ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 6)
ਪਾਖੰਡਿ ਭਗਤਿ ਨਾ ਹੋਵਈ ਦੁਬਿਧਾ ਬੋਲੁ ਖੁਆਰੁ
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
ਹਰਿ ਨਾਮੁ ਸਾਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥1॥
ਭਾਈ ਰੇ ਇਸੁ ਮਨ ਕਉ ਸਮਝਾਇ ॥
ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥1॥ਰਹਾਉ॥
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥
ਪਾਖੰਡਿ ਭਗਤਿ ਨਾ ਹੋਵਈ ਦੁਬਿਧਾ ਬੋਲੁ ਖੁਆਰੁ ॥
ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥2॥
ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥3॥
ਕਰਮਿ ਮਿਲੈ ਤ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥4॥6॥39॥
॥ਰਹਾਉ॥ ਹੇ ਵੀਰ ਆਪਣੇ ਮਨ ਨੂੰ ਸਮਝਾਅ, ਉਸ ਨੂੰ ਆਖ, “ ਹੇ ਮਨ, ਤੂੰ ਕਿਉਂ ਆਲਸ ਕਰਦਾ ਹੈ ? ਗੁਰੂ ਦੀ ਸ਼ਰਨ ਪੈ ਕੇ, ਗਰੂ ਦੀ ਸਿਖਿਆ ਅਨੁਸਾਰ, ਪ੍ਰਭੂ ਦਾ ਨਾਮ ਸਿਮਰ ”
॥1॥ ਹਰੀ ਦੇ ਭਗਤਾਂ ਕੋਲ, ਕਰਤਾ-ਪੁਰਖ ਦਾ ਨਾਮ ਹੀ ਧਨ ਹੈ, ਪ੍ਰਭੂ ਦੇ ਹੁਕਮ ਵਿਚ ਚੱਲਣਾ ਹੀ ਉਨ੍ਹਾਂ ਦੀ ਪੂੰਜੀ ਹੈ, ਉਹ (ਸ਼ਬਦ) ਗੁਰੂ ਤੋਂ ਸਿਖਿਆ ਲੈ ਕੇ, ਪ੍ਰਭੂ ਭਗਤੀ ਦਾ ਹੀ ਵਪਾਰ ਕਰਦੇ ਹਨ । ਭਗਤ ਲੋਕ ਹਮੇਸ਼ਾ ਪਰਮਾਤਮਾ ਦਾ ਨਾਮ ਸਾਲਾਹੁੰਦੇ ਹਨ, ਕਰਤਾਰ ਦੀ ਰਜ਼ਾ ਵਿਚ ਚੱਲਣਾ ਹੀ ਉਨ੍ਹਾਂ ਦੇ ਜੀਵਨ ਦਾ ਆਧਾਰ ਹੈ ।
ਪੂਰਨ ਗੁਰੂ ਨੇ ਪਰਮਾਤਮਾ ਦਾ ਹੁਕਮ ਉਨ੍ਹਾਂ ਦੇ ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾਅ ਦਿੱਤਾ ਹੈ, ਹਰੀ ਦਾ ਨਾਮ ਹੀ ਉਨ੍ਹਾਂ ਭਗਤਾਂ ਕੋਲ, ਨਾ ਮੁਕਣ ਵਾਲਾ ਖਜ਼ਾਨਾ ਹੈ ।
॥2॥ ਜੇ ਬੰਦਾ ਗੁਰਮੁਖਿ ਹੋ ਕੇ, ਗੁਰੂ ਦੀ ਸਿਖਿਆ ਅਨੁਸਾਰ ਵਿਚਾਰ ਕਰੇ, ਤਾਂ ਉਸ ਦੀ ਸਮਝ ਆ ਜਾਂਦਾ ਹੈ ਕਿ, ‘ ਹਰੀ ਨਾਲ ਪਿਆਰ ਕਰਨਾ ਹੀ, ਹਰੀ ਦੀ ਭਗਤੀ ਕਰਨਾ ਹੈ ’
ਪਖੰਡ ਕਰਨ ਨਾਲ, ਕਰਮ-ਕਾਂਡ ਕਰਨ ਨਾਲ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਦੁਬਿਧਾ ਵਿਚ ਕੀਤਾ ਕਰਮ, ਬੰਦੇ ਨੂੰ ਖੁਆਰ ਹੀ ਕਰਦਾ ਹੈ । ਜਿਸ ਬੰਦੇ ਦੇ ਅੰਦਰ, ਗੁਰੂ ਦੀ ਸਿਖਿਆ ਆਸਰੇ, ਭਲੇ-ਬੁਰੇ ਦੀ ਪਛਾਣ ਕਰਨ ਦੀ ਸੂਝ ਪੈਦਾ ਹੋ ਜਾਂਦੀ ਹੈ, ਫਿਰ ਉਹ ਬੰਦਾ ਕਰਮ-ਕਾਂਡੀਆਂ ਵਿਚ ਰਲਾਇਆਂ ਵੀ ਨਹੀਂ ਰਲਦਾ ।
॥3॥ ਉਸ ਬੰਦੇ ਨੂੰ ਹੀ ਪ੍ਰਭੂ ਦਾ ਭਗਤ, ਪ੍ਰਭੂ ਦਾ ਸੇਵਕ ਕਿਹਾ ਜਾ ਸਕਦਾ ਹੈ, ਜੋ ਆਪਣੇ ਅੰਦਰੋਂ ਹਉਮੈ ਮਾਰ ਕੇ, ਆਪਣਾ ਤਨ-ਮਨ ਕਰਤਾਰ ਦੇ ਅਰਪਣ ਕਰ ਦਿੰਦਾ ਹੈ ਅਤੇ ਪਰਮਾਤਮਾ ਨੂੰ ਹਮੇਸ਼ਾ ਆਪਣੇ ਮਨ ਵਿਚ ਯਾਦ ਰੱਖਦਾ ਹੈ।
ਜੋ ਬੰਦਾ ਸ਼ਬਦ ਗੁਰੂ ਦੀ ਸਿਖਿਆ ਵਿਚ ਚਲਦਾ ਹੈ, ਉਹ ਸਾਲਾਹੁਣ ਯੋਗ ਹੈ, ਉਹ ਜ਼ਿੰਦਗੀ ਦੀ ਬਾਜ਼ੀ ਹਾਰਦਾ ਨਹੀਂ ਅਤੇ ਹਰੀ ਦੀ ਦਰਗਾਹ ਵਿਚ ਪਰਵਾਨ ਹੁੰਦਾ ਹੈ।
॥4॥ ਜੇ ਕਰਤਾਰ ਆਪਣੀ ਬਖਸ਼ਿਸ਼ ਕਰੇ, ਤਾਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ, ਉਸ ਦੀ ਮਿਹਰ ਤੋਂ ਬਗੈਰ ਉਸ ਨਾਲ ਮਿਲਾਪ ਸੰਭਵ ਨਹੀਂ।
ਚੌਰਾਸੀ ਲੱਖ (ਅਗਿਣਤ) ਜੂਨਾਂ ਦੇ ਜੀਵ ਪਰਮਾਤਮਾ ਨਾਲ ਮਿਲਣ ਲਈ ਤਰਸਦੇ ਹਨ, ਪਰ ਉਹੀ ਉਸ ਨੂੰ ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਆਪਣੇ ਨਾਲ ਮਿਲਾਂਦਾ ਹੈ। ( ਏਥੇ ਸਮਝਣ ਦੀ ਲੋੜ ਹੈ ਕਿ, ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ (2) ਚੰਗੇ ਕੀਤੇ ਕਰਮਾਂ ਦੇ ਆਸਰੇ ਬੰਦੇ ਨੂੰ ਇੱਜ਼ਤ ਤਾਂ ਮਿਲ ਸਕਦੀ ਹੈ, ਪਰ ਮੁਕਤੀ ਦਾ ਦੁਆਰ, ਪ੍ਰਭੂ ਨਾਲ ਮਿਲਾਪ, ਇਕ-ਮਿਕਤਾ, ਉਸ ਦੀ ਬਖਸ਼ਿਸ਼ ਆਸਰੇ ਹੀ ਮਿਲਦੀ ਹੈ)
ਹੇ ਨਾਨਕ, ਜਿਹੜਾ ਬੰਦਾ ਗੁਰੂ ਦੀ ਸਿਖਿਆ ਸੁਣਦਾ ਹੈ, ਉਹ ਅਕਾਲ-ਪੁਰਖ ਨੂੰ ਲੱਭ ਲੈਂਦਾ ਹੈ, ਉਹ ਹਮੇਸ਼ਾ ਹਰੀ ਦੀ ਰਜ਼ਾ ਵਿਚ ਹੀ ਮਗਨ ਰਹਿੰਦਾ ਹੈ ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 6) ਪਾਖੰਡਿ ਭਗਤਿ ਨਾ ਹੋਵਈ ਦੁਬਿਧਾ ਬੋਲੁ ਖੁਆਰੁ
Page Visitors: 2771