ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 9) ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 9) ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ
Page Visitors: 2713

  ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ   (ਭਾਗ 9) 
        ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ

    ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥
    ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
    ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ
॥1॥
    ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥
    ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ
॥1॥ਰਹਾਉ॥
    ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥
    ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥
    ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ
॥2॥
    ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥
    ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥
    ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ
॥3॥
    ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
    ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥
    ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ
॥4॥9॥42॥
  ॥ਰਹਾਉ॥   ਹੇ ਮੇਰੇ ਮਨ, ਤੂੰ ਨਿੰਦਾ ਕਰਨੀ ਛੱਡ ਦੇਹ ਅਤੇ ਆਪਣੇ ਅੰਦਰੋਂ ਹਉਮੈ ਅਤੇ ਹੰਕਾਰ ਨੂੰ ਦੂਰ ਕਰ।  ਤੂੰ ਗੁਰਮੁਖਿ ਹੋ ਕੇ, ਸ਼ਬਦ ਗੁਰੂ ਦੀ ਸਿਖਿਆ ਅੁਸਾਰ, ਹਮੇਸ਼ਾ ਉਸ ਪ੍ਰਭੂ ਨੂੰ ਸਿਮਰਦਾ ਰਹੁ, ਜੋ ਮੂਲ ਰੂਪ ਵਿਚ ਇਕ ਹੈ, ਅਤੇ ਇਹ ਸਾਰਾ ਬ੍ਰਹਮੰਡ ਉਸ ਦਾ ਆਪਣਾ ਹੀ ਪਸਾਰਾ ਹੈ, ਉਸ ਦਾ ਆਪਣਾ ਹੀ ਆਕਾਰ ਹੈ।
  ॥1॥   ਆਤਮਾ ਨਾਲ ਸਬੰਧਿਤ ਹਰ ਚੀਜ਼ ਮਨੁੱਖ ਦੇ ਅੰਦਰ ਹੀ ਹੈ, ਗੁਰੂ ਦੀ ਸਿਖਿਆ ਅਨੁਸਾਰ ਚੱਲਿਆਂ, ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਜਾਂਦਾ ਹੈ। ਸੁਆਸ-ਸੁਆਸ ਹਰੀ ਦਾ ਨਾਮ ਸਿਮਰਨਾ ਚਾਹੀਦਾ ਹੈ, ਉਸ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ।
   ਪਰ ਜੋ ਕੋਈ ਵੀ ਪਰਮਾਤਮਾ ਦੀ ਰਜ਼ਾ ਵਿਚ ਚੱਲਣ ਦੀ ਜਾਚ ਸਿਖਦਾ ਹੈ, ਉਹ ਇਹ ਜਾਚ ਗੁਰੂ (ਸ਼ਬਦ) ਰਾਹੀਂ ਹੀ ਸਿਖਦਾ ਹੈ।
  ॥2॥   ਜਿਹੜੇ ਬੰਦੇ ਗੁਰਮੁਖਿ ਹੋ ਕੇ, ਗੁਰ-ਸ਼ਬਦ ਦੀ ਵਿਚਾਰ ਕਰਦੇ ਹਨ, ਉਹ ਪਰਮਾਤਮਾ  ਦਾ ਨਾਮ ਸਿਮਰ-ਸਿਮਰ ਕੇ ਲੋਕ-ਪਰਲੋਕ ਵਿਚ ਸੁਖ ਮਾਣਦੇ ਹਨ ਅਤੇ ਪ੍ਰਭੂ ਦੀ ਦਰਗਾਹ ਵਿਚ ਵੀ ਸੁਰਖਰੂ ਹੁੰਦੇ ਹਨ।
  ਗੁਰ-ਸ਼ਬਦ ਦੀ ਵਿਚਾਰ ਆਸਰੇ ਹੀ ਉਨ੍ਹਾਂ, ਆਪਣੇ ਮਨ ਵਿਚੋਂ ਹੀ ਅਕਾਲ-ਪੁਰਖ ਨੂੰ ਲੱਭ ਲਿਆ ਹੁੰਦਾ ਹੈ।
  ॥3॥   ਜਿਹੜੇ ਬੰਦੇ ਗੁਰੂ ਵਲੋਂ ਮੂੰਹ ਮੋੜ ਕੇ ਆਪਣੇ ਮਨ ਦੇ ਕਹੇ ਚਲਦੇ ਹਨ, ਉਨ੍ਹਾਂ ਦਾ ਮੁਕੱਦਰ ਮਾੜਾ ਰਹਿੰਦਾ ਹੈ, ਉਹ ਲੋਕ ਹਮੇਸ਼ਾ ਓਹੀ ਕੰਮ ਕਰਦੇ ਹਨ, ਜਿਨ੍ਹਾਂ ਦੇ ਫਲ-ਸਰੂਪ , ਉਨ੍ਹਾਂ ਨੂੰ ਦੁੱਖ ਮਿਲਦਾ ਹੈ, ਉਹ ਹਮੇਸ਼ਾ ਜਮ ਦੀ ਅੱਖ ਥੱਲੇ, ਜਮ ਦੇ ਜਾਲ ਵਿਚ ਰਹਿੰਦੇ ਹਨ।
   ਬਹੁਤ ਜ਼ਿਆਦਾ ਚਿੰੱਤਾ, ਉਨ੍ਹਾਂ ਨੂੰ ਸਾੜਦੀ ਰਹਿੰਦੀ ਹੈ ਅਤੇ ਉਹ ਕਦੇ ਸੁਪਨੇ ਵਿਚ ਵੀ ਸੁਖੀ ਨਹੀਂ ਹੁੰਦੇ।
  ॥4॥   ਪ੍ਰਭੂ ਦੇ ਵਿਧਾਨ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਜਿਸ ਉੱਤੇ ਉਹ ਖੁਸ਼ ਹੁੰਦਾ ਹੈ, ਉਸ ਨੂੰ ਉਹ ਨਾਮ ਦੀ ਦਾਤ ਦੇ ਦੇਂਦਾ ਹੈ।
    ਉਹ ਪਰਮਾਤਮਾ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ, ਫਿਰ ਵੀ ਉਹ ਜਿਸ ਤੇ ਬਖਸ਼ਿਸ਼ ਕਰਦਾ ਹੈ, ਉਸ ਨੂੰ ਆਪਣੇ ਹੁਕਮ ਵਿਚ ਚੱਲਣ ਦੀ ਤੌਫੀਕ ਬਖਸ਼ਦਾ ਹੈ।
   ਹੇ ਨਾਨਕ, ਗੁਰਮੁਖਿ ਹੋ ਕੇ, ਗੁਰੂ ਦੀ ਸਿਖਿਆ ਵਿਚ ਚੱਲਿਆਂ ਹੀ ਕਰਤਾਰ ਨਾਲ ਮਿਲਾਪ ਹੁੰਦਾ ਹੈ, ਪਰ ਇਸ ਬਾਰੇ ਸਾਰਾ ਵਿਧਾਨ ਵੀ ਉਹ ਆਪ ਹੀ ਜਾਣਦਾ ਹੈ।
                               ਅਮਰ ਜੀਤ ਸਿੰਘ ਚੰਦੀ
                                   10-4-2016          
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.