ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 10)
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥1॥
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥1॥ਰਹਾਉ॥
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥2॥
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥3॥
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥4॥10॥43॥
॥ਰਹਾਉ॥ ਹੇ ਭਾਈ, ਗੁਰੂ ਦੀ ਸਿਖਿਆ ਅਨੁਸਾਰ, ਕਰਤਾਰ ਦਾ ਨਾਮ ਸਿਮਰ। ਜਿਸ ਮਨੁੱਖ ਦੇ ਮਨ ਵਿਚ ਹਮੇਸ਼ਾ, ਪ੍ਰਭੂ ਦੇ ਹੁਕਮ ਵਿਚ ਚੱਲਣ ਦੀ ਤਾਂਙ ਰਹਿੰਦੀ ਹੈ, ਉਹ ਕਰਤਾਰ ਦੇ ਦਰਬਾਰ ਵਿਚ ਟਿਕਾਣਾ ਬਣਾ ਲੈਂਦਾ ਹੈ।
॥1॥ ਹੇ ਭਾਈ, ਜੋ ਪਰਮਾਤਮਾ ਮੁੱਢ-ਕਦੀਮ ਵਿਚ ਵੀ ਸੱਚ ਸੀ, ਜੁਗਾਂ ਦੇ ਸ਼ੁਰੂ ਵਿਚ, ਬ੍ਰਹਮੰਡ ਦੀ ਰਚਨਾ ਵੇਲੇ ਵੀ ਸੱਚ ਸੀ, ਅੱਜ ਵੀ ਸੱਚ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਸੱਚ ਹੀ ਹੋਵੇਗਾ, ਉਸ ਨੂੰ ਸਿਮਰਨਾ ਚਾਹੀਦਾ ਹੈ, ਜਿਹੜਾ ਵੀ ਉਸ ਨੂੰ ਸਿਰਦਾ ਹੈ, ਯਾਦ ਕਰਦਾ ਹੈ, ਉਸ ਨੂ ਹਮੇਸ਼ਾ ਕਾਇਮ ਰਹਣ ਵਾਲਾ ਪ੍ਰਭੂ ਵਡਿਆਈ ਦਿੰਦਾ ਹੈ।
ਗੁਰੂ, ਸ਼ਬਦ ਗੁਰੂ ਦੀ ਕਿਰਪਾ ਸਦਕਾ, ਜਿਸ ਬੰਦੇ ਦੇ ਮਨ ਵਿਚ ਰੱਬ ਵਸਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦਾ ਦੀਰਘ ਰੋਗ, ਖਤਮ ਕਰ ਲੈਂਦਾ ਹੈ।
ਪਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਇਹ ਚੰਚਲ ਮਨ, ਮਾਇਆ ਦੇ ਪਿੱਛੇ ਭੱਜਣੋ ਤਦ ਹੀ ਰੁਕਦਾ ਹੈ, ਜਦ ਪ੍ਰਭੂ ਆਪ ਹੀ ਮਿਹਰ ਕਰਦਾ ਹੈ।
॥2॥ ਮਨਮੁਖਿ, ਮਨ ਦੇ ਕਹੇ ਚੱਲਣ ਵਾਲੇ ਬੰਦੇ ਦਾ ਮਨ ਵੀ, ਗਿਆਨ ਹੀਣ, ਅੰਨ੍ਹਾ ਹੁੰਦਾ ਹੈ, ਅਤੇ ਉਸ ਦਾ ਤਨ (ਗਿਆਨ ਇੰਦਰੇ ਵੀ ਗਿਆਨ ਦੀ ਅਣਹੋਂਦ ਕਾਰਨ) ਵੀ ਅੰਨ੍ਹਾ ਹੋ ਜਾਂਦਾ ਹੈ, ਉਸ ਨੂੰ ਆਤਮਕ ਗਿਆਨ ਲਈ ਕੋਈ ਠੋਰ-ਠਿਕਾਣਾ ਲੱਭਦਾ ਹੀ ਨਹੀਂ।
ਇਵੇਂ ਉਹ ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ, ਪਰ ਗੁਰੂ ਤੋਂ ਬਗੈਰ, ਉਸ ਨੂੰ ਕਿਤਿਉਂ ਵੀ ਗਿਆਨ ਦੀ ਪਰਾਪਤੀ ਨਹੀਂ ਹੁੰਦੀ, ਉਹ ਇਵੇਂ ਹੀ ਭਟਕਦਾ ਫਿਰਦਾ ਹੈ, ਜਿਵੇਂ ਕਾਂ, ਸੁੰਞੇ ਘਰਾਂ ਵਿਚ ਭਟਕਦਾ ਫਿਰਦਾ ਹੈ, ਪਰ ਉਸ ਨੂੰ ਕੁਝ ਵੀ ਪਰਾਪਤ ਨਹੀਂ ਹੁੰਦਾ।
ਗੁਰੂ ਦੀ ਮੱਤ ਅਨੁਸਾਰ ਚੱਲਿਆਂ, ਮਨ ਵਿਚ ਗਿਆਨ ਦਾ ਚਾਨਣ ਹੁੰਦਾ ਹੈ ਅਤੇ ਗੁਰ-ਸ਼ਬਦ ਦੀ ਵਿਚਾਰ ਆਸਰੇ ਪ੍ਰਭੂ ਦੀ ਰਜ਼ਾ ਬਾਰੇ ਸੋਝੀ ਹੁੰਦੀ ਹੈ ।
॥3॥ ਤਿੰਨਾਂ ਗੁਣਾਂ ਵਾਲੀ ਮਾਇਆ ਦੇ ਮੋਹ ਦਾ ਹਨੇਰਾ ਹਰ ਪਾਸੇ ਪਸਰਿਆ ਹੋਇਆ ਹੈ, ਜਿਸ ਦੇ ਪ੍ਰਭਾਵ ਅਧੀਨ, ਜਗਤ ਅੰਨ੍ਹਾ ਹੋ ਕੇ ਵਰਤ ਰਿਹਾ ਹੈ।
ਲੋਭੀ ਜੀਵ ਜਗਤ ਨੂੰ ਲੁੱਟਣ ਲਈ, ਵੇਦਾਂ, ਧਰਮ-ਪੁਸਤਕਾਂ ਨੂੰ ਪੜ੍ਹ-ਪੜ੍ਹ ਕੇ ਉਨ੍ਹਾ ਦਾ ਉਪਦੇਸ਼ ਦੇਣ ਦੀ ਆੜ ਵਿਚ ਮਨਮਤਿ ਦਾ ਢੰਡੋਰਾ ਦੇਂਦੇ ਹਨ, ਪਰ ਅਸਲ ਵਿਚ ਪ੍ਰਭੂ ਨੂੰ ਵਿਸਾਰ ਕੇ, ਅਨ, ਰੱਬ ਤੋਂ ਇਲਾਵਾ ਹੋਰ ਦੀ, ਮਾਇਆ ਦੀ ਸੇਵਾ ਕਰਦੇ ਹਨ, ਮਾਇਆ ਲਈ ਹੀ ਨੱਠ-ਭੱਜ ਕਰਦੇ ਹਨ।
ਇਵੇਂ ਤ੍ਰੈ ਗੁਣੀ ਮਾਇਆ ਦੇ ਪਰਭਾਵ ਹੇਠ ਅੰਨ੍ਹੇ ਹੋਏ ਬੰਦਿਆਂ ਨੂੰ, ਨਾ ਤਾਂ ਭਵਜਲ ਸੰਸਾਰ ਦਾ ਉਰਲਾ ਪਾਸਾ ਹੀ ਨਜ਼ਰ ਆੁੳਂਦਾ ਹੈ ਅਤੇ ਨਾ ਹੀ ਪਰਲਾ ਪਾਸਾ ਨਜ਼ਰ ਆਉਂਦਾ ਹੈ, ਇਵੇਂ ੳੇੁਹ ਮਾਇਆ ਦੇ ਮੋਹ ਵਿਚ ਖੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ।
॥4॥ ਮਾਇਆ ਦੇ ਮੋਹ ਵਿਚ ਫੱਸ ਕੇ ਜੀਵਾਂ ਨੇ ਜਗਤ ਦੇ ਪਿਤਾ, ਪਾਲਣਹਾਰ ਪ੍ਰਭੂ ਨੂੰ ਵਿਸਾਰ ਦਿੱਤਾ ਹੋਇਆ ਹੈ, ਸ਼ਬਦ ਗੁਰੂ ਤੋਂ ਸੋਝੀ ਲਏ ਬਗੈਰ ਜੀਵ, ਅਗਿਆਨਤਾ ਦੇ ਹਨੇਰੇ ਵਿਚ ਅਚੇਤ ਹੋ ਰਿਹਾ ਹੈ, ਇਵੇਂ ਪ੍ਰਭੂ ਤੋਂ ਵਿਛੜੀ ਸਾਰੀ ਲੁਕਾਈ ਨੂੰ ਆਤਮਕ ਮੌਤ ਨੇ ਆਪਣੀ ਜਕੜ ਵਿਚ ਬੱਧਾ ਹੋਇਆ ਹੈ।
ਹੇ ਨਾਨਕ, ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ, ਹਮੇਸ਼ਾ ਸੱਚੇ, ਹਮੇਸ਼ਾ ਕਾਇਮ ਰਹਣ ਵਾਲੇ ਪ੍ਰਭੂ ਦੇ ਹੁਕਮ ਦੀ ਪਾਲਣਾ ਕਰਨ ਨਾਲ ਹੀ, ਆਤਮਕ ਮੌਤ ਦੇ ਬੰਧਨਾਂ ਤੋਂ ਬਚਿਆ ਜਾ ਸਕਦਾ ਹੈ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 10) ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ
Page Visitors: 2852