‘ਨੀਮ ਹਕੀਮ ਖ਼ਤਰਾ ਏ ਜਾਨ
‘ਨੀਮ ਮੁਲਾ ਖ਼ਤਰਾ ਏ ਈਮਾਨ
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ (ਗੁਰੂ ਗ੍ਰੰਥ ਸਾਹਿਬ,ਪ. 474)
ਪੁਰਾਣੇ ਸਮੇਂ ਵਿਚ ਹਕੀਮ ਹੁੰਦੇ ਸਨ।ਉਸ ਵੇਲੇ ਇਹ ਲੋਗ ਸ਼ਰੀਰਕ ਇਲਾਜ ਕਰਨ ਦੇ ਪੇਸ਼ਾਵਰ ਸਨ।ਇਹ ਜਾਨ ਬਚਾਉਂਣ ਦਾ ਕੰਮ ਕਰਦੇ ਸੀ।ਇਨਾਂ ਹਕੀਮਾਂ ਵਿਚ ਵੀ ਇਕ ਤਬਕਾ ਸੀ ਜੋ ਕਿ ਇਸ ਪੇਸ਼ੇ ਨੂੰ ਨਿਭਾਉਂਣ ਲਈ ਲੋੜੀਂਦੀ ਮਹਾਰਤ ਨਹੀਂ ਸੀ ਰੱਖਦਾ। ਇਨਾਂ ਨੂੰ ਨੀਮ ਹਕੀਮ ਕਹਿੰਦੇ ਸਨ।ਇਨਾਂ ਲਈ ਇਕ ਕਹਾਵਤ ਪ੍ਰਚਲਤ ਹੋਈ ਕਿ ‘ਨੀਮ ਹਕੀਮ ਖ਼ਤਰਾ ਏ ਜਾਨ’! ਇਹ ਛੋਟੇ-ਮੋਟੇ ਹਲਦੀ, ਲੂਣ,ਮਰਚ,ਜੀਰਾ ਆਦਿ ਦੇ ਟੋਟਕੇ ਤਾਂ ਜਾਣਦੇ ਸਨ, ਪਰ ਗੰਭੀਰ ਵਿਸ਼ੇਆਂ ਬਾਰੇ ਅਣਜਾਣ ਹੋਂਣ ਕਾਰਨ ਜਾਨ ਲਈ ਖ਼ਤਰਾ ਸਮਝੇ ਜਾਂਦੇ ਸਨ।
ਖ਼ੈਰ, ਜੀਵ ਵਿਗਿਆਨ ਆਦਿ ਵਿਚ ਤਰੱਕੀ ਦੇ ਨਾਲ ਕਾਲਾਂਤਰ ਬਹੁਤ ਕੁੱਝ ਹੈਰਾਨ ਕਰਨ ਦੀ ਸਥਿਤੀ ਤਕ ਬਦਲ ਗਿਆ।ਹਕੀਮਾਂ ਦੀ ਥਾਂ ਡਾਕਟਰਾਂ ਨੇ ਲੇ ਲਈ। ਅੱਜ ਹਰ ਇਕ ਮਰਜ਼ ਲਈ ਵੱਖਰੇ-ਵੱਖਰੇ ਮਾਹਰ ਡਾਕਟਰ ਹਨ ਅਤੇ ਸ਼ਰੀਰ ਦੇ ਵੱਖਰੇ-ਵੱਖਰੇ ਅੰਗਾ ਦੇ ਵੱਖਰੇ-ਵੱਖਰੇ ਵਿਸ਼ੇਸ਼ਗ ਹਨ।ਮਸਲਨ ਕੋਈ ਦਿਮਾਗ ਦਾ ਡਾਕਟਰ ਹੈ,ਕੋਈ ਦਿਲ ਦਾ ਕੋਈ ਅੱਖ ਦਾ, ਕੋਈ ਹੱਡੀਆਂ ਆਦਿ ਦਾ।ਮਰੀਜ਼ ਜਾਂ ਤਾਮੀਰਦਾਰ, ਬਿਮਾਰੀ ਨੂੰ ਮੁੱਖ ਰੱਖਦੇ ਡਾਕਟਰਾਂ ਪਾਸ ਜਾਂਦੇ ਹਨ। ਕਈਂ ਵਾਰ ਇਕ ਹੀ ਮਰੀਜ਼ ਲਈ, ਇਕ ਤੋਂ ਵੱਧ ਡਾਕਟਰ ਇਲਾਜ ਵਿc ਸ਼ਾਮਲ ਹੁੰਦੇ ਹਨ। ਕਿੳਂਕਿ ਕਈਂ ਵਾਰ ਇਕ ਹੀ ਮਰੀਜ਼ ਦੇ ਕਈਂ ਅੰਗ ਸੱਮਸਿਆ ਗ੍ਰਸਤ ਹੁੰਦੇ ਹਨ।
ਫ਼ਿਰ ਅਸੀਂ ਅਕਸਰ ਵੇਖਦੇ ਹਾਂ ਕਿ ਆਪਰੇਸ਼ਨ ਕਰਨ ਵਾਲਾ ਡਾਕਟਰ ਮਰੀਜ਼ ਨੂੰ ਬੇਹੋਸ਼ ਨਹੀਂ ਕਰਦਾ ਅਤੇ ਬੋਹੋਸ਼ ਕਰਨ ਵਾਲਾ ਮਰੀਜ਼ ਦਾ ਆਪਰੇਸ਼ਨ ਨਹੀਂ ਕਰਦਾ ਕਿਉਂਕਿ ਇਸ ਲਈ ਵੱਖਰੀ-ਵੱਖਰੀ ਵਿਸ਼ੇਸ਼ਗਤਾ ਦਰਕਾਰ ਹੁੰਦੀ ਹੈ।ਆਖਰ ਮਰੀਜ਼ ਦੀ ਜਾਨ ਦਾ ਸਵਾਲ ਹੁੰਦਾ ਹੈ! ਜ਼ਰਾ ਸੋਚੀਏ ਕਿ ਅਗਰ ‘ਅੱਖ’ ਦਾ ਡਾਕਟਰ ‘ਦਿਲ’ਦੀ ਸਰਜਰੀ ਨੂੰ ਹੱਥ ਪਾ ਲਵੇਂ ਤਾਂ ਕੀ ਹੋਵੇਗਾ? ਤੇ ਜੇ ਕਰ ਹੱਡੀਆਂ ਦਾ ਡਾਕਟਰ ਦਿਮਾਗ ਦੀ ਸਰਜਰੀ ਨੂੰ ਹੱਥ ਪਾ ਲਵੇ ਤਾਂ ਕੀ ਹੋਵੇਗਾ? ਜਾਨ ਜਾਏਗੀ ਮਰੀਜ਼ ਦੀ! ਪਰ ਅੱਜ ਮਰੀਜ਼ ਸਿਆਣਾ ਹੈ।ਦਿਮਾਗ ਦੇ ਸਰਜਨਾਂ ਵਿਚੋਂ ਵੀ ਚੰਗੇ ਸਰਜਨ ਪਾਸ ਜਾਣ ਦਾ ਯਤਨ ਕਰਦਾ ਹੈ।
ਹਾਂ ਸਾਡੇ ਧਰਮ ਚਿੰਤਨ ਵਿਚ ਲਗੇ ਕੁੱਝ ਤਰਕਸ਼ੀਲ ਵਿਗਿਆਨਕ ਸੋਚ ਤਾਂ ਰੱਖਣ ਦਾ ਦਾਵਾ ਕਰਦੇ ਹਨ ਪਰ ਇਤਨਾ ਵੀ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ, ਜਿਸ ਦੇ ਵਿਸ਼ੇ ਬਾਰੇ ਉਨ੍ਹਾਂ ਪਾਸ ਲੋੜੀਂਦੀ ਵਿਸ਼ੇਸ਼ਗਤਾ ਨਹੀਂ ਹੈ।ਇਸ ਗਲ ਨੂੰ ਸਮਝਣ ਵਿਚ ਅਸਮਰਥ, ਉਨ੍ਹਾਂ ਦੀ ਤਰਕਸ਼ੀਲਤਾ ਖੁੱਟੇ ਟੰਗੀ ਨਜ਼ਰ ਆਉਂਦੀ ਹੈ। ਇਸ ਨੂ ਹੀ ਕਹਿੰਦੇ ਹਨ, ‘ਨੀਮ ਮੁਲਾੰ ਖ਼ਤਰਾ ਏ ਈਮਾਨ ਸਾਡੇ ਧਰਮ ਚਿੰਤਨ ਵਿਚ ਨੀਮ ਮੁਲਾ ਪਨ ਆਪਣੀ ਚਰਮ ਸੀਮਾ ਤਕ ਪਹੁੰਚ ਚੁੱਕਾ ਹੈ।ਇਹ ਨੀਮ ਮੁਲਾੰ ਜਿਵੇਂ ਦਿਲ, ਦਿਮਾਗ ਦੀ ਸਰਜਰੀ ਕਰਨ ਲਗ ਪਏ ਹਨ। ਹਾਲਤ ਇਹ ਹੈ ਕਿ ਇਨ੍ਹਾਂ ਦੇ ਕੁੱਝ ਮਰੀਜ਼ਾ ਨੂੰ ਵੀ ਆਪਣ ਹਕੀਮ ਹੋਣ ਦਾ ਮਤਲੇਵਾ ਭਰਮ ਰੋਗ ਲਗ ਗਿਆ ਹੈ।ਐਸੀ ਨੀਮ ਮੁਲਾੰ ਪਨ ਬਾਰੇ ਹੀ ਗੁਰਬਾਣੀ ਦਾ ਇਹ ਫ਼ੁਰਮਾਨ ਢੁੱਕਦਾ ਪ੍ਰਤੀਤ ਹੁੰਦਾ ਹੈ:-
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ (ਗੁਰੂ ਗ੍ਰੰਥ ਸਾਹਿਬ,ਪ. 474)
ਅਰਥ:- ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ; ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ। ਜੇ ਕਰ ਕੋਈ ਦਿਮਾਗ ਦੀ ਸਰਜਰੀ ਬਾਰੇ ਕੋਈ ਕਿਤਾਬ ਪੜ ਮਤਾਰ ਲਵੇ ਤਾਂ ਕੀ ਉਹ ਸਰਜਨ ਜਾਂ ਦਿਮਾਗ ਦਾ ਵਿਸ਼ੇਸ਼ਗ ਹੋ ਜਾਂਦਾ ਹੈ? ਕਦਾਚਿੱਤ ਨਹੀਂ! ਕਿੳਂਕਿ ਵਿਸ਼ੇ ਵਿਸ਼ੇਸ਼ ਦੀ ਕੋਈ ਪੁਸਤਕ ਪੜ ਲੇਣ ਨਾਲ ਉਹ ਵਿਸ਼ੇ ਦਾ ਮਾਹਰ ਨਹੀਂ ਹੋਇਆ ਜਾ ਸਕਦਾ।ਇਸ ਲਈ ‘ਬਹੁਤ ਕੁੱਝ’ ਦਰਕਾਰ ਹੁੰਦਾ ਹੈ।ਸਾਡੇ ਨੀਮ ਹਕੀਮ ਇਹ ਗਲ ਕਦੋਂ ਸਮਝਣ ਗੇ? ਪਤਾ ਨਹੀਂ! ਪਰ ਫਿਲਹਾਲ ਵਕਤ ਦਾ ਤਕਾਜ਼ਾ ਇਹ ਹੈ ਕਿ ਹੁਣ ਇਨ੍ਹਾਂ ਦੇ ਮਰੀਜ਼ ਹੀ ਆਪਣੀ ਜਾਨ ਇਨ੍ਹਾਂ ਤੋਂ ਬਚਾ ਲੇਂਣ!
ਹਰਦੇਵ ਸਿੰਘ,ਜੰਮੂ-3.2.2013