ਗੁਰਦੁਆਰਾ, ਅਕਾਲ ਤਖਤ, ਪੰਥ ਅਤੇ ਸੇਵਾਦਾਰ
ਗੁਰਦੁਆਰਾ: ਸਿਖ ਮਿਸ਼ਨ ਨੂੰ ਨਿਸ਼ਾਨੇ ਵਲ ਤੁਰਦਾ ਰਖਣ ਲਈ ਗੁਰੂ ਨਾਨਕ ਜੀ ਨੇ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰਦੁਆਰੇ ਕਿਹਾ ਜਾਂਦਾ ਹੈ। ਧਰਮਸ਼ਾਲਾਵਾਂ/ਗੁਰਦੁਆਰਿਆਂ ਨੂੰ ਸਿਖ ਜਗਤ ਵਲੋ ਮਿਲੇ ਆਦਰਮਾਨ, ਨਿਸ਼ਠਾ ਅਤੇ ਚੜ੍ਹਾਵੇ ਨੂੰ ਵੇਖ ਕੇ ਇਨ੍ਹਾਂ ਦੇ ਪ੍ਰਬੰਧਕਾਂ ਵਿੱਚ ਬਹੁਤ ਸਾਰੀਆਂ ਤ੍ਰੁਟੀਆਂ ਆ ਗਈਆਂ ਜਿਸ ਦੇ ਜ਼ੁਮੇਵਾਰ ਹਰ ਸਮੇਂ ਦੀ ਤਰ੍ਹਾਂ ਵੇਲੇ ਦੇ ਹਾਕਮ ਵੀ ਹਨ।
ਸਿਖ ਲਹਿਰ ਨੂੰ ਚੜ੍ਹਦੀ ਕਲਾ ਵਿੱਚ ਰਖਣ ਵਾਲੇ ਇਨ੍ਹਾਂ ਕੇਂਦਰਾਂ ਦੇ ਪ੍ਰਬੰਧਕਾਂ (ਮਸੰਦਾਂ) ਵਿੱਚ ਆਏ ਨਿਘਾਰ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਗਲੋਂ ਲਾਹੁਣ ਵਿੱਚ ਕੋਈ ਦੇਰ ਨਾ ਲਾਈ ਅਤੇ ਇਨਕਲਾਬੀ ਲਹਿਰ ਜਿਉਂ ਦੀ ਤਿਉਂ ਅਗੇ ਵਧਦੀ ਗਈ। ਇਸ ਲਹਿਰ ਨੇ ਜੋ ਮਲਾਂ ਮਾਰੀਆਂ ਉਨ੍ਹਾਂ ਨਾਲ ਸਿਖ ਇਤਿਹਾਸ ਭਰਿਆ ਪਿਆ ਹੈ ਅਤੇ ਗੁਰੂ ਦਾ ਹਰ ਸਿਖ ਉਸ ਉਤੇ ਬਜਾਅ ਤੌਰ ਤੇ ਫਖਰ ਕਰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਧਰਮਸਾਲਾਵਾਂ ਦੀ ਗ਼ਲਤ ਵਰਤੋਂ ਹੁੰਦੀ ਵੇਖ ਕੇ ਮਸੰਦਾਂ ਨੂੰ ਹਟਾ ਦਿਤਾ ਸੀ ਉਸੇ ਤਰਾਂ ਜਦੋਂ ਸਿਖਾਂ ਨੇ ਅੰਗਰੇਜ਼ਾਂ ਵੇਲੇ ਮਹੰਤਾਂ ਵਲੋਂ ਗੁਰਦੁਆਰਿਆਂ ਦੀ ਗ਼ਲਤ ਵਰਤੋਂ ਹੁੰਦੀ ਵੇਖੀ ਤਾਂ ਸਿਖ ਪੰਥ ਨੇ ਮੋਰਚੇ ਲਾ ਕੇ ਇਨ੍ਹਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ ਜਿਸ ਦੇ ਫਲਸਰੂਪ ਐਸ ਜੀ ਪੀ ਸੀ ਹੋਂਦ ਵਿੱਚ ਆਈ ਜਿਸ ਦਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਢੰਗ ਨਾਲ ਸਿਖ ਮਰਿਆਦਾ ਮੁਤਾਬਕ ਕਰਨਾ ਹੈ।
ਐਸ ਜੀ ਪੀ ਸੀ ਨੂੰ 1925 ਦੇ ਐਕਟ ਮੁਤਾਬਕ ਚਲਾਉਣ ਲਈ ਗੁਰਦੁਆਰਾ ਜੁਡੀਸ਼ਿਅਲ ਕਮਿਸ਼ਨ ਦੀ ਸਥਾਪਨਾ ਵੀ ਕੀਤੀ ਗਈ। ਗੁਰਦੁਆਰਾ ਸਿਖੀ ਦਾ ਧੁਰਾ ਹੈ ਜਿਸ ਵਿੱਚ ਮਨੁਖ ਜਾਤੀ ਨੂੰ ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਭੈ ਵਿੱਚ ਰਹਿੰਦਿਆਂ ਇੱਕ ਆਜ਼ਾਦ ਅਤੇ ਬੇਮਹੁਤਾਜ ਜ਼ਿੰਦਗੀ ਗੁਜ਼ਾਰਨ ਦੀ ਕੀਰਤਨ, ਸ਼ਬਦ ਵਿਚਾਰ ਅਤੇ ਸਿਖ ਇਤਿਹਾਸ ਦੀ ਕਥਾ ਨਾਲ ਉਹ ਸਿਖਿਆ ਦਿਤੀ ਜਾਂਦੀ ਹੈ ਜਿਸ ਵਿੱਚ ਮਨੁਖ ਗ੍ਰਿਹਸਤੀ ਜੀਵਨ ਬਤੀਤ ਕਰਦਾ ਹੋਇਆ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਅਲਿਪਤ ਰਹਿ ਕੇ ਨਾ ਕੇਵਲ ਆਪ ਬਲਕਿ ਬਚਿਆਂ ਨੂੰ ਵੀ ਜ਼ਿੰਦਗੀ ਦੀਆਂ ਉਹ ਸਿਖਰਾਂ ਛੋਹਣ ਦੇ ਕਾਬਲ ਬਣਾ ਸਕਦਾ ਹੈ ਜਿਨ੍ਹਾਂ ਸਦਕਾ ਉਹ ‘ਪੰਚ ਪਰਵਾਣ ਪੰਚ ਪਰਧਾਨੁ ॥’ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਸਮਾਜ ਦਾ ਨਿਰਮਾਣ ਹੋਣ ਲਗਦਾ ਹੈ ਜਿਸਨੂੰ ਬੇਗਮਪੁਰਾ ਕਿਹਾ ਗਿਆ ਹੈ ਅਤੇ ਇਸਦੇ ਪ੍ਰਬੰਧ ਨੂੰ ਹਲੇਮੀ ਰਾਜ ਦਾ ਨਾਂ ਦਿਤਾ ਗਿਆ ਹੈ।
ਪਿਛਲੇ ਤਕਰੀਬਨ ਦੋ ਦਹਾਕਿਆਂ ਦੇ ਜ਼ਿਆਦਾ ਸਮੇਂ ਤੌਂ ਵੇਖਣ ਵਿੱਚ ਆ ਰਿਹਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਸਮੇਂ ਦੇ ਹਾਕਮ ਦੇ ਅਸਰ ਹੇਠ ਇਸ ਮਿਸ਼ਨ ਦੀ ਪੂਰਤੀ ਵਲ ਪੂਰਾ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਉਹ ਸਿਖ ਪੰਥ ਜਿਸਨੇ ਦਿਲੀ ਦੇ ਮੁਗ਼ਲੀਆ ਤਖਤ ਤੇ 1793 ਵਿੱਚ ਕਬਜ਼ਾ ਕੀਤਾ, ਪੰਜਾਬ ਵਿੱਚ ਅਪਣਾ ਰਾਜ ਸਥਾਪਤ ਕੀਤਾ, ਲੜਾਈਆਂ ਅਤੇ ਮੋਰਚਿਆਂ ਵਿੱਚ ਅੰਗਰੇਜ਼ਾਂ ਦੇ ਦੰਦ ਖਟੇ ਕੀਤੇ, ਸਿਖੀ ਉਤੇ ਆਰੀਆ ਸਮਾਜ ਵਲੋਂ ਕੀਤੇ ਹਮਲੇ ਨੂੰ ਠਲ੍ਹ ਪਾਈ ਅਤੇ ਗੁਰਦੁਰਿਆਂ ਨੂੰ ਦੋਖੀ ਤਾਕਤਾਂ ਦੇ ਅਸਰ ਤੋਂ ਬਚਾ ਕੇ ਰਖਣ ਲਈ ਲੜ ਝਗੜ ਕੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਕਾਇਮ ਕੀਤੀ, ਅਜ ਉਸੇ ਪੰਥ ਨੂੰ ਇਸ ਦੇ ਨਾਮ ਨਿਹਾਦ ਸਿਆਸੀ ਅਤੇ ਧਾਰਮਿਕ ਲੀਡਰਾਂ ਅਤੇ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਨੇ ਸਿਖ ਦੋਖੀ ਤਾਕਤਾਂ ਨਾਲ ਰਲ ਮਿਲ ਕੇ ਪੰਜਾਬੀ ਸੂਬੇ ਵਿਚੋਂ ਪੰਜਾਬੀ ਬੋਲਦੇ ਇਲਾਕੇ ਬਾਹਿਰ ਕਢਵਾ ਕੇ, ਚੰਡੀਗੜ੍ਹ ਅਤੇ ਪਾਣੀ ਦੇ ਸੋਮੇਂ ਸੈਂਟਰ ਨੂੰ ਦੇ ਕੇ, ਸੈਂਕੜੇ ਸਿਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡਕਵਾ ਕੇ ਅਤੇ ਸਿਖੀ ਦਾ ਘਾਣ ਕਰਨ, ਸਿਖ ਸਮਾਜ ਦਾ ਆਚਰਣ ਡੇਗਣ, ਪਤਿਤਪੁਣੇ ਅਤੇ ਨਸ਼ਿਆਂ ਨਾਲ ਸਿਖ ਜਵਾਨੀ ਨੂੰ ਰੋਲਣ ਲਈ ਸੰਤਾਂ ਬਾਬਿਆਂ ਦੇ ਡੇਰੇ ਬਣਵਾ ਕੇ ਸਮੁਚੀ ਸਿਖ ਸਮਾਜ ਨੂੰ ਘੁੰਮਨ ਘੇਰੀ ਵਿੱਚ ਪਾ ਰਖਿਆ ਹੈ।
ਸਿਆਸਤ ਦੀ ਇਹ ਇੱਕ ਅਜੇਹੀ ਘੁੰਮਣ ਘੇਰੀ ਹੈ ਜਿਸ ਵਿਚੋਂ ਸਮਾਜ ਨੂੰ ਕਢਣਾ ਏਨਾਂ ਸੌਖਾ ਨਹੀਂ। ਸਿਆਸਤ ਨਾਲ ਘਿਰੀ ਹੋਈ ਇਸ ਸਮਾਜ ਵਿਚੋਂ ਗੁਰਦੁਆਰਿਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਲਈ ਜੋ ਸੇਵਾਦਾਰ ਲਏ ਜਾਂਦੇ ਹਨ ਉਹ ਇਸ ਸਮਾਜ ਦਾ ਹੀ ਹਿਸਾ ਹੋਣ ਕਰਕੇ ਇਸ ਦੀਆਂ ਕਮਜ਼ੋਰੀਆਂ ਤੋਂ ਉਪਰ ਨਹੀਂ ਉਠ ਸਕਦੇ ਕਿਉਂਕਿ ਬਾਲਟੀ ਵਿੱਚ ਉਹੀ ਗੰਧਲਾ ਪਾਣੀ ਹੋਵੇਗਾ ਜਿਸ ਗੰਧਲੇ ਪਾਣੀ ਵਿਚੋਂ ਉਹ ਬਾਲਟੀ ਭਰੀ ਗਈ ਹੈ। ਛੋਟੇ ਗੁਰਦੁਆਰਿਆਂ ਦਾ ਤਾਂ ਕੀ ਕਹਿਣਾ ਜੇ ਅਸੀਂ ਸਿਖ ਪੰਥ ਦੇ ਸਿਰਮੌਰ ਗੁਰਦੁਆਰਿਆਂ ਵਲ ਝਾਤ ਮਾਰੀਏ ਤਾਂ ਵੇਖਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਤਖਤ ਪਟਨਾ ਸਾਹਿਬ ਅਤੇ ਗੁਰਦੁਆਰਾ ਤਖਤ ਸਚਖੰਡ ਹਜ਼ੂਰ ਸਾਹਿਬ ਵਿਖੇ ਜੋ ਸਾਡੇ ਲਈ ਰੋਲ ਮਾਡਲਾਂ ਦਾ ਕੰਮ ਦਿੰਦੇ ਹਨ ਸਿਖ ਰਹਿਤ ਮਰਯਾਦਾ ਦੀ ਘੋਰ ਉਲੰਘਨਾ ਸ਼ਰੇਅ ਆਮ ਕੀਤੀ ਜਾ ਰਹੀ ਹੈ ਜਿਸ ਨੂੰ ਵੇਖ ਕੇ ਸ਼ਰਧਾਲੂ ਇਹ ਸੋਚਣ ਤੇ ਮਜਬੂਰ ਹੋ ਰਹੇ ਹਨ ਕਿ ਗੁਰਦੁਆਰਿਆਂ ਅਤੇ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਸਿਖ ਮਿਸ਼ਨ ਪੂਰਾ ਕਰਨ ਦੀ ਬਜਾਏ ਸਿਖ ਦੋਖੀ ਤਾਕਤਾਂ ਦਾ ਮਿਸ਼ਨ ਪੂਰਾ ਕਰਨ ਵਿੱਚ ਲਗੇ ਹੋਏ ਹਨ।
ਸਿਖ ਸਮਾਜ ਦੀ ਸਾਜਨਾ ਵਿੱਚ ਗੁਰੂ ਸਾਹਿਬਾਨ ਵੇਲੇ ਇਸਤਰੀ ਵਰਗ ਦਾ ਬੜਾ ਯੋਗਦਾਨ ਰਿਹਾ ਹੈ ਅਤੇ ਅਜ ਇਸਨੂੰ ਖੇਰੂੰ ਖੇਰੂੰ ਕਰਨ ਵਿੱਚ ਵੀ ਮਹਿਲਾ ਵਰਗ ਪਿਛੇ ਨਹੀਂ ਖਾਸ ਕਰ ਉਹ ਮਹਿਲਾਵਾਂ ਜਿਨ੍ਹਾਂ ਦਾ ਪਛੋਕੜ ਬਹੁਤਾ ਸਿਖੀ ਵਾਲਾ ਨਹੀਂ ਮੂਰਤੀ ਪੂਜਕਾਂ ਵਾਲਾ ਜ਼ਿਆਦਾ ਰਿਹਾ ਹੈ ਕਿਉਂਕਿ ਸ਼ਾਦੀ ੳਪ੍ਰੰਤ ਉਨ੍ਹਾਂ ਦੇ ਸਿਖ ਘਰਾਂ ਵਿੱਚ ਆਉਣ ਨਾਲ ਅਤੇ ਉਨ੍ਹਾਂ ਦੇ ਮਰਦਾਂ ਦੀ ਅਪਣੇ ਸਿਧਾਂਤ ਪ੍ਰਤੀ ਦਿਨੋ ਦਿਨ ਘਟਦੀ ਜਾ ਰਹੀ ਸੂਝ ਬੂਝ ਕਾਰਨ ਮਨਮਤੀ ਗਲਾਂ ਜ਼ੋਰ ਫੜ ਗਈਆਂ ਹਨ। ਅਜੇਹੇ ਮਾਹੌਲ ਵਿੱਚ ਉਨ੍ਹਾਂ ਦੇ ਬਚੇ ਵੀ ਸਿਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਸ਼੍ਰੀ ਅਕਾਲ ਤਖਤ ਸਾਹਿਬ: ਗੁਰੂ ਅਰਜਨ ਸਾਹਿਬ ਜੀ ਨੇ ਗੁਰੁ ਨਾਨਕ ਜੀ ਦੇ ਫੁਰਮਾਨ
‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨਾ ਕੀਜੈ॥’ (1412)
ਉਤੇ ਅਮਲ ਕਰਦਿਆਂ ਸ਼ਹਾਦਤ ਦਿਤੀ ਜਿਸ ਤੋਂ ਬਾਅਦ ਗੁਰੂ ਨਾਨਕ ਜੀ ਵਲੋਂ ਸ਼ੁਰੂ ਕੀਤੀ ਗਈ ਸਿਖ ਸਮਾਜੀ ਅਤੇ ਸਿਆਸੀ ਇਨਕਲਾਬੀ ਲਹਿਰ ਦੇ ਰਾਹਨੁਮਾ ਗੁਰੂ ਹਰਗੁਬਿੰਦ ਸਾਹਿਬ ਨੇ ਮਹਿਸੂਸ ਕੀਤਾ ਕਿ ਇਸ ਇਨਕਲਾਬੀ ਲਹਿਰ ਨੂੰ ਦਬਾਣ ਦੀਆਂ ਵੈਰੀਆਂ ਵਲੋਂ ਜਾਰੀ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਸਿਖੀ ਪ੍ਰਚਾਰ ਦੇ ਨਾਲ ਨਾਲ ਨਾ ਕੇਵਲ ਹਥਿਆਰਬੰਦ ਹੋਣ ਦੀ ਲੋੜ ਹੈ ਬਲਕਿ ਇਸ ਲਹਿਰ ਨੂੰ ਅਨੁਸ਼ਾਸਨਬਧ ਵੀ ਕੀਤਾ ਜਾਣਾ ਜ਼ਰੂਰੀ ਹੈ। ਇਸ ਜ਼ਰੂਰਤ ਨੂੰ ਮਹਿਸੂਸ ਕਰਦਿਆਂ ੳਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਿਖਾਂ ਨੂੰ ਪੀਰੀ ਦੇ ਨਾਲ ਨਾਲ ਮੀਰੀ ਦਾ ਪਲਾ ਫੜਨ ਲਈ ਵੀ ਕਿਹਾ ਤਾਕਿ ਵੈਰੀਆਂ ਦੀ ਹਿੰਸਾ ਦਾ ਜਵਾਬ ਢੁਕਵੇਂ ਤਰੀਕੇ ਨਾਲ ਦਿਤਾ ਜਾ ਸਕੇ। ਇਸਦੇ ਫਲਸਰੂਪ ਗ਼ਰੀਬ ਜਨਤਾ ਦੀ ਇਹ ਲਹਿਰ ਨਿਡਰ ਹੋ ਕੇ ਹਾਕਮਾਂ ਅਤੇ ਦੋਖੀ ਤਾਕਤਾਂ ਨਾਲ ਲ਼ੜਦੀ ਅਤੇ ਕੁਰਬਾਨੀਆਂ ਦਿੰਦੀ ਅਗੇ ਵਧਦੀ ਚਲੀ ਗਈ।
ਗੁਰਬਾਣੀ ਕੇਵਲ ਅਕਾਲ ਪੁਰਖ ਨੂੰ ਮੰਨਣ ਅਤੇ ਮਾਣਸਿਕ ਤੌਰ ਤੇ ਉਸਦੇ ਭੈ ਵਿੱਚ ਰਹਿਣ ਦਾ ਪ੍ਰਚਾਰ ਕਰਦੀ ਹੈ ਜਿਸਦੇ ਫਲਸਰੂਪ ਸਿਖ ਅਪਣੇ ਸਿਧਾਂਤਕ ਅਤੇ ਸਿਆਸੀ ਮਾਮਲਿਆਂ ਵਿੱਚ ਕਿਸੇ ਦੁਨਿਆਵੀ ਸ਼ਕਤੀ ਅਗੇ ਸਿਰ ਨਹੀਂ ਝੁਕਾਉਂਦੇ। ਉਹ ਕਿਸੇ ਬਾਦਸ਼ਾਹ ਜਾਂ ਚੋਣ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਵਲੋਂ ਬਣਾਈਆਂ ਗਈਆਂ ਨਿਆਂਪਾਲਕਾਵਾਂ ਦੇ ਨਿਆਂ ਵਿੱਚ ਯਕੀਨ ਨਹੀਂ ਰਖਦੇ ਕਿਉਂਕਿ ਨਿਆਂ ਕਰਨ ਵਾਲੇ ਵਿਅਕਤੀ ਸਰਕਾਰੀ ਜਾਂ ਕਿਸੇ ਹੋਰ ਦਬਾਅ ਹੇਠ ਆ ਕੇ ਸਹੀ ਫੈਸਲਾ ਨਹੀਂ ਕਰ ਸਕਦੇ ਜੋ ਅਸੀਂ ਅਕਸਰ ਵੇਖਦੇ ਵੀ ਹਾਂ। ਸੈਂਕੜੇ ਪੰਜਾਬੀ ਨੌਜਵਾਨਾਂ ਦਾ 20-25 ਸਾਲ ਤੋਂ ਜ੍ਹੇਲਾਂ ਵਿੱਚ ਸੜਨਾ ਅਤੇ ਧਕੋ ਜੋਰੀ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਉਤੇ ਕੇਸ ਪਾਉਣੇ ਇਸ ਗਲ ਦੀ ਗਵਾਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ ਜੋ ਸਿਖੀ ਵਿਚਾਰਧਾਰਾ `ਤੇ ਖੜੀ ਹੈ। ਇਸ ਲਈ ਲੋੜ ਵੇਲੇ ਸਰਬਤ ਖਾਲਸਾ ਵਲੋਂ ਸਿਖ ਵਿਚਾਰਧਾਰਾ ਅਨੁਸਾਰ ਲਏ ਗਏ ਫੈਸਲੇ ਇੱਕ ਅਜੇਹੇ ਵਿਅਕਤੀ ਵਲੋਂ ਇਲਾਨੇ ਜਾਣੇ ਚਾਹੀਦੇ ਹਨ ਜੋ ਸਿਖ ਵਿਚਾਰਧਾਰਾ ਵਿੱਚ ਨਿਪੁੰਨ ਹੁੰਦਾ ਹੋਇਆ ਕਿਸੇ ਦੁਨਿਆਵੀ ਸ਼ਕਤੀ ਦੇ ਦਬਾਅ ਹੇਠ ਕੰਮ ਨਾ ਕਰਦਾ ਹੋਵੇ। ਪਿਛਲੇ ਕੁੱਝ ਸਾਲਾਂ ਵਿੱਚ ਜੋ ਵੇਖਣ ਨੂੰ ਆਇਆ ਹੈ ਉਸ ਦੇ ਪੇਸ਼ੇ ਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਕੁੱਝ ਬੰਦਿਆਂ ਵਲੋਂ ਰਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰਾਂ ਨੇ ਉਹੀ ਹੁਕਮਨਾਮੇ ਜਾਰੀ ਕੀਤੇ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਦੁਨਿਆਵੀ ਆਕਾਵਾਂ ਨੇ ਜਾਰੀ ਕਰਨ ਲਈ ਕਹੇ। ਉਨ੍ਹਾਂ ਦੇ ਹੁਕਮਨਾਮਿਆਂ ਨੇ ਪੰਥ ਵਿੱਚ ਬੜੇ ਪੁਆੜੇ ਪਾਇ ਹਨ। ਇਸ ਲਈ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬਤ ਖਾਲਸਾ ਵਲੋਂ ਕੀਤੀ ਜਾਵੇ ਅਤੇ ਸਰਬਤ ਖਾਲਸਾ ਹੀ ਉਸਨੂੰ ਡਿਊਟੀ ਤੋਂ ਫਾਰਿਗ਼ ਕਰ ਸਕੇ। ਐਸ ਜੀ ਪੀ ਸੀ ਜਾਂ ਸਰਕਾਰ ਦਾ ਇਸ ਵਿੱਚ ਕੋਈ ਹਥ ਨਾ ਹੋਵੇ।
ਸਰਬਤ ਖਾਲਸਾ ਦੁਨੀਆਂ ਵਿੱਚ ਫੈਲੇ ਸਿਖਾਂ ਦੀ ਪੂਰੀ ਪੂਰੀ ਨਮਾਇੰਦਗੀ ਕਰਦਾ ਹੋਵੇ ਨਾ ਕਿ ਕੇਵਲ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਹੀ। ਪੰਥਕ ਖੁਦਗ਼ਰਜ਼ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਧਰਮ ਦੇ ਨਾਂ ਹੇਠ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਅਤੇ ਸਿਖ ਸੰਸਥਾਵਾਂ ਤੇ ਕਬਜ਼ਾ ਕਰਕੇ ਸਿਖ ਵਿਰੋਧੀ ਸ਼ਕਤੀਆਂ ਦਾ ਸਹਾਰਾ ਲੈ ਕੇ ਸਿਖੀ ਵਿਚਾਰਧਾਰਾ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ ਜਿਸਦੇ ਫਲਸਰੂਪ ਸਿਖਾਂ ਵਿੱਚ ਪਤਿਤਪੁਣਾ, ਨਸ਼ਾ ਖੋਰੀ, ਕਰਮ ਕਾਂਡ ਅਤੇ ਭ੍ਰਿਸ਼ਟਾਚਾਰ ਬਹੁਤ ਵਧਿਆ ਹੈ। ਟੈਲੀਵਿਜ਼ਨ ਦੇ ਪਸਾਰ ਨਾਲ ਲੋਕਾਂ ਵਿੱਚ ਅਖਬਾਰ, ਮੈਗਜ਼ੀਨ ਅਤੇ ਹੋਰ ਸਿਖੀ ਸਾਹਿਤ ਪੜ੍ਹਨ ਦੀ ਰੁਚੀ ਖਤਮ ਹੋ ਗਈ ਹੈ। ਬਹੁਤ ਸਾਰੇ ਕੇਸਾਧਾਰੀ ਸਿਖ, ਸਿਖ ਵਿਚਾਰਧਾਰਾ ਤੋਂ ਅਣਜਾਣ ਹੁੰਦੇ ਹੋਇ ਅਜੇਹੇ ਕਰਮ ਕਾਂਡਾਂ ਵਿੱਚ ਪਏ ਹੋਇ ਹਨ ਜਿਨ੍ਹਾਂ ਨਾਲ ਅਜ ਸਿਖਾਂ ਅਤੇ ਬ੍ਰਾਹਮਣਵਾਦੀਆਂ ਵਿੱਚ ਕੋਈ ਫਰਕ ਨਹੀਂ ਰਿਹਾ। ਬਚਿਆਂ ਨੂੰ ਉਹ ਸਿਖੀ ਵਿਚਾਰਧਾਰਾ ਨਾਲ ਜੋੜਨ ਦੇ ਕਾਬਿਲ ਨਹੀਂ ਰਹੇ। ਨਾ ਮਾਪਿਆਂ ਨੂੰ ਸਿਖ ਇਤਿਹਾਸ ਦੀ ਸੋਝੀ ਹੈ ਅਤੇ ਨਾਂ ਉਨ੍ਹਾਂ ਦੇ ਬਚਿਆਂ ਨੂੰ।
ਇਸ ਵਿੱਚ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਤੋਂ ਅਲਾਵਾ ਕਸੂਰ ਸਾਡੀ ਸਿਖਿਆ ਪ੍ਰਣਾਲੀ ਖਾਸ ਕਰ ਉਹ ਜਿਸਦਾ ਪ੍ਰਬੰਧ ਸਿਖਾਂ ਦੇ ਅਪਣੇ ਹਥ ਹੈ ਅਤੇ ਮਾਵਾਂ ਦਾ ਵੀ ਹੈ ਜੋ ਬਚਿਆਂ ਨੂੰ ਅਪਣੇ ਵਿਰਸੇ ਨਾਲ ਜੋੜੀ ਰਖਣ ਦਾ ਕੋਈ ਉਪਰਾਲਾ ਨਹੀਂ ਕਰਦੀਆਂ। ਮਾਪਿਆਂ ਨੂੰ ਚਾਹੀਦਾ ਹੈ ਕਿ ਅਛੀਆਂ ਕਿਤਾਬਾਂ ਅਤੇ ਮੈਗਜ਼ੀਨ ਖਰੀਦ ਕੇ ਆਪ ਵੀ ਪੜ੍ਹਨ ਅਤੇ ਬਚਿਆਂ ਨੂੰ ਵੀ ਪੜ੍ਹਨ ਲਈ ਦੇਣ।
ਸੇਵਾਦਾਰ: ਅਜ ਜਿੰਨੇ ਵੀ ਸੇਵਾਦਾਰ ਗੁਰਦੁਆਰਿਆਂ ਵਿੱਚ ਨਜ਼ਰ ਆ ਰਹੇ ਹਨ ਉਹ ਪ੍ਰਬੰਧਕਾਂ ਦੀ ਸਿਫਾਰਸ਼ ਨਾਲ ਲਗੇ ਹੋਇ ਹਨ ਅਤੇ ਇਨ੍ਹਾਂ ਵਿੱਚ ਬਹੁਤੇ ਉਹ ਲੋਕ ਹਨ ਜਿਨ੍ਹਾਂ ਨੂੰ ਕਿਤੇ ਹੋਰ ਨੌਕਰੀ ਨਹੀਂ ਮਿਲੀ। ਪ੍ਰਬੰਧਕਾਂ ਵਾਂਗਰ ਇਹ ਵੀ ਸਿਖ ਵਿਚਾਰਧਾਰਾ ਤੋਂ ਬਿਲਕੁਲ ਕੋਰੇ ਹਨ। ਇਨ੍ਹਾਂ ਦੀ ਯੋਗਤਾ ਕੇਵਲ ਗਾਤਰਾਧਾਰੀ ਹੋਣ ਦੀ ਹੈ, ਇਨ੍ਹਾਂ ਨਾਲ ਇਹ ਵੀ ਕੋਈ ਵਧੀਕੀ ਨਹੀਂ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਇਨ੍ਹਾਂ ਵਿਚੋਂ ਕਈ ਛੋਟੀ ਪਦਵੀ ਵਾਲਿਆਂ ਨੇ ਨੌਕਰੀ ਲੈਣ ਲਈ ਹੀ ਗਾਤਰਾ ਪਾ ਲਿਆ ਹੋਵੇ ਜਿਨ੍ਹਾਂ ਵਿਚੋਂ ਕਈ ਅਪਣੇ ਕਪੜਿਆਂ ਅਤੇ ਜਿਸਮ ਦੀ ਸਫਾਈ ਰਖਣਾ ਵੀ ਨਹੀਂ ਜਾਣਦੇ। ਗੁਰਬਾਣੀ ਦੀ ਕਿਸੇ ਵੀ ਤੁਕ ਦਾ ਇਨ੍ਹਾਂ ਨੂੰ ਮਤਲਬ ਨਹੀਂ ਆਉਂਦਾ ਹੋਣਾ। ਸਿਖ ਕੌਮ ਨੂੰ ਇਸ ਦੁਖਾਂਤ ਵਿਚੋਂ ਕਢਣ ਲਈ ਇੱਕ ਤਰੀਕਾ ਤਾਂ ਇਹ ਹੈ ਕਿ ਪਿਛਲੇ ਸਮਿਆਂ ਵਾਂਗ ਕੋਈ ਤਕੜਾ ਮੋਰਚਾ ਲਾਕੇ ਭ੍ਰਿਸ਼ਟ ਲੀਡਰਾਂ ਦੇ ਜਫੇ ਵਿਚੋਂ ਐਸ ਜੀ ਪੀ ਸੀ ਨੂੰ ਮੁਕਤ ਕੀਤਾ ਜਾਵੇ ਪਰ ਬਦਲੇ ਹੋਏ ਹਾਲਾਤ ਵਿੱਚ ਇਹ ਸੰਭਵ ਨਹੀਂ ਕਿਉਂਕਿ ਪਿਹਿਲੇ ਵਕਤਾਂ ਦੇ ਮੋਰਚਿਆਂ ਵੇਲੇ ਸਿਖਾਂ ਵਿੱਚ ਜੋ ਮਰ ਮਿਟਣ ਦਾ ਉਤਸ਼ਾਹ ਸੀ ਉਹ ਸਾਡੇ ਲੀਡਰਾਂ ਨੇ ਸਰਕਾਰੀ ਬਲ ਬੂਤੇ ਐਸ ਜੀ ਪੀ ਸੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਿਲੀ ਭੁਗਤ ਨਾਲ ਸਿਖ ਜਵਾਨੀ ਨੂੰ ਹੌਲੀ ਹੌਲੀ ਨਸ਼ਈ ਅਤੇ ਭ੍ਰਿਸ਼ਟ ਬਣਾ ਕੇ ਮਰ ਮਿਟਣ ਵਾਲੇ ਨਹੀਂ ਰਹਿਣ ਦਿਤਾ। ਸਿਖੀ ਨੂੰ ਨਾ ਪਛਾਣਦੇ ਵੋਟਰ ਪੈਦਾ ਕਰ ਲਏ ਹਨ ਤਾਕਿ ਇਲੈਕਸ਼ਨਾਂ ਵਿੱਚ ਉਨ੍ਹਾਂ ਵਰਗੇ ਬੰਦੇ ਹੀ ਅਗੇ ਲਿਆਇ ਜਾ ਸਕਣ। ਅਜੇਹੀ ਹਾਲਤ ਵਿੱਚ ਸਿਖ ਪੰਥ ਦੀ ਦੀਮਕ ਲਗ ਚੁਕੀ ਬੁਨਿਆਦ ਦੀਮਕ ਮਾਰ ਕੇ ਪਕੀ ਕੀਤੀ ਜਾਵੇ। ਇਸ ਕੰਮ ਲਈ ਸਾਨੂੰ ਸਿਖ ਸਮਾਜ ਵਿੱਚ ਉਹ ਕਦਰਾਂ ਕੀਮਤਾਂ ਪੈਦਾ ਕਰਨ ਵਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਆਧਾਰ ਸਚ ਹੈ।
ਸਾਰਿਆਂ ਨਾਲੋਂ ਪਹਿਲਾਂ ਸਾਨੂੰ ਅਪਣੇ ਇਲਾਕੇ ਵਿਚਲੇ ਗੁਰਦੁਆਰੇ ਵਲ ਧਿਆਨ ਦੇਣਾ ਪਵੇਗਾ। ਉਸਦੇ ਪ੍ਰਬੰਧਕ ਇਲੈਕਸ਼ਨ ਦੀ ਬਜਾਇ ਸਰਬਸੰਮਤੀ ਨਾਲ ਉਹ ਬੰਦੇ ਲਏ ਜਾਣ ਜਿਨ੍ਹਾਂ ਦੀ ਅਖ ਗੋਲਕ ਵਲ ਨਾ ਹੋਵੇ ਅਤੇ ਜਿਹੜੇ ਗੁਰਬਾਣੀ ਨੂੰ ਪੂਰੀ ਤਰਾਂ ਸਮਝਦੇ ਅਤੇ ਸਮਰਪਤ ਹੋਣ। ਇਸ ਲਈ ਸਾਨੂੰ ਸਿਖੀ ਨੂੰ ਸਮਰਪਤ ਸਮਾਜ ਪੈਦਾ ਕਰਨੀ ਪਵੇਗੀ। ਗ੍ਰੰਥੀ ਪਾਸ ਕਿਸੇ ਅਜੇਹੇ ਮਿਸ਼ਨਰੀ ਸਕੂਲ/ਕਾਲਜ ਦਾ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਜਿਸਦਾ ਪ੍ਰਬੰਧ ਟਕਸਾਲਾਂ ਅਤੇ ਡੇਰਿਆਂ ਦੀ ਬਜਾਇ ਸਮੁਚੇ ਪੰਥ ਪਾਸ ਹੋਵੇ। ਬਾਕੀ ਦੇ ਸੇਵਾਦਾਰ ਘਟੋ ਘਟ 10+2 ਪਾਸ ਅਤੇ ਗੁਰਮਤ ਦੇ ਡਿਪਲੋਮਾ ਹੋਲਡਰ ਹੋਣੇ ਚਾਹੀਦੇ ਹਨ ਅਤੇ ਨੌਕਰੀ ਵਿੱਚ ਰਖਣ ਤੋਂ ਪਹਿਲਾਂ ਉਨ੍ਹਾਂ ਦਾ ਗੁਰਬਾਣੀ, ਸਿਖ ਇਤਿਹਾਸ ਅਤੇ ਰਹਿਤ ਮਰਯਾਦਾ ਬਾਰੇ ਜਾਣਕਾਰੀ ਸਬੰਧੀ ਇਮਤਿਹਾਨ ਲਿਆ ਜਾਵੇ। ਸਿਖ ਸਮਾਜ ਵਿੱਚ ਪੈਦਾ ਹੋ ਚੁਕੀਆਂ ਬੁਰਾਈਆਂ ਕਢਨ ਲਈ ਗੁਰਦੁਆਰੇ ਦੇ ਆਲੇ ਦੁਆਲੇ ਦੇ ਘਰਾਂ ਦੀਆਂ ਮਹਿਲਾ ਸੰਮਤੀਆਂ ਬਣਾ ਕੇ ਇਸਤਰੀ ਵਰਗ ਅਤੇ ਉਨ੍ਹਾਂ ਦੇ ਬਚਿਆਂ ਵਿੱਚ ਧਰਮ ਪ੍ਰਚਾਰ ਕਰਨ ਦੇ ਤਰੀਕੇ ਉਲੀਕ ਕੇ ਉਨ੍ਹਾਂ ਉਤੇ ਅਮਲ ਕੀਤਾ ਜਾਵੇ। ਇਨ੍ਹਾਂ ਸਮਤੀਆਂ ਰਾਹੀਂ ਗੁਰਮਤ ਲਿਟ੍ਰੇਚਰ ਘਰਾਂ ਵਿੱਚ ਉਪਲਭਦ ਕਰਵਾਇਆ ਜਾਵੇ।
ਗੁਰਦੁਆਰੇ ਵਿੱਚ ਸ਼ਬਦ ਵਿਚਾਰ ਅਤੇ ਸਿਖ ਇਤਿਹਾਸ ਉਤੇ ਜ਼ਿਆਦਾ ਜ਼ੋਰ ਦੇਣ ਲਈ ਕਿਹਾ ਜਾਵੇ। ਜੇ ਹੋ ਸਕੇ ਤਾਂ ਗੁਰਦੁਆਰੇ ਦੇ ਮੈਦਾਨ ਜਾਂ ਕਮਰਿਆਂ ਵਿੱਚ ਬਚਿਆਂ ਦੇ ਖੇਡਣ ਦਾ ਇੰਤਜ਼ਾਮ ਕੀਤਾ ਜਾਵੇ। ਗੁਰਦੁਆਰੇ ਵਿੱਚ ਨਰਸਰੀ ਅਤੇ ਘਟੋ ਘਟ ਪੰਜਵੀਂ ਤਕ ਦੀ ਵਿਦਿਆ ਦਾ ਇੰਤਜ਼ਾਮ ਕੀਤਾ ਜਾਵੇ ਜਿਸ ਦੇ ਨਾਲ ਨਾਲ ਬਚਿਆਂ ਨੂੰ ਗੁਰਸਿਖੀ ਜੀਵਨ ਵਾਲੇ ਬਣਨ ਦੀ ਸਿਖ ਇਤਿਹਾਸ `ਚੋਂ ਕਹਾਣੀਆਂ ਰਾਹੀਂ ਸਿਖਿਆ ਦਿਤੀ ਜਾਵੇ। ਜਿਹੜੀਆਂ ਮਾਵਾਂ ਦਫਤਰਾਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਦੇ ਛੋਟੇ ਬਚਿਆਂ ਦੀ ਦਫਤਰ ਵੇਲੇ ਸਾਂਭ ਸੰਭਾਲ ਦਾ ਇੰਤਜ਼ਾਮ ਯੋਗ ਤਰੀਕੇ ਨਾਲ ਗੁਰਦੁਆਰੇ ਵਿੱਚ ਕੀਤਾ ਜਾਵੇ ਤਾਕਿ ਬਚਾ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੋੜਿਆ ਜਾ ਸਕੇ। ਖਾਲਸਾ ਹਾਈ ਸਕੂਲਾਂ ਵਿੱਚ ਧਰਮ ਸਿਖਸ਼ਾ ਦਾ ਪ੍ਰਬੰਧ ਕੀਤਾ ਜਾਵੇ ਅਤੇ ਹਰ ਜਮਾਤ ਦੇ ਜਿਹੜੇ ਬਚੇ ਸਕੂਲੀ ਇਮਤਿਹਾਨ ਵਿੱਚ ਪਹਿਲੀਆਂ ਤਿੰਨ ਪੋਜ਼ੀਸ਼ਨਾਂ ਲੈਂਦੇ ਹਨ ਉਨ੍ਹਾਂ ਨੂੰ ਉਤਸ਼ਾਹ-ਜਨਕ ਤਰੀਕੇ ਨਾਲ ਸਨਮਾਨਤ ਕੀਤਾ ਜਾਵੇ। ਇਸ ਤਰਾਂ ਅਸੀਂ ਉਹ ਸੰਗਤ ਪੈਦਾ ਕਰ ਸਕਾਂਗੇ ਜੋ ਸਿਖੀ ਨੂੰ ਮਨੋਂ ਸਮਰਪਤ ਧਾਰਮਿਕ ਅਤੇ ਸਿਆਸੀ ਲੀਡਰ ਅਗੇ ਲਿਆ ਕੇ ਗੁਰਦੁਆਰਿਆਂ ਵਿੱਚ ਹੋ ਰਹੀਆਂ ਮਨ ਮਤਾਂ ਨੂੰ ਠਲ੍ਹ ਪਾ ਸਕੇਗੀ।"
ਤਜਿੰਦਰ ਸਿੰਘ ਸਰਨ
ਤਜਿੰਦਰ ਸਿੰਘ ਸਰਨ
ਗੁਰਦੁਆਰਾ, ਅਕਾਲ ਤਖਤ, ਪੰਥ ਅਤੇ ਸੇਵਾਦਾਰ
Page Visitors: 2828