ਗੁਰਬਾਣੀ ਅਰਥਾਂ ਵਿੱਚ ਨਾਸਤਿਕ ਸੋਚ
ਜਸਬੀਰ ਸਿੰਘ ਵਿਰਦੀ:-
"ਚਮਕੌਰ ਸਿੰਘ ਬਰਾੜ ਜੀ! ਤੁਸੀਂ ਪਦਾਰਥਵਾਦੀ ਸੋਚ ਦੇ ਮਾਲਕ ਹੋ।ਅਤੇ ਆਪਣੀ ਇਹ ਪਦਾਰਥਵਾਦੀ/ ਨਾਸਤਿਕ ਸੋਚ ਤੁਸੀਂ ਗੁਰਬਾਣੀ ਅਰਥ ਘੜਨ ਲੱਗੇ ਅਰਥਾਂ ਵਿੱਚ ਵਾੜ ਰਹੇ ਹੋ।
“ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
ਤੁਹਾਡੇ ਅਰਥ—ਇਕ ਪ੍ਰਭੁ ਦਾ ਨਾਮ ਹੀ ਹੁਕਮ ਹੈ। ਹੇ ਨਾਨਕ! ਮੈਨੂੰ ਇਹ ਗਲ ਸਚੇ ਗੁਰੂ ਨੇ ਸਮਝਾ ਦਿਤੀ ਹੈ।
ਭਾਵ ਜੋ ਪ੍ਰਭੁ ਦੇ ਗੁਣ ਹਨ ਇਹ ਹੀ ਹੁਕਮ ਹੈ ਜਾਂ ਜੋ ਸਰਿਸਟੀ ਦੇ ਨਿਯਮ ਹਨ ਉਹ ਹੁਕਮ ਹੈ। ”
ਬਰਾੜ ਜੀ! ‘ਪ੍ਰਭੂ ਦਾ ਨਾਮ’ ‘ਹੁਕਮ’ ਹੈ ਦੇ ਭਾਵਾਰਥ ‘ਪ੍ਰਭੂ ਦੇ ਗੁਣ’ ਅਤੇ ਕਿਉਂਕਿ ਤੁਸੀਂ ਦਿਸਦੇ ਸੰਸਾਰ ਨੂੰ ਹੀ ਸਭ ਕੁਝ ਮੰਨੀ ਬੈਠੇ ਹੋ ਇਸ ਲਈ ‘ਪ੍ਰਭੂ ਦੇ ਗੁਣਾਂ’ ਤੋਂ ਭਾਵਾਰਥ ਘੜ ਲਏ ਹਨ ‘ਸਰਿਸ਼ਟੀ ਦੇ ਨਿਯਮ’।
ਬਰਾੜ ਜੀ! ਪ੍ਰਭੂ ਸਾਡੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਉਂਦਾ ਹੈ, ਜਾਂ ਨਹੀਂ?
ਕੋਈ ਵਿਅਕਤੀ ਧੋਖਾ-ਧੜੀਆਂ ਕਰਦਾ ਅਤੇ ਠੱਗੀਆਂ ਮਾਰਦਾ ਹੈ।ਗਰੀਬ ਮਾਰ ਕਰਦਾ ਹੈ।ਦੱਸ ਸਕਦੇ ਹੋ ਕਿ ਉਸਦੇ ਇਹਨਾਂ ਔਗੁਣਾ ਨੂੰ ਪ੍ਰਭੂ ਦੇਖਦਾ ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਉਂਦਾ ਹੈ ਜਾਂ ਨਹੀਂ?।
ਜੇ ਚਲਾਉਂਦਾ ਹੈ ਤਾਂ ਦੱਸ ਸਕਦੇ ਹੋ ਕਿ ਕਿਹੜੇ ਕੁਦਰਤੀ ਨਿਯਮਾਂ ਅਧੀਨ ਇਹਨਾਂ ਬਾਰੇ ਹੁਕਮ ਚੱਲਾਂਦਾ ਹੈ? -
“ਹੁਕਮੁ ਨ ਜਾਣੈ ਬਹੁਤਾ ਰੋਵੈ ॥ -
ਤੁਹਾਡੇ ਅਰਥ--ਜੋ ਹੁਕਮ ਨੂੰ ਨਹੀਂ ਜਾਣਦਾ ਜਾਂ ਸਮਝਦਾ ਉਹ ਬਹੁਤਾ ਕਲਪਦਾ ਹੈ॥ ਭਾਵ ਜੋ ਪ੍ਰਭੂ ਦੇ ਗੁਣਾ ਨੂੰ ਜਾਂ ਕੁਦਰਤ ਦੇ ਨਿਯਮਾ ਨੂੰ ਨਹੀਂ ਸਮਝਦਾ ਉਹ ਬਹੁਤਾ ਕਲਪਦਾ ਹੈ। ” ਬਰਾੜ ਜੀ! ਇਸੇ ਲੇਖ ਵਿੱਚ ਅੱਗੇ ਕਿਸੇ ਸਵਾਲ ਦੇ ਜਵਾਬ ਵਿੱਚ ਤੁਸੀਂ ਕੁਦਰਤ ਦੇ ਨਿਯਮਾਂ ਦੀ ਗੱਲ ਕਰਦੇ ਹੋਏ ‘ਵਿਟਰੋ’ ਦਾ ਜ਼ਿਕਰ ਕੀਤਾ ਹੈ। ਮੈਨੂੰ ਅਤੇ ਮੇਰੇ ਵਰਗੇ ਹੋਰ ਅਨੇਕਾਂ ਲੋਕਾਂ ਨੂੰ ਇਸ ‘ਵਿਟਰੋ’ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਂ ਕਹਿ ਸਕਦੇ ਹਾਂ ਕਿ ਮੈਂ ਕੁਦਰਤ ਦੇ ਇਹਨਾਂ ਗੁਣਾਂ/ਨਿਯਮਾਂ ਨੂੰ ਨਹੀਂ ਸਮਝਦਾ। ਪਰ ਮੈਨੂੰ ਤਾਂ ਇਸ ਵਿੱਚ ਕੋਈ ‘ਰੋਣ ਜਾਂ ਕਲਪਣ’ ਵਾਲੀ ਗੱਲ ਨਹੀਂ ਲੱਗਦੀ। ਬਹੁਤ ਸਾਰੇ ਲੋਕ ਜਿਹਨਾਂ ਨੂੰ ਕੁਦਰਤ ਦੇ ਬੁਨਿਆਦੀ ਨਿਯਮ, ਜਿਵੇਂ ਪਾਣੀ ਵਿੱਚ ਕਿਹੜੀਆਂ ਕਿਹੜੀਆਂ ਗੈਸਾਂ ਅਤੇ ਕਿੰਨੀ ਮਿਕਦਾਰ ਵਿੱਚ ਹਨ, ਬਾਰੇ ਵੀ ਨਹੀਂ ਪਤਾ। ਜਾਂ ਹਵਾ ਜਿਸ ਵਿੱਚ ਆਪਾਂ ਸਾਹ ਲੈਂਦੇ ਹਾਂ, ਇਸ ਵਿੱਚ ਕਿਹੜੀਆਂ ਕਿਹੜੀਆਂ ਗੈਸਾਂ ਅਤੇ ਕਿੰਨੀਂ ਮਿਕਦਾਰ ਵਿੱਚ ਹਨ ਬਾਰੇ ਵੀ ਨਹੀਂ ਪਤਾ। ਤਾਂ ਕੀ ਇਸ ਵਿੱਚ ਰੋਣ ਅਤੇ ਕਲਪਣ ਵਾਲੀ ਕੋਈ ਗੱਲ ਹੈ?
ਤੁਸੀਂ ਲਿਖਿਆ ਹੈ:- “ਇਹ ਕਿਰਿਆ ਨੂੰ ਕੋਈ ਸ਼ਕਤੀ ਚਲਾਉਂਦੀ ਹੈ ਜੋ ਦਿਸਦੀ ਨਹੀਂ, ਜਿਸਦਾ ਅਕਾਰ ਨਹੀਂ, ਜਿਹੜੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਜਿਹੜੀ ਜੰਮਣ ਮਰਨ ਤੋਂ ਰਹਿਤ ਹੈ ਜਿਹੜੀ ਹੈ ਵੀ ਸਚ ਹੈ, ਜਿਹੜੀ ਮੁਢ ਕਦੀਮੀ ਤੋਂ ਚਲੀ ਆ ਰਹੀ ਅਤੇ ਆਖ਼ੀਰ ਤੱਕ ਰਹੇਗੀ। ਉਸ ਸ਼ਕਤੀ ਨੂੰ ਪ੍ਰਭੂ ਕਿਹਾ ਗਿਆ ਹੈ। ਉਸੇ ਦਾ ਨਾਮ ਕਰਤਾ ਹੈ ਅਤੇ ਉਸੇ ਦਾ ਨਾਮ ਹੈ ੴ॥ ਇਹ ਹੀ ਕਿਰਿਆ ਹਰ ਥਾਂ ਮਾਜੂਦ ਹੈ।” ਤੁਸੀਂ ਕਹਿੰਦੇ ਹੋ ਕਿ ‘ਇਸ ਕਿਰਿਆ ਨੂੰ ਕੋਈ ਸ਼ਕਤੀ ਚਲਾਉਂਦੀ ਹੈ’ ਅਤੇ ‘ਉਸ ਸ਼ਕਤੀ ਨੂੰ ਪ੍ਰਭੂ ਕਿਹਾ ਗਿਆ ਹੈ’।
ਬਰਾੜ ਜੀ! ਗੁਰਬਾਣੀ ਤਾਂ ਕਹਿੰਦੀ ਹੈ ਕਿ ਕੁਦਰਤ ਅਤੇ ਕੁਦਰਤ ਨੂੰ ਚਲਾਉਣ ਵਾਲੀ ਸ਼ਕਤੀ ਪ੍ਰਭੂ ਨੇ ਹੀ ਪੈਦਾ ਕੀਤੀ ਹੈ। ਇਸ ਦਾ ਮਤਲਬ ਹੈ ਕਿ ਕੁਦਰਤ ਅਤੇ ਸ਼ਕਤੀ ਪਰਮਾਤਮਾ ਨਹੀਂ ਬਲਕਿ ਉਸ ਦੀ ਕ੍ਰਿਤ ਹਨ। ਤੁਸੀਂ ਉਸ ਦੀ ਕ੍ਰਿਤ ਨੂੰ ਹੀ ਪ੍ਰਭੂ ਦੱਸੀ ਜਾ ਰਹੇ ਹੋ??
ਦੂਸਰਾ- ਕਿਰਿਆ ਨੂੰ ਚਲਾਉਣ ਵਾਲੀ ਸ਼ਕਤੀ ਹੀ ਪ੍ਰਭੂ ਹੈ ਤਾਂ ਦੋ ਗੱਲਾਂ ਵਿੱਚੋਂ ਇੱਕ ਹੀ ਗੱਲ ਹੋ ਸਕਦੀ ਹੈ-
1- ਗੁਰਮਤਿ ਅਨੁਸਾਰ ਤਾਂ ਕੁਦਰਤ ਅਨਾਦੀ ਨਹੀਂ, ਸਿਰਫ ਪਰਮਾਤਮਾ ਹੀ ਅਨਾਦੀ ਹੈ। ਕੁਦਰਤ ਨੂੰ ਉਸ ਨੇ ਆਪਣੇ ਆਪ ਤੋਂ ਉਤਪੰਨ ਕੀਤਾ ਹੈ (ਦੁਯੀ ਕਦਰਤਿ ਸਾਜੀਐ..॥)।ਅਰਥਾਤ ਜਦੋਂ ਕੁਦਰਤ ਨਹੀਂ ਸੀ ਪ੍ਰਭੂ ਤਾਂ ਓਦੋਂ ਵੀ ਸੀ।ਪਰ ਜੇ ਕੁਦਰਤ ਨੂੰ ਚਲਾਉਣ ਵਾਲੀ ਸ਼ਕਤੀ ਹੀ ਪ੍ਰਭੂ ਹੈ, ਫੇਰ ਤਾਂ ਪ੍ਰਭੂ ਅਨਾਦੀ ਨਾ ਹੋਇਆ।ਕਿਉਂਕਿ ਕੁਦਰਤ ਹੈ ਤਾਂ ਹੀ ਇਸ ਨੂੰ ਚਲਾਉਣ ਵਾਲੀ ਸ਼ਕਤੀ ਹੈ (ਜਿਸ ਨੂੰ ਤੁਸੀਂ ਕੁਦਰਤੀ ਨਿਯਮ ਕਹਿੰਦੇ ਹੋ)।ਅਤੇ ਗੁਰਮਤਿ ਅਨੁਸਾਰ ਕੁਦਰਤ ਅਨਾਦੀ ਨਹੀਂ। ਜੇ ਕੁਦਰਤ ਨਹੀਂ ਤਾਂ ਕੁਦਰਤ ਦੇ ਨਿਯਮ ਵੀ ਨਹੀਂ ਹੋ ਸਕਦੇ (ਜੇ ਹੋ ਸਕਦੇ ਹਨ ਤਾਂ ਦੱਸੋ???)
2- ਜੇ ਤੁਸੀਂ ਕੁਦਰਤ ਤੋਂ ਵੱਖਰੀ ਕਿਸੇ ਸ਼ਕਤੀ ਨੂੰ ਪ੍ਰਭੂ ਕਹਿੰਦੇ ਹੋ, ਜਿਸ ਨੇ ਕੁਦਰਤ ਬਣਾਈ ਹੈ, ਤਾਂ ਇਸ ਦਾ ਮਤਲਬ ਕੁਦਰਤ ਦੇ ਨਿਯਮ ਉਹ ਸ਼ਕਤੀ ਨਹੀਂ ਜਿਹਨਾਂ ਨੂੰ ਤੁਸੀਂ ਪ੍ਰਭੂ ਕਹਿ ਰਹੇ ਹੋ??? ਇੱਕ ਥਾਂ ਤੁਸੀਂ ਕਹਿੰਦੇ ਹੋ:- “ਜੋ ਸਰਿਸ਼ਟੀ ਦੇ ਨਿਯਮ ਹਨ ਉਹੀ ਹੁਕਮ ਹੈ” ਦੂਜੇ ਥਾਂ ਤੁਸੀਂ ਕਹਿ ਰਹੇ ਹੋ:- “ਜਦੋਂ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ, ਓਦੋਂ ਵੀ ਇਹ ਹੁਕਮ ਸੀ’ ਬਰਾੜ ਜੀ! ਤੁਸੀਂ ਦੋ ਆਪਾ-ਵਿਰੋਧੀ ਗੱਲਾਂ ਕਰ ਰਹੇ ਹੋ- ਜੇ ਸਰਿਸ਼ਟੀ ਦੇ ਨਿਯਮ(/ਕੁਦਰਤੀ ਨਿਯਮ) ਉਸ ਦਾ ਹੁਕਮ ਹੈ ਤਾਂ ਜਦੋਂ ਕੁਦਰਤ ਹੀ ਨਹੀਂ ਸੀ, ਉਸ ਵਕਤ ਕੁਦਰਤ ਦੇ ਨਿਯਮ(/ਹੁਕਮ) ਕਿਵੇਂ ਹੋ ਸਕਦੇ ਹਨ?
ਮਿਸਾਲ ਦੇ ਤੌਰ ਤੇ ਜਦੋਂ ਕੁਦਰਤ ਹੀ ਨਹੀਂ ਸੀ ਤਾਂ “ਵਿਟਰੋ (ਲਬੋਟਰੀ ਵਿੱਚ ਬੱਚਾ ਪੈਦਾ ਕਰਨ ਵਾਲੀ ਪ੍ਰਕਿਆ)” ਵਰਗਾ ਕੋਈ ਨਿਯਮ ਹੋ ਸਕਦਾ ਹੈ???
ਜਦੋਂ ਕੁਦਰਤ ਹੀ ਨਹੀਂ ਸੀ ਤਾਂ ਹਵਾਈ ਜਹਾਜ ਜਿਹਨਾਂ ਕੁਦਰਤੀ ਨਿਯਮਾਂ ਨਾਲ ਹਵਾ ਵਿੱਚ ਉਡਦਾ ਹੈ, ਉਹ ਨਿਯਮ ਹੋ ਸਕਦੇ ਹਨ???
ਤੁਸੀਂ ਲਿਖਿਆ ਹੈ- “..ਮੈਂ ਲੇਖਾ ਪੱਤਾ ਨਹੀਂ ਗਿਣਦਾ। ਤੇਰੇ ਹੁਕਮ ਨੂੰ ਜਾਂ ਤੇਰੀ ਕਿਰਿਆ ਨੂੰ ਜਾਂ ਤੇਰੀ ਸਰਿਸਟੀ ਨਿਯਮਾ ਨੂੰ ਹੀ ਪਹਿਚਾਣਦਾ ਹਾਂ..”
ਬਰਾੜ ਜੀ! ਜੇ ਮੈਂ ਕੁਦਰਤੀ ਨਿਯਮਾਂ ਨੂੰ ਨਾ ਪਹਿਚਾਣਾ। ਜੇ ਮੈਂ ਇਹ ਪਹਿਚਾਣਨ ਦੀ ਕੋਸ਼ਿਸ਼ ਨਾ ਕਰਾਂ ਕਿ ਤਾਰ ਦੇ ਇੱਕ ਸਿਰੇ ਤੇ ਕਰੰਟ ਦੇਣ ਨਾਲ ਦੂਜੇ ਸਿਰੇ ਤੇ ਕਿਵੇਂ ਪਹੁੰਚ ਜਾਂਦਾ ਹੈ।ਜਾਂ ਜੇ ਮੈਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਇਕ ਡੀ ਐਨ ਏ ਮੌਲੀਕਿਊਲ ਆਪਣੇ ਆਪ ਦੀ ਕੌਪੀ ਕਿਵੇਂ ਕਰ ਲੈਂਦਾ ਹੈ? ਜਾਂ ਇਹ ਜਾਣਨ ਦੀ ਕੋਸ਼ਿਸ਼ ਨਾ ਕਰਾਂ ਕਿ ਕੋਈ ਪਲੈਨਿਟ ਆਪਣੇ ਸਟਾਰ ਤੋਂ ਖਾਸ ਦੂਰੀ ਬਣਾ ਕੇ ਉਸ ਦੁਆਲੇ ਚੱਕਰ ਕਿਵੇਂ ਲਗਾਉਣ ਲੱਗ ਜਾਂਦਾ ਹੈ, ਤਾਂ ਕੀ ਇਹ ਪ੍ਰਭੂ ਦੀ ਹੁਕਮ-ਅਦੂਲੀ ਹੋ ਗਈ? ਜਾਂ ਜਿਹੜੇ ਲੋਕ ਕੁਦਰਤ ਦੇ ਇਹਨਾਂ ਨਿਯਮਾਂ ਨੂੰ ਸਮਝਦੇ ਹਨ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕੀ ਉਹ ਪ੍ਰਭੂ ਦੇ ਹੁਕਮ ਅੰਦਰ ਹਨ?
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
ਗੁਰਬਾਣੀ ਅਰਥਾਂ ਵਿੱਚ ਨਾਸਤਿਕ ਸੋਚ
Page Visitors: 2837