ਕਿਸੇ ਨੂੰ ਪੱਕਾ ਪਤਾ ਨਹੀਂ ਕਿ ਕਿਹੜੇ 36 ਸਿੱਖ ਨੇ ਜਿਨ੍ਹਾਂ ਦੇ ਨਾਂ ਬਲੈਕ ਲਿਸਟ ਵਿਚੋਂ ਕੱਟੇ ਗਏ ਨੇ ?
ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਚੰਡੀਗੜ੍ਹ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ ਕਰਕੇ ਗਏ ਸੀ ਉਦੋਂ ਬਹੁਤ ਲੋਕਾਂ ਅਤੇ ਮੀਡੀਆ ਦੇ ਬਹੁਤੇ ਹਿੱਸੇ ਨੇ ਵੀ ਧੂੰਆਂ ਧਾਰ ਪ੍ਰਚਾਰ ਕੀਤਾ ਸੀ ਕਿ ਮੋਦੀ ਜੀ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਕੇ ਗਏ ਨੇ। ਸਾਡੇ ਨੇਤਾਵਾਂ ਨੇ ਵੀ ਬਹੁਤ ਕੱਛਾਂ ਵਜਾਈਆਂ ਸਨ । ਮੈਂ ਹਫ਼ਤੇ ਕੁ ਬਾਅਦ ਇੱਕ ਲੇਖ ਰਾਹੀਂ ਇਸ ਦੀ ਅਸਲੀਅਤ ਉਜਾਗਰ ਕੀਤੀ ਸੀ ਕਿ ਮੋਦੀ ਜੀ ਸਿਰਫ਼ ਚੰਡੀਗੜ੍ਹ ਦੇ ਘਰੇਲੂ ਹਵਾਈ ਅੱਡੇ ਦੇ ਹੀ ਨਵੇਂ ਬਣੇ ਟਰਮੀਨਲ ਦਾ ਉਦਘਾਟਨ ਕਰਕੇ ਗਏ ਨੇ , ਉਥੇ ਇੰਟਰਨੈਸ਼ਨਲ ਏਅਰਪੋਰਟ ਦਾ ਕਿਤੇ ਨਾਮ ਨਿਸ਼ਾਨ ਨਹੀਂ , ਨਾ ਹੀ ਇਸ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਦਾ ਦਰਜਾ ਦੇਣ ਲਈ ਕੋਈ ਨੋਟੀਫੀਕੇਸ਼ਨ ਜਾਰੀ ਹੋਇਆ ਸੀ । ਮੈਂ ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਦਿੱਲੀ ਵਾਲਿਆਂ ਦੇ ਕਾਰ -ਵਿਹਾਰ ਤੋਂ ਇਹ ਖ਼ਦਸ਼ਾ ਪੈਦਾ ਹੁੰਦਾ ਹੈ ਚੰਡੀਗੜ੍ਹ ਏਅਰਪੋਰਟ ਨੂੰ ਕਿਤੇ ਅੰਮ੍ਰਿਤਸਰ ਵਾਂਗ ਹੀ ਲੰਗੜਾ ਇੰਟਰਨੈਸ਼ਨਲ ਏਅਰਪੋਰਟ ਨਾ ਬਣਾ ਦਿੱਤਾ ਜਾਵੇ ਕਿਓਂਕਿ ਕੌਮਾਂਤਰੀ ਉਡਾਣ ਤਾਂ ਕੋਈ ਵੀ ਨਹੀਂ ਸ਼ੁਰੂ ਹੋਈ ਸੀ।
ਤੇ ਜੋ ਕੁਝ ਵਾਪਰਿਆ ਉਹ ਤਾਂ ਮੇਰੇ ਖ਼ਦਸ਼ੇ ਤੋਂ ਵੀ ਵੱਧ ਸੀ । ਚੰਡੀਗੜ੍ਹ ਦਾ ਹਵਾਈ ਅੱਡਾ ਤਾਂ ਅੰਮ੍ਰਿਤਸਰ ਦੇ ਏਅਰਪੋਰਟ ਵਾਂਗ ਸਿਰਫ ਲੰਗੜਾ ਹੀ ਨਹੀਂ ਬਣਿਆ ਸਗੋਂ ਅੱਜ ਤੱਕ ਇਥੋਂ ਕੋਈ ਵੀ ਇੰਟਰਨੈਸ਼ਨਲ ਹਵਾਈ ਉਡਾਣ ਸ਼ੁਰੂ ਨਹੀਂ ਹੋਈ। ਹੁਣ ਹਾਈ ਕੋਰਟ ਦੇ ਜੱਜ ਮੋਦੀ ਸਰਕਾਰ ਅਤੇ ਏਅਰਪੋਰਟ ਅਥਾਰਟੀ ਦੀ ਖਿਚਾਈ ਕਰਕੇ ਅਤੇ ਸੀ ਬੀ ਆਈ ਜਾਂਚ ਦੀ ਤਲਵਾਰ ਲਟਕਾ ਕੇ ਇੰਟਰਨੈਸ਼ਨਲ ਫਲਾਈਟਸ ਲਈ ਦਬਾਅ ਪਾ ਰਹੇ ਨੇ, ਜਿਸ ਕਰਕੇ ਸ਼ਾਇਦ ਕੋਈ ਨਤੀਜਾ ਨਿਕਲ ਆਵੇ ਨਹੀਂ ਤਾਂ ਠਨ-ਠਨ ਗੋਪਾਲ ਹੀ ਲਗਦੀ ਸੀ ।
ਉਂਝ ਹਵਾਈ ਅੱਡੇ ਦੀ ਭੂਮਿਕਾ ਹੀ ਬੰਨ੍ਹੀ ਹੈ, ਗੱਲ ਤਾਂ ਮੈਂ ਅਜਿਹੇ ਇੱਕ ਹੋਰ ਵਰਤਾਰੇ ਦੀ ਕਰਨੀ ਸੀ , ਜਿਸ ਬਾਰੇ ਮੇਰੇ ਖ਼ਦਸ਼ੇ ਏਅਰਪੋਰਟ ਵਰਗੇ ਹੀ ਨੇ ।
ਇਹ ਮਾਮਲਾ ਹੈ ਵਿਦੇਸ਼ੀ ਸਿੱਖਾਂ ਦੀ ਬਣੀ ਬਲੈਕ ਲਿਸਟ ਵਿਚੋਂ 36 ਸਿੱਖਾਂ ਦੇ ਨਾਂ ਬਾਹਰ ਕੱਢਣ ਦੀ ਰਿਪੋਰਟ ਦਾ । 28 ਮਾਰਚ ਨੂੰ ਇਕ ਨਾਮੀ ਖ਼ਬਰ ਏਜੰਸੀ ਨੇ ਭਾਰਤ ਸਰਕਾਰ ਦੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਨਸ਼ਰ ਕੀਤੀ ਕਿ 36 ਵਿਦੇਸ਼ੀ ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚੋਂ ਕੱਟ ਦਿੱਤੇ ਗਏ ਨੇ ।ਨਾ ਹੀ ਇਸ ਵਿਚੇ ਕਿਸੇ ਅਧਿਕਾਰੀ ਦਾ ਨਾਂ ਦਿੱਤਾ ਗਿਆ , ਨਾ ਹੀ ਸਰਕਾਰੀ ਤੌਰ ਤੇ ਕਿਸੇ ਵਜ਼ੀਰ ਜਾਂ ਕਿਸੇ ਅਫ਼ਸਰ ਨੇ ਇਸ ਬਾਰੇ ਕੋਈ ਐਲਾਨ ਕੀਤਾ। ਨਾ ਹੀ ਉਨ੍ਹਾ 36 ਸਿੱਖਾਂ ਦੀ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ ਦੇ ਨਾਂ ਕੱਟੇ ਗਏ ਨੇ । ਹਾਂ ਇਸ ਖ਼ਬਰ ਵਿੱਚ ਕਾਲੀ ਸੂਚੀ ਚੋਂ ਨਾ ਕੱਟੇ ਜਾਣ ਦਾ ਸਾਰਾ ਸਿਹਰਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਜ਼ਰੂਰ ਦਿਤਾ ਗਿਆ ਸੀ।
ਇਸ ਖ਼ਬਰ ਦੀ ਘੋਖ ਕੀਤੇ ਬਿਨਾਂ ਹੀ ਸਿਆਸੀ ਨੇਤਾਵਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਤਕ ਸਭ ਨੇ ਸਵਾਗਤੀ ਬਿਆਨ ਦਾਗ਼ ਦਿੱਤੇ। ਦੇਖਾ ਦੇਖੀ ਅਸੀਂ ਸਾਰੇ ਮੀਡੀਏ ਨੇ ਖ਼ਬਰਾਂ ਫੈਲਾ ਦਿਤੀਆਂ. ਤੇ ਫੇਰ ਦਿੱਲੀ ਦੇ ਵੱਖ ਵੱਖ ਅਕਾਲੀ ਨੇਤਾਵਾਂ ਨੇ ਆਪਣੀ-ਆਪਣੀ ਸੂਚੀ ਹੋਣ ਦਾ ਦਾਅਵਾ ਕਰਦੇ ਹੋਏ ਇਸ ਦਾ ਸਿਹਰਾ ਖ਼ੁਦ ਲੈਣ ਦਾ ਯਤਨ ਕੀਤਾ। ਇਸ ਮਾਮਲੇ ਤੇ ਇੱਕ ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਵੀ ਕੀਤੀ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤੋਂ ਵੀ ਪੁੱਛਿਆ ਤਾਂ ਉਨ੍ਹਾ ਦਾ ਵੀ ਇਹੀ ਜਵਾਬ ਸੀ ਕਿ ਸਰਕਾਰੀ ਤੌਰ 'ਤੇ ਅਜੇ ਕੁਝ ਨਹੀਂ ਅਤੇ ਨਾ ਹੀ ਕੋਈ ਸੂਚੀ ਉਨਾਂ ਦੇ ਕੋਲ ਹੈ । ਹਾਂ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਜ਼ਰੂਰ 30 ਸਿੱਖਾਂ ਦੀ ਇੱਕ ਲਿਸਟ ਮੈਨੂੰ ਭੇਜੀ ਅਤੇ ਕਿਹਾ ਗਿਆ ਕਿ ਬਲੈਕ ਲਿਸਟ ਵਿਚੋਂ ਇਹ ਨਾਮ ਕੱਟੇ ਗਏ ਨੇ । ( ਇਹ ਸੂਚੀ ਇਸ ਲਿਖਤ ਨਾਲ ਮੈਂ ਨੱਥੀ ਵੀ ਕਰ ਰਿਹਾ ਹਾਂ )
ਮੈਂ ਕਾਫ਼ੀ ਕੋਸ਼ਿਸ਼ ਕੀਤੀ ਇਹ ਜਾਨਣ ਦੀ ਕਿ ਕੀ ਵਾਕਿਆ ਹੀ 36 ਨਾਮ ਕੱਟੇ ਗਏ ਨੇ ਅਤੇ ਉਹ ਨਾਮ ਕਿਹੜੇ ਕਿਹੜੇ ਨੇ । ਮੈਂ ਪੰਜਾਬ ਦੇ ਚੋਟੀ ਦੇ ਕੁਝ ਅਫ਼ਸਰਾਂ ਅਤੇ ਨੇਤਾਵਾਂ ਨੂੰ ਵੀ ਪੁੱਛਿਆ ਕਿ ਉਹ 36 ਸਿੱਖ ਕਿਹੜੇ ਨੇ ਜਿਨ੍ਹਾਂ ਦੇ ਨਾਮ ਕਾਲੀ ਸੂਚੀ ਵਿਚੋਂ ਕੱਢੇ ਗਏ ਨੇ ਪਰ ਸਭ ਦਾ ਇਹੀ ਜਵਾਬ ਸੀ ਕਿ ਇਹ ਤਾਂ ਉਨ੍ਹਾ ਨੂੰ ਪਤਾ ਨਹੀਂ।ਇਥੋਂ ਤੱਕ ਕੇਂਦਰੀ ਗ੍ਰਹਿ ਵਜ਼ਾਰਤ ਨੂੰ ਕਵਰ ਕਰਦੇ ਦਿੱਲੀ ਦੇ ਇੱਕ ਦੋ ਰਿਪਰੋਟਰਾਂ ਤੋਂ ਵੀ ਪਤਾ ਕੀਤਾ ਪਰ ਕਿਸੇ ਨੇ ਪੁਸ਼ਟੀ ਨਹੀਂ ਕੀਤੀ ।ਇੰਡੀਅਨ ਐਕਸਪ੍ਰੈਸ ਵਿਚਲੇ ਸਾਡੇ ਸਾਥੀ ਪੱਤਰਕਾਰਾਂ ਨੇ ਇਕ ਸੂਚੀ ਪਰਕਾਸ਼ਤ ਕੀਤੀ ਹੈ,ਇਹ ਕਾਫ਼ੀ ਠੀਕ ਲਗਦੀ ਹੈ ਪਰ ਇਹ ਵੀ ਜ਼ੁਬਾਨੀ ਜਾਣਕਾਰੀ ਤੇ ਅਧਾਰਤ ਹੈ ।ਮੇਰੇ ਮਨ ਵਿਚ ਇਹ ਸਵਾਲ ਉਠ ਰਹੇ ਨੇ ਕਿ ਕੀ ਵਾਕਿਆ ਹੀ ਇਹ ਖ਼ਬਰ ਠੀਕ ਸੀ ? ਹੋ ਸਕਦਾ ਹੈ ਰਿਪੋਰਟ ਸਹੀ ਵੀ ਹੋਵੇ ਪਰ ਸਰਕਾਰੀ ਤੌਰ ਇਸ ਦਾ ਐਲਾਨ ਕਿਓਂ ਨਹੀਂ ਕੀਤਾ ਗਿਆ ?
ਫੇਰ ਇਹ ਵੀ ਸਵਾਲ ਹੈ ਕੀ ਜਿਹੜੇ 36 ਨਾਮ ਕੱਟੇ ਗਏ ਨੇ ਕੀ ਇਹ ਨਾਮ 46 ਵਿਦੇਸ਼ੀ ਸਿੱਖਾਂ ਦੀ ਉਸ ਸੂਚੀ ਵਿਚ ਸ਼ਾਮਲ ਸਨ ਜੋ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਜੁਲਾਈ 2010 ਵਿਚ ਮਨਮੋਹਨ ਸਰਕਾਰ ਨੂੰ ਭੇਜੀ ਸੀ ਕਿ ਉਨ੍ਹਾ ਦੇ ਨਾਮ ਕਾਲੀ ਸੂਚੀ ਵਿਚੋਂ ਕੱਢੇ ਜਾ ਸਕਦੇ ਨੇ ਕਿਉਂਕਿ ਪੰਜਾਬ ਵਿਚ ਉਨ੍ਹਾ ਦੇ ਖ਼ਿਲਾਫ਼ ਕੋਈ ਕੇਸ ਦਰਜ ਨਹੀਂ।
ਇਹ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਉਸ ਵੇਲੇ ਦੀ ਯੂ ਪੀ ਏ ਸਰਕਾਰ ਨੇ 2010 ਵਿੱਚ ਸਿੱਖਾਂ ਦੀ ਕਾਲੀ ਸੂਚੀ ਤੇ ਨਜ਼ਰਸਾਨੀ ਕਰਨੀ ਸ਼ੁਰੂ ਕੀਤੀ ਸੀ ਅਤੇ ਪੰਜਾਬ ਸਰਕਾਰ ਨੂੰ 169 ਵਿਦੇਸ਼ੀ ਭਾਰਤੀਆਂ ਦੀ ਇੱਕ ਸੂਚੀ ਭੇਜ ਕੇ ਇਹ ਪੁੱਛਿਆ ਸੀ ਕਿ ਇਨ੍ਹਾ ਵਿੱਚੋਂ ਕਿਹੜੇ ਪੰਜਾਬ ਸਰਕਾਰ ਨੂੰ ਲੋੜੀਂਦੇ ਨੇ ਜਾਂ ਪੰਜਾਬ ਸਰਕਾਰ ਨੂੰ ਕਿਹੜੇ ਨਾਵਾ ਦੇ ਕਾਲੀ ਸੂਚੀ ਵਿਚੋਂ ਬਾਹਰ ਕੱਢਣ ਤੇ ਕੋਈ ਇਤਰਾਜ਼ ਨਹੀਂ। ਇਸ ਦੇ ਜਵਾਬ ਵਿਚ ਬਾਦਲ ਸਰਕਾਰ ਨੇ ਉਸ ਸੂਚੀ ਵਿਚੋਂ 46 ਜਾਣਿਆਂ ਦੀ ਲਿਸਟ ਭੇਜੀ ਸੀ। (169 ਦੀ ਉਹ ਪੂਰੀ ਲਿਸਟ ਪੀ ਡੀ ਐਫ ਦੇ ਰੂਪ ਵਿਚ ਨਾਲ ਨੱਥੀ ਕੀਤੀ ਜਾ ਰਹੀ ਹੈ )। ਜਿਸ ਮੁੱਦੇ ਦੀ ਇੰਨੀ ਚਰਚਾ ਹੋਈ ਹੋਵੇ ਅਤੇ ਅਸਲੀਅਤ ਬਾਹਰ ਨਾ ਆ ਰਹੀ ਹੋਵੇ ਤਾਂ ਫੇਰ ਭਾਰਤ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਇਹ ਸਪੱਸ਼ਟ ਕਰੇ ਕਿ ਕਿਹੜੇ 36 ਨਾਮ ਹਨ ਜੋ ਕੱਟੇ ਗਏ ਨੇ, ਉਹ ਕਿਹੜੇ ਹਨ ਤੇ ਇਸ ਦਾ ਸਿਹਰਾ ਲੈਣ ਵਾਲੇ ਅਕਾਲੀ ਨੇਤਾਵਾਂ ਅਤੇ ਬਾਦਲ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹ ਮੋਦੀ ਸਰਕਾਰ ਤੋਂ ਅਧਿਕਾਰਤ ਜਾਣਕਾਰੀ ਲੈਕੇ ਇਹ ਸਪੱਸ਼ਟ ਕਰੇ ਕਿ ਕੀ ਵਾਕਿਆ ਹੀ 36 ਨਾਂ ਬਲੈਕ ਲਿਸਟ ਵਿਚੋਂ ਹਟਾਏ ਗਏ ਹਨ ? ਜੇ ਹਟਾਏ ਗਏ ਹਨ ਤਾਂ ਉਹ ਕਿਹੜੇ-ਕਿਹੜੇ ਨੇ ?
ਜੇਕਰ ਭਾਰਤ ਸਰਕਾਰ ਜਾਂ ਹੁਕਮਰਾਨ ਪਾਰਟੀਆਂ ਕੋਈ ਸਪੱਸ਼ਟ ਅਤੇ ਆਨ ਦਾ ਰਿਕਾਰਡ ਸੂਚੀ ਜਾਰੀ ਨਹੀਂ ਕਰਦੀਆਂ ਜਾਂ ਸਥਿਤੀ ਸਪੱਸ਼ਟ ਨਹੀਂ ਕਰਦੀਆਂ ਤਾਂ ਫੇਰ ਸਵਾਲ ਇਹ ਵੀ ਉਠਦਾ ਹੈ ਕਿ ਕਿਤੇ ਇਹ ਖ਼ਬਰ ਸਿਰਫ਼ ਸੀਲੈਕਟਡ ਲੀਕ ਸੀ ਜਾਂ ਪਲਾਂਟਿਡ ਤਾਂ ਨਹੀਂ ਸੀ?
ਇਸ ਬਾਰੇ ਕਦੋਂ ਸਥਿਤੀ ਸਪਸ਼ਟ ਹੋਵੇਗੀ ਤੇ ਸਭ ਤੋਂ ਅਹਿਮ ਬਲੈਕ ਲਿਸਟ ਦਾ ਘਚੋਲਾ ਕਦੋਂ ਖ਼ਤਮ ਹੋਵੇਗਾ , ਇਸ ਬਾਰੇ ਕੋਈ ਪਤਾ ਨਹੀਂ । ਹਾਂ ਜਿਨ੍ਹਾਂ ਦੇ ਨਾਮ ਨਸ਼ਰ ਹੋਏ ਨੇ, ਜਦੋਂ ਉਹ ਭਾਰਤੀ ਵੀਜ਼ੇ ਲਈ ਅਪਲਾਈ ਕਰਨਗੇ ਤਾਂ ਉਦੋਂ ਪਤਾ ਲੱਗੇਗਾ ਕਿ ਕਿਸ ਨੂੰ ਇੰਡੀਆ ਆਉਣ ਦੀ ਇਜ਼ਾਜ਼ਤ ਦਿੱਤੀ ਜਾਂਦੀ ਹੈ.
ਦੂਜੇ ਪਾਸੇ ਜਿਥੇ ਤੱਕ ਸੁਆਲ ਇੰਟਰਨੈਸ਼ਨਲ ਏਅਰਪੋਰਟ ਦਾ ਹੈ ਤਾਂ ਲਗਦੈ ਹਾਈ ਕੋਰਟ ਨੇ ਇਹ ਸਿਰੇ ਲਾ ਦੇਣਾ ਹੈ ਅਤੇ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਾ ਕੇ ਹਟੇਗੀ.
08 ਅਪ੍ਰੈਲ,2016
ਬਲਜੀਤ ਬੱਲੀ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
ਬਲਜੀਤ ਬਲੀ
ਕਿਸੇ ਨੂੰ ਪੱਕਾ ਪਤਾ ਨਹੀਂ ਕਿ ਕਿਹੜੇ 36 ਸਿੱਖ ਨੇ ਜਿਨ੍ਹਾਂ ਦੇ ਨਾਂ ਬਲੈਕ ਲਿਸਟ ਵਿਚੋਂ ਕੱਟੇ ਗਏ ਨੇ ?
Page Visitors: 2936