ੴ ਸਤਿ ਗੁਰ ਪ੍ਰਸਾਦਿ ॥
ਕੀ ਇਹ , ਗੁਰਬਾਣੀ ਹੈ ?
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਸੰਬਰ , 2008 ਦਾ ਮਾਸਿਕ ਪੱਤਰ , ਗੁਰਮਤਿ ਪ੍ਰਕਾਸ਼ , ਪੁਜਿਆ । ਪਹਿਲਾ ਹੀ ਲੇਖ ਹੈ , ਗੁਰਬਾਵੀ ਵਿਚਾਰ , ਜੋ ਇਸ ਤਰ੍ਹਾਂ ਹੈ ।
ਮਿਤ੍ਰ ਪਿਆਰੇ ਨੂੰ …….
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।
ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਿਣਾ ।
ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਆਂ ਦਾ ਸਹਿਣਾ ।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ । ( ਖਿਆਲ ਪਾ: 10 )
( ਅਗਾਂਹ ਵਧਣ ਤੋਂ ਪਹਿਲਾਂ ਮੈਂ ਸੂਝਵਾਨ ਪੲਠਕਾਂ ਕੋਲੋਂ ਮੁਆਫੀ ਮੰਗ ਲਵਾਂ , ਕਿਉਂਕਿ ਚਾਹੀਦਾ ਤਾਂ ਇਹ ਹੈ ਕਿ ਕਿਤਾਬ ਵਿਚਲੀ ਰਚਨਾ , ਇਨ ਬਿਨ ਦਿੱਤੀ ਜਾਵੇ , ਉਸ ਵਿਚੋਂ ਇਕ ਬਿੰਦੂ ਵੀ ਵੱਧ ਘੱਟ ਨਾ ਹੋਵੇ । ਇਸ ਰਚਨਾ ਵਿਚ ਹਰ ਤੁਕ ਮਗਰੋਂ ਦੋ ਡੰਡੀਆਂ ਲਗੀਆਂ ਹੋਈਆਂ ਹਨ , ਜੋ ਕਿ ਗੁਰਬਾਣੀ , ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੂਸਰੀਆਂ ਰਚਨਾਵਾਂ ਨਾਲੋਂ ਨਖੇੜਨ ਲਈ ਗੁਰੂ ਅਰਜਨ ਪਾਤਸ਼ਾਹ ਨੇ ਵਰਤਿਆ ਸੀ ।ਗੁਰੂ ਅਰਜਨ ਸਾਹਿਬ ਨੇ , ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਹੀ , ਇਹ ਖਿਆਲ ਰਖਦਿਆਂ ਕਿ ਬਹੁਤ ਸਾਰੀ ਰਚੀ, ਕੱਚੀ ਬਾਣੀ , ਗੁਰਬਾਣੀ ਵਿਚ ਰਲਾਈ ਜਾ ਰਹੀ ਹੈ , ਪੰਜਾਬੀ ਵਿਚ ਵਿਸ਼ਰਾਮ ਲਈ ਇਕ ਡੰਡੀ ਵਰਤੀ ਜਾਂਦੀ ਹੈ , ਗੁਰੂ ਸਾਹਿਬ ਨੇ ਗੁਰਬਾਣੀ ਨੂੰ ਆਮ ਰਚਨਾਵਾਂ ਤੋਂ ਨਖੇੜਨ ਲਈ , ਗੁਰਬਾਣੀ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ [
ਇਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਅਸਥਾਨਾਂ ਤੇ ਨਿਰਮਲਿਆਂ , ਉਦਾਸੀਆਂ ਦਾ ਕਬਜ਼ਾ ਹੋ ਜਾਣ ਨਾਲ , ਸਿੱਖਾਂ ਦੀ ਮਜਬੂਰੀ , ਅਣਗਹਿਲੀ ਕਾਰਨ , ਹਰ ਇਤਹਾਸਿਕ , ਮਿਥਹਾਸਿਕ,ਰਚਨਾ ਨਾਲ ਦੋ ਡੰਡੀਆਂ ਲੱਗਣ ਲੱਗੀਆਂ ।ਜੇ ਸਿੱਖ ਉਸ ਵੇਲੇ ਸੁਚੇਤ ਹੋਏ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਲਈ , ਉਸ ਦੇ ਮੁਕਾਬਲੇ ਤੇ ਹੋਰ ਗ੍ਰੰਥ ਸਥਾਪਤ ਕਰਨ ਦੀ ਪਰਕਿਰਿਆ ਨਾ ਸ਼ੁਰੂ ਹੋਈ ਹੁੰਦੀ ।ਸੋ ਗੁਰੂ ਸਾਹਿਬ ਵਲੋਂ ਪਾਈ ਪਿਰਤ ਨੂੰ ਧਿਆਨ ਵਿਚ ਰਖਦਿਆਂ , ਮੈਂ ਇਨ੍ਹਾਂ ਤੁਕਾਂ ਅੱਗੇ ਦੋ ਡੰਡੀਆਂ ਲਗਾਉਣ ਤੋਂ ਮਜਬੂਰ ਹਾਂ ।ਉਮੀਦ ਹੈ ਸੂਝਵਾਨ ਪਾਠਕ ਮੁਆਫ ਕਰ ਦੇਣ ਗੇ ।)
ਪਰਤਦੇ ਹਾਂ ਅਸਲ ਵਿਸ਼ੇ ਵੱਲ । ਉਪ੍ਰੋਕਤ ਰਚਨਾ ਬਾਰੇ ਵਿਚਾਰ ਕਰਨ ਲੱਗਿਆਂ , ਵਿਦਵਾਨ ਵੀਰ (ਨਾਮ ਨਹੀਂ ਲਿਖਿਆ ) ਨੇ ਭੂਮਕਾ ਵਜੋਂ ਲਿਖਿਆ ਹੈ ਕਿ “ ਸਰਬੰਸ ਦਾਨੀ , ਦਸ਼ਮੇਸ਼ ਪਿਤਾ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਵਨ ਸ਼ਬਦ ਵਿਚ , ਤਤਕਾਲੀ ਜ਼ਾਲਮ ਰਾਜਤੰਤਰ ਨਾਲ ਜੀਵਨ ਭਰ ਦੇ , ਹੱਕ ਸੱਚ ਦੀ ਮੁੜ ਸਥਾਪਤੀ ਹਿਤ ਲੜੀ ਜਾ ਰਹੀ ਜੱਦੋ-ਜਹਿਦ ਦੌਰਾਨ ਆਪਣੇ ਦੁਆਰਾ , ਮਾਛੀਵਾੜੇ ਦੇ ਜੰਗਲਾਂ ਵਿਚ ਵਿਚਰਨ ਸਮੇ ਅਕਾਲ ਪੁਰਖ ਪਮਾਤਮਾ ਨਾਲ ਇਕ ਮਿਕਤਾ ਵਜੋਂ ਉਪਜੀ ਚੜ੍ਹਦੀ ਕਲਾ ਵਾਲੀ , ਉੱਚੀ ਆਤਮਿਕ ਅਵਸਥਾ ਪ੍ਰਗਟ ਕਰਦੇ ਹਨ । ਗੁਰੂ ਜੀ ਫੁਰਮਾਨ ਕਰਦੇ ਹਨ ਕਿ ਕੋਈ ਸਾਡੇ ਪਿਆਰੇ ਮਿੱਤਰ ਭਾਵ ਅਕਾਲ ਪੁਰਖ ਪਰਮਾਤਮਾ ਨੂੰ ਅਸਾਂ ਮੁਰੀਦਾਂ ਦੀ ਅਵਸਥਾ ਕਹੇ ਜਾਂ ਦੱਸੇ । ( ਗੁਰੂ ਜੀ ਅਕਾਲ ਪੁਰਖ ਨਾਲ ਇਕ ਮਿਕ ਹੋਏ , ਲੇਖਕ ਵੀਰ ਆਪ ਲਿਕਦੇ ਹਨ ।ਫਿਰ ਉਨ੍ਹਾਂ ਨੂੰ ਅਪਣੇ ਅਤੇ ਅਕਾਲ ਪੁਰਖ ਦੇ ਵਿਚਾਲੇ ਵਿਚੋਲਾ ਪਾਉਣ ਦੀ ਕੀ ਲੋੜ ਸੀ ? ਜੇ ਗੁਰੂ ਜੀ ਆਪ ਹੀ ਅਜਿਹਾ ਕਰਦੇ ਹਨ , ਤਾਂ ਵਿਚਾਰੇ ਆਮ ਸਿੱਖ , ਆਪੂੰ ਬਣ ਬੈਠੇ ਰੱਬ ਦੇ ਵਿਚੋਲਿਆਂ , ਸੰਤਾਂ, ਮਹਾਂ ਪੁਰਖਾਂ , ਬ੍ਰਹਮ ਗਿਆਨੀਆਂ, ਡੇਰੇਦਾਰਾਂ ,ਪੁਜਾਰੀਆਂ ਦੇ ਤਲਵੇ ਕਿਉਂ ਨਾ ਚੱਟਣ ?
ਭਾਵ ਉਸ ਸੱਚੇ ਮਿੱਤਰ , ਅਕਾਲ ਪੁਰਖ , ਜਿਸ ਨਾਲ ਗੁਰੂ ਸਾਹਿਬ ਇਕ ਮਿਕ ਸਨ , ਨੂੰ ਗੁਰੂ ਸਾਹਿਬ ਅਪਣੀ ਗੱਲ ਆਪ ਹੀ ਕਿਉਂ ਨਾ ਦੱਸ ਸਕੇ ? ਫਿਰ ਗੁਰੂ ਸਾਹਿਬ ਤਾਂ ਕਹਿੰਦੇ ਹਨ
ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥ ( 621 )
ਇਸ ਬਾਰੇ ਵਿਚਾਰ ਸ਼ੁਰੂ ਕਰਨ ਲੱਗਿਆਂ ਆਪਾਂ ਇਕ ਚੌਹੱਦੀ ਮਿੱਥਾਂਗੇ ,ਤਾਂ ਜੋ ਉਸ ਚੌਹੱਦੀ ਵਿਚ ਰਹਿੰਦਿਆਂ , ਵਿਚਾਰ ਸਾਰਥਿਕ ਸੋਝੀ ਦੇ ਸਕਣ ।
ਚੌਹੱਦੀ ਹੈ,
1. ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ , ਉਸ ਵੇਲੇ ਦੀ ਸਮਾਜਕ ਹਾਲਤ ?
2. ਉਨ੍ਹਾਂ ਹਾਲਤਾਂ ਦਾ ਵਿਸਲੇਸ਼ਨ , ਜਿਨ੍ਹਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਰਿਹਾ ਹੈ ।
3. ਵਿਦਵਾਨ ਲੇਖਕ ਵਲੋਂ ਦਿੱਤੀ ਭੂਮਕਾ ।
4. ਤੁਕਾਂ ਵਿਚ ਵਰਤੇ ਲਫਜ਼ ਅਤੇ ਤੁਕਾਂ ਦਾ ਭਾਵ । ਵਿਚਾਰ ।
1. ਗੁਰੂ ਗੋਬਿੰਦ ਸਿੰਘ ਜੀ , ਨਾਨਕ ਜੋਤ ਦੇ ਦਸਵੇਂ ਸਰੂਪ ਸਨ , ਜਿਨ੍ਹਾਂ ਉੱਤੇ ਬਾਬੇ ਨਾਨਕ ਵੱਲੋਂ ਦੱਸੇ ਧਰਮ ਦੇ ਪੰਧ ਰਸਤੇ ( ਜਿਸ ਤੇ ਚਲ ਕੇ ਬੰਦਾ , ਬੜੀ ਸਰਲਤਾ ਨਾਲ , ਬਿਨਾ ਕੋਈ ਵਿਖਾਵੇ ਦੇ ਕਰਮ ਕਾਂਡ ਕੀਤਿਆਂ , ਕਰਤਾਰ ਨਾਲ ਨੇੜਤਾ ਹਾਸਲ ਕਰ ਸਕਦਾ ਹੈ ) ਬਾਰੇ ਸੋਝੀ ਦੇਣ , ਉਸ ਤੇ ਚੱਲਣ ਦੀ ਪ੍ਰੇਰਨਾ ਦੇਣ ਦੀ ਜ਼ਿਮੇਵਾਰੀ ਸੀ ।ਇਸ ਪੰਥ ਦੇ ਲਿਖਤੀ ਨਿਯਮ , ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਾਸਤ ਵਿਚ ਮਿਲ ਗਏ ਸਨ । ਜਿਨ੍ਹਾਂ ਬਾਰੇ ਗੁਰੂ ਜੀ ਨੂੰ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਸੀ ।ਇਸ ਜਾਣਕਾਰੀ ਦੇ ਪੂਰਨ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕਿ ਅਜਿਹੇ ਬਿਖੜੇ ਸਮੇ ਵੀ , ਉਨ੍ਹਾਂ ਨੇ ਆਪ , ਉਸ ਨੂੰ ਘੋਖਿਆ ਪਰਖਿਆ ਅਤੇ ਉਸ ਦਾ ਉਤਾਰਾ ਕਰਨ ਵਾਲਿਆਂ ਵੱਲੋਂ ਉਸ ਵਿਚ ਕੀਤੀਆਂ ਗਲਤੀਆਂ ਦੀ ਸੋਧ ਸੁਧਾਈ ਕੀਤੀ । ਉਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਕੀਤੀ । ਅਪਣੇ ਜੋਤੀ ਜੋਤ ਸਮਾਉਣ ਵੇਲੇ , ਸਿੱਖਾਂ ਨੂੰ , ਉਨ੍ਹਾਂ ਨਿਯਮਾਂ , ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੀ ਅੱਖਰ ਅੱਖਰ ਪਾਲਣਾ ਕਰਨ , ਉਸ ਨੂੰ ਹੀ , ਇਕੋ ਇਕ ਗੁਰੂ ਮੰਨਣ , ਉਸ ਦੀ ਅਗਵਾਈ ਵਿਚ ਹੀ ਸਾਰੇ ਪੰਥਕ ਫੈਸਲੇ ਲੈਣ ਦੀ ਹਦਾਇਤ ਕੀਤੀ ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਮ੍ਹਣੇ , ਇਨ੍ਹਾਂ ਸਿਧਾਂਤਾਂ ਨੂੰ ਪਰਚਾਰਨ ਅਤੇ ਉਨ੍ਹਾਂ ਅਨੁਸਾਰ ਚਲਣ ਵਾਲਿਆਂ ਦੇ ਰਾਹ ਵਿਚ ਆਉਂਦੀਆਂ ਔਕੜਾਂ ਦਾ ਪੂਰਾ ਇਤਿਹਾਸ ਸੀ । ਜਿਸ ਵਿਚ ਗੁਰੂ ਨਾਨਕ ਸਾਹਿਬ , ਗੁਰੂ ਅੰਗਦ ਸਾਹਿਬ , ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਆਈਆਂ ਔਕੜਾਂ । ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ । ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਘੋਲ , ਅਤੇ ਗੁਰੂ ਤੇਗ ਬਹਾਦਰ ਜੀ ਵਲੋਂ ਸਿਖਾਇਆ ਇਹ ਸਬਕ ਕਿ ਪਹਿਲਾਂ ਪ੍ਰਚਲਤ ਧਰਮਾਂ ਵਾਂਗ , ਸਿੱਖੀ ਇੰਸਾਨੀਅਤ ਵਿਚ ਹੋਰ ਵੰਡੀਆਂ ਪਾਉਣ ਵਾਲਾ ਧਰਮ ਨਹੀਂ ਹੈ । ਇਹ ਇੰਸਾਨੀਅਤ ਦਾ ਪੰਧ , ਪੰਥ , ਰਸਤਾ ਹੈ
ਇਸ ਤੇ ਚਲਦਿਆਂ ਹਰ ਮਨੁੱਖ ਦੇ ਹੱਕਾਂ ਦੀ ਰਾਖੀ ਕਰਨੀ ਹੈ , ਉਨ੍ਹਾਂ ਹੱਕਾਂ ਦੀ ਰਾਖੀ ਲਈ ਸ਼ਹਾਦਤ ਵੀ ਦੇਣੀ ਪਵੇ ਤਾਂ ਢਿੱਲ ਨਹੀਂ ਕਰਨੀ । ਸਿੱਖਾਂ ਅਤੇ ਸਾਹਿਬਜ਼ਾਦਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਵੀ ਗੁਰੂ ਸਾਹਿਬ ਦੇ ਸਾਮ੍ਹਣੇ ਸਨ।( ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਜੇ ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗਾ ਸੀ ) ਵੇਲੇ ਦੇ ਪੁਜਾਰੀਆਂ ਵਲੋਂ ( ਜਿਨ੍ਹਾਂ ਵਿਚ ਬ੍ਰਾਹਮਣ ਅਤੇ ਮੁੱਲਾਂ , ਦੋਵੇਂ ਸ਼ਾਮਲ ਸਨ ) ਇਸ ਜਾਗਰਤੀ ਲਹਿਰ ਦਾ ਖੁਲ੍ਹਾ ਵਿਰੋਧ , ਜਾਤ ਅਭਿਮਾਨੀ ਹਿੰਦੂ ਰਾਜਿਆਂ , ਮੁਗਲ ਹਾਕਮਾ ਵਲੋਂ , ਇਸ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ , ਹਰ ਵਲ-ਛਲ , ਅਤੇ ਫੌਜੀ ਤਾਕਤ ਦੀ ਦੁਰਵਰਤੋਂ ਵੀ ਉਨ੍ਹਾਂ ਦੇ ਸਾਮ੍ਹਣੇ ਸੀ , ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੁ ਜੰਗਲ ਵਿਚ ਪੁਜੇ ਸਨ ।
2. ਗੁਰੂ ਗੋਬਿੰਦ ਸਿੰਘ ਜੀ ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜ ਚੁੱਕੇ ਸਨ , ਜਿਸ ਵਿਚ ਸਿੱਖੀ ਦੇ ਪਰਚਾਰ ਦਾ ਸਾਰਾ ਤਾਣਾ ਬਾਣਾ , ਖਿੰਡ-ਪੁੰਡ ਗਿਆ ਸੀ । ਗੁਰੂ ਸਾਹਿਬ , ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਕਰਵਾ ਕੇ , ਪਰਵਾਰ ਨਾਲੋਂ ਵਿਛੜ ਕੇ ,ਬਿਨਾ ਸਾਜ਼ੋ-ਸਾਮਾਨ , ਕਈ ਥਾਵਾਂ ਤੋਂ ਪਾਟੇ ਕਪੜਿਆਂ ਨਾਲ ਮਾਛੀਵਾੜੈ ਦੇ ਜੰਗਲ ਵਿਚ ਵਿਚਰ ਰਹੇ ਸਨ । ਜਿਸ ਥਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਹਿਾ ਹੈ ।
3. ਭੂਮਕਾ ਵਿਚ ਵਿਦਵਾਨ ਵੀਰ ਜੀ ਕੁਝ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ ਕਿ , ਗੁਰੂ ਸਾਹਿਬ , ਅਕਾਲ ਪੁਰਖ ਨਾਲ ਇਕ ਮਿਕ ਸਨ। ਇਸ ਇਕ ਮਿਕਤਾ ਸਦਕਾ ਉਹ ਚੜ੍ਹਦੀ ਕਲਾ ਵਿਚ , ਉੱਚ ਆਤਮਕ ਅਵੱਸਥਾ ਵਿਚ ਸਨ।
4. ਪਹਿਲੀ ਤੁਕ ਵਿਚ , ਮਿਤ੍ਰ ਪਿਆਰੇ ਨੂੰ , ਹਾਲ ਮੁਰੀਦਾਂ ਦਾ ਕਹਿਣਾ । ਤੋਂ ਸਾਫ ਜ਼ਾਹਰ ਹੈ ਕਿ ਇਹ ਕਿਸੇ ਅਜਿਹੇ ਵਿਅਕਤੀ ਦੀ ਗੱਲ ਹੈ , ਜੋ ਅਪਣੇ ਪਿਆਰੇ ਮਿਤ੍ਰ ਤੋਂ ਵਿਛੜਿਆ ਹੋਇਆ ਹੈ ਅਤੇ ਕਿਸੇ ਅੱਗੇ ਜੋਦੜੀ ਕਰ ਰਿਹਾ ਹੈ ਕਿ ਮੇਰਾ ਹਾਲ ਮੇਰੇ ਪਿਆਰੇ ਮਿਤ੍ਰ ਨੂੰ ਕਹਿ ਦੇਣਾ ਦੱਸ ਦੇਣਾ ।
ਦੂਸਰੀ ਤੁਕ ਤੋਂ ਸੁਨੇਹਾ ਸ਼ੁਰੂ ਹੁੰਦਾ ਹੈ ,
ਤੁਧੁ ਬਿਨ ਰੋਗ ਰਜਾਇਯਾਂ ਦਾ ਓਢਣੁ , ਨਾਗ ਨਿਵਾਸਾਂ ਦਾ ਰਹਿਣਾ ।
ਹੇ ਪਿਆਰੇ ਮਿਤ੍ਰ , ਤੇਰੇ ਬਗੈਰ , ਚੰਗੀ ਸੁਖਾਲੀ ਸੇਜ ਮਾਨਣੀ ਵੀ , ਮੇਰੇ ਲਈ ਇਵੇਂ ਹੈ , ਜਿਵੇਂ ਨਾਗਾਂ ਦੇ ਨਿਵਾਸ ਵਿਚ ਨਾਗਾਂ ਦੇ ਨਾਲ ਰਹਿਣਾ ਹੋਵੇ ।
ਤੀਸਰੀ ਤੁਕ ਹੈ ,
ਸੂਲ਼ ਸੁਰਾਹੀ ਖੰਜਰ ਪਿਯਾਲਾ , ਬਿੰਗੁ ਕਸਾਇਯਾਂ ਦਾ ਸਹਣਾ [
ਹੇ ਪਿਆਰੇ ਮਿਤ੍ਰ , ਤੇਰੇ ਤੋਂ ਬਗੈਰ , ਮੈਨੂੰ ਸ਼ਰਾਬ ਨਾਲ ਭਰੀ ਹੋਈ ਸੁਰਾਹੀ , ਸੂਲਾਂ ਵਾਂਗ ਚੁਭਦੀ ਹੈ ।ਸ਼ਰਾਬ ਪੀਣ ਵਾਲਾ ਪਿਆਲਾ , ਮੇਰੇ sIny ਵਿਚ ਖੰਜਰ ਵਾਂਗ ਰੜਕਦਾ ਹੈ । ਜ਼ਿੰਦਗੀ ਦੇ ਸਾਰੇ ਐਸ਼ ਆਰਾਮ ਦੇ ਸਾਧਨ ਵਰਤਦਿਆਂ ਮੈਨੂੰ ਇਵੇਂ ਜਾਪਦਾ ਹੇ , ਜਿਵੇਂ ਮੈਨੂੰ ਕਸਾਈਆਂ ਵਾਲਾ ਬਿੰਗ ( ਉਹ ਛੁਰੀ , ਜਿਸ ਨਾਲ ਮੁਸਲਮਾਨ ਕਸਾਈ , ਜਾਨਵਰ ਦੀ ਸ਼ਾਹਰੱਗ ਹੌਲੀ ਹੌਲੀ ਵੱਢ ਕੇ , ਉਸ ਨੂੰ ਜ਼ਿਬ੍ਹਾ ਕਰਦੇ ਹਨ।) ਸਹਿਣਾ ਪੈ ਰਿਹਾ ਹੈ । ਮੈਨੂੰ ਜ਼ਿਬ੍ਹਾ ਕੀਤਾ ਜਾ ਰਿਹਾ ਹੈ ।
ਅਤੇ ਆਖਰੀ ਤੁਕ ਹੈ,
ਯਾਰੜੇ ਦਾ ਸਾਨੂੰ ਸੱਥਰ ਚੰਗਾ , ਭੱਠ ਖੇੜਿਆਂ ਦਾ ਰਹਿਣਾ ।
ਸਾਨੂੰ ਯਾਰ , ਮਿਤ੍ਰ ਨਾਲ , ਘਾਹ-ਫੂਸ , ਪਰਾਲੀ ਤੇ ਹੀ ਸੌਣਾ ਚੰਗਾ ਲਗਦਾ ਹੈ । ਖੇੜਿਆਂ ਦੇ ਸਾਰੇ , ਐਸ਼ ਆਰਾਮ ਦੇ ਸਾਧਨ , ਭੱਠ ਵਿਚ ਪੈਣ , ਤਿਆਗਣ ਜੋਗ ਹਨ , ਉਨ੍ਹਾਂ ਦੇ ਮੁਕਾਬਲੇ , ਸਾਨੂੰ ਯਾਰ ਨਾਲ ਗਰੀਬੀ ਦੀ ਹਾਲਤ ਵਿਚ ਰਹਿਣਾ ਹੀ ਭਾਉਂਦਾ ਹੈ ।
ਵਿਚਾਰ,
ਇਨ੍ਹਾਂ ਤੁਕਾਂ ਵਿਚਲੇ ਆਦਮੀ ਕੋਲ , ਐਸ਼ ਆਰਾਮ ਦੇ ਸਾਰੇ ਸਾਸ਼ਨ ਹਨ , ਪਰ ਪਿਆਰੇ , ਯਾਰ , ਮਿਤ੍ਰ ਦਾ ਵਿਛੋੜਾ ਹੈ । ਉਸ ਦਾ ਅਪਣੇ ਪਿਆਰੇ ਮਿਤ੍ਰ ਨੂੰ ਸੁਨੇਹਾ ਹੈ ਕਿ ਤੇਰੇ ਬਗੈਰ , ਇਹ ਸਾਰੇ ਸੁਖ ਮੇਰੇ ਲਈ ਦੁਖਦਾਈ ਹਨ । ਜੇ ਤੂੰ ਮੈਨੂੰ ਮਿਲ ਜਾਵੇਂ , ਤਾਂ ਮੈਂ ਇਹ ਸਾਰੇ ਸੁਖ ਤਿਆਗਣ ਨੂੰ ਤਿਆਰ ਹਾਂ ।
ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ , ਦੁਨਿਆਵੀ ਸੁਖ , ਆਰਾਮ ਦੇ ਸਾਧਨ ਖੁਸ ਗਏ ਹਨ । ਮਾਤਾ, ਮਹਲ, ਪੁਤ੍ਰ , ਸਿੱਖ , ਆਨੰਦ ਪੁਰ ਸਾਹਿਬ ਦਾ ਸਾਰਾ ਵੈਭਵ , ਵਿਛੜ ਗਏ ਹ ਨ । ਪਰ ਗੁਰੂ ਸਾਹਿਬ ਅਪਣੇ ਪਿਆਰੇ ਮਿਤ੍ਰ , ਅਕਾਲ ਪੁਰਖ ਨਾਲ ਇਕ ਮਿਕ ਹੋਏ , ਉੱਚੀ ਆਤਮਕ ਅਵੱਸਥਾ ਵਿਚ , ਚੜ੍ਹਦੀ ਕਲਾ ਵਿਚ ਹਨ ।
ਇਕ ਗੱਲ ਵਿਚਾਰਨ ਗੋਚਰੀ ਹੈ , ਕੀ ਗੁਰਮਤ , ਚੰਗੀ ਸੇਜ , ਸੁਰਾਹੀ , ਪਿਆਲੇ ਅਤੇ ਚੰਗੇ ਆਵਾਸ ਨੂੰ ਹੀ ਸੁਖ ਦਾ ਸਾਧਨ ਮੰਨਦੀ ਹੈ ? ਜੋ ਇਸ ਵਿਚ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਹੈ
ਗੁਰਬਾਣੀ ਸਿਧਾਂਤ ਹੈ ,
ਦੁਖੁ ਤਦੇ ਜਾ ਵਿਸਰਿ ਜਾਵੈ ॥ ( 98 )
ਬੰਦਾ ਤਦ ਹੀ ਦੁਖੀ ਹੁੰਦਾ ਹੈ , ਜਦ ਉਸ ਨੂੰ ਪਰਮਾਤਮਾ ਦੀ ਯਾਦ ਵਿੱਸਰ ਜਾਵੈ । ਬੰਦਾ ਸੁਖੀ ਤਦ ਹੀ ਰਹਿੰਦਾ ਹੈ ਜਦ ਉਹ ਪਰਮਾਤਮਾ ਨਾਲ ਜੁੜਿਆ ਰਹੇ । ਅਤੇ,
ਜਾ ਕਉ ਚੀਤਿ ਆਵੈ ਗੁਰੁ ਅਪਨਾ ॥
ਤਾ ਕਉ ਦੂਖ ਨਾਹੀ ਤਿਲੁ ਸੁਪਨਾ ॥ ( 1298 )
ਜਿਸ ਬੰਦੇ ਨੂੰ ਮਨ ਵਿਚ ਪਰਮਾਤਮਾ ਯਾਦ ਰਹੇ , ਉਸ ਨੂੰ ਸੁਪਨੇ ਵਿਚ ਵੀ ਤਿਲ ਜਿੰਨਾ ਦੁਖ ਨਹੀਂ ਹੁੰਦਾ । ਗੁਰੂ ਜੀ ਤਾਂ ਕਰਤਾਰ ਨਾਲ ਇਕ ਮਿਕ , ਚੜ੍ਹਦੀ ਕਲਾ ਵਿਚ ਸਨ । ਉਨ੍ਹਾਂ ਦੇ ਦੁਖੀ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ [
ਰਚਨਾ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਕਵੀ ਨੇ ਇਨ੍ਹਾਂ ਪੰਗਤੀਆਂ ਵਿਚ , ਅਪਣੇ ਪਿਆਰੇ , ਰਾਂਝੇ ਦੇ ਵਿਛੋੜੇ ਵਿਚ ਦੁਖੀ , ਹੀਰ ਦਾ , ਅਪਣੇ ਯਾਰ ਰਾਂਝੇ ਨੂੰ , ਸੁਨੇਹੇ ਦਾ ਚਿਤ੍ਰ ਖਿਚਿਆ ਹੈ । ਇਸ ਦੇ ਥੱਲੇ, ਖਿਆਲ ਪਾ:10 । ਲਿਖ ਕੇ ਪਤਾ ਨਹੀਂ ਕਿਸ ਯੋਜਨਾ ਅਧੀਨ , ਕਿਸ ਅਧਾਰ ਤੇ , ਇਸ ਦੇ ਲਿਖਣਹਾਰੇ ਕਵੀ ਨੂੰ ਗੁਰੂ ਗੋਬਿੰਦ ਸਿੰਘ , ਅਤੇ ਇਸ ਇਸ਼ਕੀਆ ਰਚਨਾ ਨੂੰ ਗੁਰਬਾਣੀ ਬਣਾ ਦਿੱਤਾ ਹੈ ?
ਸਿੱਖੀ ਨੂੰ ਸਮੱਰਪਿਤ , ਸਿੱਖ ਵਿਦਵਾਨਾਂ ਅੱਗੇ ਬੇਨਤੀ ਹੈ , ਜੋਦੜੀ ਹੈਕਿ ਨਾਂ ਤਾਂ ਆਪ ਹੀ ਅਜਿਹੀਆਂ ਊਲ਼-ਜਲੂਲ ਰਚਨਾਵਾਂ ਨੂੰ , ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ , ਉਨ੍ਹਾਂ ਦਾ ਅਕਸ ਵਿਗੜਨ ਦਾ ਉਪਰਾਲਾ ਕਰਨ , ਅਤੇ ਅਜਿਹਾ ਕਰਨ ਵਾਲੇ ਦੂਸਰੇ ਵਿਦਵਾਨਾਂ ਨੂੰ ਵੀ ਸੁਚੇਤ ਕਰ ਕੇ , ਅਜਿਹਾ ਕਰਨ ਤੋਂ ਰੋਕਣ । ਅਜਿਹਾ ਕਰਨ ਨਾਲ ਹੀ ਸਿੱਖੀ ਦਾ ਕੁਝ ਭਲਾ ਹੋ ਸਕਦਾ ਹੈ [
ਅਮਰ ਜੀਤ ਸਿੰਘ ਚੰਦੀ
ਫੋਨ: 91 95685 41414