ਸ਼੍ਰੋਮਣੀ ਕਮੇਟੀ ਨੂੰ ਨਵੇ ਸਾਲ ਦੀਆਂ ਵਧਾਈਆਂ
ਸਰਵਜੀਤ ਸਿੰਘ ਸੈਕਰਾਮੈਂਟੋ
ਜਦੋਂ ਵੀ ਨਵਾਂ ਸਾਲ ਅਰੰਭ ਹੁੰਦਾ ਹੈ ਤਾਂ ਅਸੀਂ ਸ਼ਿਸ਼ਟਾਚਾਰ ਵਜੋਂ ਆਪਣੇ ਸਕੇ-ਸਬੰਧੀਆਂ, ਸੱਜਣਾ ਮਿੱਤਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ। ਅੱਜ ਸਾਡੀ ਧਰਤੀ ਤੇ ਗਰੈਗੋਰੀਅਨਕੈਲੰਡਰ ਮੁਤਾਬਕ 1 ਜਨਵਰੀ ਨੂੰ ਅਰੰਭ ਹੋਣ ਵਾਲੇ ਸਾਲ ਨੂੰ ਸਮੁੱਚੇ ਤੌਰ ਤੇ ਨਵੇ ਸਾਲ ਦੇ ਅਰੰਭ ਵਜੋ ਮਨਾਇਆ ਜਾਂਦਾ ਹੈ। ਇਸ ਨੂੰ ਸੀ: ਈ: (ਛੋਮਮੋਨ ਓਰੳ) ਵੀ ਕਿਹਾ ਜਾਂਦਾ ਹੈ। ਦੁਨੀਆ ਦਾ ਸਾਰਾ ਕਾਰ-ਵਿਹਾਰ ਇਸੇ ਕੈਲੰਡਰ ਮੁਤਾਬਕ ਹੀ ਚਲਦਾ ਹੈ।ਵੱਖ-ਵੱਖ ਕੌਮਾਂ ਦੇ ਆਪਣੇ-ਆਪਣੇ ਕੈਲੰਡਰ ਵੀ ਪ੍ਰਚੱਲਤ ਹਨ ਜਿਨ੍ਹਾਂ ਮੁਤਾਬਕ ਉਹ ਆਪਣੇ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਦਿਹਾੜੇ ਮਨਾਉਂਦੇ ਹਨ। ਜਿਵੇ ਹਿਜਰੀ ਕੈਲੰਡਰ। ਇਹ ਇਸਲਾਮ ਧਰਮ ਦਾ ਕੈਲੰਡਰ ਹੈ। ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦਾ ਕੈਲੰਡਰ ਹੈ। ਪਿਛਲੇ ਲੰਮੇ ਸਮੇ ਤੋਂ ਹਿੰਦੋਸਤਾਨ ੱਚ ਦੋ ਕੈਲੰਡਰ ਪ੍ਰਚਲਤ ਹਨ। ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ। ਗੁਰੂ ਕਾਲ ਵੇਲੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਵਰਤੋ ਹੁੰਦੀ ਸੀ। ਜਨਮ ਸਾਖੀਆਂ, ਗੁਰੂ ਕੀਆਂ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਹੁਕਮਨਾਮਿਆਂ ਸਮੇਤ ਸਾਰੇ ਪੁਰਾਤਨ ਵਸੀਲਿਆਂ ੱਚ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖਾਂ ਮਿਲਦਿਆਂ ਹਨ। ਉਦਾਹਰਣ ਵਜੋ, ਖਾਲਸਾ ਪ੍ਰਗਟ ਦਿਵਸ 1 ਵੈਸਾਖ, ਇਹ ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ।
ਨਾਨਕਸ਼ਾਹੀ ਕੈਲੰਡਰ:- ਇਸ ਕੈਲੰਡਰ ਨੂੰ ਕੌਮ ਦੇ ਵਿਦਵਾਨਾਂ ਦੀ ਕਈ ਸਾਲਾਂ ਦੀ ਵਿਚਾਰ ਚਰਚਾ ਉਪ੍ਰੰਤ ਨੇ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਪਿਛੋਂ ਸ਼੍ਰੋਮਣੀ ਕਮੇਟੀ ਨੇ 1 ਵੈਸਾਖ ਸੰਮਤ 535 ਨਾਨਕਸ਼ਾਹੀ ਨੂੰ ਸ਼੍ਰੋਮਣੀ ਕਮੇਟੀ ਵੱਲੋਂਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਾਰੀ ਕੀਤਾ ਗਿਆ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਮੰਨੀ ਗਈ ਜੋ ਇਹ ਲੰਬਾਈ ਰੁੱਤੀ ਸਾਲ ਦੀ ਲੰਬਾਈ, (365.2422 ਦਿਨ) ਬਹੁਤ ਨੇੜੇ ਹੈ। ਸਾਲ ਦੇ 12 ਮਹੀਨੇ, ਹਰ ਮਹੀਨੇ ਦੇ ਅਰੰਭ ਦੀ ਤਾਰੀਖ ਅਤੇ ਮਹੀਨੇ ਦੇ ਦਿਨ ਸਦਾ ਵਾਸਤੇ ਪੱਕੇ ਕਰ ਦਿੱਤੇ ਗਏ।ਨਾਨਕਸ਼ਾਹੀ ਕੈਲੰਡਰ ਵਿਚ ਸਿੱਖ ਇਤਿਹਾਸ ਨਾਲ ਸਬੰਧਿਤ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਦੁਨੀਆਂ ਦੇ ਸਾਂਝੇ ਕੈਲੰਡਰ (ਸੀ. ਈ. ਜਾਂ ਗਰੈਗੋਰੀਅਨ ਕੈਲੰਡਰ) ਮੁਤਾਬਕ ਵੀ ਹਰ ਸਾਲ ਇਕ ਖਾਸ ਤਾਰੀਖ ਨੂੰ ਹੀ ਆਉਂਦੇ ਹਨ। ਇਸ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਰਾਤ ਦੇ 12 ਵਜੇ ਤੋਂ ਹੁੰਦਾ ਹੈ। ਇਸ ਸਾਲ ਦਾ ਅਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ। ਸੰਮਤ 548 ਨਾਨਕਸ਼ਾਹੀ ਦੇ ਆਰੰਭ ਤੇ (1 ਚੇਤ/14 ਮਾਰਚ) ਦੇਸ਼ ਵਿਦੇਸ਼ ਦੇ ਗੁਰਦਵਾਰਿਆਂ ਵਿੱਚ ਸਮਾਗਮ ਕੀਤੇ ਉਥੇ ਹੀ ਸੋਸ਼ਲ ਮੀਡੀਏ ਉਪਰ ਵੀ ਬਹੁਤ ਵੱਡੇ ਪੱਥਰ ਤੇ ਵਧਾਈਆਂ ਦਾ ਆਨ-ਪ੍ਰਦਾਨ ਵੀ ਕੀਤਾ ਗਿਆ।
ਪਿਛਲੇ ਲੰਮੇ ਸਮੇ ਤੋਂ ਹਿੰਦੋਸਤਾਨ ੱਚ ਦੋ ਕੈਲੰਡਰ ਪ੍ਰਚਲਤ ਹਨ। ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ। ਗੁਰੂ ਕਾਲ ਵੇਲੇ ਇਨ੍ਹਾਂ ਦੋਵਾਂ ਕੈਲੰਡਰਾਂ ਦੀ ਵਰਤੋ ਹੁੰਦੀ ਸੀ। ਜਨਮ ਸਾਖੀਆਂ, ਗੁਰੂ ਕੀਆਂ ਸਾਖੀਆਂ, ਗੁਰਬਿਲਾਸ, ਰਹਿਤਨਾਮੇ, ਹੁਕਮਨਾਮਿਆਂ ਸਮੇਤ ਸਾਰੇ ਪੁਰਾਤਨ ਵਸੀਲਿਆਂ ੱਚ ਇਨ੍ਹਾਂ ਦੋਵਾਂ ਕੈਲੰਡਰਾਂ ਦੀਆਂ ਤਾਰੀਖਾਂ ਮਿਲਦਿਆਂ ਹਨ। ਉਦਾਹਰਣ ਵਜੋ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ ਹੈ ਅਤੇ ਖਾਲਸਾ ਪ੍ਰਗਟ ਦਿਵਸ 1 ਵੈਸਾਖ, ਇਹ ਸੂਰਜੀ ਬਿਕ੍ਰਮੀ ਕੈਲੰਡਰ ਦੀ ਤਾਰੀਖ।
ਸੂਰਜੀ ਬਿਕ੍ਰਮੀ ਕੈਲੰਡਰ:-ਗੁਰੂ ਕਾਲ ਵੇਲੇ ਇਹ ਕੈਲੰਡਰ ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ੱਚ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੀ ਲੰਬਾਈ 365.2587 ਦਿਨ ਸੀ। ਇਸ ਨੂੰ ਸੂਰਜੀ ਸਿਧਾਂਤ ਕਿਹਾ ਜਾਂਦਾ ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.2422ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 ੱਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ ੱਚ ਇਸ ਕੈਲੰਡਰ ੱਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਦਿਨਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ ਸੰਗਰਾਂਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆ ਸੰਗਰਾਦਾਂ ਅਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ। ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ ਪੁਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ ੱਚ 12 ਮਹੀਨੇ (ਚੇਤ ਤੋਂ ਫੱਗਣ) ਅਤੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕਿੰਡ) ਹੁੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ, ਦੋ ਸਾਲਾ ਵਿਚ 22 ਦਿਨ ਜਾਂ ਤਿੰਨ ਸਾਲਾਂ ੱਚ 33 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਯਾਦ ਰਹੇ ਪਿਛਲੇ ਸਾਲ (ਸੰਮਤ 2072 ਬਿ:) ਹਾੜ ਦੇ ਦੋ ਮਹੀਨੇ ਸਨ ਅਤੇ ਸੰਮਤ2075 ਬਿ: ਜੇਠ ਦੇ ਦੋ ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ ੱਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਇਸ ਕੈਲੰਡਰ ੱਚ ਇਕ ਦਿਨ ਵਿਚ ਦੋ ਤਾਰੀਖਾਂ (ਤਿਥੀਆਂ) ਜਾਂ ਦੋ ਦਿਨਾਂ ੱਚ ਇਕ ਤਾਰੀਖ (ਤਿਥੀ) ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ।
ਗਰੈਗੋਰੀਅਨ (ਸੀ: ਈ:) ਕੈਲੰਡਰ:-ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਈ:ਵਿਚ ਇਸ ੱਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਤਰੀਖਾਂ ਖਤਮ ਕਰ ਦਿੱਤੀਆਂ ਗਈਆਂ ਸਨ। ਇੰਗਲੈਂਡ ਨੇ ਇਹ ਸੋਧ ਸਤੰਬਰ 1752 ਈ:ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ: ਈ: ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਰਾਤ ਦੇ 12 ਵਜੇ ਤੋਂ ਹੁੰਦਾ ਹੈ।
31 ਦਸੰਬਰ ਦੀ ਰਾਤ, ਦੁਨੀਆਂ ਭਰ ਦੇ ਗੁਰਦਵਾਰਿਆਂ ੱਚ ਰਾਤ ਦੇ 12 ਵਜੇ ਜੈਕਾਰੇ ਛੱਡੇ ਗਏ ਅਤੇ ਨਵੇ ਸਾਲ 2016ਈ: ਨੂੰ ਜੀ ਆਇਆ ਆਖਿਆ ਗਿਆ ਸੀ। 1 ਚੇਤ ਨੂੰ 14 ਮਾਰਚ ਨੂੰ ਫੇਰ ਸਮਾਗਮ ਕਰਕੇ ਨਾਨਕਸ਼ਾਹੀ ਸੰਮਤ 548 ਨੂੰ ਜੀ ਆਇਆ ਆਖਿਆ ਗਿਆ। ਯਾਦ ਰਹੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਵੀ 1 ਚੇਤ 14 ਮਾਰਚ ਨੂੰ ਹੀ ਸੀ। ਇਸ ਲਈ ਨਵਾ ਸਾਲ ਨਾਨਕਸ਼ਾਹੀ ਅਤੇ ਬਿਕਰਮੀ ਦੋਵੇਂ ਹੀ ਇਕੱਠੇ ਹੀ ਸਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦਸੰਬਰ 2009 ਈ: ਵਿਚ ਦੋ ਮੈਂਬਰੀ ਕਮੇਟੀ (ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਦੀ ਕਮੇਟੀ ਬਣਾਈ ਗਈ। ਇਸ ਕਮੇਟੀ ਦੀ ਸ਼ਿਫਾਰਸ਼ ਤੇ 4 ਦਿਹਾੜੇ ਚੰਦਰ ਸੂਰਜੀ ਬਿਕ੍ਰਮੀ, ਬਾਕੀ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ, ਸੰਗਰਾਦਾਂ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਮੁਤਾਬਕ ਕਰਕੇ ਇਕ ਮਿਲਗੋਭਾ ਕੈਲੰਡਰ ਤਿਆਰ ਕੀਤਾ ਗਿਆ, ਜਿਸ ਦਾ ਨਾਮ ਦੋ ਮੈਂਬਰੀ ਕਮੇਟੀ ਦੇ ਨਾਮ ਤੇ (ਧੁੰਮਾ ਅਤੇ ਮੱਕੜ) ਧੁਮੱਕੜਸ਼ਾਹੀ ਕੈਲੰਡਰ ਪ੍ਰਚੱਲਤ ਹੋ ਗਿਆ। 2015 ਵਿੱਚ ਬਿਨਾ ਕਿਸੇ ਕਮੇਟੀ ਦੀ ਸ਼ਿਫਾਰਸ਼ ਅਤੇ ਬਿਨਾ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਤੋਂ ਸ਼੍ਰੋਮਣੀ ਕਮੇਟੀ ਨੇ ਸਾਰੇ ਹੀ ਗੁਰਪੁਰਬ ਚੰਦਰ ਸੂਰਜੀ ਮੁਤਾਬਕ ਕਰ ਦਿੱਤੇ। 2010 ਈ: ਵਿਚ ਬਣਾਏ ਗਏ ਧੁਮੱਕੜਸ਼ਾਹੀ ਕੈਲੰਡਰ ਵਿੱਚ ਇਕ ਵੇਰ ਫੇਰ ਸੋਧ ਕਰ ਦਿੱਤੀ ਇਥੇ ਹੀ ਵੱਸ ਨਹੀ ਸਮੇਂ-ਸਮੇਂ ਗਿਆਨੀ ਗੁਰਬਚਨ ਸਿੰਘ ਜੀ ਗੁਰਪੁਰਬਾਂ ਦੀਆਂ ਤਾਰੀਖ਼ਾ ਬਦਲੀ ਕਰਨ ਦੇ ਹੁਕਮਨਾਵੇਂ ਵੀ ਜਾਰੀ ਕਰਦੇ ਰਹਿੰਦੇ ਹਨ। ਇਸ ਦੀ ਤਾਜ਼ਾ ਮਿਸਾਲ ਹੈ ਗੁਰੂ ਹਰਿਰਾਏ ਜੀ ਦੀ ਗੁਰਤਾਗੱਦੀ ਦਾ ਦਿਹਾੜਾ 23 ਚੇਤ ਤੋਂ ਬਦਲ ਕੇ 1 ਚੇਤ ਨੂੰ ਮਨਾਉਣਾ।
ਚੰਦ ਦੇ ਮਹੀਨੇ ਵਿੱਚ ਦੋ ਪੱਖ ਹੁੰਦੇ ਹਨ ਇਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ। ਉਤਰੀ ਭਾਰਤ ਵਿੱਚ ਮਹੀਨਾ ਪੁੰਨਿਆ ਤੋਂ ਪੁੰਨਿਆ ਭਾਵ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿੱਚ ਅਮੰਤਾ ਭਾਵ ਮੱਸਿਆ ਤੋਂ ਮੱਸਿਆ ਗਿਣਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਤਰੀ ਭਾਰਤ ਵਿੱਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਅਰੰਭ ਹੁੰਦਾ ਹੈ ਪਰ ਸਾਲ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ ਇਕ ਤੋਂ ਹੁੰਦਾ ਹੈ। ਸੰਮਤ 2072 ਬਿਕ੍ਰਮੀ ਦੇ ਆਖਰੀ ਮਹੀਨੇ ਭਾਵ ਫੱਗਣ ਦੀ ਪੁੰਨਿਆ ਤਾਂ 23 ਮਾਰਚ ਨੂੰ ਸੀ। ਚੇਤ ਦਾ ਅਰੰਭ, ਚੇਤ ਵਦੀ ਏਕਮ/24 ਮਾਰਚ ਤੋਂ ਹੋਇਆ ਸੀ ਪਰ ਸੰਮਤ 2073 ਬਿਕ੍ਰਮੀ ਦਾ ਅਰੰਭ ਚੇਤ ਸੁਦੀ ਏਕਮ/8 ਅਪ੍ਰੈਲ ਨੂੰ ਹੋਵੇਗਾ। ਚੇਤ ਮਹੀਨੇ ਦੇ ਦੋਵੇਂ ਪੱਖ, ਦੋ ਵੱਖ-ਵੱਖ ਸਾਲਾਂ ਵਿਚ ਗਿਣੇ ਜਾਂਦੇ ਹਨ। ਚੇਤ ਦਾ ਪਹਿਲਾ ਅੱਧ, ਖਤਮ ਹੋ ਰਹੇ ਸਾਲ ਵਿੱਚ ਅਤੇ ਦੂਜਾ ਅੱਧ, ਅਰੰਭ ਹੋ ਰਹੇ ਸਾਲ ਵਿੱਚ ਗਿਣਿਆ ਜਾਂਦਾ ਹੈ। ਸੁਦੀ ਪੱਖ ਦੋਵੇਂ ਪਾਸੇ ਭਾਵ ਉਤਰੀ ਅਤੇ ਦੱਖਣੀ ਭਾਰਤ, ਇਕ ਹੁੰਦਾ ਹੈ ਪਰ ਵਦੀ ਪੱਖ ਵਿੱਚ ਇਕ ਮਹੀਨੇ ਦਾ ਫ਼ਰਕ ਪੈ ਜਾਂਦਾ ਹੈ। ਪਾਠਕ ਨੋਟ ਕਰਨ ਕਿ, ਬਿਪਰ ਵੱਲੋਂ ਬੁਣੇ ਗਏ ਇਸ ਮੱਕੜ ਜਾਲ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ ਨਾ ਕਿ ਚੰਦ ਨੂੰ। ਪਤਾ ਨਹੀ ਸ਼੍ਰੋਮਣੀ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਹ ਨਾਨਕ ਸ਼ਾਹੀ ਕੈਲੰਡਰ ਦੀ ਥਾਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਕੇ 2010 ਈ: ਤੋਂ ਮੁੜ ਵਦੀ-ਸੁਦੀ ਦੇ ਮੱਕੜ ਜਾਲ ਵਿੱਚ ਉਲਝ ਗਈ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਕਮੇਟੀ ਖ਼ੁਦ ਹੀ ਵਿਪਰ ਵੱਲੋਂ ਬੁਣੇ ਗਏ ਮੱਕੜ ਜਾਲ ਵਿੱਚ ਉਲਝੀ ਹੋਈ ਹੈ ਉਹ ਗੁਰਬਾਣੀ ਦਾ ਸੱਚ ਕਿਵੇਂ ਪ੍ਰਚਾਰ ਸਕਦੀ ਹੈ ਜੋ ਵਿਪਰ ਵਾਦ ਦਾ ਵਾਰ-ਵਾਰ ਖੰਡਨ ਕਰਦੀ ਹੈ?
ਸ਼੍ਰੋਮਣੀ ਕਮੇਟੀ ਵੱਲੋਂ 22 ਜਨਵਰੀ 2016 ਈ: ਨੂੰ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿੱਚ ਲੱਗ ਭੱਗ ਅੱਧੇ ਦਿਹਾੜੇ ਵਦੀ-ਸੁਦੀ ਮੁਤਾਬਕ ਦਰਜ ਕੀਤੇ ਗਏ ਹਨ। ਇਸ ਸਾਲ ਦਾ ਅਰੰਭ ਚੇਤ ਸੁਦੀ ਏਕਮਸੰਮਤ 2073 ਬਿਕ੍ਰਮੀ(8 ਅਪ੍ਰੈਲ 2016) ਦਿਨ ਸ਼ੁੱਕਰਵਾਰ ਨੂੰ ਹੋਵੇਗਾ। ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਧੁਮੱਕੜਸ਼ਾਹੀ ਕੈਲੰਡਰ ਨੂੰ ਮਾਨਤਾ ਦੇਣ ਵਾਲੇ ਡੇਰੇ, ਚੇਤ ਸੁਦੀ ਏਕਮ ਨੂੰ ਨਵਾ ਸਾਲ ਮਨਾਉਣਗੇ? ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਅਰੰਭ ਚੇਤ ਸੁਦੀ ਏਕਮ ਨੂੰ ਹੋ ਰਿਹਾ ਹੈ। ਅਸੀਂ ਆਪਣਾ ਫਰਜ਼ ਸਮਝਦੇ ਹੋਏ ਅਗਾਉਂ ਹੀ ਵਧਾਈਆਂ ਦੇ ਰਹੇ ਹਾਂ। ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਡੇਰਿਆਂ ਦੇ ਸ਼ਰਧਾਲੂਆਂ ਨੂੰ,ਇਕ ਹੋਰ ਨਵੇਂ ਸਾਲ ਸੰਮਤ 2073 ਬਿਕ੍ਰਮੀ ਦੀਆਂ ਲੱਖ-ਲੱਖ ਵਧਾਈਆਂ।
ਸਰਵਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਕਮੇਟੀ ਨੂੰ ਨਵੇ ਸਾਲ ਦੀਆਂ ਵਧਾਈਆਂ
Page Visitors: 2900