ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 7)
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥1॥
ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥1॥ਰਹਾਉ॥
ਸਾਚੇ ਮੈਲ ਨ ਲਗਈ ਮਨੁ ਨਿਰਮਲੁ ਹਰਿ ਧਿਆਇ॥
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥2॥
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
ਧਾਤੁਰ ਬਾਜੀ ਪਲਚਿ ਰਹੇ ਨ ਉਰਵਾਰੁ ਨ ਪਾਰੁ ॥3॥
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥4॥7॥40॥
॥ਰਹਾਉ॥ ਹੇ ਵੀਰ, ਸੰਸਾਰ ਮਾਇਆ ਦੇ ਮੋਹ ਵਿਚ ਫਸਿਆ, ਦੁਖੀ ਹੋ ਰਿਹਾ ਹੈ, ਤੂੰ ਹਮੇਸ਼ਾ ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਕਰਤਾਰ ਦਾ ਨਾਮ ਸਿਮਰ, ਉਸ ਦੀ ਰਜ਼ਾ ਵਿਚ ਚੱਲ, ਤਾਂ ਤੂੰ ਸੁਖ ਪਾਵੇਂਗਾ।
॥1॥ ਅਕਾਲ-ਪੁਰਖ ਦਾ ਨਾਮ, ਉਸ ਦਾ ਹੁਕਮ ਹੀ ਸੁਖਾਂ ਦਾ ਸਮੁੰਦਰ ਹੈ, ਪਰ ਇਹ ਨਾਮ ਗੁਰਮੁਖ ਹੋ ਕੇ, ਸ਼ਬਦ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਮਿਲਦਾ ਹੈ। ਪ੍ਰਭੂ ਦੀ ਰਜ਼ਾ ਵਿਚ ਚਲਦਿਆਂ, ਆਤਮਕ ਅਡੋਲਤਾ ਹਾਸਲ ਕਰ ਕੇ, ਹਰ ਵੇਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਉਸ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਰਸਨਾ ਨਾਲ ਹਰੀ ਦੇ ਗੁਣ ਗਾ ਕੇ (ਏਥੇ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ‘ਰਸਨਾ’ ਨੂੰ ਸਿਰਫ ਜ਼ਬਾਨ ਤੱਕ ਹੀ ਸੀਮਿਤ ਕਰ ਦਿੱਤਾ ਹੈ। ਏਥੇ ਗੱਲ ਗੁਣ ਗਾਉਣ ਦੀ ਹੈ, ਗੁਣ ਮਨ ਨਾਲ, ਹਿਰਦੇ ਵਿਚੋਂ ਗਾਏ ਜਾਂਦੇ ਹਨ, ਜ਼ਬਾਨ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਵਰਤੀ ਜਾਂਦੀ ਹੈ। ਜਿੱਥੋਂ ਤਕ ਰਸਨਾ ਦਾ ਸਵਾਲ ਹੈ, ਜ਼ਬਾਨ ਸਿਰਫ ਖਾਣ ਵਾਲੀਆਂ ਦੁਨਿਆਵੀ ਚੀਜ਼ਾਂ ਦਾ ਰੱਸ ਲੈਣ ਵਾਲੀ ‘ਰਸਨਾ’ ਹੈ। ਇਵੇਂ ਹੀ ਸੁਣਨ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ‘ਰਸਨਾ’ ਕੰਨ ਹਨ, ਵੇਖਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ‘ਰਸਨਾ’ ਅੱਖਾਂ ਹਨ, ਸੁੰਘਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ‘ਰਸਨਾ’ ਨੱਕ ਹੈ। ਸਪੱਰਸ਼ ਨਾਲ ਦੁਨਿਆਵੀ ਚੀਜ਼ਾਂ ਦਾ ਰਸ ਲੈਣ ਵਾਲੀ ‘ਰਸਨਾ’ ਤਵਚਾ ਹੈ, ਇਵੇਂ ਹੀ ਆਤਮਕ ਚੀਜ਼ਾਂ ਦਾ ਰਸ ਲੈਣ ਵਾਲੀ ‘ਰਸਨਾ’ ਮਨ ਹੈ। ਮਨੋਂ ਪ੍ਰਭੂ ਦੇ ਗੁਣ ਗਾਏ ਹੀ ਪਰਵਾਨ ਹੁੰਦੇ ਹਨ, ਖਾਲੀ ਜ਼ਬਾਨ ਨਾਲ ਗੁਣ ਗਾਏ, ਸਿਰਫ ਵਿਖਾਵਾ ਹੀ ਹੁੰਦਾ ਹੈ, ਜੋ ਅੱਜ-ਕਲ ਸਿੱਖੀ ਵਿਚ ਪ੍ਰਚਲਤ ਕੀਤਾ ਜਾ ਰਿਹਾ ਹੈ) ਅਰਥਾਤ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਡਿਆਈ ਨੂੰ ਯਾਦ ਰੱਖਿਆਂ ਹਿਰਦਾ, ਸਦਾ-ਥਿਰ ਕਰਤਾਰ ਨਾਲ ਇਕ-ਮਿਕ ਹੋ ਜਾਂਦਾ ਹੈ।
॥2॥ ਹਮੇਸ਼ਾ ਕਾਇਮ ਰਹਣ ਵਾਲੇ ਕਰਤਾ-ਪੁਰਖ ਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ, ਉਸ ਦਾ ਸਿਮਰਨ ਕਰਨ ਨਾਲ, ਉਸ ਦੀ ਰਜ਼ਾ ਵਿਚ ਚੱਲਣ ਵਾਲੇ ਮਨੁੱਖ ਦਾ ਮਨ ਵੀ ਮੈਲ ਰਹਿਤ, ਨਿਰਮਲ ਹੋ ਜਾਂਦਾ ਹੈ। (ਦੁਨੀਆ ਦੀ ਹਰ ਚੀਜ਼, ਦੂਸਰੇ ਦੀ ਮੈਲ ਸਾਫ ਕਰਦਿਆਂ, ਆਪ ਮੈਲੀ ਹੋ ਜਾਂਦੀ ਹੈ। ਪ੍ਰਭੂ ਦਾ ਨਾਮ ਹੀ ਇਕ ਐਸੀ ਚੀਜ਼ ਹੈ, ਜੋ ਮਨ ਨੂੰ ਲੱਗੀ, ਜਨਮ-ਜਨਮ ਦੀ ਹਉਮੈ ਦੀ ਮੈਲ ਸਾਫ ਕਰਨ ਮਗਰੋਂ ਵੀ, ਮੈਲ- ਰਹਿਤ ਪਵਿੱਤ੍ਰ ਰਹਿੰਦਾ ਹੈ)
ਜਿਸ ਨੇ ਗੁਰ, ਸ਼ਬਦ ਗੁਰੂ ਦੇ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਕੇ ਆਤਮ-ਸਾਤ ਕਰ ਲਿਆ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ, ਉਸ ਦੇ ਸ਼ਬਦ ਨਾਲ ਡੂੰਘੀ ਸਾਂਝ ਪਾਉਣੀ ਚਾਹੀਦੀ ਹੈ। ਗੁਰ-ਫਰਮਾਨ ਹੈ,
ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223)
ਇਸ ਢੰਗ ਨਾਲ ਮਨ ਤੋਂ ਹਉਮੈ ਦੀ ਮੈਲ ਦੂਰ ਕਰਨ ਵਾਲਾ ਬੰਦਾ, ਇਕੋ-ਇਕ ਅਮਰ ਪ੍ਰਭੂ ਦੀ ਰਜ਼ਾ ਦਾ ਹੀ ਹਿੱਸਾ ਹੋ ਜਾਂਦਾ ਹੈ।
॥3॥ ਮਨਮੁਖਿ, ਆਪਣੇ ਮਨ ਦੇ ਕਹੇ ਚੱਲਣ ਵਾਲੇ ਬੰਦਿਆਂ ਦੇ ਮਨ ਹਉਮੈ ਅਤੇ ਤ੍ਰਿਸ਼ਨਾ ਆਦਿ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ। ਗੁਰੂ ਦੇ ਸ਼ਬਦ ਤੋਂ ਬਿਨਾ, ਮਨ ਦੀ ਇਹ ਮੈਲ ਨਹੀਂ ਲੱਥਦੀ, ਸ਼ਬਦ ਦੀ ਵਿਚਾਰ ਆਸਰੇ ਹੀ ਹਉਮੈ ਦੀ ਮੈਲ (ਜੋ ਸਭ ਵਿਕਾਰਾਂ ਦੀ ਜੜ੍ਹ ਹੈ) ਉਤਰਦੀ ਹੈ।
ਅਜਿਹੇ ਬੰਦੇ ਸ਼ਬਦ ਦੀ ਸਿਖਿਆ ਵਿਚ ਚੱਲੇ ਬਗੈਰ, ਆਤਮਕ ਮੌਤ ਸਹੇੜ ਕੇ, ਜਨਮ-ਮਰਨ ਦੇ ਗੇੜ ਵਿਚ ਪਏ, ਮੁੜ-ਮੁੜ ਖੁਆਰ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਇਸ ਖੇਡ ਦਾ, ਨਾ ਉਰਲਾ ਕੰਢਾ ਲੱਭਦਾ ਹੈ, ਨਾ ਪਰਲਾ ਬੰਨਾ, ਉਹ ਸੰਸਾਰ ਦੀ ਇਸ ਘੁਮਣ-ਘੇਰੀ ਵਿਚ ਹੀ ਫਸੇ ਰਹਿੰਦੇ ਹਨ।
॥4॥ ਗੁਰਮੁਖਿ, ਸ਼ਬਦ ਗੁਰੂ ਦੀ ਸਿਖਿਆ ਵਿਚ ਚੱਲਣ ਵਾਲਾ ਬੰਦਾ, ਸੇਵਾ ਅਤੇ ਸਿਮਰਨ ਆਸਰੇ, ਮਨ ਨੂੰ ਵਿਕਾਰਾਂ ਦੀ ਮੈਲ ਤੋਂ ਬਚਾਅ ਕੇ, ਪਰਮਾਤਮਾ ਦੀ ਰਜ਼ਾ ਨਾਲ ਪਿਆਰ ਪਾਉਂਦਾ ਹੈ। ਹੇ ਭਾਈ ਗੁਰਮੁਖਿ ਹੋ ਕੇ ਹਮੇਸ਼ਾ ਕਰਤਾਰ ਦੇ ਹੁਕਮ ਨੂੰ ਯਾਦ ਰੱਖਣਾ ਚਾਹੀਦਾ ਹੈ।
ਹੇ ਨਾਨਕ, ਪਰਮਾਤਮਾ ਦਾ ਜਿਹੜਾ ਨਾਮ, ਹੁਕਮ, ਸਭ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ, ਉਸ ਨੂੰ ਹੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਅਮਰ ਜੀਤ ਸਿੰਘ ਚੰਦੀ
1-4-16
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 7) ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ
Page Visitors: 2628