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
    ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
    ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ
॥5॥4॥37॥
       ॥ਰਹਾਉ॥  ਹੇ ਮੇਰੇ ਮਨ, ਓਸ ਹਰੀ ਨੂੰ ਸਿਮਰ, ਜੋ ਪਵਿੱਤਰ ਹੈ। ਜਿਨ੍ਹਾਂ ਬੰਦਿਆਂ ਦੀ ਕਿਸਮਤ ਵਿਚ ਧੁਰ ਤੋਂ ਹਰੀ ਵਲੋਂ ਲਿਖਿਆ, ਸਿਮਰਨ ਦਾ ਲੇਖ ਹੁੰਦਾ ਹੈ, ਉਹ ਗੁਰਮੁਖਿ ਹੋ ਕੇ ਸ਼ਬਦ ਦੀ ਵਿਚਾਰ ਆਸਰੇ, ਪ੍ਰਭੂ ਨਾਲ ਲਿਵ ਜੋੜੀ ਰੱਖਦੇ ਹਨ।
       ॥1॥  ਜਿਨ੍ਹਾਂ ਮਨੁੱਖਾਂ ਨੇ ਹਰੀ ਦਾ ਨਾਮ ਸੁਣ ਕੇ, ਆਪਣੇ ਮਨ ਨੂੰ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਕਰ ਲਿਆ ਹੈ, ਉਨ੍ਹਾਂ ਦਾ ਮਨ ਆਪਣੇ ਨਿੱਜ ਘਰ, ਕਰਤਾਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ।
   ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਰੱਬ ਦੀ ਸਿਫਤ-ਸਾਲਾਹ ਕਰ ਕੇ ਉਹ,  ਗੁਣਾਂ ਦੇ ਭੰਡਾਰ ਪਰਮਾਤਮਾ ਨੂੰ ਲੱਭ ਲੈਂਦੇ ਹਨ। ਜਿਹੜੇ ਬੰਦੇ ਗੁਰ-ਸ਼ਬਦ ਦੇ ਸਿਧਾਂਤ ਨੂੰ ਸਮਝ ਲੈਂਦੇ ਹਨ, ਉਹ ਆਪ ਵੀ ਪਵਿੱਤਰ ਹੋ ਜਾਂਦੇ ਹਨ, ਮੈਂ ਅਜਿਹੇ ਬੰਦਿਆਂ ਤੋਂ ਹਮੇਸ਼ਾ ਸਦਕੇ ਜਾਂਦਾ ਹਾਂ। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ  ਉਜਾਗਰ ਹੋ ਜਾਂਦਾ ਹੈ, ਉਸ ਹਿਰਦੇ ਵਿਚ ਗਿਆਨ ਦਾ ਚਾਨਣ ਹੋ ਜਾਂਦਾ ਹੈ ।
       ॥2॥  ਹੇ ਹਰੀ ਦੇ ਭਗਤੋ, ਧਿਆਨ ਨਾਲ ਵੇਖੋ, ਅਕਾਲ-ਪੁਰਖ ਭਰਪੂਰ, ਪੂਰਨ ਰੂਪ ਵਿਚ ਨੇੜੇ ਹੀ, ਤੁਹਾਡੇ ਅੰਦਰ ਹੀ ਵੱਸਦਾ ਹੈ, ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ ਉਸ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਉਸ ਨੂੰ ਹਮੇਸ਼ਾ ਹਾਜ਼ਰ-ਨਾਜ਼ਰ ਵੇਖਦੇ ਹਨ। ਜਿਨ੍ਹਾਂ ਨੇ ਗੁਣਾਂ ਨਾਲ ਸਾਂਝ ਕੀਤੀ ਹੈ, ਰੱਬ ਹਮੇਸ਼ਾ ਉਨ੍ਹਾਂ ਦੇ ਮਨ ਵਿਚ ਵਸਦਾ ਹੈ, ਪਰ ਜਿਨ੍ਹਾਂ ਨੇ ਅਵਗੁਣਾਂ ਨਾਲ ਸਾਂਝ ਕੀਤੀ ਹੈ, ਉਨ੍ਹਾਂ ਨੂੰ ਕਰਤਾਰ ਕਿਤੇ ਦੂਰ ਜਾਪਦਾ ਹੈ।     ਮਨਮੁਖ ਬੰਦੇ, ਆਪਣੀ ਮੱਤ ਦੇ ਪਿੱਛੇ ਚੱਲਣ ਵਾਲੇ, ਗੁਣਾਂ ਤੋਂ ਸੱਖਣੇ ਬੰਦੇ, ਪਰਮਾਤਮਾ ਦੀ ਰਜ਼ਾ ਵਿਚ ਚੱਲੇ ਬਗੈਰ, ਝੂਰ-ਝੂਰ ਕੇ ਪਛਤਾਉਂਦੇ , ਆਤਮਕ ਮੌਤ ਸਹੇੜ ਲੈਂਦੇ ਹਨ।
       ॥3॥  ਜਿਨ੍ਹਾਂ ਬੰਦਿਆਂ ਨੇ ਸ਼ਬਦ ਗੁਰੂ ਦਾ ਉਪਦੇਸ਼ ਸੁਣ ਕੇ, ਉਸ ਨੂੰ ਮਨੋਂ ਮੰਨ ਲਿਆ, ਉਨ੍ਹਾਂ ਨੇ ਉਸ ਅਨੁਸਾਰ ਹੀ ਪਰਮਾਤਮਾ ਨੂੰ ਮਨ  ਵਿਚ ਯਾਦ ਰੱਖਿਆ ਹੈ। ਹਰ ਵੇਲੇ ਪ੍ਰਭੂ ਦੀ ਭਗਤੀ ਵਿਚ ਜੁੜੇ ਰਹਿਣ ਵਾਲੇ ਬੰਦਿਆਂ ਦਾ ਮਨ ਅਤੇ ਤਨ ਪਵਿੱਤ੍ਰ ਹੋ ਜਾਂਦਾ ਹੈ।   
   ਜਿਵੇਂ ਕਸੁੰਭ ਦਾ ਫਿੱਕਾ ਰੰਗ ਬੜੀ ਛੇਤੀ ਲੱਥ ਜਾਂਦਾ ਹੈ, ਤਿਵੇਂ ਹੀ ਮਾਇਆ ਦੇ ਮੋਹ ਦਾ ਰੰਗ ਵੀ ਬੜੀ ਛੇਤੀ ਉੱਤਰ ਜਾਂਦਾ ਹੈ, ਮਾਇਆ ਪਰਾਈ ਹੋ ਜਾਂਦੀ ਹੈ, ਅਤੇ ਉਸ ਦੇ ਮੋਹ ਵਿਚ ਫੱਸਿਆ ਮਨੁੱਖ ਰੋ-ਰੋ ਕੇ ਦੁਖੀ ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਨਾਮ, ਪਰਮਾਤਮਾ ਦੇ ਹੁਕਮ ਦੀ ਸੋਝੀ ਦਾ ਚਾਨਣ ਹੁੰਦਾ ਹੈ, ਉਹ ਹਮੇਸ਼ਾ ਅਡੋਲ ਰਹਿੰਦਾ ਹੈ, ਡੋਲਦਾ ਨਹੀਂ।
       ॥4॥  ਇਹ ਦੁਰਲੱਭ, ਮਨੁੱਖਾ ਜੀਵਨ ਪਾਉਣ ਮਗਰੋਂ ਵੀ ਜਿਹੜਾ ਮਨੁੱਖ, ਕਰਤਾਰ ਨਾਲ ਪਿਆਰ ਨਹੀਂ ਪਾਉਂਦਾ, ਉਸ ਦਾ ਸਿਮਰਨ ਨਹੀਂ ਕਰਦਾ (ਏਥੇ ਥੋੜਾ ਵਿਚਾਰ, ਸਿਮਰਨ ਬਾਰੇ ਕਰਨਾ ਜ਼ਰੂਰੀ ਹੈ, ਸਿਮਰਨ, ਸਮੱਰਣ ਤੋਂ ਬਣਿਆ ਹੈ, ਅਰਥ ਹੈ ਯਾਦ ਕਰਨਾ। ਸਿੱਖਾਂ ਵਿਚ ਅੱਜ ਜੋ ਸਿਮਰਨ ਪ੍ਰਚਲਤ  (ਵਾਹਿਗੁਰੂ ਦਾ ਰਟਨ) ਹੈ, ਉਸ ਵਿਚ ਦੋ ਖਾਮੀਆਂ ਹਨ।
(1) ਵਾਹਿਗੁਰੂ ਵੀ ਪਰਮਾਤਮਾ ਦਾ ਓਸੇ ਤਰ੍ਹਾਂ ਦਾ ਨਾਮ ਮਿੱਥ ਲਿਆ ਗਇਆ ਹੈ, ਜਿਵੈਂ ਦੇ ਹੋਰ ਲੱਖਾਂ ਕਿਰਤਮ ਨਾਮ ਪ੍ਰਚਲਤ ਹਨ।  ਅਸਲੀਅਤ ਵਿਚ ਇਹ ਅਜਿਹਾ ਨਾਮ ਨਹੀਂ ਹੈ, ਅਕਾਲ-ਪੁਰਖ ਦੇ ਜਗਿਆਸੂ ਜਦ  ‘ੴ  ’ ਦੇ ਆਧਾਰ ਤੇ, ‘ਕੁਦਰਤਿ ਕਰਿ ਕੈ ਵਸਿਆ ਸੋਇ॥’ ਅਨੁਸਾਰ , ਉਸ ਪ੍ਰਭੂ ਨੂੰ ‘ਕੁਦਰਤ’ ਵਿਚੋਂ ਖੋਜਦੇ ਹਨ, ਤਾਂ ਉਨ੍ਹਾਂ ਨੂੰ ਕੁਦਰਤ ਵਿਚੋਂ ਬਹੁਤ ਸਾਰੇ ਅਜਿਹੇ ਕ੍ਰਿਸ਼ਮੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦਾ ਮਨ ਵਿਸਮਾਦ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ, ਉਸ ਅਵਸਥਾ ਵਿਚ ਉਨ੍ਹਾਂ ਨੂੰ ਖੁਸ਼ੀ ਵੀ ਹੁੰਦੀ, ਅਜੀਬ ਅਚੰਭੇ ਦੀ ਹਾਲਤ ਵਿਚ ਉਨ੍ਹਾਂ ਨੂੰ ਪ੍ਰਭੂ ਦੀ ਵਿਸ਼ਾਲਤਾ ਵੀ ਮਹਿਸੂਸ ਹੁੰਦੀ ਹੈ, ਮੁਕਦੀ ਗੱਲ ਉਨ੍ਹਾਂ ਨੂੰ ਪਰਮਾਤਮਾ ਦਾ ਉਹ ਰੂਪ ਨਜ਼ਰੀਂ ਆਉਂਦਾ ਹੈ, ਜਿਸ ਬਾਰੇ ਕੁਝ ਵੀ ਕਹਿਣ ਨੂੰ ਉਨ੍ਹਾਂ ਕੋਲ ਕੋਈ ਲਫਜ਼ ਨਹੀਂ ਹੁੰਦਾ, ਉਨ੍ਹਾਂ ਦੇ ਮੂੰਹੋਂ ਆਪ-ਮੁਹਾਰਾ ਨਿਕਲਦਾ ਹੈ “ਵਾਹ” ਜਿਸ ਨੂੰ ਗੁਰੁ, ਗੁਰੂ,(ਪਰਮਾਤਮਾ) ਨਾਲ ਜੋੜਿਆਂ, ਲਫਜ਼ ਬਣਦਾ ਹੈ “ਵਾਹਿਗੁਰੂ” ਇਸ ਅਵਸਥਾ ਵਿਚ ਬੰਦੇ ਦਾ ਮਨ ਕਰਤਾਰ ਦੇ ਬਹੁਤ ਨੇੜੇ ਹੁੰਦਾ ਹੈ। ਇਸ ਅਵਸਥਾਂ ਵਿਚ, ਇਕ ਵਾਰੀ ਵਾਹਿਗੁਰੂ ਕਹਿਣ ਦਾ, ਕ੍ਰੋੜਾਂ ਵਾਰੀ ਵਾਹਿਗੁਰੂ ਦਾ ਕਿਰਤਮ ਨਾਮ ਵਜੋਂ ਰਟਨ ਕਰਨ ਨਾਲੋਂ ਬਹੁਤ ਜ਼ਿਆਦਾ ਮਹੱਤਵ ਹੈ ।
(2)  “ਵਾਹਿਗੁਰੂ” ਲਫਜ਼ ਦਾ ਅਨੇਕਾਂ ਢੰਗਾਂ ਨਾਲ, ਅਨੇਕਾਂ ਯੰਤ੍ਰਾਂ ਦੀ ਆਵਾਜ਼ ਨਾਲ ਮਿਲਾ ਕੇ ਰਟਨ ਕਰਨ ਨੂੰ “ਸਿਮਰਨ”  ਕਿਹਾ ਜਾਂਦਾ ਹੈ, ਜਦ ਕਿ ਗੁਰਬਾਣੀ ਫੁਰਮਾਨ ਹੈ,                   
  ਸਿਮਰੈ ਧਰਤੀ ਅਰੁ ਆਕਾਸਾ ॥ ਸਿਮਰਹਿ ਚੰਦ ਸੂਰਜ ਗੁਣਤਾਸਾ ॥ 
  ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ
॥1॥
  ਸਿਮਰਹਿ ਖੰਡ ਦੀਪ ਸਭਿ ਲੋਆ ॥ ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
  ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ
॥2॥
  ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥
  ਸਿਮਰਹਿ ਜਖ੍‍ ਦੈਤ ਸਭਿ ਸਿਮਰਹਿ ਅਗਨਤੁ ਨਾ ਜਾਈ ਜਸੁ ਗਨਾ
॥3॥……………
  ਸਿਮਰਹਿ ਘੜੀ ਮੂਰਤ ਪਲ ਨਿਮਖਾ ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
  ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ
॥7॥   (1079)
    ਇਹ ਸਾਰੇ ਹੀ ਹਰ ਪਲ ਉਸ ਪ੍ਰਭੂ ਨੂੰ ਸਿਮਰ ਰਹੇ ਹਨ, ਇਹ ਕਿਹੜੇ ਵਾਜਿਆਂ, ਚਿਮਟਿਆਂ, ਢੋਲਕੀਆਂ, ਛੈਣਿਆਂ ਨਾਲ ਵਾਹਿਗੁਰੂ-ਵਾਹਿਗੁਰੂ ਰੱਟ ਰਹੇ ਹਨ ? ਸਪੱਸ਼ਟ ਹੈ ਕਿ ਇਹ ਸਾਰੇ ਹੀ ਬਿਨਾ ਆਲਸ ਕੀਤਿਆਂ ਪ੍ਰਭੂ ਦੇ ਹੁਕਮ ਵਿਚ ਚੱਲ ਰਹੇ ਹਨ। ਉਸ ਦਾ ਹੁਕਮ ਮੰਨਣਾ, ਉਸ ਦੀ ਰਜ਼ਾ ਵਿਚ ਚੱਲਣਾ ਹੀ ਉਸ ਦੇ ਨਾਮ ਦਾ ਸਿਮਰਨ ਕਰਨਾ ਹੈ।(ਜੋ ਵੀ ਭੈਣ-ਵੀਰ, ਨਰੋਲ ਗੁਰਬਾਣੀ ਅਧਾਰਿਤ, ਨਾਮ ਦਾ ਵਿਸਲੇਸ਼ਨ ਜਾਨਣ ਦਾ ਚਾਹਵਾਨ ਹੋਵੇ, ਉਹ ਮੈਨੂੰ ਆਪਣਾ ਈ-ਮੇਲ ਘੱਲ ਦੇਵੇ, ਮੈਂ ਉਸ ਨੂੰ ਉਹ ਵਿਸਲੇਸ਼ਨ ਭੇਜ ਦੇਵਾਂਗਾ)   
   ਪਰਮਾਤਮਾ ਦੇ ਹੁਕਮ ਦਾ ਪਾਲਣ ਕਰਨਾ ਹੀ, ਸ੍ਰਿਸ਼ਟੀ ਦੀ ਹਰ ਚੀਜ਼ ਦਾ ਧਰਮ ਹੈ, ਹਰ ਚੀਜ਼ ਲਈ ਲਾਜ਼ਮੀ ਹੈ, ਜੇ ਅਜਿਹਾ ਨਾ ਹੋਵੇ ਤਾਂ ਸ੍ਰਿਸ਼ਟੀ ਵਿਚਲੇ ਸੂਰਜ-ਚੰਦ-ਤਾਰੇ ਆਪਸ ਵਿਚ ਟਕਰਾਅ ਕੇ ਹੀ ਬ੍ਰਹਮੰਡ ਨੂੰ ਨਾਸ ਕਰ ਦੇਣ।
   ਕਿਉਂਕਿ ਬੰਦੇ ਦੀ ਜੂਨ ਹੀ ਪਰਮਾਤਮਾ ਨਾਲ ਇਕ-ਮਿਕ ਹੋ ਕੇ ਆਪਣੀ ਜੀਵਨ ਖੇਡ ਜਿੱਤਣ ਦਾ ਸਮਾ ਹੈ, ਇਸ ਲਈ ਬੰਦਾ ਆਪਣੀ ਅਕਲ ਨਾਲ ਸੋਚ ਕੇ ਚੱਲਣ ਲਈ ਆਜ਼ਾਦ ਹੈ, ਉਹ ਪ੍ਰਭੂ ਨਾਲ ਪਿਆਰ ਪਾ ਕੇ, ਉਸ ਦੀ ਰਜ਼ਾ ਵਿਚ ਖੁਸ਼ੀ ਪੂਰਵਕ ਚੱਲ ਕੇ, ਉਸ ਵਿਚ ਅਭੇਦ ਹੋ ਕੇ ਆਪਣੀ ਜੀਵਨ-ਖੇਢ ਜਿੱਤ ਕੇ ਆਵਾ-ਗਵਣ ਤੋਂ ਮੁਕਤ ਵੀ ਹੋ ਸਕਦਾ ਹੈ ਅਤੇ ਮਾਇਆ ਨਾਲ ਪਿਆਰ ਪਾ ਕੇ, ਉਸ ਨੂੰ ਹਾਸਲ ਕਰਨ ਦੀ ਦੌੜ-ਭੱਜ ਵਿਚ ਜੀਵਨ ਅਜਾਈਂ ਗਵਾ ਕੇ, ਮੁੜ ਆਵਾ-ਗਵਣ ਦੇ ਚੱਕਰ ਵਿਚ ਪੈ ਸਕਦਾ ਹੈ।  
   ਜੋ ਬੰਦਾ ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਉਸ ਦੇ ਹੁਕਮ ਵਿਚ ਨਹੀਂ ਚੱਲਦਾ, ਜਦ ਅਜਿਹੇ ਬੰਦੇ ਦਾ ਪੈਰ ਤਿਲਕ ਗਿਆ, ਸਰੀਰ ਬਲ-ਹੀਣ ਹੋ ਗਿਆ ਤਾਂ ਇਸ ਸੰਸਾਰ ਵਿਚ ਰੁਕਿਆ ਨਹੀਂ ਜਾ ਸਕੇਗਾ, ਓਸ ਵੇਲੇ ਸਿਮਰਨ ਕਰਨ ਦਾ ਸਮਾ ਨਹੀਂ ਮਿਲ ਸਕਦਾ, ਬੰਦਾ ਪਛਤਾਂਦਾ ਹੋਇਆ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ। ਅਗਾਂਹ ਕਰਤਾਰ ਦੀ ਦਰਗਾਹ ਵਿਚ ਵੀ ਥਾਂ ਨਹੀਂ ਮਿਲਦਾ।
   ਜਿਸ ਮਨੁੱਖ ਤੇ ਰੱਬ ਮਿਹਰ ਦੀ ਨਜ਼ਰ ਕਰਦਾ ਹੈ, ਉਹ ਕਰਤਾਰ ਵਿਚ ਸੁਰਤ ਜੋੜ ਕੇ ਮਾਇਆ ਦੇ ਮੋਹ ਤੋਂ ਬੱਚ ਜਾਂਦਾ ਹੈ।
  ਗੁਰੂ ਗ੍ਰੰਥ ਸਾਹਿਬ ਵਿਚ ਸਪੱਸ਼ਟ ਸੰਦੇਸ਼ ਹੈ,
        ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
        ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ
॥1॥    (1)
   ਜੀਵ ਅਤੇ ਕਰਤਾਰ ਦੇ ਵਿਚਾਲੇ, ਮਾਇਆ ਦੇ ਮੋਹ ਦਾ ਪਿਆ ਪਰਦਾ ਕਿਵੇਂ ਹੱਟ ਸਕਦਾ ਹੈ ? ਜਿਸ ਨਾਲ ਜੀਵ ਦਾ ਆਪਣੇ ਮੂਲ, ਅਕਾਲ-ਪੁਰਖ ਨਾਲ ਮਿਲਾਪ ਹੋ ਸਕੇ। 
   ਹੇ ਨਾਨਕ, ਸ੍ਰਿਸ਼ਟੀ ਰਚਨਾ ਵੇਲੇ ਤੋਂ, ਪਰਮਾਤਮਾ ਵਲੋਂ ਨੀਅਤ ਕੀਤੀ ਇਕ ਹੀ ਵਿਧੀ, ਚੱਲੀ ਆਉਂਦੀ ਹੈ,
                       “ਜੀਵ ਦਾ ਰਜ਼ਾ ਦੇ ਮਾਲਕ, ਪ੍ਰਭੂ ਦੇ ਹੁਕਮ ਵਿਚ ਚੱਲਣਾ”

    ਬੰਦੇ ਨੂੰ ਛੱਡ ਕੇ ਬਾਕੀ ਸਾਰੀਆਂ ਜੂਨਾਂ ਆਪਣੇ ਵਿਚਾਰ ਆਸਰੇ ਕੰਮ ਕਰਨ ਲਈ ਆਜ਼ਾਦ ਨਹੀਂ ਹਨ, ਉਹ ਆਪਣੇ ਜੀਵਨ ਨਿਰਬਾਹ (ਖਾਣ-ਪੀਣ, ਸੌਣ-ਜਾਗਣ, ਘੁੰਮਣ-ਫਿਰਨ, ਆਪਣੀ ਨਸਲ ਨੂੰ ਚਲਦੀ ਰੱਖਣ ਆਦਿ) ਨਾਲ ਸਬੰਧਿਤ ਕੰਮਾਂ ਤੋਂ ਇਲਾਵਾ ਹੋਰ ਕੋਈ ਵੀ ਆਤਮਕ ਕੰਮ ਕਰਨ ਲਈ ਆਜ਼ਾਦ ਨਹੀਂ ਹਨ, ਇਸ ਮਾਮਲੇ ਵਿਚ ਉਹ ਪੂਰਨ ਤੌਰ ਤੇ ਪਰਮਾਤਮਾ ਦੀ ਰਜ਼ਾ ਵਿਚ ਹੀ ਚੱਲਦੇ ਹਨ, ਇਸ ਲਈ ਹਰ ਜੂਨ ਭੋਗਣ ਮਗਰੋਂ ਜੀਵ, ਮਨੁੱਖਾ ਜਨਮ ਹਾਸਲ ਕਰਨ ਵਾਲੀ ਕਤਾਰ ਵਿਚ ਹੋਰ ਅੱਗੇ ਵੱਧ ਜਾਂਦੇ ਹਨ, ਅਤੇ ਇਕ ਦਿਨ ਮਨੁੱਖਾ ਜੂਨ ਹਾਸਲ ਕਰ ਲੈਂਦੇ ਹਨ। 
       ॥5॥  ਮਨਮੁਖਿ, ਆਪਣੇ ਮਨ ਦੇ ਕਹੇ ਅਨੁਸਾਰ ਤੁਰਨ ਵਾਲਾ ਮਨੁੱਖ, ਸਾਰੇ ਕੰਮ ਵੇਖਾ-ਵੇਖੀ ਹੀ ਕਰਦਾ ਰਹਿੰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਪੈਂਦੀ।
    ਗੁਰਮੁਖਿ, ਗੁਰੂ ਵਲੋਂ ਮਿਲੀ ਮੱਤ ਅਨੁਸਾਰ ਚੱਲਣ ਵਾਲੇ ਬੰਦੇ, ਨਿੱਤ ਹਰੀ ਦੇ ਗੁਣਾਂ ਦੀ ਸੋਝੀ ਹਾਸਲ ਕਰਦੇ ਹਨ, ਉਨ੍ਹਾਂ ਗੁਣਾਂ ਦਾ ਹੀ ਵਿਚਾਰ ਕਰਦੇ ਹਨ, ਉਨ੍ਹਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਉਨ੍ਹਾਂ ਦੀ ਗੁਰੂ ਦੇ ਹੁਕਮ ਵਿਚ ਚੱਲਣ ਦੀ ਕਮਾਈ, ਰੱਬ ਦੇ ਦਰ ਤੇ ਪਰਵਾਨ ਹੋ ਜਾਂਦੀ ਹੈ, ਉਹ ਪ੍ਰਭੂ ਵਿਚ ਹੀ ਲੀਨ ਹੋ ਜਾਂਦੇ ਹਨ।
    ਹੇ ਨਾਨਕ, ਜਿਹੜੇ ਬੰਦੇ ਨਾਮ ਵਿਚ ਲਿਵ ਲਾਈ ਰੱਖਦੇ ਹਨ, ਉਨ੍ਹਾਂ ਦੀ ਬੋਲ-ਬਾਣੀ ਸੱਚ ਤੇ ਆਧਾਰਿਤ ਹੋ ਜਾਂਦੀ ਹੈ, ਉਹ ਹਮੇਸ਼ਾ ਪ੍ਰਭੂ ਦੀ ਸਿਫਤ-ਸਾਲਾਹ ਹੀ ਕਰਦੇ ਰਹਿੰਦੇ ਹਨ।
        ਅਮਰ ਜੀਤ ਸਿੰਘ ਚੰਦੀ        
            18-3-16      
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.