ਸ਼ੋਲੇ ਦੀ ਮਾਸੀ ਅੱਤੇ ਬੀਰੂ ਦਾ ਰਿਸ਼ਤਾ ! (ਨਿੱਕੀ ਕਹਾਣੀ)
ਸ਼ੋਲੇ ਫਿਲਮ ਵਿੱਚ ਜੈ ਅੱਤੇ ਮਾਸੀ ਦਾ ਸੀਨ ਚਲ ਰਿਹਾ ਸੀ ! ਪੰਥਦਰਦ ਸਿੰਘ ਨੂੰ ਅਚਾਨਕ ਲੱਗਿਆ ਜਿਵੇਂ ਮਾਸੀ ਅੱਤੇ ਜੈ ਨਹੀਂ ਬਲਕਿ ਉਸਦੀ ਅੱਤੇ ਸਿਆਸੀ ਦੇ ਚੇਲੇ ਦੀ ਗੱਲ ਚਲ ਰਹੀ ਹੈ ... ਸੀਨ ਵੇਖਦੇ ਵੇਖਦੇ ਉਸਦੀਆਂ ਅੱਖਾਂ ਮਿਟ ਗਈਆਂ ਤੇ ਓਹ ਸੁਪਣੇ ਦੀ ਦੁਨੀਆਂ ਵਿੱਚ ਚਲਾ ਗਿਆ ...
ਪੰਥਦਰਦ ਸਿੰਘ : ਪੁੱਤਰ ਜੀ, ਬਸ ਇਹ ਸਮਝੋ ਕਿ"ਸਾਲਾਂ ਤੋਂ ਲਮਕੇ ਹੋਏ ਕੌਮੀ ਮਸਲੇ" ਜਵਾਨ ਧੀ ਵਾਂਗ ਛਾਤੀ ਤੇ ਪੱਥਰ ਹੁੰਦੇ ਹਨ ! ਇੱਕ ਵਾਰ ਇਨ੍ਹਾਂ ਮਸਲਿਆ ਦਾ ਕੋਈ ਇਲਾਜ਼ ਹੋ ਜਾਵੇ ਤਾਂ ਚੈਨ ਦੀ ਸਾਹ ਆਵੇ!
ਸਿਆਸੀ ਦਾ ਚੇਲਾ : ਤੁਸੀਂ ਸਚ ਕਿਹਾ ਹੈ ਵੀਰ ਜੀ, ਵਾਕਈ ਹੀ ਵੱਡਾ ਭਾਰ ਹੈ ਤੁਹਾਡੇ ਤੇ !
ਪੰਥਦਰਦ ਸਿੰਘ : ਪਰ ਪੁੱਤਰ, ਇਸ ਬੋਝ ਨੂੰ ਕੋਈ ਐਵੇਂ ਹੀ ਤਾਂ ਨਹੀਂ ਸੁੱਟ ਸਕਦਾ ? ਬੁਰਾ ਨਾ ਮਨਾਈ, ਪਰ ਇਤਨਾ ਤਾਂ ਪੁਛਣ ਦਾ ਹੱਕ ਹੈ ਕੀ ਸਾਡੇ ਸਿਆਸੀ ਆਗੂ ਕਰਦੇ ਕੀ ਹਨ ? ਉਨ੍ਹਾਂ ਦੀ ਕਿਰਤ ਕੀ ਹੈ ? ਉਸਦੇ ਲਛਣ ਕੀ ਹਨ ? ਕਮਾਉਂਦਾ ਕੀ ਹੈ ?
ਸਿਆਸੀ ਦਾ ਚੇਲਾ : ਕਮਾਈ ਦਾ ਇੰਜ ਹੈ ਵੀਰ ਕਿ ਇੱਕ ਵਾਰ ਚੋਣ ਜਿੱਤ ਗਿਆ ਤਾਂ ਕਮਾਉਣ ਵੀ ਲਗੇਗਾ !
ਪੰਥਦਰਦ ਸਿੰਘ : ਹੈਂ ? ਮਤਲਬ ਅਜੇ ਕੁਝ ਵੀ ਨਹੀਂ ਕਮਾਉਂਦਾ ?
ਸਿਆਸੀ ਦਾ ਚੇਲਾ : ਨਹੀਂ ! ਨਹੀਂ ! ਮੈਂ ਅਜੇਹੀ ਗੱਲ ਨਹੀਂ ਕਹੀ ! ਕਮਾਉਂਦਾ ਹੈ ਪਰ ਹੁਣ ਰੋਜ਼ ਰੋਜ਼ ਤਾਂ ਕੋਈ ਉਧਾਰ (ਫਾਇਨੇੰਸ ਕਰਦਾ) ਦਿੰਦਾ ਨਹੀਂ ! ਕਦੀ ਕਦੀ ਆਪਣੇ ਤੋਂ ਵੱਡੀਆਂ ਪਾਰਟੀਆਂ ਦੇ ਲੀਡਰਾਂ, ਮਿੱਤਰਾਂ-ਰਿਸ਼ਤੇਦਾਰਾਂ ਤੋਂ ਲੈ ਕੇ ਵੀ ਖਰਚ ਕਰਦਾ ਹੈ ਵਿਚਾਰਾ !
ਪੰਥਦਰਦ ਸਿੰਘ : ਦੂਜਿਆਂ ਪਾਰਟੀਆਂ ਤੇ ਮਿੱਤਰਾਂ-ਰਿਸ਼ਤੇਦਾਰਾਂ ਦੇ ਪੈਸੇਆਂ ਤੇ ਵੀ ਪਲਦਾ ਹੈ ?
ਸਿਆਸੀ ਦਾ ਚੇਲਾ : ਹਾਂ ਵੀਰ ! ਹੁਣ ਇਹ ਸਿਆਸਤ ਚੀਜ਼ ਹੀ ਅਜੇਹੀ ਹੈ, ਮੈਂ ਕੀ ਕਹਾਂ ? ਇਹ ਤਾਂ ਇੱਕ ਫੁਲ ਟਾਈਮ ਕੰਮ ਹੈ ! ਪਿੱਛੇ ਟੱਬਰ ਵੀ ਤਾਂ ਸੇਵਾ ਦੇ ਪੈਸੇ ਨਾਲ ਹੀ ਚਲੇਗਾ ਨਾ ! (ਜੋਰ ਦੀ ਹਸਦਾ ਹੈ)
ਪੰਥਦਰਦ ਸਿੰਘ : ਮਤਲਬ ਵਿਹਲੜ ਹੈ ?
ਸਿਆਸੀ ਦਾ ਚੇਲਾ : ਵਿਹਲੜ ? ਨਾ ਨਾ ! ਓਹ ਤਾਂ ਬਹੁਤ ਹੀ ਚੰਗਾ ਤੇ ਨੇਕ ਬੰਦਾ ਹੈ ! ਪਰ ਵੀਰ, ਇੱਕ ਵਾਰ ਸ਼ਰਾਬ ਪੀ ਲਵੇ ਤਾਂ ਚੰਗੇ-ਮਾੜੇ ਦੀ ਹੋਸ਼ ਕਿੱਥੇ ਰਹਿੰਦੀ ਹੈ ? ਹੱਥ ਫੜ ਕੇ ਕਿਸੀ ਨੇ ਬਿਠਾ ਲਿਆ ਤਾਂ ਦੋ ਪੈਗ ਲਾ ਲੈਂਦਾ ਹੈ ! ਹੁਣ ਇਸ ਵਿੱਚ ਉਸਦਾ ਕੀ ਕਸੂਰ ?
ਪੰਥਦਰਦ ਸਿੰਘ : ਠੀਕ ਕਹਿੰਦਾ ਹੈ ਤੂੰ ! ਵਿਹਲੜ ਓਹ ...ਸ਼ਰਾਬੀ ਓਹ ! ਪਰ ਉਸ ਦਾ ਕੋਈ ਕਸੂਰ ਨਹੀਂ !
ਸਿਆਸੀ ਦਾ ਚੇਲਾ : ਤੁਸੀਂ ਗਲਤ ਸਮਝ ਰਹੇ ਹੋ ਮੇਰੇ ਆਗੂ ਨੂੰ ! ਓਹ ਤਾਂ ਬਹੁਤ ਹੀ ਸਿੱਧੇ ਅੱਤੇ ਭੋਲੇ ਹਨ ! ਇੱਕ ਵਾਰ ਚੋਣਾਂ ਜਿੱਤ ਗਏ ਤੇ ਚਾਰ ਪੈਸੇ ਦੀ ਵਸੂਲੀ ਹੋ ਗਈ ਤਾਂ ਫ਼ਾਈਨੇਸਰਾਂ ਦੇ ਚੱਕਰਾਂ ਤੋਂ ਛੁੱਟ ਜਾਵੇਗਾ ਤੇ ਪਰਿਵਾਰ ਜੋਗੇ ਵੀ ਚਾਰ ਪੈਸੇ ਇਕੱਠੇ ਕਰ ਲੈਣਗੇ !
ਪੰਥਦਰਦ ਸਿੰਘ : ਛੱਡ ਵੀਰ ! ਇਨ੍ਹਾਂ ਫਾਈਨੇੰਸਰਾਂ ਦੇ ਚੱਕਰਾਂ ਤੋਂ ਕੋਈ ਛੁੱਟਿਆ ਹੈ ਅੱਜ ਤਕ ? ਇੱਕ ਰੁਪਿਆ ਦੇਣਗੇ ਤਾਂ ਵੀਹ ਕਮਾਉਣ ਦੇ ਰਾਹ ਵੀ ਭਾਲਣਗੇ !
ਸਿਆਸੀ ਦਾ ਚੇਲਾ : ਤੁਸੀਂ ਸਾਡੇ ਸਿਆਸੀ ਨੂੰ ਚੰਗੀ ਤਰਾਂ ਨਹੀਂ ਜਾਣਦੇ ! ਵਿਸ਼ਵਾਸ ਰੱਖੋ ਕੀ ਓਹ ਅਜੇਹਾ ਬੰਦਾ ਨਹੀਂ ਹੈ ! ਦੂਜੀ ਪਾਰਟੀਆਂ ਤੋਂ ਆਪਣੇ ਪੰਥ ਦੀ ਬਰਬਾਦੀ ਦੀ ਕੀਮਤ ਲੈਣਾ ਬੰਦ ਕਰ ਦੇਵੇਗਾ ਤਾਂ ਇਹ ਮਾਇਆ ਵਿੱਚ ਖਚਿਤ ਰਹਿਣ ਦੀ ਆਦਤ ਠੀਕ ਹੋ ਜਾਵੇਗੀ ਤੇ ਓਹ ਜਮੀਰ ਮਾਰ ਕੇ ਫਾਈਨੇੰਸਰਾਂ ਤੋਂ ਪੈਸੇ ਲੈਣਾ ਬੰਦ ਕਰ ਦੇਵੇਗਾ !
ਪੰਥਦਰਦ ਸਿੰਘ : ਐਹੀ ਇੱਕ ਕਮੀ ਰਹ ਗਈ ਸੀ ? ਹੁਣ ਓਹ ਜਮੀਰ ਤੋਂ ਵੀ ਮਰਿਆ ਹੋਇਆ ਹੈ ?
ਸਿਆਸੀ ਦਾ ਚੇਲਾ : ਤੇ ਫਿਰ ਇਸ ਵਿੱਚ ਕਿਹੜੀ ਖਰਾਬ ਗੱਲ ਹੈ ? ਜਮੀਰ ਤਾਂ ਵੱਡੇ-ਵੱਡੇ ਲੋਕਾਂ ਦੇ ਵੀ ਮਰੇ ਹੁੰਦੇ ਹਨ ! (ਜੋਰ ਦੀ ਹਸਦਾ ਹੈ)
ਪੰਥਦਰਦ ਸਿੰਘ : ਵੀਰ ! ਹੁਣ ਨਾਲ ਹੀ ਇਹ ਵੀ ਦੱਸ ਦੇ ਕਿ ਇਹ ਸਿਆਸੀ ਗੁਰੂ ਦੀ ਮੱਤ ਨਾਲ ਪਿਆਰ ਕਰਦਾ ਵੀ ਹੈ ਜਾਂ ਨਹੀਂ ?
ਸਿਆਸੀ ਦਾ ਚੇਲਾ : ਗੁਰਮਤ ਨਾਲ ਪਿਆਰ ਦੀ ਗੱਲ ਹੈ ਤਾਂ ਸੰਗਤਾਂ ਨੂੰ ਬਰਗਲਾਉਣ ਜੋਗਾ ਸਟਾਕ ਤਾਂ ਰੱਖਿਆ ਹੀ ਹੋਇਆ ਹੈ ! ਬਾਕੀ ਇੱਕ ਵਾਰ ਗੁਰਬਾਣੀ ਪੜ੍ਹਨਾ ਸ਼ੁਰੂ ਕਰੇਗਾ ਤਾਂ ਆਪੇ ਹੀ ਪਿਆਰ ਹੋ ਜਾਵੇਗਾ ਤੇ ਸੋਝੀ ਵੀ ਆ ਜਾਵੇਗੀ !
ਪੰਥਦਰਦ ਸਿੰਘ : ਇੱਕ ਗੱਲ ਦੀ ਸਿਫਤ ਕਰਨੀ ਬਣਦੀ ਹੈ ਕੀ ਭਾਵੇਂ ਤੇਰੇ ਸਿਆਸੀ ਲੀਡਰ ਵਿੱਚ ਪੰਜਾਹ ਕਮੀਆਂ ਹਨ ਪਰ ਤੇਰੇ ਮੁੰਹ ਤੋਂ ਉਸ ਬਾਰੇ ਤਾਰੀਫ਼ ਹੀ ਨਿਕਲਦੀ ਹੈ !
ਸਿਆਸੀ ਦਾ ਚੇਲਾ : ਹੁਣ ਮੈਂ ਕੀ ਕਹਾਂ ? ਮੇਰਾ ਤਾਂ ਦਿਲ ਹੀ ਕੁਝ ਅਜੇਹਾ ਹੈ ! (ਥੋੜੇ ਚਿਰ ਲਈ ਚੁੱਪ ਹੋ ਜਾਂਦਾ ਹੈ) .... ਤਾਂ ਫਿਰ ਮੈਂ ਤੁਹਾਡੇ ਪਰਿਵਾਰ ਦੀ ਵੋਟ ਪੱਕੀ ਸਮਝਾਂ ?
ਪੰਥਦਰਦ ਸਿੰਘ : ਪੱਕੀ ? ਭਾਵੇਂ ਆਗੂ ਦੀ ਤਾਂਘ ਵਿੱਚ ਸਮਾਂ ਜਿਆਦਾ ਲੱਗ ਜਾਵੇ ਪਰ ਮੈਂ ਅਜੇਹੇ ਸਿਆਸੀ ਨੂੰ ਵੋਟ ਨਹੀਂ ਪਾਵਾਂਗਾ ! ਅਸੀਂ ਸਿਰਫ ਪੰਥ ਦੇ ਭਲੇ ਦੀ ਗਲ ਕਰਨੀ ਹੈ, ਕੋਈ ਮਨ-ਪਰਚਾਵੇਂ ਜਾਂ ਤਾਕਤ ਦੇ ਨਸ਼ੇ ਵਿਚ ਡੁੱਬੇ ਜਮੀਰ ਤੋਂ ਸਖਣੇ ਸ਼ਰਾਬੀ ਅੱਤੇ ਲਾਲਚੀ ਆਗੂ ਦੇ ਤਲਵੇ ਨਹੀਂ ਚੱਟਣ ਲੱਗੇ ! ਗੁਰੂ ਕਾ ਸਿੱਖ ਹਾਂ, ਕਿਸੀ ਸਾਕਤ ਦਾ ਨਹੀਂ !
ਸਿਆਸੀ ਦਾ ਚੇਲਾ : ਅਜੀਬ ਗੱਲ ਹੈ ! ਮੇਰੇ ਬਹੁਤ ਸਮਝਾਉਣ ਤੋਂ ਬਾਅਦ ਵੀ ਤੁਸੀਂ ਨਾਂਹ ਕਰ ਦਿੱਤੀ! ਵਿਚਾਰਾ ਸਿਆਸੀ ਆਗੂ ... ਪਤਾ ਨਹੀਂ ਹੁਣ ਵੋਟਾਂ ਲਈ ਕਿਹੜੇ ਪੰਥ ਦੋਖੀ ਨਾਲ ਮਿਲਾਪ ਦੀ ਸੋਚ ਜਾਂ ਦੁਸ਼ਮਨੀ ਦਾ ਪੈਤੜਾ ਖੇਡੇਗਾ ? (ਬੁੜ-ਬੁੜ ਕਰਦਾ ਹੋਇਆ ਆਪਨੇ ਰਾਹ ਪੈਂਦਾ ਹੈ !
- ਬਲਵਿੰਦਰ ਸਿੰਘ ਬਾਈਸਨ
http://nikkikahani.com/
ਬਲਵਿੰਦਰ ਸਿੰਘ ਬਾਈਸਨ
ਸ਼ੋਲੇ ਦੀ ਮਾਸੀ ਅੱਤੇ ਬੀਰੂ ਦਾ ਰਿਸ਼ਤਾ ! (ਨਿੱਕੀ ਕਹਾਣੀ)
Page Visitors: 2810