-:‘ਸੱਚ ਖੰਡ ਵਸੈ ਨਿਰੰਕਾਰ’ ਲੇਖ ਬਾਰੇ :-
ਸਤਿਨਾਮ ਸਿੰਘ ਮੌਂਟਰੀਅਲ, ਅਪਣੀ ਗੁਰਮਤਿ-ਵਿਦਵਤਾ ਦਾ ਪ੍ਰਦਰਸ਼ਨ ਅਕਸਰ ਹੀ ਕਰਦੇ ਰਹਿੰਦੇ ਹਨ। ਹੁਣ ਪਿੱਛੇ ਜਿਹੇ ਉਹਨਾਂ ਨੇ ਲੇਖ ਲਿਖਿਆ ਸੀ- ‘ਸੱਚ ਖੰਡ ਵਸੈ ਨਿਰੰਕਾਰ’।ਪੇਸ਼ ਹਨ ਉਸ ਲੇਖ ਬਾਰੇ ਕੁੱਝ ਵਿਚਾਰ:- ਲੇਖ ਵਿੱਚੋਂ:- “ਨਿਰੰਕਾਰ (ਸਚ) ਤੋ ਬਿਨਾ ਐਸਾ ਕੁਝ ਵੀ ਨਹੀਂ ਹੈ ਜਿਥੇ ਨਿਰੰਕਾਰ ਨਹੀ ਹੈ, ਜੇ ਨਿਰੰਕਾਰ ਸਰਬ ਵਿਆਪਕ ਹੈ ਫਿਰ ਪੂਰਾ ਬ੍ਰਹਿਮੰਡ ਸਮੁਚੀ ਕਾਇਨਾਤ ਹੀ ਸਚਖੰਡਿ ਹੈ ਗੁਰਬਾਣੀ ਨੇ ਕਿਤੇ ਵੀ ਰੱਬ ਤੇ ਦੁਨੀਆ (ਸਮੁਚੀ ਕਾਇਨਾਤ) ਨੂੰ ਦੋ ਨਹੀਂ ਮਨਿਆਂ ਪਰ ਸਾਨੂੰ ਹੀ ਸਚਖੰਡਿ ਵਾਸੀ ਬਣਨਾ ਨਹੀ ਆਉਂਦਾ, ਕਿਉਂ?? ”
ਵਿਚਾਰ:- ਸਤਿਨਾਮ ਸਿੰਘ ਆਪਣੇ ਚੁੰਚ-ਗਿਆਨ ਸਦਕਾ ਖੁਦ ਰਾਹੋਂ ਭਟਕ ਕੇ ਗੁਰਮਤਿ ਤੋਂ ਉਲਟ ਆਪਣੀ ਵੱਖਰੀ ਸੋਚ ਬਣਾਈ ਬੈਠੇ ਹਨ। ਆਪਣੇ ਅਧੂਰੇ ਗਿਆਨ ਅਤੇ ਅੱਖਾਂ ਤੇ ਆਪਣੀ ਸੋਚ ਦੀ ਪੱਟੀ ਬੰਨ੍ਹੀ ਹੋਣ ਕਰਕੇ, ਇਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਲਿਖ ਕੀ ਰਹੇ ਹਨ। ਦੇਖੋ ਇਕ ਪਾਸੇ ਲਿਖਦੇ ਹਨ:- “ਨਿਰੰਕਾਰ (ਸਚ) ਤੋ ਬਿਨਾ ਐਸਾ ਕੁਝ ਵੀ ਨਹੀਂ ਹੈ ਜਿਥੇ ਨਿਰੰਕਾਰ ਨਹੀ ਹੈ, ਜੇ ਨਿਰੰਕਾਰ ਸਰਬ ਵਿਆਪਕ ਹੈ ਫਿਰ ਪੂਰਾ ਬ੍ਰਹਿਮੰਡ ਸਮੁਚੀ ਕਾਇਨਾਤ ਹੀ ਸਚਖੰਡਿ ਹੈ” ਏਥੇ ਧਿਆਨ ਦਿੱਤਾ ਜਾਵੇ ਕਿ, ਪੂਰੇ ਬ੍ਰਹਮੰਡ ਸਮੂਚੀ ਕਾਇਨਾਤ ਵਿੱਚ ਨਿਰੰਕਾਰ ਵਿਆਪਕ ਹੋਣ ਕਰਕੇ ਸਤਿਨਾਮ ਸਿੰਘ ਮੁਤਾਬਕ ਸਾਰਾ ਬ੍ਰਹਮੰਡ ਹੀ ਸੱਚਖੰਡ ਹੈ।
ਪਰ ਅੱਗੇ ਲਿਖਦੇ ਹਨ:- “ਮਰਨ ਤੋ ਬਾਦ 'ਸੱਚਖੰਡਿ 'ਸਵਰਗ 'ਜੰਨਤ 'ਵਹਿਸ਼ਤ ਨੂੰ ਜਾਣ ਦੀ ਇੱਛਾ ਰੱਖਣ ਵਾਲਿਓ ਕਿਉਂ ਤੁਸੀਂ ਆਮ ਮਨੁੱਖਤਾ ਦਾ ਜੀਣਾ ਹਰਾਮ ਕੀਤਾ ਪਿਆ ਹੈ? ਕ੍ਰਿਪਾ ਕਰਕੇ ਪਹਿਲਾਂ ਆਪਣੇ ਹਿਰਦੇ ਨੂੰ ਸੱਚਖੰਡਿ ਫਿਰ ***ਇਸ ਧਰਤੀ ਨੂੰ ਸੱਚਖੰਡਿ ਬਣਾਉਣ ਦੀ ਸੋਚੋ*** ਤਾਂ ਕਿ ਹੋਰ ਲੋਕ ਵੀ ਸੁਖੀ ਵੱਸ ਸਕਣ ਅਤੇ ਆਪਣੇ ਮਨ ਵੀ ਸ਼ਾਂਤੀ ਹੋ ਸਕਣ, …. ਜਿਸ ਦਿਨ ਮਨੁੱਖ ਨੇ ਆਪਣੇ ਹਿਰਦੇ ਨੂੰ ਅਤੇ ***ਇਸ ਧਰਤੀ ਨੂੰ ਸੱਚਖੰਡਿ ਬਣਾਉਣਾ ਸੁਰੂ ਕਰ ਦਿੱਤਾ*** ਸੱਚ-ਮੁੱਚ ਉਸ ਦਿਨ ਦੁਨੀਆ ਤੇ ਸ਼ਾਤੀ ਵਰਤ ਜਾਵੇਗੀ,”
ਵਿਚਾਰ:- ਜਾਣੀ ਕਿ ਸਤਿਨਾਮ ਸਿੰਘ ਦੇ ਇਸ ਦੂਜੇ ਵਿਚਾਰ ਮੁਤਾਬਕ ਮੌਜੂਦਾ ਸਮੇਂ ਧਰਤੀ **ਸੱਚ ਖੰਡ ਨਹੀਂ ਹੈ ਜਾਂ ਨਹੀਂ ਰਹੀ** ਇਸ ਨੂੰ ਸੱਚਖੰਡ ਬਨਾਉਣਾ ਮਨੁੱਖ ਨੇ ਹਾਲੇ ਸ਼ੁਰੂ ਕਰਨਾ ਹੈ। ਦੂਸਰਾ- ਜਾਣੀ ਕਿ ਜਿਹੜਾ ਦੁਨੀਆਂ ਦਾ ਜਿਉਣਾ ਹਰਾਮ ਹੋਇਆ ਪਿਆ ਹੈ ਇਹ ਮਰਨ ਤੋਂ ਬਾਅਦ ਸੰਚਖੰਡ, ਸਵਰਗ, ਜੰਨਤ, ਵਹਿਸ਼ਤ ਦੀ ਇੱਛਾ ਰੱਖਣ ਵਾਲਿਆਂ ਕਰਕੇ ਹੋਇਆ ਪਿਆ ਹੈ। (ਸਤਿਨਾਮ ਸਿੰਘ ਸਮਝਾਉਣ ਦੀ ਖੇਚਲ ਕਰਨਗੇ ਕਿ ਮਰਨ ਤੋਂ ਬਾਅਦ ਸੱਚਖੰਡ, ਸਵਰਗ , ਜੰਨਤ, ਬਹਿਸ਼ਤ ਦੀ ਇੱਛਾ ਰੱਖਣ ਨਾਲ ਕਿਵੇਂ ਲੋਕਾਂ ਦਾ ਜਿਉਣਾ ਹਰਾਮ ਹੋਇਆ ਪਿਆ ਹੈ? (ਨੋਟ:- ਮੈਂ ਮਰਨ ਤੋਂ ਬਾਅਦ ਸੱਚਖੰਡ, … ਆਦਿ ਦੀ ਇੱਛਾ ਨਹੀਂ ਰੱਖੀ ਹੋਈ।ਸਤਿਨਾਮ ਸਿੰਘ ਦੀ ਲਿਖਤ ਤੋਂ ਉਠਿਆ ਸਾਧਾਰਣ ਸਵਾਲ ਪੁੱਛਿਆ ਹੈ) ਹੁਣ ਸਵਾਲ ਪੈਦਾ ਹੁੰਦਾ ਹੈ ਕਿ- ਜੇ **ਨਿਰੰਕਾਰ ਸਰਬ ਵਿਆਪਕ ਹੋਣ ਕਰਕੇ** ਸਾਰੀ ਧਰਤੀ “ਸੱਚਖੰਡ” ਹੈ।ਫੇਰ ਤਾਂ ਜਿਹਨਾਂ ਨੇ ਅਤੇ ਜਿਸ ਤਰ੍ਹਾਂ ਵੀ ਧਰਤੀ ਤੇ ਮਨੁੱਖਤਾ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਉਹਨਾਂ ਦੇ ਹੁੰਦਿਆਂ ਉਸੇ ਹਾਲਤ ਵਿੱਚ ਹੀ ਧਰਤੀ ਸੱਚਖੰਡ ਹੈ। - ਅਤੇ ਦੂਜੇ ਪਾਸੇ ਜੇ ਮਰਨ ਤੋਂ ਬਾਅਦ ਸੱਚਖੰਡ ਦੀ ਇੱਛਾ ਰੱਖਣ ਕਰਕੇ ਧਰਤੀ ਸੱਚਖੰਡ ਨਹੀਂ ਹੈ ਜਾਂ ਨਹੀਂ ਰਹੀ ਤਾਂ ਉਸ ਹਾਲਤ ਵਿੱਚ *ਨਿਰੰਕਾਰ ਦੇ ਵਿਆਪਕ ਹੋਣ ਕਰਕੇ ਧਰਤੀ ਸੱਚਖੰਡ ਹੈ* ਵਾਲੇ ਸਤਿਨਾਮ ਸਿੰਘ ਦੇ ਫਾਰਮੁਲੇ ਦਾ ਕੀ ਬਣੇਗਾ?
ਅੱਗੇ ਸਤਿਨਾਮ ਸਿੰਘ ਲਿਖਦੇ ਹਨ:- “ਜਰਾ ਸੋਚੋ ਹਰ ਮਨੁੱਖ ਦਾ 'ਜਮਣਾ 'ਜਿਊਣਾ ਤੇ ਮਰਨਾ ਇੱਕੋ ਜਿਹਾ ਹੈ, ਜੇ 'ਜਮਣ 'ਜਿਊਣ ਤੇ 'ਮਰਨ ਲਈ ਰੱਬ ਦਾ ਕਨੂੰਨ ਹਰ ਜੀਵ ਲਈ ਇੱਕੋ ਜਿਹਾ ਹੈ ਫਿਰ ਮਰਨ ਤੋਂ ਬਾਦ ਰੱਬ ਦਾ ਕਨੂੰਨ ਜੀਵਾਂ ਲਈ ਵੱਖਰਾ ਵੱਖਰਾ ਕਿਉਂ ਹੋ ਜਾਂਦਾ ਹੈ?????? ”
ਵਿਚਾਰ:- ਸਤਿਨਾਮ ਸਿੰਘ ਦੱਸਣ ਦੀ ਖੇਚਲ ਕਰਨਗੇ ਕਿ ਮਨੁੱਖ ਦਾ ਜੰਮਣਾ, ਜਿਉਣਾ ਤੇ ਮਰਨਾ ਇਕੋ ਜਿਹਾ ਕਿਵੇਂ ਹੈ? ਜੰਮਣਾ ਇੱਕੋ ਜਿਹਾ ਹੈ ਬਾਰੇ:- ਬਾਕੀ ਦੀਆਂ ਜੂਨਾਂ ਦੀ ਗੱਲ ਜੇ ਛੱਡ ਵੀ ਦੇਈਏ ਤਾਂ ਕੀ ਹਰ ਮਨੁੱਖ ਇਕੋ ਜਿਹੇ ਹਾਲਾਤਾਂ ਵਿੱਚ ਪੈਦਾ ਹੁੰਦਾ ਹੈ? ਗੁਰਬਾਣੀ ਫੁਰਮਾਨ ਹੈ-
“ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥ ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥ {ਪੰਨਾ 475}”
ਸਵਾਲ ਪੈਦਾ ਹੁੰਦਾ ਹੈ ਕਿ ਕੀ, ਵੱਖ ਵੱਖ ਕਿਸਮ ਦੇ ਸਰੀਰ-ਰੂਪੀ ਭਾਂਡੇ ਨਹੀਂ ਸਾਜੇ ਹੋਏ? ਕੀ ਕਈਆਂ ਨੂੰ ਸੁਖ ਅਤੇ ਕਈਆਂ ਨੂੰ ਦੁਖ ਨਹੀਂ ਮਿਲਦੇ? ਕੀ ਕਈ ਸੜਕ ਦੇ ਕਿਨਾਰੇ ਝੁੱਗੀਆਂ ਵਿੱਚ ਨਹੀਂ ਜੰਮਦੇ ਜਿਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ? ਅਤੇ ਕੀ, ਕਈ ਆਲੀਸ਼ਾਨ ਬੰਗਲਿਆਂ ਵਿੱਚ ਨਹੀਂ ਜੰਮਦੇ, ਜਿਹਨਾਂ ਨੂੰ ਹਰ ਕਿਸਮ ਦੀਆਂ ਸੁਖ ਸਹੂਲਤਾਂ ਜੰਮਣ ਤੋਂ ਪਹਿਲਾਂ ਹੀ ਤਿਆਰ ਮਿਲਦੀਆਂ ਹਨ? ਕੀ ਕਈ ਰਜਾਈਆਂ ਦਾ ਨਿੱਘ ਨਹੀਂ ਮਾਣਦੇ ਅਤੇ ਕਈ ਉਹਨਾਂ ਦੀ ਸੇਵਾ ਵਿੱਚ ਤਿਆਰ-ਬਰ-ਤਿਆਰ ਨਹੀਂ ਖੜੇ ਰਹਿੰਦੇ? ਕੀ ਕਈਆਂ ਤੇ ਉਸ ਦੀ ਨਦਰ ਕਰਮ ਨਹੀਂ ਹੁੰਦੀ ਅਤੇ ਕਈ ਉਸ ਦੀ ਨਦਰ ਕਰਮ ਤੋਂ ਵਾਂਝੇ ਨਹੀਂ ਰਹਿ ਜਾਂਦੇ? ਜੇ ਇਹ ਫਰਕ ਹੈ ਤਾਂ ਸਭ ਦਾ ਜੰਮਣਾ ਇਕੋ ਜਿਹਾ ਕਿਵੇਂ ਹੋਇਆ?
ਸਭ ਦਾ ਜਿਉਣਾ ਇੱਕੋ ਜਿਹਾ ਹੈ ਬਾਰੇ:- ਕੀ ਕਈ ਸਾਰੀ ਉਮਰ ਪਰਾਇਆ ਹੱਕ ਮਾਰਕੇ, ਧੋਖਾ ਧੜੀ ਕਰਕੇ ਅਤੇ ਹੋਰ ਕਈ ਕਿਸਮ ਦੇ ਵਿਕਾਰਾਂ ਵਿੱਚ ਨਹੀਂ ਗੁਜ਼ਾਰ ਦਿੰਦੇ? ਅਤੇ ਕਈ ਸਾਰੀ ਉਮਰ ਪਰਉਪਕਾਰ, ਮਨੁਖਤਾ ਦੀ ਸੇਵਾ ਅਤੇ ਸਾਰਾ ਜੀਵਨ ਵਿਕਾਰਾਂ ਤੋਂ ਰਹਿਤ ਨਹੀਂ ਗੁਜ਼ਾਰ ਦਿੰਦੇ? ਜੇ ਹਾਂ, ਤਾਂ ਸਭ ਦਾ ਜਿਉਣਾ ਇੱਕੋ ਜਿਹਾ ਕਿਵੇਂ ਹੋ ਗਿਆ? ਸਤਿਨਾਮ ਸਿੰਘ ਨੇ ਕੁਝ ਦਿਨ ਪਹਿਲਾਂ ਰੇਡੀਓ ਟਾਕ ਸ਼ੋ ਦੀ ਇਹ ਵੀਡੀਓ ਖੁਦ ਹੀ ਸਾਂਝੀ ਕੀਤੀ ਸੀ।ਜਿਸ ਨੂੰ ਸਤਿਨਮ ਸਿੰਘ ਨੇ ਬੜੇ ਫਖਰ ਨਾਲ ਸਾਂਝਾ ਕੀਤਾ ਸੀ ਅਤੇ ਦੋਸਤਾਂ ਨੂੰ ਕਿਹਾ ਸੀ ਕਿ ਕੋਈ ਇਸ ਦੀਆਂ ਗੱਲਾਂ ਦੇ ਜਵਾਬ ਦੇਵੇ। ਟਾਕ ਸ਼ੋ ਤੇ ਕਾਲਰ ਦੇ ਵਿਚਾਰ:- ਜਦੋਂ ਕੋਈ ਬੰਦਾ 10-12 ਬੰਦਿਆਂ ਦੇ ਗਲ਼ ਕੱਟ ਦਿੰਦਾ ਹੈ, ਓਦੋਂ ਰੱਬ ਕਿੱਥੇ ਸੁੱਤਾ ਹੁੰਦਾ ਹੈ? ਧੌਣ ਵੱਢਣ ਲੱਗਾ ਕਿਉਂ ਨਹੀਂ ਉਸ ਨੂੰ ਸਜ਼ਾ ਦੇ ਦਿੰਦਾ?,,, ਪਤਾ ਨਹੀਂ ਰੱਬ ਕਿਹੜੀ ਨੀਂਦ ਸੁੱਤਾ ਹੋਇਆ ਵਾ? ਕਿੱਥੇ ਗਿਆ ਹੋਇਆ ਵਾ? ਸਤਿਨਾਮ ਸਿੰਘ ਮੁਤਾਬਕ ਸਾਰੇ ਮਨੁੱਖ ਇਕੋ ਜਿਹਾ ਜੀਵਨ ਜਿਉਂਦੇ ਹਨ, ਅਤੇ ਸਭ ਵਿੱਚ ਕਰਤਾਰ ਵਿਆਪਕ ਹੋਣ ਕਰਕੇ ਸਭ ਸੱਚਖੰਡ ਹੀ ਹੈ ਤਾਂ, ਸਤਿਨਾਮ ਸਿੰਘ ਹੀ ਜਵਾਬ ਦੇ ਦੇਣ ਕਿ ਕੋਈ ਕਿਸੇ ਦੇ ਗਲ਼ੇ ਕਿਉਂ ਕੱਟ ਦਿੰਦਾ ਹੈ।ਸਭ ਦੇ ਵਿੱਚ ਵਿਆਪਕ ਹੋਣ ਕਰਕੇ ਸਭ ਸੱਚਖੰਡ ਹੈ ਤਾਂ ਉਹ ਗੁਨਾਹ ਕਰਨ ਤੋਂ ਪਹਿਲਾਂ ਹੀ ਕਿਸੇ ਨੂੰ ਗੁਨਾਂਹ ਕਰਨ ਦੀ ਪ੍ਰੇਰਣਾ ਹੀ ਕਿਉਂ ਕਰਦਾ ਹੈ, ਜਾਂ ਗੁਨਾਹ ਕਰਨ ਤੋਂ ਰੋਕਦਾ ਕਿਉਂ ਨਹੀਂ? ਰੱਬ ਕਿਥੇ ਸੁੱਤਾ ਹੋਇਆ ਵਾ? ਰੱਬ ਕਿਥੇ ਗਿਆ ਹੋਇਆ ਵਾ?
ਸਭ ਦਾ ਮਰਨਾ ਇੱਕੋ ਜਿਹਾ ਹੈ ਬਾਰੇ:- ਕੀ ਕਈ ਸੌਖੇ ਹੀ ਸੰਸਾਰ ਤੋਂ ਰੁਖਸਤ ਨਹੀਂ ਹੋ ਜਾਂਦੇ, ਅਤੇ ਕੀ ਕਈਆਂ ਦਾ ਅੰਤ ਦੁਖਦਾਈ ਨਹੀਂ ਹੁੰਦਾ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਜਦੋਂ ਨਿਰੰਕਾਰ ਇੱਕ ਹੈ। ਸਾਰੇ ਬ੍ਰਹਮੰਡ ਵਿੱਚ ਸਰਬ ਵਿਆਪਕ ਹੈ। ਤਾਂ ਇਸੇ ਧਰਤੀ ਤੇ ਸਭ ਦਾ ਜੰਮਣਾ, ਜਿਉਣਾ ਅਤੇ ਮਰਨਾ ਵੱਖ ਵੱਖ ਕਿਉਂ ਹੈ? ਕੋਈ ਦੁਰਾਚਾਰੀ, ਬਲਾਤਕਾਰੀ, ਅਤਿਆਚਾਰੀ ਅਤੇ ਕੋਈ ਸਦਾਚਾਰੀ, ਪਰਉਪਕਾਰੀ ਕਿਉਂ ਹੈ? ਜੇ ਅਕਾਲ ਪੁਰਖ ਦੇ ਸਰਬ ਵਿਆਪਕ ਹੋਣ, ਕਰਤਾਰ ਅਤੇ ਦੁਨੀਆਂ ਇੱਕ ਹੋਣ ਤੇ ਵੀ ਸਭ ਦਾ ਜੰਮਣਾ, ਜਿਉਣਾ ਅਤੇ ਮਰਨਾ ਵੱਖ ਵੱਖ ਹੈ ਇਸ ਤਰ੍ਹਾਂ ਸਤਿਨਾਮ ਸਿੰਘ ਦੀ ਸੋਚ ਵਾਲਾ ਰੱਬ ਦਾ ਕਨੂੰਨ ਹਰ ਜੀਵ ਲਈ ਵੱਖਰਾ ਵੱਖਰਾ ਹੋਇਆ, ਤਾਂ ਫੇਰ ਮਰਨ ਤੋਂ ਬਾਅਦ ਜੀਵਾਂ ਦਾ ਜੰਮਣਾ ਮਰਨਾ ਵੱਖਰਾ ਵੱਖਰਾ ਕਿਉਂ ਨਹੀਂ ਹੋ ਸਕਦਾ? ਜੇ ਸਰਬ ਵਿਆਪਕ ਨਿਰੰਕਾਰ ਦੀ ਧਰਤੀ ਤੇ ਵੱਖ ਵੱਖ ਕਿਸਮ ਦੇ ਜੀਵ ਜਨਮ ਲੈਂਦੇ ਹਨ ਤਾਂ ਮਰਨ ਤੋਂ ਬਾਅਦ ਫੇਰ ਵੱਖ ਵੱਖ ਜੂਨਾਂ ਵਿੱਚ ਜਨਮ ਕਿਉਂ ਨਹੀਂ ਲੈ ਸਕਦੇ? ਸਤਿਨਾਮ ਸਿੰਘ ‘ਨਿਰੰਕਾਰ’ ਨੂੰ ‘ਸੱਚ’ ਦਾ ਸਮਾਨਾਰਥੀ ਦਰਸਾਉਂਦੇ ਹੋਏ ਲਿਖਦੇ ਹਨ:- “ਨਿਰੰਕਾਰ (ਸਚ) ਤੋ ਬਿਨਾ ਐਸਾ ਕੁਝ ਵੀ ਨਹੀਂ ਹੈ ਜਿਥੇ ਨਿਰੰਕਾਰ ਨਹੀ ਹੈ, ਜੇ ਨਿਰੰਕਾਰ ਸਰਬ ਵਿਆਪਕ ਹੈ ਫਿਰ ਪੂਰਾ ਬ੍ਰਹਿਮੰਡ ਸਮੁਚੀ ਕਾਇਨਾਤ ਹੀ ਸਚਖੰਡਿ ਹੈ”..“ਗੁਰਬਾਣੀ ਨੇ ਕਿਤੇ ਵੀ ਰੱਬ ਤੇ ਦੁਨੀਆ (ਸਮੁਚੀ ਕਾਇਨਾਤ) ਨੂੰ ਦੋ ਨਹੀਂ ਮਨਿਆਂ ..” ਵਿਚਾਰ:- ਸਤਿਨਾਮ ਸਿੰਘ ਦੱਸਣ ਦੀ ਖੇਚਲ ਕਰਨਗੇ ਕਿ ਜੇ ‘ਨਿਰੰਕਾਰ’ ਦੇ ਸਰਬ ਵਿਆਪਕ ਹੋਣ ਕਰਕੇ ਸਾਰਾ ਬ੍ਰਹਮੰਡ, ਸਾਰੀ ਕਾਇਨਾਤ ਹੀ *ਸੱਚ* ਹੈ ਤਾਂ ਗੁਰਬਾਣੀ ਦੇ ਹੇਠਾਂ ਲਿਖੇ ਉਪਦੇਸ਼ ਦਾ ਕੀ ਮਤਲਬ ਹੈ:-
“ਅਸੰਖ ਕੂੜਿਆਰ ਕੂੜੇ ਫਿਰਾਹਿ ॥”-
“ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥”
“ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥”
ਸਵਾਲ- ਜੇ ਸਭ **ਸੱਚ** ਹੈ ਤਾਂ ਰਾਜਾ, ਪਰਜਾ, ਸਭ ਸੰਸਾਰ…. ਕੂੜ ਕਿਵੇਂ ਹੋ ਗਏ? ਜੇ ਗੁਰਬਾਣੀ ਨੇ ਕਿਤੇ ਵੀ ਰੱਬ ਤੇ ਦੁਨੀਆਂ (ਸਮੁਚੀ ਕਾਇਨਾਤ) ਨੂੰ ਦੋ ਨਹੀਂ ਮੰਨਿਆ ਅਤੇ ਜੇ ਸਾਰੀ ਦੁਨੀਆਂ ‘ਇੱਕ ਰੱਬ’ ਹੀ ਹੈ, ਜੇ ਸਾਰੀ ਦੁਨੀਆਂ ‘ਸੱਚ’ ਹੈ ਤਾਂ ਅਸੰਖ ਕੂੜਿਆਰ ਅਤੇ ਅਸੰਖ ਮਲੇਸ਼ ਕਿਉਂ ਹਨ? ਜੇ ਸਾਰੀ ਦੁਨੀਆਂ ਸਾਰੀ ਕਾਇਨਾਤ ਨਿਰੰਕਾਰ (ਸੱਚ) ਹੈ:-
“ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ”
ਤਾਂ ਫੇਰ “ਤੁਧੁ ਬਾਝੁ” ਕਿਸ ਦੇ ਲਈ ਕਿਹਾ ਹੈ? ਕੀ ਸੰਸਾਰ ਤੇ ਕੁਝ ਐਸਾ ਵੀ ਹੈ ਜਿਹੜਾ ਉਸ ਤੋਂ ਬਿਨਾ ਹੈ???
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-:‘ਸੱਚ ਖੰਡ ਵਸੈ ਨਿਰੰਕਾਰ’ ਲੇਖ ਬਾਰੇ :-
Page Visitors: 2872