ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 8)
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥1॥
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
ਸਤਿਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥1॥ਰਹਾਉ॥
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥2॥
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥3॥
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥4॥8॥41॥
॥ਰਹਾਉ॥ ਹੇ ਮੇਰੇ ਮਨ, ਤੂੰ ਤਾਂ ਦਿਨ-ਰਾਤ, ਹਰ ਵੇਲੇ ਮਾਇਆ ਦੀ ਆਸ ਵਿਚ ਹੀ ਜੁੜਿਆ ਰਹਿੰਦਾ ਹੈ। ਸਤਿਗੁਰੁ, ਕਰਤਾਰ ਦੀ ਸੇਵਾ ਕੀਤਿਆਂ, ਉਸ ਦੀ ਰਜ਼ਾ ਵਿਚ ਰਾਜ਼ੀ ਰਿਹਾਂ ਹੀ, ਮਾਇਆ ਦਾ ਮੋਹ ਚੰਗੀ ਤਰ੍ਹਾਂ ਖਤਮ ਹੁੰਦਾ ਹੈ ਅਤੇ ਗ੍ਰਿਹਸਤ ਵਿਚ ਰਹਿੰਦਿਆਂ ਹੀ, ਮਾਇਆ ਵਲੋਂ ਉਦਾਸ ਹੋ ਸਕੀਦਾ ਹੈ।
॥1॥ ਮਨਮੁਖ, ਆਪਣੇ ਮਨ ਦੇ ਕਹੇ ਚੱਲਣ ਵਾਲਾ ਬੰਦਾ, ਮਾਇਆ ਦੇ ਮੋਹ ਵਿਚ ਹੀ ਫਸਿਆ ਰਹਿੰਦਾ ਹੈ। ਉਸ ਦੇ ਅੰਦਰ ਪਰਮਾਤਮਾ ਨਾਲ ਪਿਆਰ ਪੈਦਾ ਨਹੀਂ ਹੁੰਦਾ, ਜਿਸ ਕਾਰਨ ਮਾਇਆ ਵਲੋਂ ਉਪਰਾਮਤਾ ਵੀ ਨਹੀਂ ਪੈਦਾ ਹੁੰਦੀ। ਅਜਿਹਾ ਬੰਦਾ, ਗੁਰੂ ਦੇ ਸ਼ਬਦ ਦੀ ਵਿਚਾਰ ਵੀ ਨਹੀਂ ਕਰਦਾ, ਜਿਸ ਕਾਰਨ ਉਹ ਹਮੇਸ਼ਾ ਦੁਖੀ ਰੀਹੰਦਾ ਹੈ, ਇਵੇਂ ਉਹ ਪ੍ਰਭੂ ਦੀ ਦਰਗਾਹ ਵਿਚ ਵੀ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਗੁਰਮੁਖ ਹੋ ਕੇ ਸ਼ਬਦ ਦੀ ਵਿਚਾਰ ਕੀਤਿਆਂ, ਹਉਮੈ ਦੂਰ ਹੋ ਜਾਂਦੀ ਹੈ ਅਤੇ ਪਰਮਾਤਮਾ ਦੀ ਰਜ਼ਾ ਅਨੁਸਾਰ ਚੱਲਿਆਂ ਸੁਖ ਮਿਲਦਾ ਹੈ।
॥2॥ ਗੁਰਮੁਖ ਬੰਦੇ ਅੰਦਰ, ਗੁਰ ਸ਼ਬਦ ਦੀ ਸਿਖਿਆ ਅਨੁਸਾਰ ਕਰਮ ਕਰਦਿਆਂ, ਪਰਮਾਤਮਾ ਲਈ ਪਿਆਰ ਦੀ ਖੁਸ਼ੀ ਹੁੰਦੀ ਹੈ, ਇਵੇਂ ਉਹ ਹਰ ਵੇਲੇ ਆਤਮਕ ਖੇੜੇ ਵਿਚ ਰਹਿੰਦਾ ਹੈ। ਉਹ ਦਿਨ-ਰਾਤ, ਹਰ ਵੇਲੇ ਪ੍ਰਭੂ ਦੀ ਭਗਤੀ ਕਰਦਿਆਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ, ਚਿੰਤਾ-ਫਿਕਰ ਤੋਂ ਮੁਕਤ ਰਹਿੰਦਾ ਹੈ। ਵੱਡੇ ਭਾਗਾਂ ਨਾਲ ਉਸ ਨੂੰ ਸਤਸੰਗਤਿ ਦੀ ਪਰਾਪਤੀ ਹੋ ਜਾਂਦੀ ਹੈ, ਜਿੱਥੇ ਉਸ ਦਾ ਕਰਤਾਰ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਉਹ ਆਤਮਕ ਅਡੋਲਤਾ ਵਿਚ ਸੁਖ ਮਾਣਦਾ ਹੈ ।
॥3॥ ਜਿਹੜਾ ਬੰਦਾ ਆਪਣੇ ਹਿਰਦੇ ਵਿਚ ਰੱਬ ਦੀ ਰਜ਼ਾ ਯਾਦ ਰੱਖਦਾ ਹੈ, ਉਹ ਬੰਦਾ ਸਹੀ ਅਰਥਾਂ ਵਿਚ ਸਾਧੂ ਹੈ, ਮਾਇਆ ਵਲੋਂ ਬੈਰਾਗੀ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਰੱਖਦਾ ਹੈ, ਇਸ ਲਈ ਉਸ ਤੇ ਵਿਕਾਰਾਂ ਦੀ ਮੈਲ ਕਦੀ ਵੀ ਅਸਰ ਨਹੀਂ ਕਰਦੀ।
ਸਚੇ ਗੁਰੂ ਨੇ ਉਸ ਨੂੰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਅੰਦਰ ਵੀ ਵਿਖਾਅ ਦਿੱਤਾ ਹੁੰਦਾ ਹੈ, ਇਵੇਂ ਉਹ ਪ੍ਰਭੂ ਦੀ ਨੇੜਤਾ ਦਾ ਆਨੰਦ ਰੱਜ-ਰੱਜ ਕੇ ਮਾਣਦਾ ਹੈ।
॥4॥ ਜਿਸ ਨੇ ਵੀ ਪਰਮਾਤਮਾ ਨੂੰ ਲੱਭਿਆ ਹੈ, ਵੱਡੀ ਕਿਸਮਤ ਨਾਲ, ਸਤਸੰਗਤਿ ਵਿਚੋਂ ਪ੍ਰਭੂ-ਪ੍ਰੇਮ ਵਿਚ ਜੁੜ ਕੇ ਹੀ ਲੱਭਿਆ ਹੈ। ਪਰ ਮਨਮੁਖਿ ਬੰਦੇ ਉਸ ਨੂੰ ਜੰਗਲ-ਬੀਆਬਾਨਾਂ ਵਿਚ ਲੱਭਦੇ ਫਿਰਦੇ ਹਨ, ਉਨ੍ਹਾਂ ਦੇ ਅੰਦਰ ਹਉਮੈ ਦੀ ਮੈਲ ਭਰੀ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਅਕਾਲ-ਪੁਰਖ ਬਾਰੇ ਸੋਝੀ ਨਹੀਂ ਹੁੰਦੀ।
ਹੇ ਨਾਨਕ, ਜਿਹੜੇ ਬੰਦੇ ਗੁਰੂ ਦੇ ਸ਼ਬਦ, ਗੁਰੂ ਦੀ ਸਿਖਿਆ ਨੂੰ ਸਮਝ ਗਏ ਹਨ, ਉਹ ਕਰਤਾਰ ਦੀ ਰਜ਼ਾ ਦੇ ਰੰਗ ਵਿਚ ਰੰਗੇ ਗਏ ਹਨ, ਰਾਜ਼ੀ ਹੋ ਗਏ ਹਨ, ਪਰ ਹਰੀ ਦੇ ਨਿਰਮਲ ਭਉ ਦੀ ਪਾਹ ਤੋਂ ਬਗੈਰ ਇਹ ਰੰਗ ਨਹੀਂ ਚੜ੍ਹਦਾ, ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਨਹੀਂ ਹੋ ਸਕੀਦਾ।
ਅਮਰ ਜੀਤ ਸਿੰਘ ਚੰਦੀ
7-4-2016
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 8) ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ
Page Visitors: 2828