ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ
ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ’ਤੇ ਮਨਾਉਣ ਵਾਸਤੇ ਦਿੱਲੀ ਕਮੇਟੀ ਨੇ ਪੋ੍ਰਗਰਾਮਾਂ ਦਾ ਖਰੜਾ ਕੀਤਾ ਤਿਆਰ
ਕੀਰਤਨ ਦਰਬਾਰ, ਨਗਰ ਕੀਰਤਨ, ਗੱਤਕੇ ਮੁਕਾਬਲੇ, ਖੇਡ ਮੁਕਾਬਲੇ, ਯਾਦਗਾਰੀ ਸਿੱਕਾ ਅਤੇ ਯਾਦਗਾਰ ਦੀ ਉਸਾਰੀ ਸਣੇ ਕਈ ਅਹਿਮ ਉਪਰਾਲਿਆਂ ਦੀ ਤਿਆਰੀ
ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)-ਬਾਬਾ ਬੰਦਾ ਸਿੰਘ ਬਹਾਦਰ ਦੀ ਜੂਨ ਮਹੀਨੇ ਵਿਚ ਆ ਰਹੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮਾ ਦਾ ਖਰੜਾ ਉਲੀਕਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਮੇਟੀ ਅਹੁਦੇਦਾਰਾਂ, ਮੈਂਬਰਾਂ ਅਤੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਸ਼ਤਾਬਦੀ ਸਮਾਗਮਾਂ ਦਾ ਮੁੱਢਲਾ ਢਾਂਚਾ ਕਾਇਮ ਕਰ ਲਿਆ ਗਿਆ ਹੈ। ਇਸ ਮੀਟਿੰਗ ਵਿਚ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਕੁਲਮੋਹਨ ਸਿੰਘ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਸਣੇ ਸਮੂਹ ਕਮੇਟੀ ਮੈਂਬਰ ਮੌਜੂਦ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਿਧੜਕ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਹਾਦਰੀ ਨਾਲ ਧਰਮ ਪ੍ਰਤੀ ਨਿਭਾਏ ਗਏ ਫ਼ਰਜ਼ਾ ਦੀ ਜਾਣਕਾਰੀ ਸੰਗਤਾਂ ਤਕ ਪਹੁੰਚਾਉਣ ਵਾਸਤੇ ਇਸ ਮੀਟਿੰਗ ’ਚ ਕਈ ਇਤਿਹਾਸਿਕ ਫੈਸਲੇ ਲਏ ਗਏ ਹਨ।
ਜਿਨ੍ਹਾਂ ਵਿਚ ਪ੍ਰਮੁੱਖ ਹਨ ਮਹਿਰੌਲੀ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਥਾਪਨਾ, ਬਾਰਾਪੁਲਾ ਪਿੰਡ ਦੇ ਜਮੁਨੇ ਕੰਢੇ ਬਾਬਾ ਜੀ ਦਾ ਸੰਸਕਾਰ ਪਿੰਡ ਵਾਸਿਆ ਵੱਲੋਂ ਕਰਨ ਕਰਕੇ ਬਾਰਾਪੁਲਾ ਫਲਾਈ ਓਵਰ ਦਾ ਨਾਂ ਬਾਬਾ ਜੀ ਦੇ ਨਾਂ ਤੇ ਰਖਾਉਣ ਵਾਸਤੇ ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਕਰਨਾ, 22 ਅਪ੍ਰੈਲ 2016 ਨੂੰ ਇੰਦੌਰ, 23 ਅਪ੍ਰੈਲ ਰਾਇਪੁਰ, 29 ਅਪ੍ਰੈਲ ਕਾਨਪੁਰ ਤੇ 30 ਅਪ੍ਰੈਲ ਨੂੰ ਮੁੰਬਈ ਵਿਖੇ ਕੀਰਤਨ ਦਰਬਾਰ ਆਯੋਜਿਤ ਕਰਨਾ, ਭਾਰਤ ਸਰਕਾਰ ਵੱਲੋਂ ਯਾਦਗਾਰੀ ਸਿੱਕਾ ਜਾਰੀ ਕਰਾਉਣਾ, ਇਤਿਹਾਸਿਕ ਅਤੇ ਪੁਰਾਤਨ ਸ਼ਸਤਰ੍ਰਾਂ ਦੇ ਦਰਸ਼ਨ ਦਿੱਲੀ ਦੀ ਸੰਗਤਾ ਨੂੰ ਮਈ ਮਹੀਨੇ ਵਿਚ ਕਮੇਟੀ ਵੱਲੋਂ ਦਿੱਲੀ ਨੂੰ 7 ਹਿੱਸਿਆਂ ਵਿਚ ਵੰਡ ਕੇ ਸਜਾਏ ਜਾਉਣ ਵਾਲੇ 10 ਨਗਰ ਕੀਰਤਨਾਂ ਦੌਰਾਨ ਕਰਾਉਣਾ, 9 ਜੂਨ ਨੂੰ ਕਮੇਟੀ ਦੇ ਸਮੂਹ ਵਿਦਿਅਕ ਅਦਾਰਿਆਂ ਵਿਚ ਲੇਖ ਅਤੇ ਕੀਰਤਨ ਮੁਕਾਬਲੇ ਕਰਾਉਣਾ, 12 ਜੂਨ ਨੂੰ ਰਾਜਪੱਥ ’ਤੇ ਉੱਘੇ ਸਿੱਖ ਖਿਡਾਰੀਆਂ ਦੇ ਨਾਲ ਮੈਰਾਥਨ ਦੌੜ ਦਾ ਆਯੋਜਨ ਕਰਨਾ, 18 ਜੂਨ ਨੂੰ ਗੜ੍ਹੀ ਗੁਰਦਾਸ ਨੰਗਲ ਤੋਂ ਲਾਲ ਕਿਲਾ ਦਿੱਲੀ ਤਕ ਨਗਰ ਕੀਰਤਨ ਸਜਾਉਣਾ,19 ਜੂਨ ਨੂੰ ਬਾਬਾ ਜੀ ਦੇ ਜਨਮ ਸਥਾਨ ਰਿਯਾਸੀ ਦੀ ਸੰਗਤਾਂ ਦੇ ਨਾਲ ਲਾਲ ਕਿਲੇ ਤੋਂ ਮਹਿਰੌਲੀ ਤਕ ਨਗਰ ਕੀਰਤਨ ਸਜਾਉਣਾ, 20 ਅਤੇ 21 ਜੂਨ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੱਤਕੇ ਦਾ ਪ੍ਰਦਰਸ਼ਨ, 22 ਜੂਨ ਨੂੰ ਕੱਬਡੀ ਮੈਚ, 22 ਤੋਂ 24 ਜੂਨ ਤਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੱਡੇ ਪੱਧਰ ਤੇ ਦੀਵਾਨ ਸਜਾਉਣਾ ਅਤੇ ਮਹਿਰੌਲੀ ਯਾਦਗਾਰ ਵਿਖੇ ਦੇਸ਼ ਦੀ ਉੱਘੀਆਂ ਪੰਥਕ ਅਤੇ ਸਿਆਸ਼ੀ ਸਖਸ਼ੀਅਤਾਂ ਦੀ ਮੌਜੂਦਗੀ ਵਿਚ 23 ਜੂਨ ਨੂੰ ਬੁੁੱਤ ਸਥਾਪਿਤ ਕਰਨ ਦੀ ਰਸਮ ਨਿਭਾਉਣਾ ਸ਼ਾਮਿਲ ਹੈ।
ਉਨ੍ਹਾਂ ਨੇ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਗੁਰਮਤਿ ਦੇ ਹਵਾਲੇ ਨਾਲ ਦੇਸ਼ ਵਿਦੇਸ਼ ਦੀ ਸੰਗਤਾਂ ਤਕ ਪਹੁੰਚਾਉਣ ਵਾਸਤੇ ਕਈ ਹੋਰ ਪੋ੍ਰਗਰਾਮ ਵੀ ਇਸ ਖਰੜੇ ਵਿਚ ਸ਼ਾਮਿਲ ਕਰਨ ਦੇ ਸੰਕੇਤ ਦਿੱਤੇ ਹਨ। ਜਿਸ ਵਿਚ ਵਿਦੇਸ਼ੀ ਧਰਤੀ ’ਤੇ ਕੀਰਤਨ ਦਰਬਾਰ ਦੇ ਨਾਲ ਹੀ ਦਿੱਲੀ ਵਿੱਖੇ ਸੈਮੀਨਾਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਪ੍ਰਮੁੱਖਤਾ ਨਾਲ ਸ਼ਾਮਿਲ ਕੀਤੇ ਜਾ ਸਕਦੇ ਹਨ।
..................................................................
ਟਿੱਪਣੀ:- ਚੋਣ ਵਰ੍ਹੇ ਵਿਚ ਤਾਂ ਤੋਹਫਿਆਂ ਦੀਆਂ ਝੜੀਆਂ ਲੱਗਣਗੀਆਂ, ਸਂਗਤ ਨੂੰ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਕਮੇਟੀ, ਬਾਦਲ ਦੀ ਪਿੱਛ-ਲੱਗ ਹੈ ਅਤੇ ਬਾਦਲ ਬੀ.ਜੇ.ਪੀ (ਆਰ/ਐਸ.ਐਸ.) ਦਾ ਪਿਛ-ਲੱਗ । ਕੀ ਸੰਗਤ ਇਨ੍ਹਾਂ ਤੋਹਫਿਆਂ ਦੇ ਜਾਲ ਨੂੰ ਰੱਦ ਕਰਦੀ ਹੈ ਜਾਂ ਇਹ ਰਟਦਿਆਂ “ ਅਸੀਂ ਤੁਹਫਿਆਂ ਦੇ ਜਾਲ ਵਿਚ ਨਹੀਂ ਫਸਣਾ, ਅਸੀਂ ਇਸ ਜੁੰਡਲੀ ਤੋਂ ਪੰਥ ਨੂੰ ਬਚਾਉਣਾ ਹੈ ” ਇਨ੍ਹਾਂ ਤੋਹਫਿਆਂ ਨੂੰ ਕਬੂਲ ਕਰ ਕੇ ਪੰਥ ਨੂੰ ਹੋਰ ਪੰਜ ਸਾਲ ਲਈ ਸੂਲੀ ਤੇ ਟੰਗਦੀ ਹੈ ?
ਅਮਰ ਜੀਤ ਸਿੰਘ ਚੰਦੀ